ਸਿਡਨੀ- ਆਸਟਰੇਲੀਆ ਵਿੱਚ ਵੀ ਹੁਣ ਪੁਲਿਸ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਮੁਸਲਮਾਨ ਔਰਤਾਂ ਨੂੰ ਬੁਰਕਾ ਜਾਂ ਨਕਾਬ ਹਟਾਉਣ ਲਈ ਕਹਿ ਸਕਦੀ ਹੈ। ਆਸਟਰੇਲੀਆ ਦੇ ਸੱਭ ਤੋਂ ਸੰਘਣੀ ਅਬਾਦੀ ਵਾਲੇ ਰਾਜ ਨਿਊ ਸਾਊਥ ਵੈਲਜ਼ ਵਿੱਚ ਅਗਲੇ ਹਫ਼ਤੇ ਨਵਾਂ ਕਨੂੰਨ ਲਾਗੂ ਹੋ ਜਾਵੇਗਾ।
ਨਿਊ ਸਾਊਥ ਵੈਲਜ਼ ਦੀ ਸਰਕਾਰ ਨੇ ਕਿਹਾ ਹੈ ਕਿ ਇਸ ਕਨੂੰਨ ਦੇ ਤਹਿਤ ਪੁਲਿਸ ਨੂੰ ਕਿਸੇ ਦਾ ਵੀ ਬੁਰਕਾ, ਨਕਾਬ, ਹੈਲਮਿਟ ਜਾਂ ਮਾਸਕ ਹਟਾਉਣ ਦਾ ਅਧਿਕਾਰ ਹੋਵੇਗਾ। ਕਿਸੇ ਨੂੰ ਵੀ ਕਨੂੰਨ ਦੀ ਉਲੰਘਣਾ ਕਰਨ ਦਾ ਹੱਕ ਨਹੀਂ ਹੋਵੇਗਾ, ਜੇ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਜਾਂ ਸਜ਼ਾ ਹੋ ਸਕਦੀ ਹੈ। ਨਿਊ ਸਾਊਥ ਵੈਲਜ਼ ਦੇ ਮੁੱਖੀ ਫਾਰੇਲ ਨੇ ਕਿਹਾ ਹੈ ਕਿ ਜੇ ਕੋਈ ਸੰਸਕ੍ਰਿਤਕ ਜਾਂ ਧਾਰਮਿਕ ਕਾਰਨਾਂ ਕਰਕੇ ਆਪਣੀ ਪਛਾਣ ਨਿਜੀ ਤੌਰ ਤੇ ਦੇਣੀ ਚਾਹੁੰਦੇ ਹਨ ਤਾਂ ਉਹ ਪੁਲਿਸ ਸਟੇਸ਼ਨ ਆ ਕੇ ਦੇ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮੁਸਲਮਾਨ ਔਰਤਾਂ ਵਲੋਂ ਬੁਰਕਾ ਜਾਂ ਨਕਾਬ ਪਹਿਨ ਕੇ ਗੱਡੀ ਚਲਾਉਣ ਕਰਕੇ ਟਰੈਫਿਕ ਪੁਲਿਸ ਨੂੰ ਕਈ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਹ ਕਨੂੰਨ ਬਣਾਉਣ ਦੀ ਜਰੂਰਤ ਮਹਿਸੂਸ ਹੋਈ।