ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਧਾਰਮਿਕ ਅਤੇ ਵਿੱਦਿਆ ਦੇ ਖ਼ੇਤਰ ਵਿੱਚ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਅ ਰਹੀ ਹੈ, ਉੱਥੇ ਨਾਲ ਹੀ ਖੇਡਾਂ ਵਿੱਚ ਵੀ ਪਿੱਛੇ ਨਹੀਂ ਰਹੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਇਸ ਨਿਵੇਕਲੇ ਉੱਪਰਾਲੇ ਸਦਕਾ ਸਾਬਤ ਸੂਰਤ ਸਿੱਖ ਖਿਡਾਰੀਆਂ ਦੀ ਕਬੱਡੀ ਟੀਮ ਸਾਲ 2010 ਵਿੱਚ ਬਣਾਈ, ਜਿਸ ਨੇ ਪੰਜਾਬ ਵਿੱਚ ਕਈ ਖ਼ਿਤਾਬੀ ਮੈਚ ਜਿੱਤੇ ਅਤੇ ਇੱਕ ਸਾਲ ਦੇ ਅਰਸੇ ਦੌਰਾਨ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਹਰਮਨ-ਪਿਆਰੀ ਖੇਡ ਕਬੱਡੀ ਦੇ ਝੰਡੇ ਬੁਲੰਦ ਕਰਦਿਆਂ ਉਨਟਾਰੀਓ ਕਬੱਡੀ ਫ਼ੈਡਰੇਸ਼ਨ ਦੀ ਸਰਪ੍ਰਸਤੀ ਹੇਠ ਸ਼ੇਰੇ-ਪੰਜਾਬ ਕਲੱਬ ਕੈਨੇਡਾ ਵੱਲੋਂ 21ਵੇਂ ਕਬੱਡੀ ਕੱਪ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ-ਟੀਮ ਨੂੰ ਸੱਦਾ ਦਿੱਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਦੀ ਅਗਵਾਈ ‘ਚ ਕੈਨੇਡਾ ਗਈ ਕਬੱਡੀ-ਟੀਮ ‘ਚ ਪੰਜ ਖਿਡਾਰੀਆਂ ਤੋਂ ਇਲਾਵਾ ਇੱਕ ਕੋਚ ਸ. ਮੇਜਰ ਸਿੰਘ ਵੀ ਸ਼ਾਮਿਲ ਸਨ। ਵਿਦੇਸ਼ੀ ਧਰਤੀ ‘ਤੇ ਧਾਰਮਿਕ ਸੰਸਥਾ ਦੀ ਕਬੱਡੀ-ਟੀਮ ਜਦੋਂ ਮੈਚ ਖੇਡਣ ਲਈ ਮੈਦਾਨ ‘ਚ ਉੱਤਰੀ ਤਾਂ ਸਾਬਤ ਸੂਰਤ ਖਿਡਾਰੀਆਂ ਨੂੰ ਵੇਖ ਕੇ ਹਜ਼ਾਰਾਂ ਦਰਸ਼ਕਾਂ ਵੱਲੋਂ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਟੋਰਾਂਟੋ ਨੇੜਲੇ ਸ਼ਹਿਰ ਬਰੈਂਪਟਨ ਦੇ ਪਾਵਰ-ਏਡ ਸੈਂਟਰ ਦੇ ਇੰਡੋਰ ਸਟੇਡੀਅਮ ਵਿਖੇ ਇੰਗਲੈਂਡ ਦੀ ਟੀਮ ਨਾਲ ਮੈਚ ਸ਼ੁਰੂ ਹੁੰਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ-ਟੀਮ ਦੇ ਤਿੰਨ ਰੇਡਰ ਗੁਰਮੀਤ ਮੁੰਡੀਆਂ, ਗੌਹਰ ਧਾਮੀ ਤੇ ਸੋਨੂੰ ਟਰਪੱਲਾ ਦੀਆਂ ਰੇਡਾਂ ਨੇ ਲੋਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਟੀਮ ‘ਚ ਸ਼ਾਮਿਲ ਦੋ ਜਾਫ਼ੀ ਕੁਲਵੰਤ ਕੰਤਾ ਤੇ ਦਲਜੀਤ ਦੇ ਜੱਫ਼ੇ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ। ਕਬੱਡੀ-ਮੈਚ ਦਾ ਅਨੰਦ ਮਾਨਣ ਆਏ ਸਟੇਡੀਅਮ ‘ਚ ਬੈਠੇ ਹਜ਼ਾਰਾਂ ਦਰਸ਼ਕਾਂ ਨੇ ਜਦੋਂ ਸਾਬਤ ਸੂਰਤ ਇਨ੍ਹਾਂ ਖਿਡਾਰੀਆਂ ਦੇ ਜੌਹਰ ਵੇਖੇ ਤਾਂ ਉਹਨਾਂ ਨੇ ਤਾੜੀਆਂ ਦੇ ਨਾਲ-ਨਾਲ ਪੈਸਿਆਂ ਦੀ ਵਰਖ਼ਾ ਕਰਕੇ ਹੌਸਲਾ ਅਫ਼ਜਾਈ ਕੀਤੀ।
ਪਹਿਲੀ ਵਾਰ ਵਿਦੇਸ਼ੀ ਧਰਤੀ (ਕੈਨੇਡਾ) ‘ਤੇ ਖੇਡਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ-ਟੀਮ ਭਾਵੇਂ ਕੁਝ ਅੰਕਾਂ ਨਾਲ ਮੈਚ ਹਾਰ ਗਈ, ਪਰੰਤੂ ਸਿੱਖਾਂ ਦੀ ਜਾਣੀ-ਪਹਿਚਾਣੀ ਸੰਸਥਾ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ‘ਸਾਬਤ ਸੂਰਤ ਸਿੱਖ ਖਿਡਾਰੀ, ਲੋਕਾਂ ਦੇ ਦਿਲ਼ ਜਿੱਤਣ ਵਿੱਚ ਕਾਮਯਾਬ ਰਹੇ। ਇਹਨਾਂ ਖਿਡਾਰੀਆਂ ਵੱਲ ਵੇਖ ਕੇ ਦੁਨੀਆਂ ਦੇ ਕੋਨੇ-ਕੋਨੇ ‘ਚ ਬੈਠਾ ਹਰ ਵਿਅਕਤੀ/ਖਿਡਾਰੀ ਇਹ ਸੋਚਣ ਲਈ ਮਜ਼ਬੂਰ ਹੋਇਆ ਕਿ ਆਪਣੇ ਸਰੂਪ ‘ਚ ਰਹਿ ਕੇ ਬਿਨਾਂ ਕਿਸੇ ਨਸ਼ੇ ਦੀ ਵਰਤੋਂ ਕੀਤਿਆਂ ਵੀ ਇੰਟਰਨੈਸ਼ਨਲ ਲੈਵਲ ‘ਤੇ ਪ੍ਰਸਿੱਧੀ ਹਾਸਲ ਕੀਤੀ ਜਾ ਸਕਦੀ ਹੈ।
ਅਖ਼ੀਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ ਨੇ ਸ. ਉਂਕਾਰ ਸਿੰਘ ਗਰੇਵਾਲ ਪ੍ਰਧਾਨ, ਉਨਟਾਰੀਓ ਕਬੱਡੀ ਫ਼ੈਡਰੇਸ਼ਨ, ਸ. ਬਲਵੰਤ ਸਿੰਘ ਨਿੱਜ਼ਰ, ਸ. ਰਛਪਾਲ ਸਿੰਘ ਸ਼ੀਰਾ, ਸ਼ੇਰੇ-ਪੰਜਾਬ ਸਪੋਰਟਸ ਕਲੱਬ ਕੈਨੇਡਾ ਦੇ ਸਮੁੱਚੇ ਪ੍ਰਬੰਧਕਾਂ ਤੇ ਕੈਨੇਡਾ ਦੀ ਧਰਤੀ ‘ਤੇ ਮੈਚ ਦੇਖ ਰਹੇ ਕਬੱਡੀ-ਦਰਸ਼ਕਾਂ ਵੱਲੋਂ ਮਿਲੇ ਪਿਆਰ, ਸਤਿਕਾਰ ਬਦਲੇ ਧੰਨਵਾਦ ਕੀਤਾ।