ਅੰਮ੍ਰਿਤਸਰ – ਜਾਗਤ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 305ਵਾਂ ਸੰਪੂਰਨਤਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਸਮੁਚੇ ਸਿੱਖ ਜਗਤ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, (ਬਠਿੰਡਾ) ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਸਤਿਬੀਰ ਸਿੰਘ ਨੇ ਦੱਸਿਆ ਹੈ ਕਿ ਇਸ ਸਬੰਧੀ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮਿਤੀ 28-8-11 ਨੂੰ ਸਵੇਰੇ 8 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ-ਕੀਰਤਨ ਆਰੰਭ ਹੋਵੇਗਾ, ਜੋ ਤਰਨ ਤਾਰਨ, ਨੌਸ਼ਹਿਰਾ ਪੰਨੂੰਆ, ਹਰੀਕੇ, ਜ਼ੀਰਾ, ਤਲਵੰਡੀ ਭਾਈ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ (ਫਰੀਦਕੋਟ) ਵਿਖੇ ਰਾਤ ਵਿਸ਼ਰਾਮ ਕਰੇਗਾ। ਮਿਤੀ 29-8-11 ਨੂੰ ਸਵੇਰੇ 8 ਵਜੇ ਗੁਰਦੁਆਰਾ ਸ਼ਹੀਦ ਸਾਹਿਬ, ਮੁੱਦਕੀ (ਫਰੀਦਕੋਟ) ਤੋਂ ਆਰੰਭ ਹੋ ਕੇ ਫਰੀਦਕੋਟ ਸ਼ਹਿਰ, ਕੋਟਕਪੂਰਾ, ਜੈਤੋ, ਗੋਨਿਆਨਾ ਮੰਡੀ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਗੋਬਿੰਦ ਨਗਰ, ਪਾਤਸ਼ਾਹੀ 10ਵੀਂ, ਹਾਜ਼ੀਰਤਨ, (ਬਠਿੰਡਾ) ਵਿਖੇ ਰਾਤ ਵਿਸ਼ਰਾਮ ਕਰੇਗਾ। ਮਿਤੀ 30-08-11 ਨੂੰ ਸਵੇਰੇ 8 ਵਜੇ ਗੁਰਦੁਆਰਾ ਸਾਹਿਬ ਗੋਬਿੰਦ ਨਗਰ, ਪਾਤਸ਼ਾਹੀ 10ਵੀਂ, ਹਾਜ਼ੀਰਤਨ, (ਬਠਿੰਡਾ) ਤੋਂ ਨਗਰ ਕੀਰਤਨ ਆਰੰਭ ਹੋ ਕੇ ਕੋਟ ਸ਼ਮੀਰ, ਕੈਲੇ ਵਾਂਦਰ, ਜਿਉਣ ਸਿੰਘ ਵਾਲਾ, ਭਾਗੀ ਵਾਂਦਰ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਸੰਪੂਰਨ ਹੋਵੇਗਾ।
ਉਹਨਾਂ ਦੱਸਿਆ ਕਿ ਇਸ ਦਿਨ ਤਖ਼ਤ ਸਾਹਿਬ ਵਿਖੇ ਪੰਥ ਪ੍ਰਸਿਧ ਕਥਾ-ਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ, ਕਵੀਸ਼ਰ ਇਲਾਹੀ ਬਾਣੀ ਦੇ ਕੀਰਤਨ ਅਤੇ ਬੀਰ-ਰਸੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਮਿਤੀ 30-8-11 ਨੂੰ ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਨਾਲ ਹੋਰਨਾ ਟੀਮਾਂ ਦੇ ਕਬੱਡੀ ਮੈਚ ਵੀ ਕਰਵਾਏ ਜਾਣਗੇ। ਉਹਨਾਂ ਸਮੂੰਹ ਨਾਨਕ ਨਾਮ ਲੇਵਾ ਸਮਾਜ-ਸੇਵੀ ਸੰਸਥਾਵਾਂ, ਧਾਰਮਿਕ ਸਭਾ-ਸੁਸਾਇਟੀਆਂ, ਸਿੰਘ ਸਭਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਓ! ਨਗਰ-ਕੀਰਤਨ ਅਤੇ ਤਖ਼ਤ ਸਾਹਿਬ ਵਿਖੇ ਹੋ ਰਹੇ ਧਾਰਮਿਕ ਸਮਾਗਮਾਂ ’ਚ ਹਾਜ਼ਰੀਆਂ ਭਰਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।