ਮੁਦਕੀ:- ਬਾਣੀ ਦੇ ਬੋਹਿਥ ਸ਼ਬਦ-ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਆਰੰਭ ਹੋਇਆ ਨਗਰ ਕੀਰਤਨ ਅੱਜ ਸਥਾਨਕ ਇਤਿਹਾਸਕ ਗੁਰਦਆਰਾ ਸਾਹਿਬ ਸ਼ਹੀਦ ਗੰਜ ਤੋਂ ਅਰਦਾਸ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋਇਆ। ਅਰੰਭਤਾ ਦੀ ਅਰਦਾਸ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗ੍ਰੰਥੀ ਗਿਆਨੀ ਸਤਪਾਲ ਸਿੰਘ ਨੇ ਕੀਤੀ ਅਤੇ ਗੁਰਦੁਆਰਾ ਸ਼ਹੀਦ ਗੰਜ ਦੇ ਪ੍ਰਧਾਨ ਸ. ਰਛਪਾਲ ਸਿੰਘ (ਮੱਲ੍ਹੀ) ਨੇ ਨਗਰ ਕੀਰਤਨ ਦੇ ਪ੍ਰਬੰਧਕਾਂ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ।
ਇਸ ਮੌਕੇ ਨਗਰ ਕੀਰਤਨ ਦੇ ਮੁਖ ਪ੍ਰਬੰਧਕ ਤੇ ਧਰਮ ਪ੍ਰਚਾਰ ਕਮੇਟੀ ਦੇ ਐਡੀ. ਸਕੱਤਰ ਸ. ਸਤਬੀਰ ਸਿੰਘ ਨੇ ਇਲਾਕੇ ਦੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਲਿਆਣਕਾਰੀ ਮਿਸ਼ਨ ਨੂੰ ਸੰਸਾਰ ਭਰ ’ਚ ਉਜਾਗਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 305 ਵੇਂ ਸੰਪੂਰਨਤਾ ਦਿਵਸ ਨੂੰ ਸਮਰਪਿਤ 30 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰਮਤਿ ਸਮਾਗਮ ਅਯੋਜਿਤ ਕੀਤੇ ਜਾਣਗੇ ਜਿਥੇ ਸਿੱਖ ਪੰਥ ਦੀਆਂ ਪ੍ਰਮੁਖ ਧਾਰਮਿਕ ਸ਼ਖਸ਼ੀਅਤਾਂ, ਨਾਮਵਰ ਪੰਥਕ ਵਿਦਵਾਨ, ਰਾਗੀ, ਢਾਡੀ ਤੇ ਕਵੀਸ਼ਰ ਜਥੇ ਗੁਰਮਤਿ ਵਿਚਾਰਾਂ, ਇਲਾਹੀ ਬਾਣੀ ਦੇ ਕੀਰਤਨ ਤੇ ਬੀਰ-ਰਸੀ ਵਾਰਾਂ ਨਾਲ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨਗੇ।
ਉਨ੍ਹਾਂ ਦੱਸਿਆ ਕਿ ਅੱਜ ਨਗਰ ਕੀਰਤਨ ਮੁਦਕੀ ਤੋਂ ਚੰਦ ਬਾਜ਼ਾ, ਕਲੇਰ, ਫ਼ਰੀਦਕੋਟ, ਅਸੰਧਵਾਂ, ਕੋਟ ਕਪੂਰਾ, ਚੰਦ ਭਾਨ, ਗੁਰੂ ਕੀ ਢਾਬ, ਜੈਤੋਂ, ਗੋਨਿਆਣਾ ਮੰਡੀ ਅਤੇ ਨਾਨਕਸਰ ਭੋਖੜਾ ਹੁੰਦਾ ਹੋਇਆ ਰਾਤ ਗੁਰਦੁਆਰਾ ਗੋਬਿੰਦ ਨਗਰ, ਹਾਜੀ ਰਤਨ ਬਠਿੰਡਾ ਵਿਖੇ ਵਿਸ਼ਰਾਮ ਕਰੇਗਾ ਅਤੇ ਅਗਲੇ ਦਿਨ ਇਥੋਂ ਆਰੰਭ ਹੋ ਕੇ ਦੁਪਹਿਰ ਵੇਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਪੰਨ ਹੋਵੇਗਾ।
ਨਗਰ ਕੀਰਤਨ ਦੀ ਆਰੰਭਤਾ ਸਮੇਂ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਦੇ ਪ੍ਰਧਾਨ ਸ. ਰਛਪਾਲ ਸਿੰਘ (ਮੱਲ੍ਹੀ) ਬਾਬਾ ਗੁਰਦੀਪ ਸਿੰਘ (ਮੁਖ ਸੇਵਾਦਾਰ), ਸ. ਮੁਖਤਿਆਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ, ਸ. ਗੁਰਮੀਤ ਸਿੰਘ ਪ੍ਰਧਾਨ ਮਿਓਂਸੀਪਲ ਕਮੇਟੀ ਮੁਦਕੀ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਸ. ਮਨਜੀਤ ਸਿੰਘ ਭੁਚੋਕੇ, ਸ਼ਹੀਦ ਗੰਜ ਕਾਲਜ ਫਾਰ ਵੋਮੈਨ ਦੇ ‘ਡਾਇਰੈਕਟਰ’ ਸ. ਮਲਕੀਤ ਸਿੰਘ ਖੋਸਾ ਤੇ ਪ੍ਰਿੰਸੀਪਲ ਸ੍ਰੀਮਤੀ ਟੀਨਾ ਨਰੂਲਾ, ਸ਼ਹੀਦ ਗੰਜ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਬੀਬੀ ਗੁਰਪ੍ਰੀਤ ਕੌਰ ਤੇ ਸਟਾਫ, ਸ਼ਹੀਦ ਗੰਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਜੈਨ, ਗੁਰਦੁਆਰਾ ਸਾਹਿਬ ਮੁਦਕੀ ਦੇ ਸੇਵਾਦਾਰ ਸ. ਸੁਖਚੈਨ ਸਿੰਘ, ਸ. ਦਰਸ਼ਨ ਸਿੰਘ ਤੇ ਸ. ਲਖਮੇਰ ਸਿੰਘ, ਸ. ਅਨੋਖ ਸਿੰਘ ਲੋਹਾਮ, ਸ. ਬੂਟਾ ਸਿੰਘ ਸਰਪੰਚ ਕਬਰਵੱਛਾ, ਪਿੰਡ ਪਤਲੀ ਦੇ ਸ. ਹਰਜਿੰਦਰ ਸਿੰਘ, ਸ. ਪੁਸ਼ਪਿੰਦਰ ਸਿੰਘ, ਸਿਰਜੇਕੇ ਤੋਂ ਸ. ਗਰਦੌਰ ਸਿੰਘ, ਸ. ਸੁਖਮਿੰਦਰ ਸਿੰਘ ਮੁਦਕੀ ਤੇ ਮਾਸਟਰ ਤਰਸੇਮ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਐਡੀ. ਸਕੱਤਰ ਸ. ਸਤਿਬੀਰ ਸਿੰਘ, ਮੀਤ ਸਕੱਤਰ ਸ. ਬਲਵੀਰ ਸਿੰਘ, ਸ. ਕੁਲਦੀਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ (ਸਰਾਵਾਂ) ਸ. ਪ੍ਰਤਾਪ ਸਿੰਘ, ਸ. ਰਣਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਸ. ਰਾਮ ਸਿੰਘ, ਇੰਚਾਰਜ ਸ. ਕੁਲਵਿੰਦਰ ਸਿੰਘ ਤੇ ਸ. ਭੁਪਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।