ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ, ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੀ ਮੁਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਵਲੋਂ ਦਿੱਲੀ ਦੀ ਇਤਿਹਾਸਕ ਮਹੱਤਤਾ ਨੂੰ ਕਾਇਮ ਰੱਖਦਿਆਂ ਉਸਦੀ ਨੁਹਾਰ ਨੂੰ ਬਦਲਣ ਤੇ ਉਸਨੂੰ ਦਿਲਖਿੱਚਵੀਂ ਬਣਾਉਣ ਵਿਚ ਜੋ ਭੂਮਿਕਾ ਅਦਾ ਕੀਤੀ ਗਈ ਹੈ, ਉਸਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ।
ਸ. ਪਰਮਜੀਤ ਸਿੰਘ ਸਰਨਾ ਨੇ ਇਸ ਸਬੰਧ ਵਿਚ ਜਾਰੀ ਆਪਣੇ ਬਿਆਨ ਵਿਚ ਦੱਸਿਆ ਕਿ ਸ੍ਰੀਮਤੀ ਸ਼ੀਲਾ ਦੀਕਸ਼ਤ ਦਿੱਲੀ ਦੀ ਪਹਿਲੀ ਮੁਖ ਮੰਤਰੀ ਹਨ, ਜਿਨ੍ਹਾਂ ਨੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਵਿਸ਼ਵ ਪੱਧਰ ਦੇ ਸ਼ਹਿਰ ਵਜੋਂ ਸਥਾਪਤ ਕਰਨ ਦੇ ਨਾ ਕੇਵਲ ਸੁਪਨੇ ਸਿਰਜੇ ਸਗੋਂ ਉਨ੍ਹਾਂ ਨੂੰ ਅਮਲੀ ਰੂਪ ਦੇ ਕੇ ਦਿੱਲੀ ਵਾਸੀਆਂ ਦਾ ਦਿਲ ਵੀ ਜਿੱਤਿਆ।
ਸ. ਸਰਨਾ ਨੇ ਦੱਸਿਆ ਕਿ ਉਨ੍ਹਾਂ ਇਤਿਹਾਸਕ, ਧਾਰਮਕ, ਸਮਾਜਕ ਅਤੇ ਸੰਸਕ੍ਰਿਤਕ ਮਹੱਤਤਾ ਦੇ ਸਥਾਨਾਂ ਦੇ ਕੇਵਲ ਮੂਲ-ਸਰੂਪ ਨੂੰ ਹੀ ਨਹੀਂ ਸੰਵਾਰਿਆ, ਸਗੋਂ ਉਨ੍ਹਾਂ ਨੂੰ ਦਰਸ਼ਨੀ-ਸਥਾਨਾਂ ਵਜੋਂ ਵਿਕਸਤ ਵੀ ਕੀਤਾ ਤਾਂ ਜੋ ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲਾ ਹਰ ਵਿਅਕਤੀ ਵਾਰ-ਵਾਰ ਇਨ੍ਹਾਂ ਸਥਾਨਾਂ ਦੀ ਯਾਤਰਾ ਲਈ ਖਿੱਚਿਆ ਚਲਿਆ ਆਏ ਅਤੇ ਦਿੱਲੀ ਦੇ ਬਦਲਵੇਂ ਤੇ ਦਿਲਖਿੱਚਵੇਂ ਰੂਪ ਨੂੰ ਵੇਖ ਕੇ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ।
ਸ. ਸਰਨਾ ਨੇ ਆਪਣੇ ਬਿਆਨ ਵਿਚ ਹੋਰ ਦੱਸਿਆ ਕਿ ਅਜੇ ਤਕ ਗੈਰ-ਕਾਨੂੰਨੀ ਮੰਨੀਆਂ ਜਾਂਦੀਆਂ ਕਾਲੋਨੀਆਂ ਨੂੰ ਮਾਨਤਾ ਦੁਆਉਣ ਦਾ ਸਿਲਸਿਲਾ ਸ਼ੁਰੂ ਕਰਕੇ ਸ੍ਰੀਮਤੀ ਸ਼ੀਲਾ ਦੀਕਸ਼ਤ ਨੇ ਨਾ ਕੇਵਲ ਉਥੋਂ ਦੇ ਵਾਸੀਆਂ ਦੇ ਸਿਰ ਤੇ ਲਟਕਦੀ ਚਲੀ ਆ ਰਹੀ ਤਲਵਾਰ ਹਟਾਈ, ਸਗੋਂ ਇਨ੍ਹਾਂ ਕਾਲੋਨੀਆਂ ਦੇ ਵਿਕਾਸ ਵਿਚ ਪਈਆਂ ਚਲੀਆਂ ਆ ਰਹੀਆਂ ਰੁਕਾਵਟਾਂ ਵੀ ਦੂਰ ਕਰਵਾ ਦਿੱਤੀਆਂ।
ਸ. ਪਰਮਜੀਤ ਸਿੰਘ ਸਰਨਾ ਨੇ ਆਪਣੇ ਬਿਆਨ ਵਿਚ ਇਹ ਵੀ ਦੱਸਿਆ ਕਿ ਸ੍ਰੀਮਤੀ ਸ਼ੀਲਾ ਦੀਕਸ਼ਤ ਨੇ ਹਾਲ ਵਿਚ ਹੀ ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਯਾਦਗਾਰ ਨੂੰ ਸ਼ਰਧਾ ਤੇ ਸੈਰ-ਸਪਾਟਾ ਦੇ ਸੰਗਮ ਵਜੋਂ ਸਥਾਪਤ ਕਰ ਅਤੇ ਸ੍ਰੀ ਰਾਹੁਲ ਗਾਂਧੀ ਪਾਸੋਂ ਉਸਦਾ ਉਦਘਾਟਨ ਕਰਵਾ ਕੇ ਇਸ ਰਸਤੇ ਰਾਹੀਂ ਦਿੱਲੀ ਤੋਂ ਬਾਹਰ ਜਾਣ ਅਤੇ ਦਿੱਲੀ ਆਉਣ ਵਾਲਿਆਂ ਲਈ ਇਕ ਅਜਿਹਾ ਸਥਾਨ ਉਪਲੱਬਧ ਕਰਵਾਇਆ ਹੈ, ਜਿਥੋਂ ਤਨ ਮਨ ਦੀ ਸ਼ਾਂਤੀ ਹੀ ਨਹੀਂ ਸਗੋਂ ਰੂਹਾਨੀ ਸੰਤੁਸ਼ਟਤਾ ਵੀ ਪ੍ਰਾਪਤ ਹੁੰਦੀ ਹੈ।