ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਓਬਾਮਾ ਵੱਲੋਂ ਪ੍ਰਗਟਾਏ ਉਹਨਾਂ ਵਿਚਾਰਾਂ ਕਿ “ਪਾਕਿਸਤਾਨ ਨੂੰ ਅਫਗਾਨਿਸਤਾਨ ਸਰਹੱਦ ਦੀ ਸੁਰੱਖਿਆ ਕਰਨੀ ਪਵੇਗੀ” ਦੀ ਪੁਰਜ਼ੋਰ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਇਹ ਜਿੰਮੇਵਾਰੀ ਪਾਕਿਸਤਾਨ ਤੱਦ ਹੀ ਬਾਖੂਬੀ ਨਿਭਾ ਸਕੇਗਾ। ਜਦੋਂ ਉਸਨੂੰ ਚੜਦੇ ਵਾਲੇ ਪੰਜਾਬ ਵਾਲੇ ਪਾਸੇ ਤੋਂ “ਹਿੰਦੂਤਵ ਤਾਕਤਾਂ” ਦੇ ਹਮਲੇ ਹੋਣ ਦਾ ਡਰ ਨਹੀਂ ਹੋਵੇਗਾ। ਜਦੋਂ ਤੱਕ ਇਹ ਸ਼ੰਕਾ ਬਣੀ ਰਹੇਗੀ, ਉਦੋਂ ਉਸਨੂੰ ਅਫਗਾਨਿਸਤਾਨ ਸਰਹੱਦ ਤੋਂ ਆਪਣੀ ਤਵੱਜੋ ਘਟਾ ਕੇ ਆਪਣੀਆਂ ਫੌਜਾਂ ਨੂੰ ਹਿੰਦੋਸਤਾਨ ਸਰਹੱਦ ਤੇ ਲਾਉਣ ਲਈ ਮਜ਼ਬੂਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਇਸ ਲਈ ਇਹ ਜ਼ਰੂਰੀ ਹੈ ਕਿ ਸ਼੍ਰੀ ਓਬਾਮਾ ਪ੍ਰਸ਼ਾਸਨ ਹਿੰਦ-ਪਾਕਿ ਦੇ ਤਨਾਅ ਤੇ ਨਫਰਤ ਨੂੰ ਖਤਮ ਕਰਨ ਲਈ ਇਹਨਾਂ ਦੋਵਾਂ ਮੁਲਕਾਂ ਦੇ ਵਿਚਕਾਰ ਸਿੱਖ ਕੌਮ ਤੇ ਆਧਾਰਿਤ “ਬੱਫਰ ਸਟੇਟ” ਕਾਇਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਵੇ। ਤਾਂ ਜੋ ਇਹ ਬੱਫਰ ਸਟੇਟ ਦੋਵਾ ਦੁਸ਼ਮਣ ਮੁਲਕਾਂ ਵਿਚਕਾਰ ਬਤੌਰ ਇੱਕ ਪੁੱਲ ਦੇ ਕੰਮ ਕਰ ਸਕੇ ਅਤੇ ਦੋਵਾਂ ਮੁਲਕਾਂ ਨੂੰ ਜੰਗਾਂ-ਲੜਾਈਆਂ ਤੋਂ ਸਦਾ ਲਈ ਤੋਬਾ ਕਰਨ ਦਾ ਮੌਕਾ ਪ੍ਰਦਾਨ ਹੋ ਜਾਵੇਗਾ।
ਸ਼੍ਰੀ ਓਬਾਮਾ ਵੱਲੋਂ ਅਮਰੀਕਾ ਦੇ ਪ੍ਰਧਾਨ ਦੀ ਕੁਰਸੀ ਦੀ ਸਹੁੰ ਚੁੱਕਣ ਸਮੇਂ ਪ੍ਰਗਟਾਏ ਉਹਨਾਂ ਵਿਚਾਰਾਂ “ਉਸਾਰੂ ਸੋਚ ਨੂੰ ਹੀ ਲੋਕ ਯਾਦ ਰੱਖਦੇ ਹਨ ਤੇ ਉਸਾਰੂ ਸੋਚ ਹੀ ਚੰਗੇ ਨਤੀਜੇ ਦੇ ਸਕਦੀ ਹੈ, ਸ਼ਾਜਸੀ ਮਨੁੱਖਤਾ ਵਿਰੋਧੀ ਕਾਰਵਾਈਆਂ ਦਾ ਕਦੇ ਵੀ ਸਤਿਕਾਰ ਨਹੀਂ ਹੁੰਦਾ” ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਸ: ਮਾਨ ਨੇ ਕਿਹਾ ਕਿ ਆਪਣੇ ਲੋਕਾਂ ਅਤੇ ਮੁਲਕ ਨਿਵਾਸੀਆਂ ਨਾਲ ਜ਼ਬਰ-ਜੁਲਮ ਕਰਨ ਵਾਲੀਆਂ ਹਕੂਮਤਾਂ ਰੋਮਨ, ਆਸਟਰੋ, ਹੰਗਰੀਅਨ, ਓਹੋਮੈਨ, ਸੋਵੀਅਤ ਅਤੇ ਬਰਤਾਨੀਆ ਦੀਆਂ ਹਕੂਮਤਾਂ ਦਾ ਦੁਨੀਆ ਦੇ ਇਤਿਹਾਸ ਵਿੱਚ ਅੱਜ ਕੋਈ ਨਾਮੋ-ਨਿਸ਼ਾਨ ਨਹੀਂ ਰਿਹਾ। ਉਹਨਾਂ ਕਿਹਾ ਕਿ ਹਿੰਦੋਸਤਾਨ ਦੀ ਹਿੰਦੂਤਵ ਹਕੂਮਤ ਨਿਰੰਤਰ ਇਸਾਈਆਂ, ਮੁਸਲਿਮ, ਸਿੱਖਾਂ, ਦਲਿਤਾਂ ਅਤੇ ਪਛੜੇ ਵਰਗਾਂ ਉੱਤੇ ਜ਼ਬਰ-ਜੁਲਮ ਕਰਦੀ ਆ ਰਹੀ ਹੈ। ਉੜੀਸਾ ਵਿੱਚ ਇਸਾਈ ਪ੍ਰਚਾਰਕ ਅਤੇ ਉਸਦੇ ਮਾਸੂਮ ਬੱਚਿਆਂ ਨੂੰ ਖਤਮ ਕਰ ਦਿੱਤਾ ਗਿਆ ਸੀ। ਇਸਾਈ ਨੰਨਜਾਂ ਨਾਲ ਜਬਰੀ ਬਲਾਤਕਾਰ ਕੀਤੇ ਗਏ, ਗਿਰਜੇ ਘਰਾਂ ਨੂੰ ਢਹਿਢੇਰੀ ਕੀਤਾ ਗਿਆ। ਗੁਜਰਾਤ ਵਿੱਚ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਗਿਆ, ਬਾਬਰੀ ਮਸਜਿਦ ਢਹਿਢੇਰੀ ਕੀਤੀ ਗਈ। ਇਸੇ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਢਹਿਢੇਰੀ ਕੀਤਾ ਗਿਆ ਤੇ ਹਜ਼ਾਰਾਂ ਹੀ ਸਿੱਖ ਸ਼ਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 1984 ਵਿੱਚ ਸ਼ਾਜਿਸਾਂ ਰਾਹੀਂ ਸਿੱਖ ਕੌਮ ਦਾ ਸਮੂਹਿਕ ਕਤਲੇਆਮ ਕੀਤਾ ਗਿਆ। ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਖਤਮ ਕੀਤਾ ਗਿਆ। ਸਿੱਖ ਬੀਬੀਆਂ ਦੇ ਬੇਪੱਤੀ ਕੀਤੀ ਗਈ। ਥਾਣਿਆਂ ਵਿੱਚ ਬਜ਼ੁਰਗਾਂ ਨੂੰ ਜਲੀਲ ਕੀਤਾ ਗਿਆ। ਜੋ ਕਿ ਅੱਜ ਵੀ ਹਿੰਦੂਤਵ ਹਕੂਮਤ ਵੱਲੋਂ ਘੱਟ ਗਿਣਤੀ ਵਿਰੋਧੀ ਇਹਨਾਂ ਸ਼ਾਜਿਸਾਂ ਤੇ ਅਮਲ ਹੋ ਰਿਹਾ ਹੈ। ਸ: ਮਾਨ ਨੇ ਕਿਹਾ ਕਿ ਜੇਕਰ ਹਿੰਦੂਤਵ ਹਕੂਮਤ ਨੇ ਮਨੁੱਖਤਾ ਦੇ ਖੂਨ ਵਹਾਉਣ, ਸਮਾਜ ਵਿੱਚ ਨਫਰਤ ਉਤਪੰਨ ਕਰਨ ਵਾਲੇ ਆਪਣੀ ਨਾਹ-ਵਾਚਕ ਸੋਚ ‘ਤੇ ਅਮਲ ਕਰਨਾ ਬੰਦ ਨਾ ਕੀਤਾ, ਤਾਂ ਹਿੰਦੂਤਵ ਹਕੂਮਤ ਦਾ ਹਸ਼ਰ ਵੀ ਬਰਤਾਨੀਆ, ਸੋਵੀਅਤ, ਹੰਗਰੀਅਨ ਆਦਿ ਹਕੂਮਤਾਂ ਵਰਗਾ ਹੋਣ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸ਼੍ਰੀ ਬਾਰਕ ਓਬਾਮਾ ਨੂੰ ਪੰਜਾਬ ਵਿੱਚ ਵਿਚਰ ਰਹੀ ਸਿੱਖ ਕੌਮ ਤੇ ਕਸ਼ਮੀਰ ਵਿੱਚ ਵਿਚਰ ਰਹੀ ਮੁਸਲਿਮ ਕੌਮ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਮਨੁੱਖੀ ਹੱਕਾਂ ਦੀ ਰਖਵਾਲੀ ਦੀ ਕਦਰ ਕਰਦੇ ਹੋਏ “ਬੱਫਰ ਸਟੇਟ” ਨੂੰ ਹੋਂਦ ਵਿੱਚ ਅਵੱਸ਼ ਲਿਆਉਣਾ ਪਵੇਗਾ।