ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਸ਼ੁੱਕਰਵਾਰ ਨੂੰ ਸਥਾਨਕ ਰੇਲਵੇ ਰੋਡ ਸਥਿਤ ਇਤਿਹਾਸਕ ਜਾਮਾ ਮਸਜਿਦ ਦੇ ਹੇਠਲੇ ਹਿੱਸੇ (ਪ੍ਰਾਥਨਾ ਹਾਲ) ਤੇ ਕਬਜ਼ਾ ਕਰਨ ਦੀ ਕਥਿਤ ਨੀਅਤ ਨਾਲ ਕਰੀਬ 500 ਤੋਂ ਵੱਧ ਮੁਸਲਮਾਨ, ਭੁਜੰਗ ਖਾਲਸਾ ਤੇ ਹੋਰਨਾਂ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਸ਼ਰੇਆਮ ਹਥਿਆਰਾਂ ਨਾਲ ਲੈਸ ਹੋ ਕੇ ਗੁੰਡਾਗਰਦੀ ਕੀਤੀ ਤੇ ਪ੍ਰਾਥਨਾ ਹਾਲ ’ਚ ਭੰਨਤੋੜ ਕਰਦਿਆਂ ਲੱਖਾਂ ਦਾ ਸਾਮਾਨ ਬਾਹਰ ਕੱਢ ਕੇ ਸੁੱਟ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਵਿੱਤਰ ਰੋਜ਼ੇ ਦੇ ਮਹੀਨੇ ਦੌਰਾਨ ਅੱਜ ਮਸਜਿਦ ਵਿੱਚ ਵੱਡੀ ਗਿਣਤੀ ਵਿੱਚ ਮੁਸਮਾਨ ਲੋਕ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਇੱਕਠੇ ਹੋਏ। ਇਸ ਮੌਕੇ ਮਸਜਿਦ ਵਿੱਚ ਉਨ੍ਹਾਂ ਨਾਲ ਭੁਜੰਗ ਖਾਲਸਾ ਤੇ ਹੋਰਨਾਂ ਜਥੇਬੰਦੀਆਂ ਦੇ ਕਾਰਕੁੰਨ ਵੀ ਸ਼ਾਮਲ ਸਨ। ਦੁਪਹਿਰ ਕਰੀਬ 2 ਵਜੇ ਇਨ੍ਹਾਂ ਹਥਿਆਰਾਂ ਨਾਲ ਲੈਸ ਲੋਕਾਂ ਨੇ ਮਸਜਿਦ ਦੇ ਨਾਲ ਲੱਗਦੀ ਸ਼ੰਕਰ ਭੋਜਨ ਭੰਡਾਰ ਹੋਟਲ ਦੀ ਪਿਛਲੀ ਸਾਈਡ ਵਾਲੀ ਕੰਧ ਢਾਹ ਕੇ ਪ੍ਰਾਥਨਾ ਹਾਲ ’ਚ ਦਾਖ਼ਲ ਹੋ ਗਏ ਤੇ ਚਾਰ ਦੀਵਾਰੀ ਦੀਆਂ ਕੰਧਾਂ ਵੀ ਢਾਹ ਦਿੱਤੀਆਂ। ਘਟਨਾ ਦੌਰਾਨ ਮੱਘਰ ਹੋਟਲ ਦੇ ਦੋ ਵਿਅਕਤੀ ਜ਼ਖ਼ਮੀ ਹੋ ਗਏ ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਇਹ ਪ੍ਰਾਥਨਾ ਹਾਲ ਮਸਜਿਦ ਚੌਂਕ ’ਚ ਸਥਿਤ ਸੰਨੀ ਸਟੀਲ ਫਰਨੀਚਰ ਦੇ ਮਾਲਕਾਂ ਕੋਲ ਕਾਫ਼ੇ ਲੰਬੇ ਸਮੇਂ ਤੋਂ ਕਬਜ਼ੇ ਵਿੱਚ ਹੈ ਤੇ ਜਿਸ ਵਿੱਚ ਲੱਖਾਂ ਰੁਪਏ ਦਾ ਫਰਨੀਚਰ ਦਾ ਸਾਮਾਨ ਪਿਆ ਹੈ। ਪ੍ਰਾਥਨਾ ਹਾਲ ਤੇ ਕਬਜ਼ੇ ਨੂੰ ਲੈ ਕੇ ਫਰਨੀਚਰ ਫਰਮ ਤੇ ਮੁਸਲਮਾਨਾਂ ਵਿਚਕਾਰ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਘਟਨਾ ਬਾਰੇ ਪਤਾ ਚਲਦਿਆਂ ਜਦੋਂ ਫਰਨੀਚਰ ਮਾਲਿਕ ਸੰਨੀ ਬਾਂਸਲ ਪ੍ਰਾਥਨਾ ਹਾਲ ’ਚ ਪੁੱਜਿਆ ਤੇ ਮੌਜੂਦ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੜਕੇ ਲੋਕਾਂ ਨੇ ਸੰਨੀ ਬਾਂਸਲ ਤੇ ਹਮਲਾ ਕਰ ਦਿੱਤਾ ਤੇ ਮੋਬਾਇਲ ਖੋਹ ਲਿਆ। ਸੰਨੀ ਬਾਂਸਲ ਬੜੀ ਮੁਸ਼ਕਿਲ ਨਾਲ ਜਾਨ ਬਚਾ ਕੇ ਭਜਿਆ।
ਮੁਸਲਮਾਨ ਲੋਕਾਂ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਪ੍ਰਾਥਨਾ ਹਾਲ ਨੂੰ ਲੱਗੇ ਤਾਲੇ ਤੋੜ ਕੇ ਇਸ ਵਿਚਲਾ ਫਰਨੀਚਰ ਦਾ ਸਾਮਾਨ ਅਲਮਾਰੀਆਂ, ਗੱਦੇ ਤੇ ਹੋਰ ਸਾਮਾਨ ਬਾਹਰ ਕੱਢ ਕੇ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਦਾ ਵਿਰੋਧ ਕਰਨ ਵਾਲਿਆਂ ਤੇ ਇਨ੍ਹਾਂ ਲੋਕਾਂ ਨੇ ਪਥਰਾਅ ਤੇ ਹੱਥੋਪਾਈ ਕੀਤੀ। ਥਾਨਾ ਸਿਟੀ ਤੋਂ ਮਹਿਜ ਅੱਧਾ ਕਿਲੋਮੀਟਰ ਦੀ ਦੂਰੀ ਤੋਂ ਘੱਟ ਇਸ ਘਟਨਾ ਵਾਲੀ ਥਾਂ ਤੇ ਪੁਲਿਸ ਕਰੀਬ ਇੱਕ ਘੰਟੇ ਦੀ ਦੇਰੀ ਮਗਰੋਂ ਪੁੱਜੀ ਜਿਸ ਕਾਰਨ ਬਾਜ਼ਾਰ ਦੇ ਦੁਕਾਨਾਂ ਨੇ ਭਾਰੀ ਰੋਸ ਜਤਾਇਆ ਤੇ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਮੌਕੇ ਤੇ ਮੌਜੂਦ ਜਾਣਕਾਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਸਲਮਾਨ ਲੋਕਾਂ ਵੱਲੋਂ ਇਹ ਸਾਰੀ ਕਾਰਵਾਈ ਗੁਪਤ ਤੌਰ ਤੇ ਪੂਰੀ ਤਿਆਰੀ ਨਾਲ ਕੀਤੀ ਗਈ ਹੈ ਜਿਸ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ।
ਮੁਸਲਮਾਨਾਂ ਦੀ ਮੁਸਲਿਮ ਇੰਤਜਾਮੀਆ ਕਮੇਟੀ ਦੇ ਪ੍ਰਧਾਨ ਮੁਹੰਮਦ ਸਈਦ ਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਪ੍ਰਾਥਨਾ ਹਾਲ ’ਤੇ ਕਬਜ਼ੇ ਨੂੰ ਲੈ ਕੇ ਉਹ ਕਾਨੂੰਨੀ ਲੜਾਈ ਜਿੱਤ ਚੁੱਕੇ ਹਨ ਤੇ ਕਬਜ਼ਾ ਲੈਣ ਲਈ ਫਰਨੀਚਰ ਮਾਲਿਕਾਂ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਉਹ ਅਜਿਹਾ ਕਰਨ ਨੂੰ ਤਿਆਰ ਨਹੀਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਾਥਨਾ ਹਾਲ ’ਚ ਫਰਨੀਚਰ ਮਾਲਿਕਾਂ ਵੱਲੋਂ ਨਜਾਇਜ਼ ਤੌਰ ਤੇ ਸ਼ਰਾਬ ਰੱਖੀ ਜਾ ਰਹੀ ਸੀ ਜਿਸ ਕਾਰਨ ਉਹ ਭਾਰੀ ਰੋਸ ਵਿੱਚ ਸਨ ਜਦਕਿ ਫਰਨੀਚਰ ਮਾਲਕਾਂ ਨੇ ਕਿਹਾ ਕਿ ਕਬਜ਼ੇ ਨੂੰ ਲੈ ਕੇ ਉਨ੍ਹਾਂ ਦੀ ਕੋਈ ਲੜਾਈ ਨਹੀਂ ਚੱਲ ਰਹੀ ਸੀ ਤੇ ਨਾ ਹੀ ਇਸ ਸਬੰਧੀ ਕਦੇ ਉਨ੍ਹਾਂ ਨੂੰ ਕੋਈ ਨੋਟਿਸ ਮਿਲਿਆ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਸ਼ਹਿ ’ਤੇ ਰੰਜਿਸ਼ ਤਹਿਤ ਇਹ ਸਾਰੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਦੂਜੇ ਪਾਸੇ ਪੁਲਸ ਨਾਲ ਸੰਪਰਕ ਕਰਨ ਤੇ ਡੀ.ਐਸ.ਪੀ.ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਈ ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸਖ਼ਤੀ ਨਾਲ ਪੜਤਾਲ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਕਾਨੂੰਨ ਤੋੜਣ ਦਾ ਹੱਕ ਨਹੀਂ ਦਿੱਤਾ ਜਾਵੇਗਾ। ਇਸ ਘਟਨਾ ਦੀ ਸੂਚਨਾ ਸਾਰੇ ਸ਼ਹਿਰ ’ਚ ਅੱਗ ਵਾਂਗ ਫੈਲ ਗਈ ਤੇ ਮੁਸਲਮਾਨ ਭਾਈਚਾਰੇ ਵੱਲੋਂ ਕਾਨੂੰਨ ਹੱਥ ’ਚ ਲੈ ਕੇ ਕੀਤੀ ਇਸ ਕਾਰਵਾਈ ਦੀ ਸਥਾਨਕ ਜਥਬੰਦੀਆਂ ਤੇ ਲੋਕਾਂ ਨੇ ਭਾਰੀ ਨਿੰਦਾ ਕੀਤੀ ਹੈ।