ਨਵੀਂ ਦਿੱਲੀ- ਟੀਮ ਇੰਡੀਆ ਦੇ ਸਟਾਰ ਆਫ਼ ਸਪਿਨਰ ਹਰਭਜਨ ਸਿੰਘ ਨੇ ਸ਼ਰਾਬ ਬਣਾਉਣ ਵਾਲੀ ਕੰਪਨੀ ਵਲੋਂ ਦਿੱਤੇ ਜਾ ਰਹੇ ਇਸ਼ਤਿਹਾਰ ਨੂੰ ਲੈ ਕੇ ਯੂਵੀ ਸਮੂੰਹ ਦੇ ਮਾਲਿਕ ਵਿਜੈ ਮਾਲਿਆ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ਮਿਲਣ ਤੋਂ ਬਾਅਦ ਵੀ ਮਾਲਿਆ ਨੇ ਇਸ਼ਤਿਹਾਰ ਰੋਕਿਆ ਨਹੀਂ ਹੈ ਅਤੇ ਇਹ ਕਿਹਾ ਹੈ ਕਿ ਅਗਲੀ ਕਾਰਵਾਈ ਉਨ੍ਹਾਂ ਦਾ ਵਕੀਲ ਕਰੇਗਾ। ਮਾਲਿਆ ਨੇ ਕਿਹਾ ਕਿ ਇਸ ਇਸ਼ਤਿਹਾਰ ਦਾ ਮਤਲਬ ਹਰਭਜਨ ਤੇ ਨਿਜੀ ਤੌਰ ਤੇ ਹਮਲਾ ਕਰਨਾ ਨਹੀਂ ਹੈ। ਇਹ ਮਸਲਾ ਸਿਰਫ਼ ਦੋ ਕੰਪਨੀਆਂ ਦੇ ਵਿਚਕਾਰ ਹੈ।ਉਨ੍ਹਾਂ ਨੇ ਕਿਹਾ ਕਿ ਸਾਨੂੰ ਲੰਬਾ ਚੌੜਾ ਕਾਨੂੰਨੀ ਨੋਟਿਸ ਮਿਲਿਆ ਹੈ ਅਤੇ ਸਾਡੇ ਵਕੀਲ ਇਸ ਤੇ ਸੋਚ ਵਿਚਾਰ ਕਰ ਰਹੇ ਹਨ।
ਹਰਭਜਨ ਨੇ ਵਿਜੈ ਮਾਲਿਆ ਨੂੰ ਆਪਣੇ ਵਕੀਲ ਰਾਹੀਂ ਇੱਕ ਨੋਟਿਸ ਭੇਜਿਆ ਹੈ, ਜਿਸ ਵਿੱਚ ਇਹ ਅਰੋਪ ਲਗਾਇਆ ਗਿਆ ਹੈ ਕਿ ਮੈਕਡੋਵੈਲਸ ਨੰਬਰ ਵੰਨ ਪਲੈਟੀਨਮ ਸੋਡਾ ਦੇ ਇੱਕ ਵਿਗਿਆਪਨ ਵਿੱਚ ਉਨ੍ਹਾਂ ਨੇ ਹਰਭਜਨ ਸਿੰਘ, ਉਸ ਦੇ ਪਰੀਵਾਰ ਅਤੇ ਪੂਰੇ ਸਿੱਖ ਸਮਾਜ ਦਾ ਮਜ਼ਾਕ ਉਡਾਇਆ ਹੈ। ਇਸ ਇਸ਼ਤਿਹਾਰ ਵਿੱਚ ਧੋਨੀ ਦੀ ਮੁੱਖ ਭੂਮਿਕਾ ਹੈ। ਹਰਭਜਨ ਨੇ ਪੈਰਨੋਡ ਰਿਕਾਡਰਸ ਦੇ ਰਾਇਲ ਸਟੈਗ ਬਰਾਂਡ ਦੇ ਲਈ ਇਸ਼ਤਿਹਾਰ ਦਿੱਤਾ ਹੈ।ਮੈਕਡੋਵੈਲਸ ਨੰਬਰ ਵੰਨ ਅਤੇ ਰਾਇਲ ਸਟੈਗ, ਵਿਸਕੀ ਦੇ ਕੰਪੀਟੀਟਰ ਬਰਾਂਡ ਹਨ ਅਤੇ ਦੋਵਾਂ ਦੀਆਂ ਕੀਮਤਾਂ ਲਗਭੱਗ ਬਰਾਬਰ ਹੀ ਹਨ।
ਹਰਭਜਨ ਵਲੋਂ ਇਹ ਮੰਗ ਕੀਤੀ ਗਈ ਸੀ ਕਿ ਕੰਪਨੀ ਸਾਰੇ ਮੁੱਖ ਅਖਬਾਰਾਂ ਅਤੇ ਟੀਵੀ ਚੈਨਲਾਂ ਤੇ ਇਸ ਲਈ ਮਾਫ਼ੀ ਮੰਗੇ ਅਤੇ ਨੋਟਿਸ ਮਿਲਣ ਤੇ ਤਿੰਨ ਦਿਨ ਦੇ ਵਿੱਚ ਇਤਰਾਜ਼ਯੋਗ ਇਸ਼ਤਿਹਾਰ ਤੇ ਰੋਕ ਲਗਾਵੇ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਭਾਰਤ ਦੀ ਕ੍ਰਿਕਟ ਟੀਮ ਵਿੱਚ ਦਰਾਰ ਪੈਦਾ ਹੋ ਸਕਦੀ ਹੈ।