ਕਾਬੁਲ- ਅਫ਼ਗਾਨਿਸਤਾਨ ਨੇ ਸਰਕਾਰੀ ਤੌਰ ਤੇ ਇਹ ਪੁਸ਼ਟੀ ਕੀਤੀ ਹੈ ਕਿ ਅਫ਼ਗਾਨਿਸਤਾਨ ਵਿੱਚ ਅਮਰੀਕੀ ਹੈਲੀਕਾਪਟਰ ਦੇ ਡਿੱਗਣ ਨਾਲ ਅਮਰੀਕੀ ਸੀਲ ਦੇ 31 ਸੈਨਿਕ ਮਾਰੇ ਗਏ ਹਨ। ਇਸ ਦੁਰਘਟਨਾ ਵਿੱਚ 7 ਅਫ਼ਗਾਨ ਸੈਨਿਕ ਵੀ ਮਾਰੇ ਗਏ ਹਨ। ਇਹ ਹੈਲੀਕਾਪਟਰ ਅਤਵਾਦੀਆਂ ਦੇ ਕਿਸੇ ਟਿਕਾਣੇ ਤੇ ਕਾਰਵਾਈ ਤੋਂ ਬਾਅਦ ਸੈਨਿਕਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੇ ਛੱਡਣ ਜਾ ਰਿਹਾ ਸੀ।
ਅਮਰੀਕਾ ਦਾ ਹੈਲੀਕਾਪਟਰ ਅਫ਼ਗਾਨਿਸਤਾਨ ਦੇ ਵਰਦਾਕ ਸੂਬੇ ਵਿੱਚ ਡਿੱਗਿਆ ਹੈ। ਨੈਟੋ ਅਤੇ ਅਮਰੀਕਾ ਨੇ ਅਜੇ ਤੱਕ ਹੈਲੀਕਾਪਟਰ ਦੇ ਕਰੈਸ਼ ਹੋਣ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਕੀਤਾ, ਪਰ ਸ਼ਕ ਤਾਲਿਬਾਨ ਤੇ ਹੀ ਜਾ ਰਿਹਾ ਹੈ। ਤਾਲਿਬਾਨ ਦੇ ਇੱਕ ਬੁਲਾਰੇ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਹੈਲੀਕਾਪਟਰ ਉਨ੍ਹਾਂ ਦੇ ਰਾਕਿਟ ਦਾ ਨਿਸ਼ਾਨਾ ਬਣਿਆ ਹੈ। ਅਫ਼ਗਾਨਿਸਤਾਨ ਵਿੱਚ 2001 ਤੋਂ ਲੈ ਕੇ ਤਾਲਿਬਾਨ ਨਾਲ ਵਿੱਢੇ ਸੰਘਰਸ਼ ਦੌਰਾਨ ਏਨੀ ਜਿਆਦਾ ਸੰਖਿਆ ਵਿੱਚ ਅਮਰੀਕੀ ਸੈਨਿਕ ਨਹੀਂ ਮਾਰੇ ਗਏ। ਅਧਿਕਾਰੀਆਂ ਦਾ ਵੀ ਇਹੀ ਮੰਨਣਾ ਹੈ ਕਿ ਹੈਲੀਕਾਪਟਰ ਨੂੰ ਤਾਲਿਬਾਨ ਨੇ ਹੀ ਨਿਸ਼ਾਨਾ ਬਣਾਇਆ ਹੈ।
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਇੱਕ ਬਿਆਨ ਵਿੱਚ ਕਿਹਾ ਹੈ, “ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਅਤੇ ਮਰਨ ਵਾਲਿਆਂ ਦੇ ਪਰੀਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ।”
ਰਾਸ਼ਟਰਪਤੀ ਓਬਾਮਾ ਨੇ ਵੀ ਮਰਨ ਵਾਲੇ ਅਮਰੀਕੀ ਅਤੇ ਅਫ਼ਗਾਨਸਤਾਨੀ ਸੈਨਿਕਾਂ ਨੂੰ ਸ਼ਰਧਾਂਜਲੀ ਭਂੇਟ ਕੀਤੀ। ਓਬਾਮਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, “ ਅਸੀਂ ਉਨ੍ਹਾਂ ਦੀ ਜਿੰਦਗੀ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਦੇਸ਼ ਦੀ ਸੁਰੱਖਿਆ ਲਈ ਕੰਮ ਕਰਦੇ ਰਹਾਂਗੇ। ਸਾਨੂੰ ਉਨ੍ਹਾਂ ਅਫ਼ਗਾਨਿਸਤਾਨੀ ਸੈਨਿਕਾਂ ਦੀ ਮੌਤ ਦਾ ਵੀ ਅਫਸੋਸ ਹੈ ਜੋ ਇੱਕ ਸ਼ਾਂਤੀਪੂਰਣ ਅਪ਼ਗਾਨਿਸਤਾਨ ਬਣਾਉਣ ਦੀ ਕੋਸਿ਼ਸ਼ ਵਿੱਚ ਸਾਡੇ ਸੈਨਿਕਾਂ ਦੇ ਨਾਲ ਮਾਰੇ ਗਏ ਹਨ।” ਇੰਟਰਨੈਸ਼ਨਲ ਸਕਿਊਰਟੀ ਅਸਿਸਟੈਂਟ ਫੋਰਸ ਨੇ ਹੈਲੀਕਾਪਟਰ ਦੇ ਡਿੱਗਣ ਦੀ ਤਾਂ ਪੁਸ਼ਟੀ ਕੀਤੀ ਹੈ ਪਰ ਹਾਦਸੇ ਦੇ ਕਾਰਣਾਂ ਦਾ ਜਿਕਰ ਨਹੀਂ ਕੀਤਾ। ਨੈਟੋ ਦਾ ਕਹਿਣਾ ਹੈ ਕਿ ਅਜੇ ਹਾਦਸੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।