ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਚੀਨ ਨੇ ਭਾਰਤ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਚੀਨ ਬਰਹਮਪੁੱਤਰ ਨਦੀ ਤੇ ਜੋ ਬੰਨ੍ਹ ਬਣਾ ਰਿਹਾ ਹੈ, ਉਸ ਨਾਲ ਭਾਰਤ ਦੇ ਹਿਤਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚੀਨ ਦੁਆਰਾ ਦਿੱਤੇ ਗਏ ਸਪਸ਼ਟੀਕਰਣ ਤੇ ਵਿਸ਼ਵਾਸ਼ ਕਰਦੇ ਹਨ।
ਡਾ: ਮਨਮੋਹਨ ਸਿੰਘ ਨੇ ਰਾਜ ਸੱਭਾ ਵਿੱਚ ਕਿਹਾ,” ਭਾਰਤ ਅਤੇ ਚੀਨ ਗਵਾਂਢੀ ਦੇਸ਼ ਹਨ ਅਤੇ ਇਹ ਸਾਡੇ ਹਿੱਤ ਵਿੱਚ ਹੈ ਕਿ ਅਸੀਂ ਚੀਨ ਨਾਲ ਚੰਗੇ ਸਬੰਧ ਰੱਖੀਏ। ਚੀਨ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਅਜਿਹਾ ਕੁਝ ਨਹੀਂ ਕੀਤਾ ਜਾਵੇਗਾ, ਜਿਸ ਨਾਲ ਭਾਰਤ ਦੇ ਹਿੱਤ ਪ੍ਰਭਾਵਿਤ ਹੋਣ।”
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਬਰਹਮਪੁੱਤਰ ਨਦੀ ਤੇ ਬੰਨ੍ਹ ਬਣਾਉਣ ਦੇ ਮੁੱਦੇ ਤੇ ਪਹਿਲਾਂ ਵੀ ਕਈ ਵਾਰ ਚਰਚਾ ਹੋ ਚੁੱਕੀ ਹੈ। ਇਹ ਇੱਕ ਬਿਜਲੀ ਪਰਿਯੋਜਨਾ ਹੈ ਜਿਸ ਵਿੱਚ ਪਾਣੀ ਸਟੋਰ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਕਿਹਾ ਕਿ ਦੋ ਦੇਸ਼ਾਂ ਵਿੱਚਕਾਰ ਪਾਣੀ ਦੀ ਵੰਡ ਵੰਡਾਈ ਇੱਕ ਮਹੱਤਵਪੂਰਣ ਮੁੱਦਾ ਹੈ। ਇਸ ਵਿੱਚ ਕੁਝ ਅੜਚਨਾਂ ਵੀ ਆ ਸਕਦੀਆਂ ਹਨ ਪਰ ਚੀਨ ਵਲੋਂ ਭਰੋਸਾ ਦਿਵਾਏ ਜਾਣ ਤੋਂ ਬਾਅਦ ਇਸ ਮਾਮਲੇ ਨੂੰ ਜਿਆਦਾ ਤੂਲ ਨਹੀਂ ਦੇਣੀ ਚਾਹੀਦੀ। ਅਜਿਹਾ ਕਰਨ ਨਾਲ ਬਿਨਾਂ ਕਿਸੇ ਗੱਲ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋਵੇਗਾ। ਉਨ੍ਹਾਂ ਨੇ ਕਿਹਾ, “ਸਾਨੂੰ ਚੀਨ ਤੇ ਭਰੋਸਾ ਵੀ ਹੈ ਅਤੇ ਅਸਾਂ ਇਸ ਮਾਮਲੇ ਦੀ ਜਾਂਚ-ਪੜਤਾਲ ਵੀ ਕੀਤੀ ਹੈ।” ਰਾਜਸੱਭਾ ਵਿੱਚ ਇਸ ਮੁੱਦੇ ਤੇ ਵਿਦੇਸ਼ਮੰਤਰੀ ਕ੍ਰਿਸ਼ਨਾ ਨੂੰ ਸਵਾਲ ਪੁਛਿਆ ਗਿਆ ਸੀ, ਪਰ ਪ੍ਰਧਾਨਮੰਤਰੀ ਨੇ ਇਸ ਵਿੱਚ ਦਖਲ ਦੇ ਕੇ ਖੁਦ ਇਸ ਸਵਾਲ ਦਾ ਜਵਾਬ ਦਿੱਤਾ।