ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਨੇ ਕਿਹਾ ਹੈ ਕਿ ਲੀਬੀਆ ਵਿੱਚ ਚਲ ਰਹੇ ਸੰਕਟ ਨੂੰ ਸੈਨਾ ਦੁਆਰਾ ਕਾਰਵਾਈ ਕਰਕੇ ਹਲ ਨਹੀਂ ਕੀਤਾ ਜਾ ਸਕਦਾ।
ਸੰਯੁਕਤ ਰਾਸ਼ਟਰ ਦੇ ਦਫ਼ਤਰ ਵਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਮੂਨ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਲੀਬੀਆਈ ਲੋਕਾਂ ਦੀਆਂ ਮੌਤਾਂ ਨੂੰ ਰੋਕਣ ਲਈ ਉਹ ਸਾਵਧਾਨੀ ਤੋਂ ਕੰਮ ਲੈਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੀਬੀਆ ਵਿੱਚ ਸੁਰੱਖਿਆ ਅਤੇ ਅਮਨ ਚੈਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਸੰਘਰਸ਼ ਬੰਦ ਕਰਨਾ ਚਾਹੀਦਾ ਹੈ ਅਤੇ ਅਜਿਹਾ ਰਸਤਾ ਕਢਣਾ ਚਾਹੀਦਾ ਹੈ ਜੋ ਕਿ ਰਾਜਨੀਤਕ ਗਤੀਵਿਧੀਆਂ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੋਵੇ। ਵਰਨਣਯੋਗ ਹੈ ਕਿ ਲੀਬੀਆ ਵਿੱਚ ਰੈਬਲਜ਼ ਵਲੋਂ ਕੀਤੇ ਜਾ ਰਹੇ ਵਿਦਰੋਹ ਦੌਰਾਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਚੁਕੀਆਂ ਹਨ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਦੇਸ਼ ਛੱਡ ਚੁੱਕੇ ਹਨ। ਲੀਬੀਆ ਵਿੱਚ 19 ਮਾਰਚ ਤੋਂ ਅੰਤਰਰਾਸ਼ਟਰੀ ਸੈਨਾ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਜਿਸਦੀ ਮਿਆਦ ਸਿਤੰਬਰ ਤੱਕ ਵਧਾ ਦਿੱਤੀ ਗਈ ਹੈ।