ਚੰਡੀਗੜ੍ਹ- ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 18 ਸਿਤੰਬਰ ਨੂੰ ਹੋ ਰਹੀਆਂ ਹਨ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀਆਂ 170 ਸੀਟਾਂ ਤੇ ਹੋਣ ਵਾਲੀਆਂ ਚੋਣਾਂ ਲਈ ਵੀਰਵਾਰ ਤੋਂ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਜਸਟਿਸ ਬਰਾੜ ਨੇ ਕਿਹਾ ਹੈ ਕਿ ਚੋਣਾਂ ਸਮੇਂ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਸਬੰਧਿਤ ਰਾਜਾਂ ਦੀ ਮਸ਼ੀਨਰੀ ਦੀ ਮਦਦ ਲਈ ਜਾਵੇਗੀ। ਸਾਰੇ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਜੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਚੋਣ ਆਯੋਗ ਨੂੰ ਦਸੇ ਤਾਂ ਜੋ ਪੈਰਾ ਮਿਲਟਰੀ ਫੋਰਸ ਦੀ ਮਦਦ ਲਈ ਜਾ ਸਕੇ।
ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਕਮਿਸ਼ਨਰ ਜਸਟਿਸ ਹਰਫੂਲ ਸਿੰਘ ਬਰਾੜ ਨੇ ਦਸਿਆ ਕਿ ਜਿਹੜੇ ਰਾਜਾਂ ਵਿੱਚ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਚੋਣ ਜ਼ਾਬਤਾ ਉਸੇ ਤਰ੍ਹਾਂ ਲਾਗੂ ਹੋਵੇਗਾ ਜਿਸ ਤਰ੍ਹਾਂ ਵਿਧਾਨ ਸਭਾ ਅਤੇ ਲੋਕ ਸੱਭਾ ਦੀਆਂ ਚੋਣਾਂ ਦੌਰਾਨ ਲਾਗੂ ਹੁੰਦਾ ਹੈ। 4 ਅਗੱਸਤ ਤੋਂ ਸ਼ਰੋਮਣੀ ਕਮੇਟੀ ਚੋਣਾਂ ਲਈ ਨਾਮਜ਼ਦਗੀਆਂ ਦਿੱਤੀਆਂ ਜਾ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਬਾਕੀ ਦੀ ਜਾਣਕਾਰੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਦਿੱਤੀ ਜਾਵੇਗੀ। ਬੂਥਾਂ ਬਾਰੇ ਅਜੇ ਤੈਅ ਨਹੀਂ ਕੀਤਾ ਗਿਆ, ਨੌ ਤੋਂ ਦਸ ਹਜ਼ਾਰ ਤੱਕ ਬੂਥ ਬਣਾਏ ਜਾਣ ਦੀ ਸੰਭਾਵਨਾ ਹੈ। 2004 ਵਿੱਚ ਐਸਜੀਪੀਸੀ ਦੀਆਂ ਚੋਣਾਂ ਹੋਈਆਂ ਸਨ। ਆਮ ਤੌਰ ਤੇ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ ਪਰ ਰਾਜਨੀਤਕ ਕਾਰਨਾਂ ਕਰਕੇ ਚੋਣਾਂ ਦੋ ਸਾਲ ਲੇਟ ਚਲ ਰਹੀਆਂ ਹਨ। ਸ਼ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ 29 ਜੁਲਾਈ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਵੋਟਰਾਂ ਤੋਂ ਪਛਾਣ ਪੱਤਰ ਦੀ ਮੰਗ ਕੀਤੀ ਜਾ ਸਕਦੀ ਹੈ ਤਾਂ ਜੋ ਕੋਈ ਗਲਤ ਵਿਅਕਤੀ ਵੋਟ ਦਾ ਇਸਤੇਮਾਲ ਨਾਂ ਕਰ ਸਕੇ।