ਜਨੇਵਾ- ਸਵਿਟਜਰਲੈਂਡ ਵਿੱਚ ਜਮ੍ਹਾਂ ਭਾਰਤੀਆਂ ਦੇ ਕਾਲੇ ਧੰਨ ਸਬੰਧੀ ਵੱਧ ਰਹੇ ਦਬਾਅ ਕਰਕੇ ਸਵਿਟਜਰਲੈਂਡ ਦੀਆਂ ਬੈਂਕਾਂ ਵਿਚੋਂ ਭਾਰੀ ਸੰਖਿਆ ਵਿੱਚ ਭਾਰਤੀ ਆਪਣਾ ਪੈਸਾ ਕੱਢ ਰਹੇ ਹਨ। ਹੁਣ ਇਹ ਬਲੈਕ ਮਨੀ ਸਿੰਘਾਪੁਰ, ਮੌਰਿਸ਼ਸ ਅਤੇ ਮਿਡਲ ਈਸਟ ਦੇ ਬੈਂਕਾਂ ਵਿੱਚ ਜਮ੍ਹਾ ਹੋ ਰਹੀ ਹੈ। ਅਜੇ ਵੀ ਮੰਨਿਆ ਜਾ ਰਿਹਾ ਹੈ ਕਿ ਸਵਿਟਜਰਲੈਂਡ ਦੇ ਬੈਂਕਾਂ ਵਿੱਚ ਭਾਰਤੀਆਂ ਦਾ 11,000 ਜਹ਼ਾਰ ਕਰੋੜ ਤੋਂ ਵੱਧ ਰੁਪੈ ਜਮ੍ਹਾ ਹਨ।
ਸਵਿਟਜਰਲੈਂਡ ਦੇ ਸਵਿਜ ਨੈਸ਼ਨਲ ਬੈਂਕ ਨੇ ਪਹਿਲੀ ਵਾਰ ਉਥੋਂ ਦੀਆਂ ਵੱਕ-ਵੱਖ ਬੈਂਕਾਂ ‘ਚ ਭਾਰਤੀਆਂ ਵਲੋਂ ਕਰਵਾਏ ਗਏ ਜਮ੍ਹਾਂ ਧੰਨ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਬੈਂਕ ਦੇ ਉਚ ਅਧਿਕਾਰੀਆਂ ਅਨੁਸਾਰ 2010 ਦੇ ਅੰਤ ਤੱਕ ਭਾਰਤੀਆਂ ਦੇ ਉਨ੍ਹਾਂ ਦੇ ਬੈਂਕਾਂ ਵਿੱਚ 2.5 ਬਿਲੀਅਨ ਡਾਲਰ(11,250 ਕਰੋੜ ਰੁਪੈ) ਜਮ੍ਹਾਂ ਸਨ। ਉਨ੍ਹਾਂ ਨੇ ਮੰਨਿਆ ਕਿ ਮੁੱਖ ਬੈਂਕਾਂ ਯੂਬੀਐਸ ਅਤੇ ਕਰੈਡਿਟ ਸਵਿਜ ਵਿੱਚ ਵੱਡੇ ਪੱਧਰ ਤੇ ਭਾਰਤੀਆਂ ਦਾ ਧੰਨ ਜਮ੍ਹਾਂ ਹੈ। ਐਸਐਨਬੀ ਦੇ ਮੁੱਖੀ ਵਾਲਟੇਅਰ ਮੇਅਰ ਦਾ ਕਹਿਣਾ ਹੈ ਕਿ ਬਲੈਕ ਮਨੀ ਬਾਰੇ ਜੋ ਅੰਕੜੇ ਸੈਂਟਰਲ ਬੈਂਕ ਵਲੋਂ 2.5 ਬਿਲੀਅਨ ਡਾਲਰਜ਼ ਦੇ ਦਿੱਤੇ ਜਾ ਰਹੇ ਹਨ,ਉਹ ਵੀ ਸਹੀ ਨਹੀਂ ਹਨ ਅਤੇ ਨਾਂ ਹੀ ਭਾਰਤ ਦੇ ਮੀਡੀਆ ਵਲੋਂ ਦਿੱਤੇ ਜਾ ਰਹੇ 1.5 ਟਰੀਲੀਅਨ ਡਾਲਰਜ਼ ਦੇ ਅੰਕੜੇ ਪੂਰੀ ਤਰ੍ਹਾਂ ਸਹੀ ਹਨ। ਇੱਕ ਨਿਜੀ ਬੈਂਕਰ ਅਨੁਸਾਰ ਸਵਿਟਜਰਲੈਂਡ ਦੀਆਂ ਬੈਂਕਾਂ ਵਿੱਚ 15 ਤੋਂ 20 ਬਿਲੀਅਨ ਡਾਲਰ (67,500 ਕਰੋੜ ਰੁਪੈ) ਜਮ੍ਹਾਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਸਵਿਸ ਦੀਆਂ ਬੈਂਕਾਂ ਵਿਚੋਂ ਆਪਣਾ ਧੰਨ ਕਢਵਾ ਰਹੇ ਹਨ ਅਤੇ ਸਿੰਘਾਪੁਰ ਅਤੇ ਦੁੱਬਈ ਦੇ ਬੈਂਕਾਂ ਵਿੱਚ ਜਮ੍ਹਾਂ ਕਰਵਾ ਰਹੇ ਹਨ।