ਪਟਿਆਲਾ-ਬਠਿੰਡਾ ਪਲਾਂਟ ਨੂੰ ਅਕਾਲੀ ਸਰਕਾਰ ਵਲੋਂ ਬੰਦ ਕੀਤੇ ਜਾਣ ਦੇ ਫੈਸਲੇ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਵਿਰੋਧ ਕੀਤਾ ਹੈ। ਕੈਪਟਨ ਨੇ ਕਿਹਾ ਕਿ ਲੋਕਾਂ ਦੀ ਸਿਹਤ ਬਾਰੇ ਕਾਂਗਰਸ ਨੂੰ ਵੀ ਫਿਕਰ ਹੈ, ਪਰ ਪਲਾਂਟ ਬੰਦ ਕਰਨਾ ਕੋਈ ਹੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਬਿਜਲੀ ਦੀ ਕਮੀ ਦੀ ਮਾਰ ਹੇਠ ਹੈ ਅਤੇ ਅਕਾਲੀ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ।
ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਪੰਜਾਬ 4,000 ਮੇਗਾਵਾਟ ਬਿਜਲੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਬਾਦਲ ਸਰਕਾਰ ਬਿਜਲੀ ਪਲਾਂਟਾਂ ਨੂੰ ਬੰਦ ਕਰਕੇ ਲੋਕਾਂ ਨੂੰ ਹੋਰ ਮੁਸ਼ਕਲਾਂ ਵਿਚ ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 2007 ਵਿਚ ਜਦੋਂ ਅਕਾਲੀ ਸਰਕਾਰ ਬਣੀ ਸੀ ਤਾਂ ਉਸ ਵੇਲੇ ਮੌਜੂਦਾ ਸਰਕਾਰ ਵਲੋਂ ਐਲਾਨ ਕੀਤੇ ਗਏ ਸਨ ਕਿ ਸਰਕਾਰ ਇੰਨੀ ਬਿਜਲੀ ਦਾ ਉਤਪਾਦਨ ਕਰੇਗੀ ਕਿ ਪੰਜਾਬ ਵਿਚ ਬਿਜਲੀ ਸਰਪਲੱਸ ਹੋ ਜਾਵੇਗੀ। ਪਰ ਅਜੇ ਵੀ ਪੰਜਾਬ ਬਿਜਲੀ ਦੀ ਕਮੀ ਨਾਲ ਤ੍ਰਾਹ ਤ੍ਰਾਹ ਰਿਹਾ ਹੈ। ਉਨ੍ਹਾਂ ਨੇ ਬਾਦਲ ਸਰਕਾਰ ਵਲੋਂ ਬਠਿੰਡਾ ਪਾਵਰ ਪਲਾਂਟ ਨੂੰ ਬੰਦ ਕਰਨ ਦੇ ਫ਼ੈਸਲੇ ਨੂੰ ਪੈਸਾ ਕਮਾਉਣ ਅਤੇ ਬਠਿੰਡੇ ਸ਼ਹਿਰ ਦੀ ਅਹਿਮ ਜ਼ਮੀਨ ਨੂੰ ਕਬਜ਼ੇ ਵਿਚ ਲੈਣ ਤੋਂ ਪ੍ਰੇਰਿਤ ਦਸਿਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੂਬੇ ਵਿਚ ਹੋਰ ਪਾਵਰ ਪ੍ਰਾਜੈਕਟਾਂ ਦੀ ਲੋੜ ਹੈ ਨਾ ਕਿ ਪਹਿਲਾਂ ਤੋਂ ਹੀ ਚਲ ਰਹੇ ਪਲਾਂਟਾਂ ਨੂੰ ਬੰਦ ਕਰਨ ਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ਦੇ ਵਿਚ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿਚ ਪਾਏ ਬਿਨਾਂ ਹੋਰ ਪਲਾਂਟ ਚਲ ਰਹੇ ਹਨ ਤਾਂ ਪੰਜਾਬ ਵਿਚ ਕਿਉਂ ਨਹੀਂ? ਇਸਦੇ ਪਿੱਛੇ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਦਾ ਮਕਸਦ ਲੋਕਾਂ ਦੀ ਸਿਹਤ ਦੀ ਚਿੰਤਾ ਨਹੀਂ, ਸਗੋਂ ਇਸ ਅਹਿਮ ਜ਼ਮੀਨ ‘ਤੇ ਕਬਜ਼ਾ ਕਰਨਾ ਅਤੇ ਇਸਤੋਂ ਪੈਸੇ ਕਮਾਉਣਾ ਦੱਸਿਆ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਕਹਿਣਾ ਗਲਤ ਹੈ ਕਿ ਪਲਾਂਟ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਬਠਿੰਡਾ ਅਤੇ ਲਹਿਰਾ ਮੁਹਬੱਤ ਫੇਸ ਇਕ, ਪਲਾਂਟਾਂ ਦੀ ਨਵੀਨੀਕਰਣ ਕੀਤਾ ਗਿਆ ਸੀ ਅਤੇ ਵੱਡੀ ਪੱਧਰ ‘ਤੇ ਪੈਸਾ ਖਰਚ ਕੀਤਾ ਗਿਆ ਸੀ। ਉਸ ਸਮੇਂ ਇਨ੍ਹਾਂ ਪਲਾਂਟਾਂ ਦੀ ਉਤਪਾਦਨ ਸਮਰਥਾ ਵੀ ਵਧਾਈ ਗਈ ਸੀ। ਇਨ੍ਹਾਂ ਪਾਵਟ ਪਲਾਂਟਾਂ ਨੂੰ 20 ਹੋਰ ਸਾਲਾਂ ਤੱਕ ਚਲਾਇਆ ਜਾ ਸਕਦਾ ਹੈ।