ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਪੰਜਾਬ ਦੇ ਗਵਰਨਰ ਸ੍ਰੀ ਸ਼ਿਵਰਾਜ ਪਾਟਿਲ ਨੂੰ ਪੱਤਰ ਲਿਖ ਕੇ ਚੰਡੀਗੜ੍ਹ ‘ਚ ‘ਪੰਜਾਬੀ ਭਾਸ਼ਾ’ ਨੂੰ ਪਹਿਲਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਪੱਤਰ ‘ਚ ਲਿਖਿਆ ਹੈ ਕਿ ਚੰਡੀਗੜ੍ਹ ਪੰਜਾਬ ਦੀ ਸਰ-ਜ਼ਮੀਨ ‘ਤੇ ਵੱਸਦੇ ਪੰਜਾਬ ਦੇ ਪਿੰਡਾਂ ਨੂੰ ਉਠਾ ਕੇ ਵਸਾਇਆ ਗਿਆ ਸੀ। ਚੰਡੀਗੜ੍ਹ ‘ਚ ਵੱਸਣ ਵਾਲੇ ਲੋਕ ਵੀ ਪੰਜਾਬੀ ਬੋਲਦੇ ਹਨ, ਪਰ ਉਨ੍ਹਾਂ ਦੀ ਮਾਂ-ਬੋਲੀ ‘ਪੰਜਾਬੀ’ ਨੂੰ ਸਰਕਾਰੀ-ਦਫ਼ਤਰਾਂ ‘ਚ ਢੁਕਵਾਂ ਸਨਮਾਨ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿਉਂਕਿ ਪੰਜਾਬ ਦੀ ਧਰਤੀ ‘ਤੇ ਪੰਜਾਬ ਦੇ ਲੋਕਾਂ ਨਾਲ ਵਸੇ ਇਸ ਸ਼ਹਿਰ ਨੂੰ ਪੰਜਾਬ ਦੀ ਰਾਜਧਾਨੀ ਹੋਣ ਕਰਕੇ ਵੀ ਪੰਜਾਬੀਆਂ ਦੀ ਮਾਨਸਿਕਤਾ ‘ਚ ਇਸ ਨੂੰ ਆਪਣਾ ਹੋਣ ਦਾ ਅਹਿਸਾਸ ਹੈ। ਇਸ ਲਈ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਮੱਦੇ-ਨਜ਼ਰ ਚੰਡੀਗੜ੍ਹ ‘ਚ ‘ਪੰਜਾਬੀ ਭਾਸ਼ਾ’ ਨੂੰ ਪਹਿਲਾ ਦਰਜਾ ਦਿੰਦਿਆਂ ਦਫ਼ਤਰੀ ਕੰਮ-ਕਾਜ ਪੰਜਾਬੀ ਵਿੱਚ ਕਰਨ ਅਤੇ ਸਕੂਲਾਂ ‘ਚ ਵੀ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਲਾਗੂ ਕੀਤਾ ਜਾਣਾ ਚਾਹੀਦਾ ਹੈ।