ਫਤਿਹਗੜ੍ਹ ਸਾਹਿਬ- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਇਲਟ ਰਾਜਪਾਲ ਸਿੰਘ ਧਾਲੀਵਾਲ ਦੀ ਬੀਤੇ ਦਿਨੀਂ ਬਿਦਰ (ਕਰਨਾਟਕਾ) ਦੇ ਕੋਲ ਇੱਕ ਵਾਪਰੇ ਹਵਾਈ ਹਾਦਸੇ ਵਿੱਚ ਹੋਈ ਮੌਤ ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਧਾਲੀਵਾਲ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਿਰ ਕੀਤੀ ਅਤੇ ਕਿਹਾ ਕਿ ਮੁਲਕ ਦੀ ਹਕੂਮਤ ਉੱਤੇ ਬੈਠੇ ਲੋਕਾਂ ਦੀ ਰਿਸ਼ਵਰਖੋਰੀ ਸੋਚ ਦੀ ਬਦੌਲਤ ਹੀ ਦੂਸਰੇ ਮੁਲਕਾਂ ਤੋਂ ਕਬਾੜ ਵਿੱਚ ਵਿਕਣ ਵਾਲੇ ਚੱਲੇ ਹੋਏ ਏਅਰ ਕਰਾਫਟ ਖਰੀਦੇ ਜਾਣ ਦੀ ਕਾਰਵਾਈ ਅਤੇ ਮੁਲਕ ਵਿੱਚ ਤਿਆਰ ਹੋਣ ਵਾਲੇ ਏਅਰ ਕਰਾਫਟਾਂ ਵਿੱਚ ਘਟੀਆ ਕਿਸਮ ਦੇ ਔਜ਼ਾਰ ਫਿਟ ਕਰਨ ਦੀ ਸੋਚ ਸਾਡੇ ਪਾਇਲਟਾਂ ਅਤੇ ਹੋਰ ਸਹਾਇਕ ਸਟਾਫ ਦੀ ਜਿ਼ੰਦਗੀਆਂ ਨੂੰ ਜੋਖਮ ਵਿੱਚ ਪਾਇਆ ਹੋਇਆ ਹੈ। ਉਹਨਾਂ ਕਿਹਾ ਕਿ ਹਿੰਦ ਹਕੂਮਤ ਇੰਨੀ ਗਿਰਾਵਟ ਵਿੱਚ ਆ ਗਈ ਹੈ ਕਿ ਇਹ ਤਾਂ ਸ਼ਹੀਦ ਹੋਏ ਫੌਜੀਆਂ ਦੇ ਤਾਬੂਤ ਖਰੀਦਣ ਵਿੱਚ ਵੀ ਕਰੋੜਾਂ-ਅਰਬਾਂ ਦੇ ਘਪਲੇ ਕਰ ਜਾਂਦੀ ਹੈ। ਉਹਨਾਂ ਕਿਹਾ ਕਿ ਜੋ ਏਅਰ ਕਰਾਫਟ ਹਾਦਸਾਗ੍ਰਸਤ ਹੋਇਆ ਹੈ, ਇਹ ਹਿੰਦੋਸਤਾਨ ਦਾ ਆਪਣਾ ਬਣਾਇਆ ਹੋਇਆ ਦੇਸੀ ਏਅਰ ਕਰਾਫਟ ਸੀ। ਪਹਿਲੇ ਵੀ ਅਜਿਹੇ ਏਅਰ ਕਰਾਫਟ ਹਾਦਸਾਗ੍ਰਸਤ ਹੋਏ ਹਨ।
ਸ: ਮਾਨ ਨੇ ਹਿੰਦ ਹਕੂਮਤ ਦੀ ਉਸ ਘਟੀਆ ਸੋਚ ਦੀ ਪੁਰਜ਼ੋਰ ਨਿਖੇਧੀ ਕੀਤੀ ਜਿਸ ਅਧੀਨ ਅਜਿਹੇ ਦੇਸੀ ਅਤੇ ਦੂਸਰੇ ਮੁਲਕਾਂ ਤੋਂ ਸਸਤੇ ਅਤੇ ਵੱਡੇ ਕਮਿਸ਼ਨਾਂ ਉੱਤੇ ਖਰੀਦੇ ਜਾਣ ਵਾਲੇ ਏਅਰ ਕਰਾਫਟ ਨੂੰ ਚਲਾਉਣ ਲਈ ਸਿੱਖ ਪਾਇਲਟਾਂ ਨੂੰ ਹੀ ਡਿਊਟੀਆਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਿੱਖ ਪਾਇਲਟ ਯੋਗਤਾ, ਬਹਾਦਰੀ ਅਤੇ ਸੂਝਵਾਨਤਾ ਵਿੱਚ ਅੱਵਲ ਨੰਬਰ ਤੇ ਹਨ। ਲੇਕਿਨ ਹਿੰਦ ਹਕੂਮਤ ਦੀ ਸੋਚ ਸਿੱਖ ਕੌਮ ਨਾਲ ਸ਼ੁਰੂ ਤੋਂ ਹੀ ਵਿਤਕਰੇ ਭਰੀ ਰਹੀ ਹੈ। ਪਾਇਲਟ ਰਾਜਪਾਲ ਸਿੰਘ ਧਾਲੀਵਾਲ ਜੋ ਸਾਡੇ ਸ਼ਹਿਰ ਪਟਿਆਲੇ ਦੇ ਨਿਵਾਸੀ ਹਨ, ਆਪਣੇ ਪਿੱਛੇ ਇੱਕ ਬੱਚਾ ਅਤੇ ਸਪੱਤਨੀ ਛੱਡ ਗਏ ਹਨ, ਦੇ ਪਰਿਵਾਰ ਦੀ ਸਹੀ ਢੰਗ ਨਾਲ ਦੇਖਭਾਲ ਕਰਨ ਲਈ, ਉਹਨਾਂ ਸਰਕਾਰ ਤੋਂ ਪਰਿਵਾਰ ਨੂੰ ਘੱਟੋ-ਘੱਟ 10 ਕਰੋੜ ਰੁਪਏ ਸਹਾਇਤਾ ਦਾ ਐਲਾਨ ਕਰਨ ਦੀ ਮੰਗ ਕੀਤੀ। ਤਾਂ ਜੋ ਸ: ਧਾਲੀਵਾਲ ਦਾ ਪਰਿਵਾਰ ਜਿਹਨਾਂ ਤੋਂ ਇੱਕ ਪਿਤਾ ਤੇ ਇੱਕ ਪਤੀ ਹਿੰਦ ਹਕੂਮਤ ਦੀਆਂ ਸਾਜਿ਼ਸਾਂ ਨੇ ਖੋਹ ਲਿਆ ਹੈ, ਉਹ ਸਹੀ ਤਰੀਕੇ ਆਪਣੀ ਰਹਿੰਦੀ ਜਿੰ਼ਦਗੀ ਬਸਰ ਕਰ ਸਕੇ।