ਨਿਊਯਾਰਕ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸਦ ਆਪਣਾ ਅਹੁਦਾ ਛੱਡ ਦੇਵੇ। ਅਸਦ ਨੇ ਸੀਰੀਆ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਸੈਨਾ ਅਤੇ ਟੈਂਕਾਂ ਦੀ ਵਰਤੋਂ ਕੀਤੀ ਹੈ। ਰਾਸ਼ਟਰਪਤੀ ਅਸਦ ਤੇ ਕੁਰਸੀ ਛੱਡਣ ਲਈ ਅੰਤਰਰਾਸ਼ਟਰੀ ਦਬਾਅ ਵੱਧ ਰਿਹਾ ਹੈ।
ਸੰਯੁਕਤ ਰਾਸ਼ਟਰ ਦੇ ਜਾਂਚ ਅਧਿਕਾਰੀਆਂ ਵਲੋਂ ਵੀ ਇਹ ਕਿਹਾ ਗਿਆ ਹੈ ਕਿ ਸੀਰੀਆ ਵਿੱਚ ਪ੍ਰਦਰਸ਼ਨਕਾਰੀਆਂ ਵਿਰੁੱਧ ਬੱਲ ਪ੍ਰਯੋਗ ਕਰਨਾ ਮਨੁੱਖਤਾ ਦੇ ਖਿਲਾਫ਼ ਅਪਰਾਧ ਦੀ ਸ਼ਰੈਣੀ ਵਿੱਚ ਆਉਂਦਾ ਹੈ। ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਪਰਾਧ ਕੋਰਟ ਵਿੱਚ ਭੇਜੇ। ਅਸਦ ਨੇ ਰਾਜਨੀਤਕ ਸੁਧਾਰਾਂ ਦਾ ਵਾਅਦਾ ਕੀਤਾ ਹੈ ਅਤੇ ਪ੍ਰਦਰਸ਼ਨਾਂ ਲਈ ਅਤਵਾਦੀ ਸੰਗਠਨਾਂ ਨੂੰ ਜਿੰਮੇਵਾਰ ਠਹਿਰਾਇਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਕਿਹਾ ਹੈ, “ਸੀਰੀਆ ਦਾ ਭਵਿਖ ਓਥੋਂ ਦੇ ਲੋਕਾਂ ਨੂੰ ਤੈਅ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਅਸਦ ਰਸਤੇ ਵਿੱਚ ਰੋੜਾ ਬਣੇ ਹੋਏ ਹਨ। ਉਸ ਦੀ ਗੱਲਬਾਤ ਅਤੇ ਸੁਧਾਰਾਂ ਦੀਆਂ ਘੋਸ਼ਣਾਵਾਂ ਖੋਖਲੀਆਂ ਹਨ। ਉਹ ਇੱਕ ਪਾਸੇ ਇਹ ਬਿਆਨ ਦੇ ਰਹੇ ਹਨ ਅਤੇ ਦੂਸਰੀ ਤਰਫ਼ ਵਿਖਾਵਾਕਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਟਾਰਚਰ ਕੀਤਾ ਜਾ ਰਿਹਾ ਹੈ।” ਅਮਰੀਕਾ ਨੇ ਸੀਰੀਆ ਦੇ ਖਿਲਾਫ਼ ਲਗਾਈਆਂ ਗਈਆਂ ਪਬੰਦੀਆਂ ਨੂੰ ਹੋਰ ਵੀ ਸਖਤ ਕਰ ਦਿੱਤਾ ਹੈ। ਜਰਮਨੀ, ਬ੍ਰਿਟੇਨ ਅਤੇ ਯੌਰਪੀ ਸੰਘ ਨੇ ਵੀ ਅਸਦ ਤੋਂ ਅਹੁਦਾ ਛੱਡਣ ਦੀ ਮੰਗ ਕੀਤੀ ਹੈ