ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪੜ੍ਹਾਈ ਅਤੇ ਅਨੁਸਾਸ਼ਨ ਦੀ ਮਹੱਤਤਾ ਦੇ ਨਾਲ ਨਾਲ ਯੂਨੀਵਰਸਿਟੀ ਦੇ ਵਿਦਿਅਕ ਢਾਂਚੇ ਤੋਂ ਜਾਣੂੰ ਕਰਵਾਇਆ। ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਇਸ ਜਾਣਕਾਰੀ ਪ੍ਰਦਾਨ ਕਰਨ ਲਈ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ: ਗਰੇਵਾਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਸਖਤ ਮਿਹਨਤ ਕਰਨ ਅਤੇ ਵਿਦਿਅਕ ਗਤੀਵਿਧੀਆਂ ਨਾਲ ਆਪਣੇ ਆਪ ਨੂੰ ਹਮੇਸ਼ਾਂ ਜੋੜ ਕੇ ਰੱਖਣ। ਡਾ: ਗਰੇਵਾਲ ਨੇ ਕਿਹਾ ਕਿ ਵਿਦਿਆਰਥੀ ਜੀਵਨ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਅਜਿਹੇ ਸੁਨਿਹਰੀ ਪਲ ਹੁੰਦੇ ਹਨ ਜਿਨ੍ਹਾਂ ਵਿੱਚ ਇਨਸਾਨ ਆਪਣਾ ਵਿਕਾਸ ਕਰਦਾ ਹੈ ਅਤੇ ਭਵਿੱਖ ਨੂੰ ਸੰਵਾਰਦਾ ਹੈ।
ਇਸ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਵੱਲੋਂ ਆਪਣੇ ਆਪਣੇ ਵਿਭਾਗ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ: ਪਰਮਜੀਤ ਚਾਵਲਾ ਨੇ ਯੂਨੀਵਰਸਿਟੀ ਦੇ ਵਿਦਿਅਕ ਮਾਹੌਲ ਬਾਰੇ ਵਿਸ਼ੇਸ਼ ਲੈਕਚਰ ਦਿੱਤਾ ਜਦੋਂ ਕਿ ਡਾ: ਕੰਵਲਜੀਤ ਕੌਰ ਬਰਾੜ ਨੇ ਕਾਲਜ ਵਿੱਚ ਹੋਣ ਵਾਲੀਆਂ ਵਿਦਿਅਕ, ਸਹਿ ਵਿਦਿਅਕ, ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਗ੍ਰਹਿ ਵਿਗਿਆਨ ਐਸੋਸੀਏਸ਼ਨ ਵੱਲੋਂ ਡਾ ਦੀਪਿਕਾ ਵਿਜ ਅਤੇ ਡਾ: ਸਰਿਤਾ ਸੈਣੀ ਦੀ ਦੇਖਰੇਖ ਵਿੱਚ ਇਹ ਸਮਾਗਮ ਉਲੀਕਿਆ ਗਿਆ।