ਲੁਧਿਆਣਾ:- ਪੌਦੇ ਅਤੇ ਸ਼ਿੰਗਾਰ ਫੁੱਲਾਂ ਵਾਲੀਆਂ ਝਾੜੀਆਂ ਅਤੇ ਬੂਟਿਆਂ ਨੂੰ ਆਪਣੇ ਘਰਾਂ ਅਤੇ ਵਿਹੜਿਆਂ ਵਿੱਚ ਲਾਉਣ ਨਾਲ ਜਿਥੇ ਘਰ ਵਿੱਚ ਸੁਹਜ ਦਾ ਪ੍ਰਕਾਸ਼ ਹੁੰਦਾ ਹੈ ਉਥੇ ਘਰੇਲੂ ਮਾਹੌਲ ਵੀ ਸੰਵਰਦਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਆਪਣੇ ਘਰ ਦੇ ਬਰਾਂਡੇ, ਲਾਂਘੇ, ਬੱਚਿਆਂ ਦੇ ਖੇਡਣ ਵਾਲੇ ਸਥਾਨ ਅਤੇ ਹੋਰ ਖੁੱਲੀ ਥਾਂ ਵਿੱਚ ਸੋਹਣੇ ਸ਼ਿੰਗਾਰ ਰੁੱਖ ਲਾਉਣੇ ਹੋਣ ਤਾਂ ਇਹ ਸਹੀ ਸਮਾਂ ਹੈ ਕਿਉਂਕਿ ਮੌਨਸੂਨ ਵਿੱਚ ਲੱਗੇ ਬੂਟੇ ਸਦਾ ਹਰੇ ਭਰੇ ਰਹਿੰਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੁੱਲਾਂ ਨਾਲ ਸਬੰਧਿਤ ਵਿਭਾਗ ਦੇ ਵਿਗਿਆਨੀ ਡਾ: ਪਰਮਿੰਦਰ ਸਿੰਘ ਨੇ ਦੱਸਿਆ ਕਿ ਘਰ ਵਿੱਚ ਲਾਉਣ ਵਾਲੇ ਬੂਟਿਆਂ ਦੀ ਚੋਣ ਇਮਾਰਤ ਦੀ ¦ਬਾਈ ਅਤੇ ਦਿਸ਼ਾ ਮੁਤਾਬਕ ਹੋਣੀ ਚਾਹੀਦੀ ਹੈ ਅਤੇ ਇਸ ਕੰਮ ਲਈ ਆਪਣੇ ਨੇੜੇ ਦੇ ਲੈਂਡਸਕੇਪਿੰਗ ਮਾਹਿਰ ਤੋਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੈਂਡਸਕੇਪਿੰਗ ਵਿਭਾਗ ਤੋਂ ਤਕਨੀਕੀ ਅਗਵਾਈ ਲਈ ਜਾ ਸਕਦੀ ਹੈ। ਪੱਤੇ ਝਾੜਨ ਵਾਲੇ ਬੂਟੇ ਦੱਖਣੀ ਅਤੇ ਪੱਛਮੀ ਦਿਸ਼ਾ ਤੇ ਲਾਉਣ ਨਾਲ ਗਰਮੀਆਂ ਵਿੱਚ ਛਾਂ ਮਿਲਦੀ ਹੈ ਅਤੇ ਸਰਦੀ ਵਿੱਚ ਇਹ ਧੁੱਪ ਦਾ ਰਾਹ ਵੀ ਨਹੀਂ ਰੋਕਦੀ। ਉੱਤਰੀ ਅਤੇ ਪੱਛਮੀ ਦਿਸ਼ਾ ਵਿੱਚ ਲੱਗਣ ਵਾਲੇ ਸਦਾਬਹਾਰ ਬੂਟੇ ਹਵਾ ਰੋਕੂ ਵਾੜ ਦਾ ਕੰਮ ਕਰਦੇ ਹਨ। ਉਨ੍ਹਾਂ ਆਖਿਆ ਕਿ ਘਰ ਵਿੱਚ ਬਣਾਏ ਜਾਣ ਵਾਲੇ ਲਾਅਨ ਅਤੇ ਫੁੱਲਾਂ ਦੀਆਂ ਕਿਆਰੀਆਂ ਦਾ ਨਕਸ਼ਾ ਵੀ ਮਾਹਿਰ ਪਾਸੋਂ ਹੀ ਤਿਆਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਫੁੱਲਾਂ ਵਾਲੀ ਕਿਆਰੀ ਤਿੰਨ ਫੁੱਟ ਤੋਂ ਘੱਟ ਚੌੜੀ ਨਹੀਂ ਹੋਣੀ ਚਾਹੀਦੀ ।
ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਦੇ ਮਾਹਿਰ ਡਾ: ਮਨਜੀਤ ਸਿੰਘ ਨੇ ਦੱਸਿਆ ਕਿ ਮਧਰੇ ਅਤੇ ਦਰਮਿਆਨੇ ਬੂਟੇ ਘਰ ਦੇ ਲਾਂਘੇ ਤੇ ਲਾਉਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਘਰ ਦੀ ਚਾਰ ਦੀਵਾਰੀ ਦੇ ਨਾਲ ਨਾਲ ਅਸ਼ੋਕਾ, ਸਰੂ ਆਦਿ ਵਰਗੇ ¦ਮੇ ਰੁੱਖ ਲਾਉਣੇ ਚਾਹੀਦੇ ਹਨ ਜਿਸ ਨਾਲ ਥਾਂ ਦੀ ਵਰਤੋਂ ਸਹੀ ਹੋਵੇ। ਵਿਗਿਆਨੀਆਂ ਨੇ ਸੁਝਾਅ ਦਿੱਤਾ ਹੈ ਕਿ ਮੋਰਈਆ, ਅਲੀਅਰ ਜਾਂ ਦਰਾਂਟਾ ਵਰਗੇ ਬੂਟਿਆਂ ਦੀ ਵਾੜ ਸੋਹਦੀ ਲੱਗਦੀ ਹੈ। ਇਵੇਂ ਹੀ ਚਾਂਦਨੀ, ਹਮੇਲੀਆ, ਕਨੇਰ, ਮੋਤੀਆ,ਹਾਰ ਸ਼ਿੰਗਾਰ ਅਤੇ ਰਾਤ ਦੀ ਰਾਣੀ ਵਰਗੇ ਬੂਟੇ ਘਰ ਨੂੰ ਮਹਿਕਾ ਕੇ ਰੱਖਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਨਾਲ ਸੰਪਰਕ ਕਰੋ।