ਲੁਧਿਆਣਾ – ਨਵੀਂ ਦਿੱਲੀ ਤੋਂ ਨਿਊਜ਼ੀਲੈਂਡ ਦੀ ਹਾਈ ਕਮਿਸ਼ਨਰ ਮਿਸ ਜੈਨ ਹੈਂਡਰਸਨ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫਦ ਵਿੱਚ ਸ਼੍ਰੀਮਾਨ ਡੇਵਿਡ ਹੈਂਡਰਸਨ ਅਤੇ ਸਿੱਖਿਆ ਕੌਂਸਲਰ ਮਿਸ ਮਿਲੈਨੀਚੈਪਮਨ ਸ਼ਾਮਿਲ ਸਨ। ਇਸ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨਾਲ ਖੇਤੀਬਾੜੀ ਨਾਲ ਸਬੰਧਿਤ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ।
ਵਫਦ ਨੂੰ ਜੀ ਆਇਆਂ ਆਖਦਿਆਂ ਡਾ: ਢਿੱਲੋਂ ਨੇ ਕਿਹਾ ਕਿ ਦੇਸ਼ ਵਿੱਚ ਹਰੇ ਇਨਕਲਾਬ ਨੂੰ ਲਿਆਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਅਤੇ ਚਿਰ ਸਥਾਈ ਖੇਤੀ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਈ ਗਤੀਵਿਧੀਆਂ ਉਲੀਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਵਿੱਚ ਕੀਤੀਆਂ ਖੋਜ ਪ੍ਰਾਪਤੀਆਂ ਸਾਂਝੀਆਂ ਕਰਨ ਦੇ ਨਾਲ, ਕੀਤੀ ਜਾ ਰਹੀ ਖੋਜ ਨੂੰ ਚੰਗੀ ਸੇਧ ਪ੍ਰਾਪਤ ਹੋਵੇਗੀ। ਡਾ: ਢਿੱਲੋਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦੁਨੀਆਂ ਦੇ ਚੋਟੀ ਦੇ ਖੋਜ ਅਦਾਰਿਆਂ ਦੇ ਨਾਲ ਇਕਰਾਰਨਾਮੇ ਤੇ ਦਸਤਖਤ ਕੀਤੇ ਹਨ।
ਮਿਸ ਹੈਂਡਰਸਨ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਦੋਹਾਂ ਮੁਲਕਾਂ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਸਾਂਝੇਦਾਰੀ ਚਲੀ ਆ ਰਹੀ ਹੈ ਜਿਸ ਨੂੰ ਇਸ ਸਾਲ ਜੂਨ ਮਹੀਨੇ ਦੌਰਾਨ ਨਿਊਜ਼ੀਲੈਂਡ ਦੇ ਪ੍ਰਾਈਮ ਮਨਿਸਟਰ ਦੀ ਭਾਰਤ ਫੇਰੀ ਨੇ ਹੋਰ ਮਜ਼ਬੂਤ ਕੀਤਾ ਹੈ। ਦੋਹਾਂ ਮੁਲਕਾਂ ਵਿੱਚ ਖੁੱਲੇ ਵਪਾਰ, ਖੇਤੀਬਾੜੀ ਸੰਬੰਧੀ ਖੋਜ, ਸਿੱਖਿਆ ਆਦਿ ਖੇਤਰਾਂ ਵਿੱਚ ਮਿਲਵਰਤਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਤਕਰੀਬਨ ਚਾਰ ਮਿਲੀਅਨ ਹੈ ਜਿਸ ਵਿਚੋਂ ਦੋ ਫੀ ਸਦੀ ਲੋਕ ਭਾਰਤੀ ਹਨ। ਇਸ ਮੌਕੇ ਮਿਸ ਚੈਪਮੈਨ ਨੇ ਦੱਸਿਆ ਕਿ ਖੋਜ ਸਿੱਖਿਆ ਤੋਂ ਇਲਾਵਾ ਤਕਨਾਲੋਜੀ ਦੇ ਪਸਾਰੇ ਅਤੇ ਭੋਜਨ ਦੀ ਪ੍ਰੋਸੈਸਿੰਗ ਸੰਬੰਧੀ ਜਾਣਕਾਰੀ ਦੋਹਾਂ ਮੁਲਕਾਂ ਦੁਆਰਾ ਸਾਂਝੀ ਕਰਨੀ ਅਤਿਅੰਤ ਲਾਹੇਵੰਦ ਸਿੱਧ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗ੍ਰਹਿ ਵਿਗਿਆਨ ਕਾਲਜ ਦੇ ਡੀਨ ਡਾ: ਨੀਲਮ ਗਰੇਵਾਲ, ਗ੍ਰਹਿ ਵਿਗਿਆਨ ਕਾਲਜ ਦੇ ਖੋਜ ਕੋਆਰਡੀਨੇਟਰ ਡਾ: ਜਸਵਿੰਦਰ ਕੌਰ ਸਾਂਘਾ, ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਹਾਜ਼ਰ ਸਨ। ਇਸ ਟੀਮ ਦੁਆਰਾ ਗ੍ਰਹਿ ਵਿਗਿਆਨ ਕਾਲਜ ਵਿਖੇ ਸਥਿਤ ਲੈਬਾਰਟਰੀਆਂ ਦਾ ਵੀ ਦੌਰਾ ਕੀਤਾ ਗਿਆ।