ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ ।
ਲੱਚਰਤਾ ਦੇ ਰੰਗ , ਗੀਤਾਂ ਵਿੱਚ , ਭਰਦੀ ਰਹਿੰਦੀ ਹੈ ।
ਮੈਂ ਮਾਰ ਚੁੱਕਾ ਜ਼ਮੀਰ ਆਪਣੀ , ਵਾਰ ਵਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਮੈਂ ਫੋਕੀ ਸ਼ੋਹਰਤ ਪਾਉਣ ਲਈ , ਕੁੱਝ ਹੋਛੇ ਗੀਤ ਲਿਖੇ ,
ਹਲਕੇ ਵਿਸ਼ਿਆਂ ਉਪਰ , ਸਭ ਹੀ ਬੇਪ੍ਰਤੀਤ ਲਿਖੇ ,
ਇਸ ਵਹਿਸ਼ੀਆਨਾ ਸੋਚ ਲਈ , ਮੈਂ ਸ਼ਰਮਸਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਮੈਂ ਕਲਮ ਨਾਲ ਸਭ ਰਿਸ਼ਤੇ ਨਾਤੇ , ਦੂਸ਼ਿਤ ਕਰ ਦਿੱਤੇ ।
ਵਿਦਿਆ ਦੇ ਜੋ ਮੰਦਿਰ , ਉਹ ਪ੍ਰਦੂਸ਼ਿਤ ਕਰ ਦਿੱਤੇ ।
ਵਿਦਿਆ ਪਰਉਪਕਾਰੀ ਦਾ , ਮੈਂ ਗੁਨਹਗਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਨਜ਼ਰ ਮੇਰੀ ਨੂੰ , ਧੀਆਂ ਭੈਣਾਂ ਦੇ ਵਿੱਚ ਹੀਰ ਦਿਖੀ ।
ਸਾਊ ਪੰਜਾਬਣ ਕੁੜੀ ਵੀ ਮੈਂ , ਆਪਣੀ ਮਾਸ਼ੂਕ ਲਿਖੀ ।
ਨਾਰੀ ਜਾਤ ਦਾ ਭੁੱਲ ਗਿਆ , ਕਰਨਾ ਸਤਿਕਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਕਰਜ਼ੇ ਹੇਠਾਂ ਦੱਬੇ ਕਿਸਾਨ , ਬਦਮਾਸ਼ ਵਿਖਾਉਂਦਾ ਰਿਹਾ ।
ਬੰਬੂਕਾਟਾਂ ‘ਤੇ ਚਾੜ੍ਹ , ਰਾਂਝੇ ਦੇ ਯਾਰ ਬਣਾਉਂਦਾ ਰਿਹਾ ।
ਚੰਡੀਗੜ੍ਹ ਦੀਆਂ ਸੈਰਾਂ ਤੋਂ ਨਾ , ਨਿਕਲਿਆਂ ਬਾਹਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਨੌਜਵਾਨਾਂ ਨੂੰ ਮੈਂ , ਮਿਰਜ਼ਾ ਯਾਦ ਕਰਾਉਂਦਾ ਰਿਹਾ ।
ਹਿੱਕ ਦੇ ਜ਼ੋਰ ਕੱਢਕੇ ਲੈ ਜਾਓ , ਸਭ ਸਿਖਾਉਂਦਾ ਰਿਹਾ ।
ਇੱਜ਼ਤਾਂ ਦਾ ਮੁੱਲ ਭੁੱਲਣ ਵਾਲਾ , ਮੈਂ ਗਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਵਿਆਹੀਆਂ ਵਰ੍ਹੀਆਂ ਕੁੜੀਆਂ ਦੇ ਮੈਂ , ਸਹੁਰੇ ਘਰ ਵੜਿਆ ।
ਸੁਹਾਗ – ਸੁਹਾਗਣ ਵਾਲਾ ਰਿਸ਼ਤਾ , ਮੂਲ ਨਹੀਂ ਪੜ੍ਹਿਆ ।
ਲਿਖਦਾ ਰਿਹਾ ਵਿੱਚ ਗੀਤਾਂ ਦੇ , ਕੈਸੇ ਕਿਰਦਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਲੋਕਾਂ ਦੇ ਦੁੱਖ਼ ਦਰਦ , ਲਿਖਣ ਨੂੰ ਵਿਸ਼ੇ ਹਜ਼ਾਰਾਂ ਸੀ ।
ਦਾਜ ਦੀ ਬਲੀ ਚੜ੍ਹਦੀਆਂ ਅੱਜ ਵੀ ,ਲੱਖ਼ ਮੁਟਿਆਰਾਂ ਸੀ ।
ਧੀਆਂ ਵਾਸਤੇ ਲਿਖ ਸਕਦਾ , ਮੈਂ ਅੱਖਰ ਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਕਲਮ ਗਰਕ ਗਈ ਮੇਰੀ , ਹੁਣ ਤਾਂ ਬਿਲਕੁਲ ਗਰਕ ਗਈ ।
ਦਿਸ਼ਾਹੀਣ ਹੋ ਗਈ , ਦਿਸ਼ਾ ਤੋਂ ਕੋਹਾਂ ਜ਼ਰਕ ਗਈ ।
ਖ਼ੁਦ ਵੀ ਰਸਤਿਓਂ ਭਟਕ ਗਿਆ , ਰਾਹੀ ਲਾਚਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
• ਮੁਆਫ਼ ਕਰੀਂ ਵੇ ਲੋਕਾ , ਮੈਨੂੰ ਕੇਰਾਂ ਮੁਆਫ਼ ਕਰੀਂ ।
ਚੰਗਾਂ ਲਿਖੇ ‘ਘੁਮਾਣ’ , ਜੋ ਮਾੜੇ ਪੰਨੇ ਸਾਫ਼ ਕਰੀਂ ।
ਸੌੜੀ ਸੋਚ ਦਾ ਹਾਮੀਂ , ਸੋਚੋਂਖੂਣਾ ਬਿਮਾਰ ਹਾਂ ।
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ ।
ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥
Ghuman Sahib Keya Baat G.