ਲੁਧਿਆਣਾ – ਔਰਤ ਮਰਦ ਦੇ ਅੰਤਰ ਮਨ ਦੀਆਂ ਵੱਖ-ਵੱਖ ਪਰਤਾਂ ਨੂੰ ਸੱਤ ਕਹਾਣੀਆਂ ਰਾਹੀਂ ਪੇਸ਼ ਕਰਦਾ ਇਹ ਪੰਜਾਬੀ ਦਾ ਇਕ ਅਜਿਹਾ ਨਾਵਲ ਹੈ ਜਿਸ ਨਾ ਆਦਿ ਹੈ ਨਾ ਜੁਗਾਦਿ ਹੈ। ਇਹ ਵਿਚਾਰ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ ਪ੍ਰੋਫ਼ੈਸਰ ਮੋਹਨ ਸਿੰਘ ਮੈਮੋਰੀਅਲ ਫ਼ਾਉਡੇਂਸ਼ਨ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਕਰਵਾਏ ਗਏ ਕੈਨੇਡਾ ਵਾਸੀ ਪੰਜਾਬੀ ਲੇਖਕ ਇਕਬਾਲ ਮਾਹਲ ਦੇ ਨਵ ਪ੍ਰਕਾਸ਼ਿਤ ਨਾਵਲ ‘‘ਡੌਗੀਟੇਲ ਡਰਾਈਵ’’ ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਇਹ ਵੱਖਰੀ ਕਿਸਮ ਦਾ ਨਾਵਲ ਹੈ। ਇਸ ਦਾ ਕੋਈ ਆਦਿ ਹੈ ਤੇ ਨਾ ਹੀ ਅੰਤ ਹੈਂ। ਇਸ ਦੀ ਲੜੀ ਅਨੰਤ ਹੈ। ਉਨ੍ਹਾਂ ਕਿਹਾ ਕਿ ਇਸ ਨਾਵਲ ਵਿਚ ਸਮਾਜ ਅੰਦਰ ਜਿਹੜਾ ਤਨਾਅ ਹੈ ਉਸ ਨੂੰ ਵੱਖ-ਵੱਖ ਬਾਰੀਕੀਆਂ ਰਾਹੀਂ ਪੇਸ਼ ਕੀਤਾ ਗਿਆ ਹੈ। ਇਹੋ ਜਿਹੀਆਂ ਰਚਨਾਵਾਂ ਸਮਾਜ ਦੀ ਸੋਚ ਤੇ ਸਮਝ ਨੂੰ ਬਦਲਣ ਲਈ ਸਾਰਥਿਕ ਹਨ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਬੋਲਦਿਆਂ ਕਿਹਾ ਕਿ ਇਹ ਵੱਖਰੀ ਕਿਸਮ ਦਾ ਇਕ ਅਜਿਹਾ ਨਾਵਲ ਹੈ ਜਿਹੜਾ ਪੰਜਾਬੀ ਭਾਸ਼ਾ, ਬੋਲੀ, ਸਭਿਆਚਾਰ ਅਤੇ ਸਮਾਜ ਅੰਦਰਲੇ ਤਨਾਉ ਨੂੰ ਆਪਣੇ ਹੀ ਤਰੀਕੇ ਨਾਲ ਬਿਆਨ ਕਰਦਾ ਹੈ। ਇਹ ਪੰਜਾਬੀ ਦਾ ਪਹਿਲਾ ਨਾਵਲ ਹੈ ਜਿਹੜਾ ਬੇਸਮੈਂਟ ਵਿਚ ਵਿਚਰਦਾ ਹੋਇਆ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਮਨ ਦੀਆਂ ਗੁੰਝਲਾਂ ਨੂੰ ਪੇਸ਼ ਕਰਦਾ ਹੈ।
ਮੋਗੇ ਤੋਂ ਪੁੱਜੇ ਪ੍ਰੋ. ਪਾਲੀ ਭੁਪਿੰਦਰ ਨੇ ਇਸ ਨਾਵਲ ’ਤੇ ਆਪਣਾ ਪੇਪਰ ਪੇਸ਼ ਕਰਦਿਆਂ ਕਿਹਾ ਕਿ ਮਰਦ ਜੇ ਸਾਹਿਤ ਦਾ ਕੇਂਦਰ ਬਣਿਆ ਵੀ ਹੈ ਤਾਂ ਆਪਣੇ ਸਥੂਲ ਜੀਵਨ ਕਰਕੇ। ਖਾਸ ਕਰਕੇ ਮਰਦ ਰਿਸ਼ਤਿਆਂ ਦੇ ਸੰਦਰਭ ਵਿਚ ਕਿਸੇ ਵੀ ਮਰਦ ਦੇ ਮਨ ਅੰਦਰ ਝਾਕਣ ਦੀ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਪਰ ਇਹ ਨਾਵਲ ਇਕ ਨਹੀਂ ਪੂਰੇ ਛੇ ਮਰਦ ਪਾਤਰ ਆਪਣੇ ਜੀਵਨ ਵਿਚ ਉਸਰੇ ਤੇ ਵਿਸਰੇ ਔਰਤ ਰਿਸ਼ਤਿਆਂ ਕਰਕੇ ਆਪਣੇ ਮਨ ਦੀਆਂ ਪਰਤਾਂ ਫਰੋਲਦੇ ਹਨ। ਉਨ੍ਹਾਂ ਕਿਹਾ ਕਿ ਟੁੱਟੇ ਰਿਸ਼ਤਿਆਂ ਦੇ ਆਰ ਪਾਰ, ਮੁਹੱਬਤ, ਵਿਆਹ, ਕਾਮ, ਨੈਤਿਕਤਾ, ਘਰ, ਸਮਾਜ, ਮਖੌਟੇ ਆਦਿ ਨੁਕਤਿਆਂ ’ਤੇ ਬੜੇ ਵਿਅੰਗਮਈ ਢੰਗ ਨਾਲ ਰਿਸ਼ਤਿਆਂ ਦੀਆਂ ਸੈਂਕੜੇ ਪਰਤਾਂ ਨੂੰ ਉਧੇੜਦਾ ਹੈ।
ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਨਾਵਲ ਮਨੁੱਖੀ ਮਨ ਦੀਆਂ ਵਿਸ਼ੇਸ਼ ਤੌਰ ਤੇ ਮਰਦ ਮਨ ਦੀਆਂ ਕੁੰਠਤਾਵਾਂ, ਇਛਾਵਾਂ, ਪੀੜਾਂ ਅਤੇ ਕਮਜ਼ੋਰੀਆਂ ਦਾ ਬੜਾ ਹੀ ਮਾਰਮਿਕ ਚਿਤਰਨ ਪੇਸ਼ ਕਰਦਾ ਹੈ। ਰਸਮਈ ਤੇ ਉਤੇਜਿਕ ਸਥਿਤੀਆਂ ਅਤੇ ਦਿਲਚਸਪ ਵਾਰਤਾਲਾਪ ਰਾਹੀਂ ਨਾਵਲਕਾਰ ਨੇ ਪਾਤਰਾਂ ਨੂੰ ਚਿਤਰਿਆ ਹੀ ਨਹੀਂ ਸਗੋਂ ਫਰੋਲਿਆ ਤੇ ਪੜਚੋਲਿਆ ਹੈ। ਪੀ.ਏ.ਯੂ. ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਨਿਰਦੇਸ਼ਕ ਡਾ. ਜਗਤਾਰ ਸਿੰਘ ਧੀਮਾਨ ਨੇ ਇਸ ਨਾਵਲ ’ਤੇ ਪੇਪਰ ਪੜ੍ਹਦਿਆਂ ਕਿਹਾ ਕਿਹਾ ਕਿ ਇਹ ਇਕ ਦਿਲਚਸਪ ਨਾਵਲ ਹੈ ਜੋ ਵਿਸ਼ੇ ਨੂੰ ਆਪਣੀ ਹੱਡ ਬੀਤੀ ਤੇ ਜੱਗ ਬੀਤੀ ਤਜਰਬਿਆਂ ਦੇ ਆਧਾਰ ’ਤੇ ਪੇਸ਼ ਕਰਦਾ ਹੈ। ਜੋ ਗਲ ਲੇਖਕ ਕਹਿਣਾ ਚਾਹੁੰਦਾ ਹੈ ਉਸ ਨੂੰ ਪਾਤਰਾਂ ਦੀ ਗੱਲਬਾਤ ਰਾਹੀਂ ਪੇਸ਼ ਕਰਕੇ ਔਰਤ ਮਰਦ ਦੇ ਰਿਸ਼ਤਿਆਂ ਦੀਆਂ ਪਰਤਾਂ ਫੋਲਦਾ ਹੈ। ਅਸਲ ਵਿਚ ਹਰ ਪਾਤਰ ਵਲੋਂ ਕਹੀ ਗਈ ਕਹਾਣੀ ਪਾਠਕ ਨੂੰ ਇਸ ਵਿਸ਼ੇ ਬਾਰੇ ਅੱਗੇ ਸੋਚਣ ਲਈ ਮਜਬੂਰ ਕਰਦੀ ਹੈ। ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਇਸ ਨਾਵਲ ਵਿਚ ਇਹ ਦਰਸਾਇਆ ਗਿਆ ਹੈ ਕਿ ਔਰਤ ਅੰਦਰੋਂ ਬਾਹਰ ਵੱਲ ਨੂੰ ਅਤੇ ਮਨੁੱਖ ਬਾਹਰੋਂ ਅੰਦਰ ਵੱਲ ਨੂੰ ਕਿਵੇਂ ਸੋਚਦਾ ਹੈ। ਇਸ ਨੂੰ ਵੱਖ-ਵੱਖ ਪਾਤਰਾਂ ਅਤੇ ਕਹਾਣੀਆਂ ਰਾਹੀਂ ਨਾਵਲਕਾਰ ਨੇ ਬੜੀ ਸਫ਼ਲਤਾ ਪੂਰਵਕ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ।
ਪੰਜਾਬੀ ਦੇ ਪ੍ਰਸਿੱਧ ਗਾਇਕ ਸ੍ਰੀ ਹਰਭਜਨ ਮਾਨ ਨੇ ਇਸ ਮੌਕੇ ਇਕਬਾਲ ਮਾਹਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਹਲ ਨੇ ਜਿੱਥੇ ਪੰਜਾਬੀ ਗਾਇਕਾਂ ਨੂੰ ਵਿਦੇਸ਼ਾਂ ਦੀ ਧਰਤੀ ’ਤੇ ਪੇਸ਼ ਕੀਤਾ ਹੈ ਉਥੇ ਇਕ ਸਾਂਭਣਯੋਗ ਨਾਵਲ ਲਿਖ ਕੇ ਆਪਣੇ ਗਲਪਕਾਰ ਹੋਣ ਦਾ ਸਬੂਤ ਵੀ ਦਿੱਤਾ ਹੈ। ਉਨ੍ਹਾਂ ਕਿਹਾ ਨਾਵਲ ਨੂੰ ਪੜ੍ਹਦਿਆਂ ਪਾਠਕ ਅੰਦਰ ਇਹ ਦਿਲਚਸਪੀ ਜਾਗਦੀ ਰਹਿੰਦੀ ਹੈ।
ਸੱਭਿਆਚਾਰ ਦੇ ਬਾਬਾ ਬੋਹੜ ਅਤੇ ਪ੍ਰੋ. ਮੋਹਨ ਸਿੰਘ ਫ਼ਾਉਡੇਂਸ਼ਨ ਦੇ ਚੇਅਰਮੈਨ ਸ. ਜਗਦੇਵ ਸਿੰਘ ਜੱਸੋਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਨਾਵਲ ਸੱਤ ਕਹਾਣੀਆਂ ਨਹੀਂ, ਸੱਤ ਸੁਰਾਂ, ਸਤਰੰਗੀ ਪੀਂਘ ਅਤੇ ਸੱਤ ਸੰਗੀਆਂ ਦੀ ਅਜਿਹੀ ਗਾਥਾ ਹੈ ਜਿਹੜੀ ਬਦਲਦੇ ਸਮਾਜ ਨੂੰ ਖੂਬਸੂਰਤ ਸ਼ਬਦਾਂ ਵਿਚ ਚਿਤਰਦੀ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਿੱਥੇ ਸਮਾਗਮ ਵਿਚ ਪੁੱਜੇ ਸਰੋਤਿਆਂ, ਪਾਠਕਾਂ, ਲੇਖਕਾਂ ਅਤੇ ਅਲੋਚਕਾਂ ਨੂੰ ਜੀ ਆਇਆਂ ਆਖਿਆ ਉਥੇ ਉਨ੍ਹਾਂ ਕਿਹਾ ਕਿ ਇਕਬਾਲ ਮਾਹਲ ਇਕ ਅਜਿਹਾ ਜੌਹਰੀਆਂ ਹੈ ਜਿਹੜਾ ਕਲਮਕਾਰਾਂ, ਗਾਇਕਾਂ ਅਤੇ ਫ਼ਨਕਾਰਾਂ ਨੂੰ ਪਹਿਚਾਣ ਕੇ ਵਿਦੇਸ਼ਾਂ ਦੀ ਧਰਤੀ ’ਤੇ ਲੋਕਾਂ ਦੇ ਸਨਮੁੱਖ ਕਰਦਾ ਹੈ। ਸ਼ਬਦ ਸਾਂਝ ਪਵਾਉਣ ਵਾਲਾ ਇਕਬਾਲ ਮਾਹਲ ਆਪਣੇ ਨਿਵੇਕਲੇ ਅਤੇ ਆਪਣੀ ਕਿਸਮ ਦੇ ਨਵੇਂ ਨਾਵਲ ਡੌਗੀਟੇਲ ਡਰਾਈਵ ਦੇ ਰਾਹਂੀਂ ਆਪਣੀ ਵੱਖਰੀ ਪਹਿਚਾਣ ਬਣਾਉਂਦਾ ਹੈ। ਇਸ ਮੌਕੇ ’ਤੇ ਇਕਬਾਲ ਮਾਹਲ ਨੇ ਜਿਥੇ ਪੰਜਾਬੀ ਸਾਹਿਤ ਅਕਾਡਮੀ ਤੇ ਪ੍ਰੋ. ਮੋਹਨ ਸਿੰਘ ਫ਼ਾਉਂਡੇਸ਼ਨ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਇਸ ਨਾਵਲ ਦੀ ਰਚਨ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਅਕਾਡਮੀ ਦੇ ਸਕੱਤਰ ਡਾ. ਨਿਰਮਲ ਜੋੜਾ ਨੇ ਸਮਾਗਮ ਦੀ ਕਾਰਵਾਈ ਬਾਖ਼ੂਬੀ ਨਿਭਾਉਂਦਿਆਂ ਨਾਵਲ ’ਤੇ ਸਾਰਥਿਕ ਟਿਪਣੀਆਂ ਕੀਤੀਆਂ।
ਇਸ ਤੋਂ ਪਹਿਲਾਂ ਇਹ ਨਾਵਲ ਡਾ. ਸੁਰਜੀਤ ਪਾਤਰ, ਜਗਦੇਵ ਸਿੰਘ ਜੱਸੋਵਾਲ, ਪ੍ਰੋ. ਗੁਰਭਜਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਤੂਰ, ਐਸ.ਐਸ.ਪੀ. ਬਰਨਾਲਾ, ਪ੍ਰਸਿੱਧ ਗਾਇਕ ਹਰਭਜਨ ਮਾਨ, ਡਾ. ਨਿਰਮਲ ਜੌੜਾ,ਇਕਬਾਲ ਮਾਹਲ ਤੇ ਪ੍ਰੀਤਮ ਸਿੰਘ ਭਰੋਵਾਲ ਨੇ ਇਹ ਨਾਵਲ ਲੋਕ ਅਰਪਣ ਕੀਤਾ ਤੇ ਇਸ ਦੀ ਪਹਿਲੀ ਕਾਪੀ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੇ ਸਪੁੱਤਰ ਸ੍ਰੀ ਮੇਹਰਵਾਨ ਬਟਾਲਵੀ ਨੂੰ ਭੇਟ ਕੀਤੀ। ਪ੍ਰੋ. ਮੋਹਨ ਸਿੰਘ ਫ਼ਾਉਂਡੇਂਸ਼ਨ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ, ਜਸਵੰਤ ਸੰਦੀਲਾ, ਕਰਨੈਲ ਗਿੱਲ, ਕਮਲਜੀਤ ਨੀਲੋਂ, ਪਵਨਦੀਪ ਖੰਨਾ, ਗੁਰਦੀਪ, ਬਲਵਿੰਦਰ ਮਾਂਗਟ, ਪੀਟਰ, ਡਾ. ਰਮੇਸ਼ ਇੰਦਰ ਕੌਰ ਬੱਲ, ਹਰਵਿੰਦਰ ਕੌਰ ਗਰੇਵਾਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਤੇਜ ਪ੍ਰਤਾਪ ਸਿੰਘ ਸੰਧੂ, ਕਮਲਜੀਤ ਸ਼ੰਕਰ, ਸਰਦਾਰ ਪੰਛੀ, ਤ੍ਰੈਲੋਚਨ ਲੋਚੀ, ਜਸਵਿੰਤ ਸਿੰਘ ਅਮਨ, ਭਾਈ ਮਨਜੀਤ ਸਿੰਘ ਬੰਬਈ ਵਾਲੇ, ਡਾ. ਦਰਸ਼ਨ ਬੜੀ, ਹਰਬੰਸ ਮਾਲਵਾ, ਐਨ. ਐਸ. ਨੰਦਾ, ਮਨਜਿੰਦਰ ਧਨੋਆ, ਹਰਭਜਨ ਧਰਨਾ, ਦੇਵਿੰਦਰ ਸੇਖਾ, ਕਰਮਜੀਤ ਸਿੰਘ ਔਜਲਾ, ਮਨਮੋਹਨ ਸਿੰਘ ਬੁੱਧਰਾਜ, ਕਰਮਜੀਤ ਸਿੰਘ ਗਰੇਵਾਲ, ਕੁਲਵਿੰਦਰ ਕੌਰ ਧੀਮਾਨ, ਪਰਮਜੀਤ ਕੌਰ ਮਹਿਕ, ਮਨੂੰ ਸ਼ਰਮਾ, ਜਸਪ੍ਰੀਤ ਕੌਰ ਫਲਕ ਆਦਿ ਹਾਜ਼ਰ ਸਨ।