ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ)- ਮਾਲਵੇ ਦੇ ਇਤਿਹਾਸਕ ਤੇ ਪ੍ਰਸਿੱਧ ਪਿੰਡ ਕੋਟ ਗੰਗੂ ਰਾਏ ਦਾ 65ਵਾਂ ਸਲਾਨਾ ਖੇਡ ਮੇਲਾ ਪਿੰਡ ਦੇ ਮੁਢ ਬਣੇ ਗੁਰਦਿਆਲ ਸਟੇਡੀਅਮ ਵਿਖੇ ਪੂਰੇ ਜਾਹੋ ਜਲਾਲ ‘ਤੇ ਪਹੁੰਚ ਕੇ ਸਮਾਪਤ ਹੋਇਆ। ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ, ਐਨ. ਆਰ. ਆਈ ਵੀਰ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਖੇਡ ਮੇਲੇ ਵਿਚ ਵਜਨੀ ਕਬੱਡੀ ਤੋਂ ਲੈ ਕੇ ਇਕ ਪਿੰਡ ਓਪਨ ਕਬੱਡੀ ਅਤੇ ਖੀਰੇ-ਦੱਗੇ ਵੱਛਿਆਂ ਅਤੇ ਬਲਦਾਂ ਦੀਆਂ ਦੌੜਾਂ ਦੇ ਮੁਕਾਬਲੇ ਹੋਏ। ਖੀਰੇ ਦੁਗੇ ਵੱਛਿਆਂ ਦੀਆਂ ਦੌੜਾਂ ਵਿਚ ਜੰਗ ਸਿੰਘ ਬਲਾਲਾ ਦੀ ਗੱਡੀ ਪਹਿਲੇ ਅਤੇ ਬਚਨ ਸਿੰਘ ਧਾਂਦਰਾ ਦੀ ਗੱਡੀ ਦੂਜੇ ਨੰਬਰ ‘ਤੇ ਰਹੀ ਜਦਕਿ ਅਮਰਜੀਤ ਸਿੰਘ ਰਾਈਆਂ ਤੇ ਤਰਸੇਮ ਸਿੰਘ ਬਾਗੜੀਆਂ ਦੀ ਗੱਡੀ ਵਲੋਂ ਬਰਾਬਰ ਸਮਾਂ ਕੱਢਣ ਕਰਕੇ ਤੀਜਾ ਸਥਾਨ ਮਿਲਿਆ। ਵੱਡੇ ਬਲਦਾਂ ਦੀਆਂ ਦੌੜਾਂ ਦੇ ਸਖਤ ਮੁਕਾਬਲੇ ਹੋਏ ਇਸ ਮੁਕਾਬਲੇ ਵਿਚ ਹਰਸ਼ ਮੁੰਡੀਆਂ, ਕੂੰਮਕਲਾਂ ਅਤੇ ਅਮ੍ਰਿਤ ਧਰਨਗੜ੍ਹ ਦੀਆਂ ਗੱਡੀਆਂ ਨੇ ਇੱਕੋ ਸਮਾਂ ਕੱਢਣ ਕਰਕੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਵੀ ਵੇਖਣਯੋਗ ਸਨ ਸਭ ਤੋਂ ਪਹਿਲਾਂ ਸਮੂਹ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਵਲੋਂ ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਖੇਡਾਂ ਦੀ ਅਰੰਭਤਾ ਦੀ ਅਰਦਾਸ ਕੀਤੀ ਗਈ। ਖੇਡਾਂ ਦਾ ਉਦਘਾਟਨ ਬਾਬਾ ਪਰਮਜੀਤ ਸਿੰਘ ਜੀ ਨੇ ਕੀਤਾ ਉਨ੍ਹਾਂ ਨਾਲ ਸੰਤ ਬਾਬਾ ਰਾਮ ਸਿੰਘ ਜੀ ਵੀ ਹਾਜਰ ਸਨ।
ਮੁਖ ਪ੍ਰਬੰਧਕਾਂ ਅਵਤਾਰ ਸਿੰਘ ਮਠਾੜੂ, ਸੁਖਜਿੰਦਰ ਸਿੰਘ ਸਰਪੰਚ, ਕੇਸਰ ਸਿੰਘ ਧਾਲੀਵਾਲ ਯੂ. ਕੇ. ਪਿੰਦਰੀ ਗਿੱਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਮੀਤ ਪ੍ਰਧਾਨ, ਮਿੰਟੂ ਫੌਜੀ ਜਨਰਲ ਸੈਕਟਰੀ, ਅਵਤਾਰ ਦਾਸ ਸਹਾਇਕ ਸੈਕਟਰੀ, ਹਰਦਿਆਲ ਸਿੰਘ ਤੇ ਪਰਮਜੀਤ ਸਿੰਘ ਕੈਸ਼ੀਅਰ ਵਲੋਂ ਕੂੰਨਰ ਗੋਤ ਦੇ ਵਡੇਰਿਆਂ ਬਾਬਾ ਨਾਗ ਭਾਗ ਦੀ ਯਾਦ ਵਿਚ ਲੱਗਦੇ ਇਸ ਭਾਰੀ ਮੇਲੇ ਮੌਕੇ ਖੇਡਾਂ ਦੇ ਦਰਸ਼ਕਾਂ ਦੇ ਬੈਠਣ ਤੇ ਲੰਗਰ-ਪਾਣੀ ਆਦਿ ਦੇ ਪੂਰੇ ਪ੍ਰਬੰਧ ਕਰਨ ਲਈ ਸਮੂਹ ਨਗਰ ਨਿਵਾਸੀਆਂ ਦਾ ਸਹਿਯੋਗ ਲਿਆ ਗਿਆ।। ਖੇਡ ਮੇਲੇ ਦੇ ਸਪਾਂਸਰ ਪ੍ਰਵਾਸੀ ਸੱਜਣਾ ਸ. ਨਾਜਰ ਸਿੰਘ ਤੇ ਮੇਜਰ ਸਿੰਘ ਯੂ.ਐਸ.ਏ., ਕੇਸਰ ਸਿੰਘ ਧਾਲੀਵਾਲ ਇੰਗਲੈਂਡ, ਬਲਜੀਤ ਸਿੰਘ ਕੈਨੇਡਾ ਤੇ ਅਸ਼ੋਕ ਕੁਮਾਰ ਯੂ.ਐਸ.ਏ. ਤੇ ਕੇ. ਐਸ ਮਾਰਬਲ ਵਲੋਂ ਇਸ ਸਾਲ ਵੀ ਖੁੱਲ੍ਹਾ ਮਾਇਕ ਸਹਿਯੋਗ ਦਿੱਤਾ ਗਿਆ।ਇਸ ਵਾਰ ਕਬੱਡੀ ਖਿਡਾਰੀ ਲਗਾਤਾਰ ਤਿੰਨ ਸਾਲ ਜੇਤੂ ਰਹਿਣ ਵਾਲੀ ਇਕ ਪਿੰਡ ੳਪਨ ਦੀ ਟੀਮ ਲਈ ਸ. ਹਰਜੀਤ ਸਿੰਘ ਕੂੰਨਰ ਯੂ.ਐਸ. ਏ. ਵਲੋਂ ਐਲਾਨੇ ਇਕ ਲੱਖ ਇਕ ਹਜਾਰ ਦੇ ਸਵ. ਦਿਲਬਾਗ ਸਿੰਘ ਕੂੰਨਰ ਯਾਦਗਾਰੀ ਕੱਪ, ਇਟਲੀ ਵਾਸੀਆਂ ਗੁਰਮੁਖ ਸਿੰਘ ਕਲੇਰ, ਸਰਮੁਖ ਸਿੰਘ ਕਲੇਰ ਅਤੇ ਗੁਰਪ੍ਰੀਤ ਸਿੰਘ ਗਿੱਲ ਵਲੋਂ ਐਲਾਨੇ ਸਵਾ ਲੱਖ ਰੁਪਏ ਦੇ ਬਾਬਾ ਨਾਗ ਭਾਗ ਯਾਦਗਾਰੀ ਕੱਪ ਅਤੇ 41 ਹਜਾਰ ਦਾ ਕੱਪ ਜਤਿੰਦਰ ਸਿੰਘ ਕਾਲਾ ਪੁੱਤਰ ਸ. ਭਜਨ ਸਿੰਘ ਇਟਲੀ ਵਲੋਂ ਦਿੱਤੇ ਜਾਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਇਸ ਤਿੰਨ ਸਾਲਾ ਗੋਲਡ ਕੱਪ ਲਈ ਪਿੰਡ ਦੌਧਰ ਦੀ ਟੀਮ ਦਾਅਵੇਦਾਰ ਸੀ ਜੋ ਦੋ ਸਾਲਾਂ ਤੋਂ ਲਗਾਤਾਰ ਜਿੱਤਦੀ ਆ ਰਹੀ ਸੀ ਪਰ ਇਸ ਵਾਰ ਦੌਧਰ ਪਿੰਡ ਦੇ ਨਾਮੀ ਖਿਡਾਰੀ ਅਜੇ ਵਿਦੇਸ਼ੋਂ ਨਾ ਪਰਤੇ ਹੋਣ ਕਰਕੇ ਲੱਖਾਂ ਰੁਪਏ ਦੇ ਗੋਲਡ ਕੱਪ ਲਈ ਦੌਧਰ ਦੀ ਟੀਮ ਹੀ ਐਂਟਰ ਨਹੀਂ ਹੋਈ ਪਰ ਕੋਟ ਗੰਗੂ ਰਾਏ ਦੇ ਪ੍ਰਬੰਧਕਾਂ ਨੇ ਦੋ ਵਜੇ ਤੱਕ ਇਸ ਟੀਮ ਦੇ ਚੋਬਰਾਂ ਦੀ ਬੇਸਬਰੀ ਨਾਲ ਉਡੀਕ ਕੀਤੀ। ਕਬੱਡੀ 65 ਕਿਲੋ ਦਾ ਤਿੰਨ ਸਾਲਾ ਗੋਲਡ ਕੱਪ ਰਾਜੂ ਇਟਲੀ ਤੇ ਕੇਸਰ ਸਿੰਘ ਇੰਗਲੈਂਡ ਵਲੋਂ ਐਲਾਨਿਆ ਗਿਆ ਸੀ ਕਬੱਡੀ 65 ਕਿਲੋ ਵਿਚ ਪਿੰਡ ਪੰਨਵਾਂ ਦੀ ਟੀਮ ਨੇ ਕਡਿਆਣਾ ਨੁੰ ਜਿਤਿਆ।
ਕਬੱਡੀ 75 ਕਿਲੋ ਵਿਚ ਕਟਾਣੀ ਕਲਾਂ ਨੇ ਖੱਟਰਾਂ ਨੂੰ ਹਰਾ ਕੇ ਕੱਪ ਜਿੱਤਿਆ। ਕਬੱਡੀ ਇਕ ਪਿੰਡ ਓਪਨ ਦੇ ਸਿਖਰਲੇ ਮੁਕਾਬਲਿਆਂ ਵਿਚੋਂ ਪਹਿਲੇ ਸੈਮੀਫਾਈਨਲ ਵਿਚ ਕਰਮਜੀਤ ਕਲੱਬ ਰਾਮਾ ਨੇ ਬਾਲਿਓਂ ਨੂੰ ਅਤੇ ਲਸਾੜਾ ਗਿੱਲ ਨੇ ਬੋਪਾਰਾਏ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਵਿਚ ਅੰਤਰਰਾਸ਼ਟਰੀ ਖਿਡਾਰੀਆਂ ਬੱਬੂ ਲਸਾੜਾ, ਗਿਆਨੀ, ਕਰਮਜੀਤ ਅਤੇ ਦੁਨਾਲੀ ਮੁਕੰਦਪੁਰ ਦੀ ਵਧੀਆਂ ਖੇਡ ਸਦਕਾ ਲਸਾੜਾ ਦੇ ਗੱਭਰੂ ਕਰਮਜੀਤ ਕਲੱਬ ਰਾਮਾਂ ਨੂੰ ਸੌਖਿਆਂ ਹੀ ਹਰਾ ਕੇ ਕੋਟ ਗੰਗੂ ਰਾਏ ਦਾ ਵਕਾਰੀ ਕੱਪ ਚੁੱਕ ਕੇ ਲੈ ਗਏ। ਸਾਰਾ ਦਿਨ ਕਬੱਡੀ ਦੇ ਫਸਵੇਂ ਮੈਚਾਂ ਦੌਰਾਨ ਪ੍ਰਵਾਸੀ ਸੱਜਣਾਂ ਸ. ਕੇਸਰ ਸਿੰਘ ਧਾਲੀਵਾਲ ਯੂ. ਕੇ. ਸਮੇਤ ਅਸ਼ੋਕ ਕੁਮਾਰ ਯੂ. ਐਸ. ਏ, ਬਲਜੀਤ ਸਿੰਘ ਕੈਨੇਡਾ, ਨਾਜਰ ਸਿੰਘ ਅਤੇ ਮੇਜਰ ਸਿੰਘ ਯੂ.ਐਸ.ਏ ਵਲੋਂ ਹਰ ਰੇਡ ਅਤੇ ਜੱਫੇ ‘ਤੇ ਨਕਦ ਇਨਾਮ ਦੇ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ।
ਖੇਡ ਮੇਲੇ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਿਚੋਂ ਅਕਾਲੀ ਦਲ ਦੇ ਸ. ਸ਼ਰਨਜੀਤ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਐਗਰੋ, ਸ੍ਰੀ ਸਤਪਾਲ ਗੁਸਾਈਂ ਸਿਹਤ ਮੰਤਰੀ ਪੰਜਾਬ ਅਤੇ ਸ. ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਐਸ. ਐਸ. ਬੋਰਡ, ਸ. ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਪੀਪਲ ਪਾਰਟੀ ਆਫ ਪੰਜਾਬ ਅਤੇ ਕਾਂਗਰਸ ਦੇ ਸ. ਸੁਖਦੇਵ ਸਿੰਘ ਲਿਬੜਾ ਐਮ.ਪੀ., ਸ.ਈਸ਼ਰ ਸਿੰਘ ਮਿਹਰਬਾਨ ਵਿਧਾਇਕ ਕੂੰਮ ਕਲਾਂ, ਸ. ਅਮਰੀਕ ਸਿੰਘ ਢਿੱਲੋਂ ਸਾਬਕਾ ਵਿਧਾਇਕ ਅਤ ਹਲਕਾ ਸਾਹਨੇਵਾਲ ਦੇ ਆਗੂ ਇੰਦਰਜੀਤ ਸਿੰਘ ਕਾਸਾਬਾਦ ਅਤੇ ਵਿਕਰਮ ਬਾਜਵਾ ਨੇ ਭਰਵੀ ਹਾਜਰੀ ਲੁਆਈ। ਹਰ ਸਾਲ ਵਾਂਗ ਸੰਗਤਾਂ ਲਈ ਲੰਗਰ ਦੀ ਸੇਵਾ ਇਸ ਵਾਰ ਵੀ ਸਵ. ਸ. ਕਰਨੈਲ ਸਿੰਘ ਦੇ ਪਰਿਵਾਰ ਵਲੋਂ ਪ੍ਰਧਾਨ ਅਮਰੀਕ ਸਿੰਘ ਵਲੋਂ ਕੀਤੀ ਗਈ।