ਅੰਮ੍ਰਿਤਸਰ:- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਹਮਲਾ ਕਰਕੇ ਜੂਨ 1984 ’ਚ ਭਗਤੀ ਅਤੇ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਅਤੇ ਸੈਂਕੜੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਕਰਵਾਏ ਮਿਲਟਰੀ ਐਕਸ਼ਨ ਦਾ ਮੁਕਾਬਲਾ ਕਰਦੇ ਹੋਏ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲੇ ਮੁੱਖੀ ਦਮਦਮੀ ਟਕਸਾਲ, ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਬਾਬਾ ਠਾਰਾ ਸਿੰਘ ਤੇ ਜਨਰਲ ਸ਼ਬੇਗ ਸਿੰਘ ਸਮੇਤ ਸ਼ਹੀਦ ਹੋਏ ਸਿੰਘਾਂ ਦੀ ਯਾਦਗਾਰ ਸਥਾਪਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਸਬ-ਕਮੇਟੀ ਦੀ ਮੀਟਿੰਗ ਸਥਾਨਕ ਗੁਰੂ ਨਾਨਕ ਨਿਵਾਸ ਇਕੱਤਰਤਾ ਹਾਲ ’ਚ ਹੋਈ। ਜਿਸ ਵਿਚ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਸ. ਜਸਪਾਲ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ ਤੇ ਸਾਬਕਾ ਉਪ ਕੁਲਪਤੀ ਡਾ. ਪ੍ਰਿਥੀਪਾਲ ਸਿੰਘ ਕਪੂਰ ਸ਼ਾਮਲ ਹੋਏ।
ਤਕਰੀਬਨ ਦੋ ਘੰਟੇ ਚਲੀ ਇਸ ਇਕੱਤਰਤਾ ’ਚ ਵੱਖ-ਵੱਖ ਜਥੇਬੰਦੀਆਂ, ਸਿੰਘ ਸਭਾਵਾਂ ਵੱਲੋਂ ਪੁੱਜੇ ਲਿਖਤੀ, ਈਮੇਲ ਅਤੇ ਵਿਅਕਤੀਗਤ ਤੌਰ ਤੇ ਸੁਝਾਵਾਂ ਨੂੰ ਬਰੀਕੀ ਨਾਲ ਵਿਚਾਰਿਆ ਗਿਆ। ਮੀਟਿੰਗ ਦੌਰਾਨ ਦੇਸ਼-ਵਿਦੇਸ਼ ਦੀਆਂ ਜਥੇਬੰਦੀਆਂ ਵੱਲੋਂ ਸੁਝਾਅ ਹੋਰ ਭੇਜੇ ਜਾ ਰਹੇ ਹਨ ਨੂੰ ਧਿਆਨ ’ਚ ਰੱਖਦਿਆਂ ਸਬ-ਕਮੇਟੀ ਵੱਲੋਂ ਇਹ ਫੈਸਲਾ ਕੀਤਾ ਹੈ ਪੁੱਜ ਰਹੇ ਸੁਝਾਵਾਂ ਪ੍ਰਤੀ ਸਮਾਂ 8 ਅਗਸਤ ਤੱਕ ਵਧਾਇਆ ਜਾਵੇ। ਸ਼ਹੀਦਾਂ ਦੀ ਯਾਦਗਰ ਬਨਾਉਣ ਸਬੰਧੀ ਆਪਣੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਗਲੇਰੀ ਕਾਰਵਾਈ ਲਈ ਸੋਂਪੀ ਜਾਵੇ।
ਇਸ ਮੌਕੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲ੍ਹੀ), ਐਡੀ. ਮੈਨੇਜਰ ਸ. ਜਸਵਿੰਦਰ ਸਿੰਘ, ਜੇ.ਈ. ਸ. ਸੁਖਜਿੰਦਰ ਸਿੰਘ ਵੀ ਹਾਜ਼ਰ ਸਨ।