ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ 65ਵੇਂ ਆਜ਼ਾਦੀ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੌਮੀ ਝੰਡਾ ਲਹਿਰਾਉਣ ਉਪਰੰਤ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੁਰਬਾਨੀਆਂ ਨਾਲ ਲਈ ਆਜ਼ਾਦੀ ਨੂੰ ਸੰਭਾਲਣ ਲਈ ਸਾਨੂੰ ਨਿਰੰਤਰ ਜਾਗਣ ਅਤੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਜਿਵੇਂ ਦੇਸ਼ ਦੀਆਂ ਬਾਹਰਲੀਆਂ ਸਰਹੱਦਾਂ ਦੀ ਰਾਖੀ ਜਵਾਨ ਕਰਦਾ ਹੈ ਉਵੇਂ ਅੰਦਰੂਨੀ ਸੁਰੱਖਿਆ ਲਈ ਵਿਗਿਆਨ ਅਤੇ ਕਿਸਾਨ ਦਾ ਸੁਮੇਲ ਕਰਵਾਉਣਾ ਸਾਡੀ ਜਿੰਮੇਂਵਾਰੀ ਹੈ। ਉਨ੍ਹਾਂ ਆਖਿਆ ਕਿ ਸਵੈ ਅਨੁਸਾਸ਼ਨ ਸਿਰਫ ਮੂੰਹ ਜੁਬਾਨੀ ਸਗੋਂ ਖੁਦ ਤੇ ਲਾਗੂ ਕਰਨ ਦੀ ਲੋੜ ਹੈ। ਸੜਕ ਸਲੀਕਾ, ਅਨੁਸਾਸ਼ਨਬਧ ਵਿਹਾਰ ਅਤੇ ਖੇਤੀ ਖੋਜ ਲਈ ਨਵੇਂ ਦਿਸਹੱਦਿਆਂ ਦੀ ਭਾਲ ਨਾਲ ਹੀ ਸਾਨੂੰ ਉਹ ਸਿਖ਼ਰ ਸਦੀਵੀ ਤੌਰ ਤੇ ਹਾਸਿਲ ਰਹਿ ਸਕਦੀ ਹੈ ਜਿਸ ਨੂੰ ਪਹਿਲਾਂ ਹਰਾ ਇਨਕਲਾਬ ਕਹਿੰਦੇ ਸਨ। ਸਾਨੂੰ ਅੱਜ ਲੀਹ ਤੋਂ ਹਟ ਕੇ ਨਵੀਆਂ ਪੈੜਾਂ ਪਾਉਣ ਲਈ ਆਪਣੀ ਸੋਚ ਦਾ ਅੰਦਾਜ਼ ਤਬਦੀਲ ਕਰਨਾ ਚਾਹੀਦਾ ਹੈ।
ਵਿਦਿਆਰਥੀਆਂ ਦੇ ਸਿਰ ਭਾਰੀ ਜਿੰਮੇਂਵਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਆਜ਼ਾਦੀ ਦੇ 64 ਸਾਲ ਗੁਜ਼ਾਰ ਕੇ ਜੇ ਅੱਜ ਵੀ ਸਾਨੂੰ ਆਤਮ ਨਿਰਭਰਤਾ ਨਸੀਬ ਨਹੀਂ ਹੋਈ ਤਾਂ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤੁਹਾਨੂੰ ਹੀ ਕਮਰਕੱਸਾ ਕਰਨਾ ਪੈਣਾ ਹੈ।
ਡਾ:ਢਿੱਲੋਂ ਨੇ ਆਜ਼ਾਦੀ ਦਿਵਸ ਮੌਕੇ ਇਹ ਜਾਣਕਾਰੀ ਯੂਨੀਵਰਸਿਟੀ ਅਧਿਆਪਕਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 8.60 ਕਰੋੜ ਰੁਪਏ ਦੀ ਗਰਾਂਟ ਹਾਸਿਲ ਹੋ ਚੁੱਕੀ ਹੈ ਅਤੇ ਇਸ ਨਾਲ ਅਸੀਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਤੋਂ ਵੀ 22.72 ਕਰੋੜ ਰੁਪਏ ਹਾਸਿਲ ਕਰਕੇ ਨੇੜ ਭਵਿੱਖ ਵਿੱਚ ਅਧਿਆਪਕਾਂ ਦੇ ਪਿਛਲੇ ਬਕਾਏ ਅਦਾ ਕਰ ਸਕਾਂਗੇ। ਉਨ੍ਹਾਂ ਆਖਿਆ ਕਿ ਖੋਜ ਕਾਰਜਾਂ ਲਈ ਧਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਵਿਗਿਆਨੀਆਂ ਨੂੰ ਨਵੇਂ ਉਤਸ਼ਾਹ ਅਤੇ ਜੋਸ਼ ਨਾਲ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਅੱਜ ਆਜ਼ਾਦੀ ਦਿਹਾੜੇ ਮੁੜ ਸਮਰਪਿਤ ਹੋਣ ਦੀ ਲੋੜ ਹੈ।
ਡਾ: ਢਿੱਲੋਂ ਨੇ ਆਖਿਆ ਕਿ ਸਮਾਜਿਕ ਤੌਰ ਤੇ ਜਿੰਮੇਂਵਾਰ ਵਿਗਿਆਨੀ, ਵਿਦਿਆਰਥੀ ਅਤੇ ਕਰਮਚਾਰੀ ਬਣਨਾ ਸਾਡੇ ਲਈ ਜ਼ਰੂਰੀ ਹੈ ਅਤੇ ਅੱਜ ਦੇ ਆਜ਼ਾਦੀ ਦਿਵਸ ਨੂੰ ਸਮਰਪਣ ਦਿਵਸ ਵਜੋਂ ਚੇਤੇ ਰੱਖਣ ਦੀ ਲੋੜ ਹੈ। ਡਾ: ਢਿੱਲੋਂ ਨੇ ਐਨ ਸੀ ਸੀ ਕੈਡਿਟਾਂ ਤੋਂ ਸਲਾਮੀ ਲਈ। ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਰਜਿਸਟਰਾਰ ਡਾ: ਰਾਜ ਕੁਮਾਰ ਮਹੇ ਨੇ ਮੁੱਖ ਮਹਿਮਾਨ ਡਾ: ਬਲਦੇਵ ਸਿੰਘ ਢਿੱਲੋਂ, ਉਨ੍ਹਾਂ ਦੀ ਜੀਵਨ ਸਾਥਣ ਡਾ: ਪਰਮਜੀਤ ਕੌਰ ਢਿੱਲੋਂ, ਯੂਨੀਵਰਸਿਟੀ ਦੇ ਸਮੂਹ ਡੀਨਜ਼, ਡਾਇਰੈਕਟਰ ਸਾਹਿਬਾਨ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦਾ ਸੁਆਗਤ ਕੀਤਾ।