ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ( ਦਿਲੀ ) ਅਤੇ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੂੰ ਅੱਜ ਉਸ ਸਮੇਂ ਗਹਿਰਾ ਸਿਆਸੀ ਧੱਕਾ ਲਗਾ ਜਦੋਂ ਇੱਥੇ ਇੱਕ ਪਰੈਸ ਕਾਨਫਰੰਸ ਦੌਰਾਨ ਅਕਾਲੀ ਦਲ (ਦਿਲੀ ) ਦੇ ਯੂਥ ਵਿੰਗ ਦੇ ਆਲ ਇੰਡੀਆ ਪ੍ਰਧਾਨ ਸ: ਗੁਰਮੀਤ ਸਿੰਘ ਮੁੰਡੀਆਂ ਨੇ ਸ੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਆਪਣੇ ਸੈਂਕੜੇ ਸਾਥੀਆਂ ਸਮੇਤ ਸ: ਸਰਨਾ ਨੂੰ ਛੱਡ ਕੇ ਸ੍ਰੋਮਣੀ ਅਕਾਲੀ ਦਲ ( ਬਾਦਲ) ਵਿੱਚ ਬਿਨਾ ਸ਼ਰਤ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਅੱਜ ਸ: ਸਰਨਾ ਦੀ ਸਜੀ ਬਾਂਹ ਅਤੇ ਪੰਜਾਬ ਵਿੱਚ ਅਕਾਲੀ ਦਲ (ਦਿਲੀ ) ਦੇ ਪੈਰ ਲਵਾਉਣ ਵਾਲੇ ਯੂਥ ਅਕਾਲੀ ਦਲ ਦਿਲੀ ਦੇ ਪ੍ਰਧਾਨ ਗੁਰਮੀਤ ਸਿੰਘ ਮੁੰਡੀਆਂ ਦੇ ਸ੍ਰੋਮਣੀ ਅਕਾਲੀ ਦਲ (ਬਾਦਲ ) ਵਿੱਚ ਸ਼ਾਮਿਲ ਹੋ ਜਾਣ ਨਾਲ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੋਮਣੀ ਗੁਰਦਵਾਰਾ ਕਮੇਟੀ ’ਤੇ ਲੰਮੇ ਸਮੇਂ ਤੋਂ ਕਬਜ਼ਾ ਕਰਨ ਦੀ ਇੱਛਾ ਰੱਖਣ ਵਾਲੇ ਸ: ਪਰਮਜੀਤ ਸਿੰਘ ਸਰਨਾ ਵੱਲੋਂ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੂੰ ਸਖ਼ਤ ਟੱਕਰ ਦੇ ਸਕਣ ਦੀ ਆਸ ’ਤੇ ਵੀ ਪਾਣੀ ਫਿਰ ਗਿਆ ਹੈ।
ਪਰੈਸ ਕਾਨਫਰੰਸ ਦੌਰਾਨ ਯੂਥ ਅਕਾਲੀ ਦਲ ਦਿਲੀ ਦੇ ਪ੍ਰਧਾਨ ਸ: ਗੁਰਮੀਤ ਸਿੰਘ ਮੁੰਡੀਆਂ ਨੇ ਸ: ਪਰਮਜੀਤ ਸਿੰਘ ਸਰਨਾ ’ਤੇ ਕਾਂਗਰਸ ਨਾਲ ਮਿਲੇ ਹੋਣ ਅਤੇ ਸਿੱਖ ਕੌਮ ਨੂੰ ਗੁਮਰਾਹ ਕਰਨ ਸੰਬੰਧੀ ਦੋਸ਼ਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਸ: ਸਰਨਾ ਕਾਂਗਰਸ ਆਗੂਆਂ ਦੇ ਇਸ਼ਾਰਿਆਂ ’ਤੇ ਸਿੱਖ ਕੌਮ ਨੂੰ ਹੀ ਦੋ ਫਾੜ ਕਰਨ ’ਤੇ ਤੁਲੇ ਹੋਏ ਹਨ। ਉਹਨਾਂ ਕਿਹਾ ਕਿ ਉਹ ਅਤੇ ਉਸ ਦੇ ਸੈਂਕੜੇ ਸਾਥੀ ਸ: ਸਰਨਾ ਦੀ ਭੈੜੀ ਨੀਅਤ ਨੂੰ ਭਾਂਪ ਦਿਆਂ ਉਸ ਦਾ ਸਾਥ ਛੱਡ ਰਹੇ ਹਨ। ਉਹਨਾਂ ਕਿਹਾ ਕਿ ਸ: ਸਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਵੀ ਸਿਆਸਤ ਕਰਨ ’ਤੋਂ ਨਹੀਂ ਟਲੇ ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਨਾਜ਼ੁਕ ਮਸਲਿਆਂ ਨੂੰ ਅਖ਼ਬਾਰੀ ਇਸ਼ਤਿਹਾਰੀ ਰੂਪ ਨਹੀਂ ਦੇਣਾ ਚਾਹੀਦਾ ਸੀ। ਉਹਨਾਂ ਇਹ ਵੀ ਇੰਕਸ਼ਾਫ਼ ਕੀਤਾ ਕਿ ਸ: ਸਰਨਾ ਅਤੇ ਅਕਾਲੀ ਦਲ ਦਿਲੀ ਦਾ ਆਪਣਾ ਕੋਈ ਸਿਆਸੀ ਏਜੰਡਾ ਨਹੀਂ ਇਹ ਕਾਂਗਰਸ ਦੀਆਂ ਨੀਤੀਆਂ ਅਤੇ ਕਾਂਗਰਸ ਦੇ ਇਸ਼ਾਰਿਆਂ ’ਤੇ ਚਲ ਰਹੇ ਹਨ।
ਸ: ਮੁੰਡੀਆਂ ਦੱਸਿਆ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਸਿਆਸੀ ਨੁਕਸਾਨ ਅਤੇ ਕਮਜੋਰ ਕਰਨ ਦੀ ਸਾਜ਼ਿਸ਼ ਨਾਲ ਸ: ਸਰਨਾ ਵੱਲੋਂ ਉਹ ਅਤੇ ਉਨ੍ਹਾਂ ਦੇ ਸਾਥੀਆਂ ਦੀ ਕਈ ਵਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ , ਦਿਲੀ ਦੇ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ , ਬੀਬੀ ਭਠਲ ਸਮੇਤ ਹੋਰ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕਰਾਈਆਂ ਗਈਆਂ । ਉਹਨਾਂ ਕਿਹਾ ਕਿ ਸਰਨਾ ਨੇ ਹੀ ਦਿਲੀ ਗੁਰਦਵਾਰਾ ਕਮੇਟੀ ਨੂੰ ਸ੍ਰੋਮਣੀ ਕਮੇਟੀ ਤੋਂ ਵਖ ਕਰਾਇਆ ਅਤੇ ਹੁਣ ਉਹ ਹਰਿਆਣਾ ਦੇ ਵਿਚ ਵੀ ਵਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾਉਣ ਲਈ ਸਾਜ਼ਿਸ਼ ਰਚ ਰਹੀ ਹੈ। ਸ: ਸਰਨਾ ਵੱਲੋਂ ਪੰਜਾਬ ਵਿੱਚ ਕਾਂਗਰਸ ਦੀ ਖੁੱਲ੍ਹੀ ਹਮਾਇਤ ਕਰਨ ਨੂੰ ਸਿੱਖ ਕੌਮ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਸਿੱਖ ਕਤਲੇਆਮ ਕਰਾਉਣ ਦੀ ਦੋਸ਼ੀ ਕਾਂਗਰਸ ਨੂੰ ਸਿੱਖ ਕਿਵੇਂ ਮੁਆਫ਼ ਕਰ ਸਕਦੇ ਸਨ।
ਇਸ ਮੌਕੇ ਸ: ਗੁਰਮੀਤ ਸਿੰਘ ਮੁੰਡੀਆਂ ਅਤੇ ਸਾਥੀਆਂ ਦਾ ਅਕਾਲੀ ਦਲ ਵਿੱਚ ਆਉਣ ’ਤੇ ਨਿੱਘਾ ਸਵਾਗਤ ਕਰਦਿਆਂ ਯੂਥ ਵਿੰਗ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ: ਮੁੰਡੀਆਂ ਨੇ ਸਹੀ ਸਮੇਂ ਸਹੀ ਫੈਸਲਾ ਲੈ ਕੇ ਅਕਾਲੀ ਦਲ ਬਾਦਲ ਨੂੰ ਸ਼ਕਤੀ ਅਤੇ ਸੇਧ ਦਿੱਤੀ ਹੈ। ਪੱਤਰਕਾਰਾਂ ਨਾਲ ਗਲ ਬਾਤ ਕਰਦਿਆਂ ਯੂਥ ਵਿੰਗ ਦੇ ਪ੍ਰਧਾਨ ਸ: ਮਜੀਠੀਆ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਬਾਦਲ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼ਾਨਦਾਰ ਜਿੱਤ ਦਾ ਇਤਿਹਾਸ ਦੁਹਰਾਏਗਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਬਾਦਲ ਵਿਰੋਧੀ ਧਿਰਾਂ ਕਾਂਗਰਸ ਦੀਆਂ ਬੀ – ਸੀ ਟੀਮਾਂ ਵਜੋਂ ਕੰਮ ਕਰ ਰਹੀਆਂ ਹਨ, ਇਸ ਲਈ ਚੋਣਾਂ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਵਰਗੇ ਕਾਂਗਰਸ ਦੇ ਪਿੱਠੂਆਂ ਨੂੰ ਭਜਣ ਲਈ ਰਾਹ ਵੀ ਨਹੀਂ ਮਿਲੇਗਾ।
ਸ: ਮਜੀਠੀਆ ਨੇ ਅਕਾਲੀ ਦਲ ਬਾਦਲ ਵਿਰੋਧੀ ਅਖੌਤੀ ਪੰਥਕ ਧਿਰਾਂ ਦੇ ਆਗੂਆਂ ਨੂੰ ‘ ਚੱਲੇ ਹੋਏ ਕਾਰਤੂਸ ’ ਗਰਦਾਨਦਿਆਂ ਕਿਹਾ ਕਿ ਇਹਨਾਂ ਤੋਂ ਅਕਾਲੀ ਦਲ ( ਬਾਦਲ) ਨੂੰ ਕੋਈ ਖਤਰਾ ਨਹੀਂ ਹੈ। ਉਹਨਾਂ ਚੁਨੌਤੀ ਦਿੰਦਿਆਂ ਕਿਹਾ ਕਿ ਪੰਥਕ ਹੋਣ ਦਾ ਢੌਂਗ ਰਚਣ ਵਾਲੇ ਅਖੌਤੀ ਆਗੂ ਪਹਿਲਾਂ ਕਾਂਗਰਸ ਦੀ ਬੁੱਕਲ ਵਿੱਚੋਂ ਨਿਕਲ ਕੇ ਤਾਂ ਵਿਖਾਉਣ, ਤੇ ਫਿਰ ਪੰਥਕ ਹੋਣ ਦਾ ਹੋਕਾ ਦੇਣ । ਉਹਨਾਂ ਪੰਥਕ ਹੋਣ ਦਾ ਢੌਂਗ ਰਚ ਰਹੇ ਅਖੌਤੀ ਪੰਥਕ ਆਗੂਆਂ ਸੰਬੰਧੀ ਕਿਹਾ ਕਿ ਇਹ ਲੋਕ ਬਲ਼ੂ ਸਟਾਰ ਅਪਰੇਸ਼ਨ ਅਤੇ ’84 ਦੇ ਸਿੱਖ ਕਤਲੇਆਮ ਲਈ ਦੋਸ਼ੀ ਤੇ ਜ਼ਿੰਮੇਵਾਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਵਰਗਿਆਂ ਨੂੰ ਸਨਮਾਨਿਤ ਕਰਕੇ ਬੇਗੁਨਾਹ ਸ਼ਹੀਦਾਂ ਅਤੇ ਸਿੱਖ ਪੰਥ ਦਾ ਅਪਮਾਨ ਕਰਨ ਦੇ ਦੋਸ਼ੀ ਹਨ। ਸਰਨੇ ਵਰਗੇ ਕਾਂਗਰਸ ਨਾਲ ਸਾਂਝ ਪਿਆਲੀ ਪਾਕੇ ਉਹਨਾਂ ਨੂੰ ਤਾਕਤ ਦੇਣ ’ਚ ਲੱਗੇ ਹੋਏ ਹਨ। ਉਹਨਾਂ ਸਵਾਲ ਕੀਤਾ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਲਹੂ ਨਾਲ ਹੱਥ ਰੰਗਣ ਵਾਲੀ ਕਾਂਗਰਸ ਦੀ ਛਤਰ-ਛਾਇਆ ਹੇਠ ਰਹਿਣਾ ਕਿੱਧਰ ਦੀ ਪੰਥਕ ਰਵਾਇਤ ਹੈ ਜਿਸ ਨੂੰ ਸਰਨੇ ਵਰਗੇ ਕੁੱਝ ਆਗੂ ਫਖਰ ਨਾਲ ਅਪਣਾਈ ਬੈਠੇ ਹਨ। ਉਹਨਾਂ ਦੋਸ਼ ਲਾਇਆ ਕਿ ਲੋਕ ਜਾਣ ਦੇ ਹਨ ਕਿ ਇਹ ਅਖੌਤੀ ਪੰਥਕ ਆਗੂ ਸਮੇਂ ਸਮੇਂ ਸਿੱਖ ਪੰਥ ਤੋਂ ਮਾਨ ਸਨਮਾਨ ਤੇ ਸਤਾ ਸੁੱਖ ਹੰਢਾਉਂਦੇ ਰਹੇ ਹੋਣ ਦੇ ਬਾਵਜੂਦ ਪੰਥ ਨੂੰ ਕਮਜ਼ੋਰ ਕਰਨ ਅਤੇ ਨਿੱਜੀ ਮੁਫਾਦਾਂ ਖ਼ਾਤਰ ਸਿੱਖ ਪੰਥ ਦੀ ਪਿੱਠ ’ਤੇ ਛੁਰਾ ਮਾਰਦਿਆਂ ਕਾਂਗਰਸ ਦੇ ਹੱਥਾਂ ਵਿੱਚ ਹੀ ਖੇਡਦੇ ਰਹੇ ਹਨ।
ਸ਼੍ਰੋਮਣੀ ਕਮੇਟੀ ਚੋਣਾਂ ਲਈ ਅਕਾਲੀ ਦਲ ਦਾ ਤਿਆਰ ਭਰ ਤਿਆਰ ਹੋਣ ਸੰਬੰਧੀ ਗਲ ਕਰਦਿਆਂ ਆਗੂਆਂ ਨੇ ਕਿਹਾ ਕਿ ਕਾਂਗਰਸ ਵੱਲੋਂ ਸਿੱਖ ਧਾਰਮਿਕ ਅਦਾਰਿਆਂ ’ਤੇ ਕੰਟਰੋਲ ਜਮਾਉਣ ਲਈ ਅਤੀਤ ਵਿੱਚ ਵੀ ਕਈ ਵਾਰ ਅਖੌਤੀ ਪੰਥਕ ਆਗੂਆਂ ਰਾਹੀਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਪਰ ਅਕਾਲੀ ਦਲ ਬਾਦਲ ਦਾ ਕੁੱਝ ਵੀ ਨਹੀਂ ਵਿਗਾੜ ਸਕੇ। ਕਾਂਗਰਸ ਇਸ ਵਾਰ ਵੀ ਉਹੀ ਗਲਿਆ ਪੱਤਾ ਫਿਰ ਖੇਡਣ ਦੀ ਤਾਕ ਵਿੱਚ ਹੈ ਜਿਸ ਪ੍ਰਤੀ ਸਮੁੱਚੀ ਕੌਮ ਜਾਣੂ ਹੈ ਇਸੇ ਇਸ ਵਾਰ ਫਿਰ ਤੋਂ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਲੋਕ ਸਭਾ ਮੈਂਬਰ ਸ: ਸ਼ਰਨਜੀਤ ਸਿੰਘ ਢਿੱਲੋਂ, ਸ: ਪਰਮਿੰਦਰ ਸਿੰਘ ਬਰਾੜ, ਪ੍ਰਮਬੰਸ ਸਿੰਘ ਬੰਟੀ ਰੁਮਾਣਾ, ਰੋਜ਼ੀ ਬਰਕੰਢੀ ਅਵਤਾਰ ਸਿੰਘ ਜ਼ੀਰਾ ਅਤੇ ਪ੍ਰੋ ਸਰਚਾਂਦ ਸਿੰਘ ਵਲੋਂ ਅਕਾਲੀ ਦਲ ਦਿਲੀ ਦੇ ਯੂਥ ਵਿੰਗ ਦੇ ਆਲ ਇੰਡੀਆ ਪ੍ਰਧਾਨ ਸ: ਗੁਰਮੀਤ ਸਿੰਘ ਮੁੰਡੀਆਂ ਅਤੇ ਕੁਲਬੀਰ ਸਿੰਘ ਮੁੰਡੀਆਂ, ਡਾ; ਨਿਰਮਲ ਸਿੰਘ ਬਾਵਾ, ਰਜਿੰਦਰ ਸਿੰਘ ਨਾਮਧਾਰੀ, ਅਮਨਦੀਪ ਸਿੰਘ ਬਿੰਦਰਾ, ਜਗਦੀਪ ਸਿੰਘ ਡਾਲਰ, ਜਸਬੀਰ ਸਿੰਘ ਘਈ ਸਮੇਤ ਸੈਂਕੜੇ ਨੌਜਵਾਨ ਸਾਥੀਆਂ ਦਾ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਣ ’ਤੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।