ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਵੱਲੋਂ ਇਲੈਕਟ੍ਰੋਨਿਕ ਮੀਡੀਏ ਨਾਲ ਗੱਲਬਾਤ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੁਝ ਕਿੱਲੋ ਸੋਨੇ ਦੀ ਸੇਵਾ ਕਰਾਏ ਜਾਣ ਸਬੰਧੀ ਕੀਤੇ ਜ਼ਿਕਰ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸੰਗਤਾਂ ਭਲੀ ਪ੍ਰਕਾਰ ਜਾਣੂੰ ਹਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫ਼ੌਜੀ ਹਮਲਾ ਕਰਵਾਉਣ ਵਾਲਿਆਂ ’ਚ ਸ. ਬੂਟਾ ਸਿੰਘ ਭਾਗੀਦਾਰ ਸਨ ਜਿਨ੍ਹਾਂ ਨੇ ਲੰਮੇ ਸਮੇਂ ਬਾਅਦ ਆਪਣੇ ਇਸ ਕੀਤੇ ਦੀ ਸੰਗਤਾਂ ਪਾਸੋਂ ਖ਼ਿਮਾ-ਯਾਚਨਾ ਵੀ ਕੀਤੀ ਸੀ ਅਤੇ ਉਸ ਸਮੇਂ ਸਮੁੱਚੀ ਸਿੱਖ ਕੌਮ ‘ਚ ਇੰਨਾ ਰੋਸ ਤੇ ਰੋਹ ਸੀ ਕਿ ਸਰਕਾਰੀ ਤੌਰ ’ਤੇ ਕੀਤੀ ਜਾਣ ਵਾਲੀ ਸੇਵਾ ਨੂੰ ਪ੍ਰਵਾਨ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਉਨ੍ਹਾਂ ਕਿਹਾ ਕਿ ਸਿੱਖ ਜਗਤ ‘ਚ ਗੁਰਧਾਮਾਂ ਦੀ ਕਾਰ-ਸੇਵਾ ਸੰਗਤਾਂ ਦੀ ਕਿਰਤ-ਕਮਾਈ ‘ਚੋਂ ਕੀਤੇ ਜਾਣ ਦੀ ਰਿਵਾਇਤ ਹੈ। ਉਨ੍ਹਾਂ ਕਿਹਾ ਕਿ ਸ੍ਰ: ਬੂਟਾ ਸਿੰਘ ਦੇ ਕਾਰਜ-ਕਾਲ ਦੌਰਾਨ ਹੋਏ ਫ਼ੌਜੀ ਹਮਲੇ ਦੇ ਗੋਲ਼ੀਆਂ ਦੇ ਨਿਸ਼ਾਨ ਤਾਂ ਅਜੇ ਵੀ ਮੌਜੂਦ ਹਨ, ਪਰ ਉਨ੍ਹਾਂ ਨੇ ਸੋਨਾ ਕਿੱਥੇ ਲਗਾਇਆ, ਇਸ ਬਾਰੇ ਤਾਂ ਉਹ ਖ਼ੁਦ ਹੀ ਦੱਸ ਸਕਦੇ ਹਨ। ਪਰ ਉਨ੍ਹਾਂ ਨੂੰ ਅਜਿਹੇ ਬਿਆਨ ਦੇਣ ਵੇਲ਼ੇ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਜੂਨ 1984 ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਜਖ਼ਮ ਅਜੇ ਵੀ ਅੱਲੇ ਹਨ।
ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਸੇਵਾ ‘ਨਿਸ਼ਕਾਮ ਸੇਵਕ ਜਥਾ ਯੂ.ਕੇ. ਵੱਲੋਂ ਕਰਵਾਈ ਗਈ ਹੈ ਤੇ ਕੁਇੰਟਲਾਂ ਦੇ ਹਿਸਾਬ ਨਾਲ ਸੋਨਾ ਲੱਗਾ ਹੈ। ਸ. ਬੂਟਾ ਸਿੰਘ ਵੱਲੋਂ ਸੋਨਾ ਲਗਵਾਉਣ ਦੀ ਗੱਲ ਕਰਨਾ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤੁੱਲ ਹੈ। ਉਨ੍ਹਾਂ ਕਿਹਾ ਕਿ ਸ. ਬੂਟਾ ਸਿੰਘ ਦੇ ਬਿਰਧ ਅਵਸਥਾ ‘ਚ ਹੋਣ ਕਾਰਨ ਸ਼ਾਇਦ ਉਨ੍ਹਾਂ ਯਾਦਾਸ਼ਤ ‘ਚ ਵੀ ਫ਼ਰਕ ਪੈ ਗਿਆ ਲਗਦਾ ਹੈ, ਇਸ ਲਈ ਉਨ੍ਹਾਂ ਨੂੰ ਅਜਿਹੇ ਬਿਆਨ ਦੇ ਕੇ ਸਿੱਖ-ਸੰਗਤਾਂ ਦੇ ਅੱਲੇ ਜਖ਼ਮਾਂ ਨੂੰ ਕੁਰੇਦਣ ਦੀ ਬਜਾਏ ਨਾਮ-ਬਾਣੀ ਦਾ ਸਿਮਰਨ ਕਰਨਾ ਚਾਹੀਦਾ ਹੈ।