ਫਤਿਹਗੜ੍ਹ ਸਾਹਿਬ:- “ਬੀਤੇ ਦਿਨੀ ਅਮਰੀਕਾ ਦੀ ਵਿਦੇਸ਼ ਵਜ਼ੀਰ ਬੀਬੀ ਹਿਲੇਰੀ ਕਲਿੰਟਨ ਵੱਲੋ ਹਿੰਦ ਦੇ ਦੌਰੇ ‘ਤੇ ਆਉਣ ਨੂੰ ਸਿੱਖ ਕੌਮ ਭਰਪੂਰ ਸਵਾਗਤ ਕਰਦੀ ਹੈ, ਪਰ ਇਸਦੇ ਨਾਲ ਹੀ ਉਹ ਇੱਥੇ ਹਿੰਦੂਤਵ ਹਕੂਮਤ ਵੱਲੋ ਸਿੱਖਾਂ ਨਾਲ ਲੰਮੇ ਸਮੇ ਤੋ ਕੀਤੀਆਂ ਜਾ ਰਹੀਆਂ ਘੋਰ ਜਿਆਦਤੀਆਂ ਨੂੰ ਖਤਮ ਕਰਵਾ ਕੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਣ ਨੂੰ ਬੰਦ ਕਰਵਾਉਣ ਲਈ ਮੁੱਖ ਭੂਮਿਕਾ ਨਿਭਾਉਣ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਹਿੰਦ ਦੇ ਦੌਰ ‘ਤੇ ਆਏ ਬੀਬੀ ਜੀ ਨੂੰ ਜੀ ਆਇਆ ਆਖਦੇ ਹੋਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾ ਕਿਹਾ ਕਿ ਕਿਉਂਕਿ ਹਿੰਦ ਨੇ ਕੌਮਾਂਤਰੀ ਸੰਧੀ ਐਨ ਪੀ ਟੀ ਉੱਤੇ ਅੱਜ ਤੱਕ ਦਸਤਖਤ ਨਹੀਂ ਕੀਤੇ। ਇਸ ਲਈ ਹਿੰਦ ਨੂੰ ਅਮਰੀਕਾ ਵੱਲੋ ਪ੍ਰਮਾਣੂ ਸ਼ਕਤੀ ਵਾਲੇ ਸਾਧਨ, ਤਕਨੀਕ, ਯੁਰੇਨੀਅਮ ਵਗੈਰਾ ਦੀ ਸਪਲਾਈ ਬਿਲਕੁੱਲ ਨਹੀਂ ਦੇਣੀ ਚਾਹੀਦੀ। ਪੰਜਾਬ ਅਤੇ ਹੋਰ ਅਨੇਕਾਂ ਸਥਾਨਾਂ ਉੱਤੇ ਘੱਟ ਗਿਣਤੀ ਕੌਮਾਂ ਸਿੱਖ, ਮੁਸਲਿਮ ਅਤੇ ਇਸਾਈਆਂ ਉੱਤੇ ਕੀਤੇ ਗਏ ਜ਼ਬਰ ਜੁਲਮ, ਨਸਲਕੁਸ਼ੀ, ਕਤਲੇਆਮ ਦੇ ਦੋਸ਼ੀਆਂ ਨੂੰ ਕੌਮਾਂਤਰੀ ਕਾਨੂੰਨ ਅਨੁਸਾਰ “ਇੰਟਰਨੈਸ਼ਨਲ ਕੋਰਟ ਆਫ਼ ਲਾਅ” ਵਿੱਚ ਖੜ੍ਹਾ ਕਰਕੇ ਪਹਿਲ ਦੇ ਆਧਾਰ ‘ਤੇ ਸਜ਼ਾਵਾਂ ਦਿਵਾਂਉਣ ਦਾ ਪ੍ਰਬੰਧ ਵੀ ਕੀਤਾ ਜਾਵੇ। ਉਨ੍ਹਾ ਕਿਹਾ ਕਿ ਜਦੋ ਸ਼੍ਰੀ ਬਿਲ ਕਲਿੰਟਨ ਅਮਰੀਕਾ ਦੇ ਸਦਰ ਹੁੰਦੇ ਸਨ ਅਤੇ 2000 ਵਿੱਚ ਉਹ ਜਦੋ ਹਿੰਦ ਦੇ ਦੌਰੇ ‘ਤੇ ਆਏ ਸਨ ਤਾਂ ਚਿੱਠੀਸਿੰਘਪੁਰਾ (ਕਸ਼ਮੀਰ) ਵਿਖੇ ਇੱਕ ਡੂੰਘੀ ਸ਼ਾਜਿਸ ਤਹਿਤ ਇੱਥੋ ਦੀਆਂ ਖੁਫੀਆ ਏਜੰਸੀਆਂ ਵੱਲੋ 43 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਅੱਜ ਤੱਕ ਉਨ੍ਹਾ ਸਿੱਖਾਂ ਦੇ ਕਾਤਿਲਾਂ ਨੂੰ ਨਾ ਤਾਂ ਸਾਹਮਣੇ ਲਿਆਂਦਾ ਗਿਆ ਹੈ ਅਤੇ ਨਾ ਹੀ ਕੋਈ ਸਜ਼ਾਵਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਮਨੁੱਖੀ ਹੱਕਾਂ ਦਾ ਸਭ ਤੋ ਵੱਡਾ ਉਲੰਘਣ ਹੋਇਆ ਹੈ। ਅਮਰੀਕਾ ਦੀ ਹਕੂਮਤ ਜੋ ਮਨੁੱਖੀ ਹੱਕਾਂ ਦੀ ਰਾਖੀ ਲਈ ਅਤੇ ਕੌਮਾਂਤਰੀ ਦਹਿਸ਼ਤਗਰਦੀ ਨੂੰ ਖਤਮ ਕਰਨ ਲਈ ਸਰਗਰਮ ਅਤੇ ਤਤਪਰ ਹੈ, ਉਸਨੂੰ ਚਾਹੀਦਾ ਹੈ ਕਿ ਉਹ ਹਿੰਦ ਨੂੰ ਪ੍ਰਮਾਣੂ ਤਕਨੀਕ ਅਤੇ ਇਸਦੀ ਵਰਤੋ ਵਿੱਚ ਆਉਣ ਵਾਲੇ ਸਾਧਨ ਦੇ ਕੇ ਹਿੰਦ ਦੀ ਸਰਕਾਰੀ ਦਹਿਸ਼ਤਗਰਦੀ ਨੂੰ ਬਿਲਕੁੱਲ ਬੜਾਵਾ ਨਾ ਦੇਵੇ। ਬਲਕਿ ਸਿੱਖ ਕੌਮ ਨਾਲ ਬੀਤੇ 64 ਸਾਲਾਂ ਤੋ ਹੋ ਰਹੀਆਂ ਘੋਰ ਬੇਇਨਸਾਫੀਆਂ ਅਤੇ ਜੁਲਮਾਂ ਦਾ ਅੰਤ ਕਰਨ ਲਈ ਕਮਿਊਨਿਸਟ ਚੀਨ, ਮੁਸਲਿਮ ਪਾਕਿਸਤਾਨ ਅਤੇ ਹਿੰਦੂਤਵ ਹਿੰਦ ਤਿੰਨੋ ਵੱਡੀਆਂ ਪ੍ਰਮਾਣੂ ਸ਼ਕਤੀਆਂ ਦੇ ਵਿਚਕਾਰ “ਬੱਫਰ ਸਟੇਟ” ਨੂੰ ਇਮਾਨਦਾਰੀ ਨਾਲ ਹੋਂਦ ਵਿੱਚ ਲਿਆਉਣ ਲਈ ਕੌਮਾਂਤਰੀ ਭੂਮਿਕਾ ਨਿਭਾਉਣ ਦੇ ਫਰਜ਼ ਪੂਰਨ ਕਰੇ। ਅਜਿਹਾ ਉੱਦਮ ਕਰਕੇ ਅਮਰੀਕਾ ਪੂਰੇ ਏਸ਼ੀਆ ਖਿੱਤੇ ਦੇ ਅਮਨ ਚੈਨ ਅਤੇ ਜਮਹੂਰੀਅਤ ਪਸੰਦ ਲੀਹਾਂ ਨੂੰ ਹੋਰ ਬਲ ਦੇਣ ਵਿੱਚ ਯੋਗਦਾਨ ਪਾ ਸਕਦਾ ਹੈ ਅਤੇ ਇਨਸਾਫ਼ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ ‘ਤੇ ਮਜ਼ਬੂਤ ਕਰ ਸਕਦਾ ਹੈ।