ਚੰਡੀਗੜ੍ਹ :- “ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਅੱਜ ਤੱਕ ਕਦੀ ਵੀ ਈਨ ਨਹੀਂ ਮੰਨੀ ਅਤੇ ਨਾ ਹੀ ਕਦੀ ਗੁਲਾਮੀ ਨੂੰ ਪ੍ਰਵਾਨ ਕੀਤਾ ਹੈ। ਇਹੀ ਵਜ੍ਹਾ ਹੈ ਕਿ ਹਿੰਦੂਤਵ ਹਕੂਮਤ ਅਤੇ ਉਸਦੀਆਂ ਏਜੰਸੀਆਂ ਵੱਲੋ ਹਰ ਤਰ੍ਹਾ ਦੇ ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਹੱਥਕੰਡਿਆਂ ਦੀ ਵਰਤੋ ਕਰਕੇ ਸਿੱਖ ਕੌਮ ਦੀ ਧਾਰਮਿਕ ਅਤੇ ਸਿਆਸੀ ਲੀਡਰਸਿ਼ਪ ਨੂੰ ਜਲੀਲ ਕਰਦੇ ਹੋਏ ਜ਼ੇਲ੍ਹਾਂ ਵਿੱਚ ਅਤੇ ਉਨ੍ਹਾ ਦੇ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਸਿੱਖ ਕੌਮ ਨੂੰ ਨੀਵਾਂ ਵਿਖਾਇਆ ਜਾ ਸਕੇ ਅਤੇ ਉਹ ਹਿੰਦ ਹਕੂਮਤ ਦੀ ਗੁਲਾਮੀ ਨੂੰ ਪ੍ਰਵਾਨ ਕਰ ਲੈਣ।”
ਇਹ ਵਿਚਾਰ ਅੱਜ ਇੱਥੇ ਸ: ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸੁਰਿੰਦਰ ਸਿੰਘ ਬੋਰਾਂ ਸਦਰ ਏ ਖਾਲਿਸਤਾਨ, ਸੁਖਜੀਤ ਸਿੰਘ ਕਾਲਾ ਅਫਗਾਨਾ ਪ੍ਰਧਾਨ ਗੁਰਦਾਸਪੁਰ, ਹਰਭਜਨ ਸਿੰਘ ਕਸ਼ਮੀਰੀ ਪ੍ਰਧਾਨ ਪਟਿਆਲਾ, ਰਣਜੀਤ ਸਿੰਘ ਸੰਤੋਖਗੜ੍ਹ ਪ੍ਰਧਾਨ ਰੋਪੜ, ਅਵਤਾਰ ਸਿੰਘ ਖੱਖ ਪ੍ਰਧਾਨ ਹੁਸਿ਼ਆਰਪੁਰ, ਮਨਜੀਤ ਸਿੰਘ ਰੇਰੂ ਪ੍ਰਧਾਨ ਜਲੰਧਰ, ਹਰਜੀਤ ਸਿੰਘ ਸੰਜੂਮਾ ਪ੍ਰਧਾਨ ਸੰਗਰੂਰ ਆਦਿ ਆਗੂਆਂ ਨੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾ ਦੇ ਸਾਥੀਆਂ ਨੂੰ ਕਸ਼ਮੀਰ ਦੇ ਦੌਰੇ ਦੌਰਾਨ ਇੱਕ ਗੁਰੂਘਰ ਵਿੱਚ ਜੰਮੂ ਕਸ਼ਮੀਰ ਹਕੂਮਤ ਵੱਲੋ ਨਜ਼ਰਬੰਦ ਕਰ ਦੇਣ ਦੀ ਅਸਹਿ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਆਗੂਆਂ ਨੇ ਕਿਹਾ ਕਿ ਸ: ਮਾਨ ਹਮੇਸ਼ਾ ਮਨੁੱਖਤਾ, ਇਨਸਾਫ਼, ਸੱਚ ਅਤੇ ਹੱਕ ਦੀ ਗੱਲ ਦ੍ਰਿੜਤਾ ਨਾਲ ਕਰਦੇ ਆਏ ਹਨ। ਉਨ੍ਹਾ ਦਾ ਕਸ਼ਮੀਰ ਦਾ ਦੌਰਾ ਵੀ ਉੱਥੇ ਦੇ ਬਸਿ਼ੰਦਿਆਂ ਮੁਸਲਿਮ ਕੌਮ ਦੇ ਮਨੁੱਖੀ ਹੱਕਾਂ ਦੀਆਂ ਹੋ ਰਹੀਆਂ ਉਲੰਘਣਾਵਾਂ ਅਤੇ ਸਿੱਖਾਂ ਨਾਲ ਹੋ ਰਹੀਆਂ ਘੋਰ ਜਿਆਦਤੀਆਂ ਦਾ ਨਿਰੀਖਣ ਕਰਨ ਅਤੇ ਉਸ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਵਾਜ਼ ਉਠਾਉਣ ਲਈ ਕੀਤਾ ਜਾ ਰਿਹਾ ਸੀ। ਸੈਟਰ ਹਕੂਮਤ ਦੇ ਇਸ਼ਾਰੇ ਉੱਤੇ ਜੰਮੂ ਕਸ਼ਮੀਰ ਦੀ ਅਬਦੁੱਲਾ ਹਕੂਮਤ ਨੇ ਇਹ ਭੜਕਾਊ ਕਾਰਵਾਈ ਕਰਕੇ ਮੁਸਲਿਮ ਅਤੇ ਸਿੱਖ ਕੌਮ ਦੇ ਡੂੰਘੇ ਜਖਮਾਂ ਨੂੰ ਕੁਰੇਦਣ ਦੀ ਕਾਰਵਾਈ ਕੀਤੀ ਹੈ। ਜਿਸਦੇ ਨਤੀਜੇ ਇੱਥੋ ਦੇ ਹੁਕਮਰਾਨਾਂ ਅਤੇ ਇੱਥੋ ਦੇ ਅਮਨਮਈ ਮਾਹੌਲ ਲਈ ਕਦੇ ਵੀ ਕਾਰਗਰ ਸਾਬਿਤ ਨਹੀਂ ਹੋਣਗੇ। ਆਗੂਆਂ ਨੇ ਕਿਹਾ ਕਿ ਸ: ਮਾਨ ਵਿਰੁੱਧ ਜੰਮੂ ਕਸ਼ਮੀਰ ਹਕੂਮਤ ਅਤੇ ਹਰਿਆਣੇ ਦੀ ਇੱਕ ਅਦਾਲਤ ਵੱਲੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਰੁੱਧ ਅਦਾਲਤੀ ਵਾਰੰਟ ਜਾਰੀ ਕਰਕੇ ਇੱਕ ਨਵੀਂ ਭਾਜੀ ਪਾ ਦਿੱਤੀ ਹੈ। ਜਦੋ ਕਿ ਸਿਰਸੇ ਵਾਲਾ ਬਲਾਤਕਾਰੀ ਅਤੇ ਕਾਤਿਲ ਸਾਧ, ਆਸ਼ੂਤੋਸੀਆ, ਭਨਿਆਰੇ ਵਾਲੇ ਵਰਗੇ ਅਖੌਤੀ ਡੇਰੇਦਾਰਾਂ ਜਿਨ੍ਹਾ ਨੂੰ ਹਿੰਦ ਹਕੂਮਤ ਅਤੇ ਉਨ੍ਹਾ ਦੀਆਂ ਏਜੰਸੀਆਂ ਦੀ ਸਰਪ੍ਰਸਤੀ ਹਾਸਿਲ ਹੈ, ਉਹ ਆਏ ਦਿਨ ਸਿੱਖ ਕੌਮ ਵਿਰੁੱਧ ਅਪਮਾਨਜਨਕ ਕਾਰਵਾਈਆਂ ਕਰਕੇ “ਅਮਨ ਚੈਨ” ਅਤੇ “ਸਰਬੱਤ ਦਾ ਭਲਾ” ਲੋੜਣ ਵਾਲੀ ਸਿੱਖ ਕੌਮ ਨੂੰ ਚੁਣੌਤੀ ਵੀ ਦੇ ਰਹੇ ਹਨ ਅਤੇ ਉਨ੍ਹਾ ਦੀਆਂ ਭਾਵਨਾਵਾਂ ਨਾਲ ਖਿਲਾਵੜ ਵੀ ਕਰ ਰਹੇ ਹਨ।
ਆਗੂਆਂ ਨੇ ਹਿੰਦ ਹਕੂਮਤ, ਜੰਮੂ ਕਸ਼ਮੀਰ ਦੀ ਅਬਦੁੱਲਾ ਹਕੂਮਤ ਨੂੰ ਸੰਜੀਦਾ ਸ਼ਬਦਾਂ ਵਿੱਚ ਖਬਰਦਾਰ ਕਰਦੇ ਹੋਏ ਕਿਹਾ ਕਿ ਉਹ ਸ: ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾ ਦੇ ਸਾਥੀਆਂ ਨੂੰ ਨਜ਼ਰਬੰਦੀ ਤੋ ਤੁਰੰਤ ਰਿਹਾਅ ਕਰਕੇ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਤੇਜ਼ੀ ਨਾਲ ਵਿਗੜਦੇ ਜਾ ਰਹੇ ਹਾਲਾਤਾਂ ਨੂੰ ਕਾਬੂ ਵਿੱਚ ਰੱਖਣ ਨਾ ਕਿ ਬਲਦੀ ਉੱਤੇ ਤੇਲ ਪਾ ਕੇ ਆਪਣੀ ਸਮੁੱਚੀ ਲੰਕਾ ਨੂੰ ਲਾਂਬੂ ਲਵਾਉਣ ਦੀ ਬਿਲਕੁੱਲ ਗੁਸਤਾਖੀ ਨਾ ਕਰਨ। ਉਨ੍ਹਾ ਮੰਗ ਕੀਤੀ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਹੋਰਾਂ ਵਿਰੁੱਧ ਬਲਾਤਕਾਰੀ ਸਿਰਸੇ ਵਾਲੇ ਸਾਧ ਵਾਲੇ ਮੁੱਦੇ ਉੱਤੇ ਇੱਥੋ ਦੀਆਂ ਅਦਾਲਤਾਂ ਵਾਰੰਟ ਜਾਰੀ ਕਰਨ ਦੀ ਬਜਾਇ ਅਜਿਹੇ ਅਖੌਤੀ ਡੇਰੇਦਾਰਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਤਾਂ ਕਿ ਸਿੱਖ ਕੌਮ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਫਿਰ ਤੋ ਮਜ਼ਬੂਤ ਹੋਣਾ ਪਵੇ। ਆਗੂਆਂ ਨੇ ਉਮੀਦ ਪ੍ਰਗਟ ਕੀਤੀ ਕਿ ਹਿੰਦ ਹਕੂਮਤ, ਜੰਮੂ ਕਸ਼ਮੀਰ ਸਰਕਾਰ ਅਤੇ ਹਰਿਆਣੇ ਦੀਆਂ ਅਦਾਲਤਾਂ ਵੱਲੋ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਸੰਜੀਦਗੀ ਨਾਲ ਫੌਰੀ ਬੰਦ ਕਰਕੇ ਅਤੇ ਆਗੂਆਂ ਨੂੰ ਰਿਹਾਅ ਕਰਕੇ ਸਿੱਖ ਕੌਮ ਵਿੱਚ ਉੱਠਦੇ ਜਾ ਰਹੇ ਬਗਾਵਤੀ ਰੋਹ ਨੂੰ ਸ਼ਾਂਤ ਕਰ ਦੇਣਗੇ।