“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।”
ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਮੇਂ ਹਿੰਦੂਸਤਾਨ ਵਿਚ ਵੱਖ-ਵੱਖ ਧਰਮਾਂ ਵਿਚ ਔਰਤ ਦੀ ਸਥਿਤੀ ਬੜੀ ਹੀ ਤਰਸਯੋਗ ਸੀ। ਉਸ ਨੂੰ ਧਾਰਮਿਕ ਕਾਰਜਾਂ ਵਿਚ ਭਾਈਵਾਲੀ ਦਾ ਅਧਿਕਾਰ ਨਹੀਂ ਸੀ। ਹੋਰ ਤਾਂ ਹੋਰ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਕੋਈ ਔਰਤ ਧਾਰਮਿਕ ਆਗੂ ਨਹੀਂ ਸੀ ਬਣ ਸਕਦੀ। ਮਰਦਾਂ ਦੇ ਧਰਮ ਸਥਾਨਾਂ ਤੇ ਔਰਤ ਨੂੰ ਜਾਣ ਦਾ ਅਧਿਕਾਰ ਨਹੀਂ ਸੀ।
ਜਿਸ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਔਰਤ ਨੂੰ ਜ਼ਬਰਦਸਤੀ ਉਸ ਦੇ ਪਤੀ ਦੇ ਨਾਲ ਜਿੰਦਾ ਹੀ ਸਾੜ ਦਿੱਤਾ ਜਾਂਦਾ ਸੀ। ਇਸ ਪ੍ਰਥਾ ਨੂੰ ਸਤੀਪ੍ਰਥਾ ਕਿਹਾ ਜਾਂਦਾ ਸੀ। ਇਸੇ ਪ੍ਰਕਾਰ ਔਰਤ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਸੀ। ਉਹ ਧਰਮ ਗ੍ਰੰਥ ਨਹੀਂ ਸੀ ਪੜ੍ਹ ਸਕਦੀ। ਉਹ ਧਰਮ ਸਥਾਨਾਂ ਤੇ ਆ ਕੇ ਪ੍ਰਾਥਨਾ ਆਦਿ ਨਹੀਂ ਸੀ ਕਰ ਸਕਦੀ।
ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਹਨਾਂ ਆਪਣੀ ਬਾਣੀ ਵਿਚ ਔਰਤ ਨੂੰ ਸਤਿਕਾਰ ਦਿੰਦਿਆਂ ਕਿਹਾ:-
“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।”
ਭਾਵ ਉਸ ਇਸਤਰੀ ਨੂੰ ਮਾੜਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਜਿਸ ਨੇ ਰਾਜਿਆਂ-ਮਹਾਂਰਾਜਿਆਂ, ਪੀਰਾਂ-ਫ਼ਕੀਰਾਂ, ਸਾਧੂ-ਸੰਤਾਂ, ਦਰਵੇਸ਼ਾਂ ਅਤੇ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ ਹੈ। ਜਿਸ ਦੀ ਕੁੱਖ ਤੋਂ ਪੈਦਾ ਹੋ ਕੇ ਮਰਦ ਰਾਜਾ-ਮਹਾਂਰਾਜਾ ਤਾਂ ਬਣ ਸਕਦਾ ਹੈ ਪਰ ਉਸ ਨੂੰ ਜਨਮ ਦੇਣ ਵਾਲੀ ਮਾਂ ਨੂੰ ਹੀਣ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਔਰਤ ਦੀ ਹੋਂਦ ਤੋਂ ਬਿਨਾਂ ਸ੍ਰਿਸਟੀ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੰਨਣ ਵਾਲੀ ਸਭ ਤੋਂ ਪਹਿਲੀ ਸਿੱਖ ਹੀ ਔਰਤ ਹੋਈ ਹੈ ਅਤੇ ਉਹ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ। ਬੀਬੀ ਨਾਨਕੀ ਜੀ ਨੂੰ ਸਿੱਖ ਧਰਮ ਵਿਚ ਸਭ ਤੋਂ ਪਹਿਲੀ ਸਿੱਖ ਮੰਨਿਆਂ ਜਾਂਦਾ ਹੈ। ਸਭ ਤੋਂ ਪਹਿਲਾਂ ਉਹਨਾਂ ਹੀ ਗੁਰੂ ਨਾਨਕ ਸਾਹਿਬ ਦੀ ਪਹਿਚਾਣ ਕੀਤੀ ਕਿ ਇਹ ਰੱਬੀ ਅਵਤਾਰ ਹਨ।
ਇਸੇ ਤਰ੍ਹਾਂ ਸਿੱਖ ਇਤਿਹਾਸ ਵਿਚ ਅਨੇਕਾਂ ਸਿੱਖ ਬੀਬੀਆਂ ਦੀ ਕੁਰਬਾਨੀ ਅਤੇ ਬਹਾਦਰੀ ਦੇ ਕਿੱਸੇ ਪ੍ਰਚੱਲਤ ਹਨ। ਮਾਤਾ ਗੁਜਰੀ, ਮਾਈ ਭਾਗੋ, ਬੀਬੀ ਭਾਨੀ, ਮਾਤਾ ਖੀਵੀ, ਮਾਤਾ ਸਾਹਿਬ ਕੌਰ ਅਤੇ ਮਾਤਾ ਗੰਗਾ ਜੀ ਵਰਗੀਆਂ ਅਨੇਕਾਂ ਸਿੱਖ ਬੀਬੀਆਂ ਨੇ ਆਪਣੇ ਵੱਡਮੁੱਲੇ ਯੋਗਦਾਨ ਨਾਲ ਸਿੱਖ ਇਤਿਹਾਸ ਨੂੰ ਸ਼ਿੰਗਾਰਿਆ ਹੈ।
ਗੁਰੂ ਸਾਹਿਬਾਨ ਨੇ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਦਿੱਤੇ ਹਨ। ਔਰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੀ ਹੈ। ਉਹ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਕੇ ਅੰਮ੍ਰਿਤਪਾਨ ਕਰਵਾ ਸਕਦੀ ਹੈ ਅਤੇ ਮਰਦਾਂ ਦੀ ਤਰ੍ਹਾਂ ਅੰਮ੍ਰਿਤਪਾਨ ਕਰ ਵੀ ਸਕਦੀ ਹੈ। ਉਹ ਰਾਗੀ, ਗ੍ਰੰਥੀ, ਕਥਾਵਾਚਕ, ਢਾਡੀ, ਕਵੀਸ਼ਰ ਆਦਿ ਧਰਮ ਪ੍ਰਚਾਰਕ ਦੀ ਡਿਊਟੀ ਨਿਭਾ ਸਕਦੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ 30 ਮਾਰਚ 1699 ਈ. ਨੂੰ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤਾਂ ਮਾਤਾ ਸਾਹਿਬ ਕੌਰ ਨੇ ਪਤਾਸੇ ਪਾ ਕੇ ਅੰਮ੍ਰਿਤ ਵਿਚ ਮਿਠਾਸ ਪਾਈ ਸੀ ਅਤੇ ਗਰੂ ਸਾਹਿਬ ਨੇ ਮਾਤਾ ਜੀ ਨੂੰ ਖਾਲਸੇ ਦੀ ਧਰਮ ਮਾਤਾ ਹੋਣ ਦਾ ਵਰ ਦਿੱਤਾ ਸੀ।
ਮਾਤਾ ਗੁਜਰੀ ਨੇ ਆਪਣੇ ਯੋਗਦਾਨ ਨਾਲ ਔਰਤ ਦੇ ਸਤਿਕਾਰ ਨੂੰ ਚਾਰ ਚੰਨ ਲਗਾਏ ਹਨ। ਉਹਨਾਂ ਆਪਣਾ ਪਤੀ, ਪੋਤਰੇ, ਪੁੱਤਰ ਅਤੇ ਨੂੰਹਆਂ ਸਾਰਾ ਪਰਿਵਾਰ ਧਰਮ ਦੇ ਲੇਖੇ ਲਾ ਦਿੱਤਾ ਪਰੰਤੂ ਕਦੇ ਮਨ ਨਹੀਂ ਡੋਲਾਇਆ ਬਲਕਿ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆਂ ਹੈ। ਉਹਨਾਂ ਆਪਣੇ ਛੋਟੇ ਪੋਤਰਿਆਂ ਨੂੰ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀ ਦੇਣ ਲਈ ਪ੍ਰੇਰਿਤ ਕੀਤਾ ਅਤੇ ਧਰਮ ਦੀ ਰੱਖਿਆ ਕਰਦਿਆਂ ਖ਼ੁਦ ਆਪਣੀ ਵੀ ਸ਼ਹੀਦੀ ਦੇ ਦਿੱਤੀ। ਅਜਿਹੀ ਮਿਸਾਲ ਸ਼ਾਇਦ ਹੀ ਸੰਸਾਰ ਵਿਚ ਕਿਤੇ ਹੋਰ ਮਿਲੇ ਜਿਹੜੀ ਮਾਤਾ ਗੁਜਰੀ ਨੇ ਕਾਇਮ ਕੀਤੀ ਹੈ।
ਇਸੇ ਤਰ੍ਹਾਂ ਮਾਈ ਭਾਗੋ ਜੀ ਨੇ ਮਹਾਨ ਸਿੱਖ ਜਰਨੈਲ ਭਾਈ ਮਹਾਂ ਸਿੰਘ ਅਤੇ ਹੋਰ ਸਿੰਘਾਂ ਨੂੰ ਅਜਿਹੀ ਵੰਗਾਰ ਪਾਈ ਕਿ ਉਹ ਦਸ਼ਮੇਸ਼ ਪਿਤਾ ਜੀ ਦੀ ਸੇਵਾ ਵਿਚ ਜੰਗ ਨੂੰ ਚੱਲ ਪਏ। ਇਹਨਾਂ ਸਿੰਘਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਬਲੀਦਾਨ ਦੇ ਦਿੱਤੇ। ਇਹਨਾਂ ਨੂੰ ਕੁਰਬਾਨੀ ਦਾ ਪਾਠ ਪੜਾਉਣ ਵਾਲੀ ਔਰਤ ਹੀ ਸੀ।
ਅੱਜ ਤੋਂ 300-350 ਸਾਲ ਪਹਿਲਾਂ ਰਾਜਸਥਾਨ ਦੇ ਕੁੱਝ ਰਾਜਪੂਤ ਕਬੀਲਿਆਂ ਵਿਚ ਕੰਨਿਆਂ ਨੂੰ ਪੈਦਾ ਹੋਣ ਉਪਰੰਤ ਜ਼ਮੀਨ ਵਿਚ ਜਿੰਦਾ ਹੀ ਦਫ਼ਨਾ ਦਿੱਤਾ ਜਾਂਦਾ ਸੀ ਕਿਉਂਕਿ ਇਹਨਾਂ ਕਬੀਲਿਆਂ ਵਿਚ ਕੰਨਿਆਂ ਨੂੰ ਮੰਦਭਾਗਾ ਸਮਝਿਆ ਜਾਂਦਾ ਸੀ। ਪਰਤੂੰ ਅਜੋਕੇ ਸਮੇਂ ਸਾਈਂਸ ਦੀ ਤਰੱਕੀ ਦੇ ਨਾਲ ਹੀ ਕੰਨਿਆਂ ਤੋਂ ਜਨਮ ਲੈਣ ਦਾ ਅਧਿਕਾਰ ਵੀ ਖੋਹ ਲਿਆ ਗਿਆ ਹੈ।
ਅੱਜ ਤਾਂ ਕੰਨਿਅਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਗਰਭ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਇੱਥੇ ਧਿਆਨਦੇਣ ਵਾਲੀ ਗੱਲ ਇਹ ਹੈ ਕਿ ਪੂਰੇ ਭਾਰਤ ਵਿਚ ਸਾਡੇ ਉੱਤਰ ਰਾਜ ਜਿਵੇਂ ਹਰਿਆਣਾ, ਪੰਜਾਬ, ਹਿਮਾਚਲ-ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਕੰਨਿਆਂ-ਭਰੂਣ ਹੱਤਿਆ ਵਿਚ ਸਭ ਤੋਂ ਮੌਹਰੀ ਹਨ।
ਕੰਨਿਆਂ ਭਰੂਣ ਹੱਤਿਆ ਦੇ ਮਾਮਲਿਆਂ ਵਿਚ ਪੰਜਾਬ ਪੂਰੇ ਭਾਰਤ ਵਿਚ ਪਹਿਲੇ ਥਾਂ ਤੇ ਹੈ। ਸਾਡੇ ਲਈ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਜਿਸ ਧਰਤੀ ਤੇ ਸਾਡੇ ਗੁਰੂਆਂ, ਪੀਰਾਂ-ਫ਼ਕੀਰਾਂ ਨੇ ਇਸਤਰੀ ਨੂੰ ਸਤਿਕਾਰ ਦੇਣ ਹਿੱਤ ਲੋਕਾਂ ਨੂੰ ਜਾਗਰੁਕ ਕੀਤਾ ਸੀ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਅੱਜ ਉਸੇ ਧਰਤੀ ਤੇ ਸਭ ਤੋਂ ਵੱਧ ਧੀਆਂ ਦੇ ਭਰੂਣ ਵਿਚ ਹੀ ਕਤਲ ਹੋ ਰਹੇ ਹਨ।
ਦੁਨੀਆਂ ਵਿਚ ਮੌਜੂਦ ਸਾਰੇ ਧਰਮ ਗ੍ਰੰਥਾਂ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਇਹ ਹੈ ਕਿ ਕੰਨਿਆਂ ਵੀ ਆਪਣੇ ਫ਼ਰਜ ਮਰਦ ਵਾਂਗ ਹੀ ਚੰਗੇ ਢੰਗ ਨਾਲ ਨਿਭਾ ਸਕਦੀ ਹੈ। ਉਸ ਨੂੰ ਵੀ ਜਨਮ ਲੈਣ ਦਾ ਅਧਿਕਾਰ ਹੈ।
ਕੀ ਪਤਾ ਤੁਹਾਡੇ ਘਰ ਪੈਦਾ ਹੋਣ ਵਾਲੀ ਲੜਕੀ ਕਲਪਣਾ ਚਾਵਲਾ, ਕਿਰਨ ਬੇਦੀ, ਪ੍ਰਤਿਭਾ ਪਾਟੀਲ, ਮਹਾਂਰਾਣੀ ਲਕਸ਼ਮੀ ਬਾਈ, ਮਾਈ ਭਾਗੋ, ਮਦਰ ਟੈਰੇਸਾ ਅਤੇ ਅੰਮ੍ਰਿਤਾ ਪ੍ਰੀਤਮ ਵਰਗੀ ਬਣ ਜਾਵੇ ਅਤੇ ਸਫ਼ਲਤਾ ਦੇ ਝੰਡੇ ਗੱਡ ਦੇਵੇ…?
ਅੱਜ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ। ਆਮਤੋਰ ਤੇ ਦੇਖਿਆ ਜਾ ਰਿਹਾ ਹੈ ਕਿ ਯੂਨੀਵਰਸਿਟੀਆਂ ਵਿਚ ਜਦੋਂ ਕਿਸੇ ਕਲਾਸ ਦਾ ਨਤੀਜਾ ਐਲਾਨ ਹੁੰਦਾ ਹੈ ਤਾਂ ਪਹਿਲੇ 9 ਸਥਾਨਾਂ ਤੇ ਕੁੜੀਆਂ ਦਾ ਹੀ ਕਬਜ਼ਾ ਹੁੰਦਾ ਹੈ। ਪੱਤਰਕਾਰਤਾ, ਧਰਮ, ਅਧਿਆਪਨ, ਸਾਈਂਸ, ਟਕਨੋਲਜੀ, ਮੈਡੀਕਲ, ਸਾਹਿਤ, ਵਿਗਿਆਨ, ਭੂਗੋਲ, ਅਰਥਸ਼ਾਸ਼ਤਰ, ਸੰਗੀਤ ਅਤੇ ਨਿਆਂ ਮਾਮਲਿਆਂ ਵਿਚ ਕੁੜੀਆਂ ਦੀ ਭਾਗੀਦਾਰੀ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਬਲਕਿ ਅੱਜ ਹਰ ਖੇਤਰ ਵਿਚ ਔਰਤਾਂ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ।
ਜਦੋਂ ਇਕ ਇਸਤਰੀ ਕਿਸੇ ਦੇਸ਼ ਦੀ ਰਾਸ਼ਟਰਪਤੀ, ਸੂਬੇ ਦੀ ਮੁੱਖਮੰਤਰੀ ਅਤੇ ਰਾਜਪਾਲ ਬਣ ਸਕਦੀ ਹੈ ਤਾਂ ਉਸ ਨੂੰ ਕਿਸੇ ਗੱਲੋਂ ਘੱਟ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ। ਦਿੱਲੀ ਵਿਖੇ ਹੁਣੇ ਹੋਏ ਰਾਸ਼ਟਮੰਡਲ ਖੇਡਾਂ ਵਿਚ ਕੁੜੀਆਂ ਨੇ ਕੁਸ਼ਤੀ ਅਤੇ ਮੁੱਕੇਬਾਜੀ ਵਿਚ ਮੁੰਡਿਆਂ ਦੇ ਮੁਕਾਬਲੇ ਵੱਧ ਸੋਨੇ ਦੇ ਮੈਡਲ ਜਿੱਤੇ ਹਨ।
ਕੋਈ ਧਰਮ ਔਰਤ ਦੇ ਜ਼ੁਲਮ ਕਰਨ ਲਈ ਨਹੀਂ ਕਹਿੰਦਾ ਹੈ। ਜਿੱਥੇ ਸਿੱਖ ਧਰਮ ਵਿਚ ਔਰਤ ਨੂੰ ਸਤਿਕਾਰ ਦੀ ਨਿਗ੍ਹਾਂ ਨਾਲ ਦੇਖਿਆ ਜਾਂਦਾ ਹੈ ਉੱਥੇ ਇਸਲਾਮ ਵਿਚ ਕਿਹਾ ਗਿਆ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ ਅਤੇ ਹਿੰਦੂ ਧਰਮ ਵਿਚ ਕੰਨਿਆਂ-ਪੂਜਨ ਕੀਤਾ ਜਾਂਦਾ ਹੈ। ਔਰਤ ਨੂੰ ਦੇਵੀ ਦਾ ਰੂਪ ਮੰਨਿਆਂ ਜਾਂਦਾ ਹੈ।
ਇਹ ਸਾਡੀ ਮਾੜੀ ਸੋਚ ਅਨਪੜਤਾ ਦਾ ਪ੍ਰਤੀਕ ਹੈ ਕਿ ਅਸੀਂ ਕਹਿੰਦੇ ਹਾਂ ਕਿ ਮੁੰਡਿਆਂ ਨਾਲ ਖਾਨਦਾਨ ਦਾ ਨਾਮ ਚੱਲਦਾ ਹੈ ਪਰੰਤੂ ਜੇਕਰ ਲੜਕੇ ਮਾੜੇ ਨਿਕਲ ਜਾਣ ਤਾਂ ਉਹੀ ਮਾਤਾ-ਪਿਤਾ ਸਭ ਤੋਂ ਜਿਆਦਾ ਦੁਖੀ ਹੁੰਦੇ ਹਨ ਜਿਨ੍ਹਾਂ ਨੇ ਪੁੱਤਰਾਂ ਦੇ ਜਨਮ ਤੇ ਜਸ਼ਨ ਮਨਾਏ ਹੁੰਦੇ ਹਨ।
ਇਸ ਤੋਂ ਇਲਾਵਾ ਕੰਨਿਆਂ ਭਰੂਣ ਹੱਤਿਆ ਲਈ ਇਕ ਹੋਰ ਕਾਰਨ ਵੀ ਹੈ ਅਤੇ ਉਹ ਹੈ ਦਾਜ ਪ੍ਰਥਾ। ਕੰਨਿਆਂ ਭਰੂਣ ਹੱਤਿਆ ਲਈ ਦਾਜ ਪ੍ਰਥਾ ਵੀ ਬਰਾਬਰ ਦੀ ਜਿੰ਼ਮੇਵਾਰ ਹੈ। ਲੜਕੀ ਦੇ ਵਿਆਹ ਤੇ ਲਾਲਚੀ ਸਾਹੁਰਿਆਂ ਵੱਲੋਂ ਚੋਖੇ ਦਾਜ ਦੀ ਮੰਗ ਕੀਤੀ ਜਾਂਦੀ ਹੈ। ਇਸ ਲਈ ਜਦੋਂ ਲੜਕੀ ਦਾ ਜਨਮ ਹੁੰਦਾ ਹੈ ਤਾਂ ਗ਼ਰੀਬ ਮਾਂ-ਬਾਪ ਦਾਜ ਪ੍ਰਥਾ ਦੇ ਚੱਲਦਿਆਂ ਕੰਨਿਆਂ ਨੂੰ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ ਤਾਂ ਕਿ ਉਹਨਾਂ ਨੂੰ ਦਾਜ ਨਾ ਦੇਣਾ ਪਵੇ। ਪਰ ਜੇਕਰ ਅਸੀਂ ਇਸੇ ਤਰ੍ਹਾਂ ਕੁੱਖ ਵਿਚ ਹੀ ਧੀਆਂ ਦਾ ਕਤਲ ਕਰਦੇ ਰਹੇ ਤਾਂ ਨੂੰਹਆਂ ਕਿੱਥੋਂ ਲੈ ਕੇ ਆਵਾਂਗੇ। ਅੱਜ ਜੇਕਰ ਨੌਜਵਾਨ ਵਰਗ ਦਾਜ ਨਾ ਲੈਣ ਦਾ ਪ੍ਰਣ ਕਰ ਲਵੇ ਤਾਂ ਸ਼ਾਇਦ ਇਹਨਾਂ ਕਤਲਾਂ ਦੀ ਗਿਣਤੀ ਘੱਟ ਹੋ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਵੀ ਅੱਗੇ ਆਉਣਾ ਪਵੇਗਾ।
ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਹਸਪਤਾਲ ਕੰਨਿਆਂ ਭਰੂਣ ਹੱਤਿਆ ਦੇ ਜ਼ੁਰਮ ਵਿਚ ਸ਼ਾਮਲ ਪਾਇਆ ਜਾਂਦਾ ਹੈ ਜਾਂ ਜਨਮ ਤੋਂ ਪਹਿਲਾਂ ਭਰੂਣ ਚੈੱਕ ਕੀਤਾ ਜਾਂਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਨਾਲ ਹੀ ਉਸ ਡਾਕਟਰ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਜ਼ੁਰਮ ਵਿਚ ਸ਼ਾਮਲ ਹੁੰਦਾ ਪਾਇਆ ਜਾਂਦਾ ਹੈ।
ਅੱਜ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਹੋਈ ਹੈ। ਦਾਦੀ ਨੂੰ ਆਪਣੇ ਪੁੱਤਰ ਦੇ ਘਰ ਕੁੜੀ ਦਾ ਜਨਮ ਨਹੀਂ ਚਾਹੀਦਾ ਬਲਕਿ ਉਹ ਪੋਤਰੇ ਦਾ ਮੂੰਹ ਦੇਖਣਾ ਚਾਹੁੰਦੀ ਹੈ ਪਰ ਪੋਤਰੀ ਦਾ ਨਹੀਂ। ਇਕ ਧੀ ਤੋਂ ਬਾਅਦ ਜਦੋਂ ਦੂਜੀ ਵਾਰ ਚੈੱਕਅਪ ਕਰਵਾਇਆ ਜਾਂਦਾ ਤਾਂ ਜੇ ਕੁੜੀ ਹੋਵੇ ਤਾਂ ਮਾਂ ਖ਼ੁਦ ਹੀ ਆਪਣੀ ਬੱਚੀ ਨੂੰ ਕਤਲ ਕਰਵਾਉਣ ਦੀ ਪਹਿਲ ਕਰਦੀ ਹੈ ਸੋ ਔਰਤ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋਣਾ ਪਵੇਗਾ।