ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਆਨੰਦ ਮੈਰਿਜ ਐਕਟ ਤੇ ਕੇਂਦਰੀ ਕਾਨੂੰਨ ਮੰਤਰੀ ਸਲਮਾਨ ਖੁਰਸ਼ੀਦ ਦੇ ਬਿਆਨ ਨੂੰ ਸਿੱਖ ਵਿਰੋਧੀ ਕਰਾਰ ਦਿਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦੇ ਇਸ ਵਤੀਰੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਲੰਬੇ ਅਰਸੇ ਤੋਂ ਈਸਾਈਆਂ ਅਤੇ ਮੁਸਲਮਾਨਾਂ ਦੀ ਤਰ੍ਹਾਂ ਵੱਖਰੇ ਮੈਰਿਜ ਐਕਟ ਦੀ ਮੰਗ ਕਰਦਾ ਆਏ ਹਨ।
ਮੁੱਖਮੰਤਰੀ ਬਾਦਲ ਨੇ ਕਿਹਾ ਕਿ ਸਾਬਕਾ ਕਨੂੰਨ ਮੰਤਰੀ ਵੀਰੱਪਾ ਮੋਇਲੀ ਨੇ ਵਿਅਕਤੀਗਤ ਤੌਰ ਤੇ ਭਰੋਸਾ ਦਿਵਾਇਆ ਸੀ ਕਿ ਸਿੱਖ ਮੈਰਿਜ ਐਕਟ ਸਬੰਧੀ ਬਿੱਲ ਦਾ ਪੂਰਾ ਰੂਪ ਤਿਆਰ ਹੈ ਅਤੇ ਇਸ ਨੂੰ ਸੰਸਦ ਵਿੱਚ ਪੇਸ਼ ਕਰਨ ਤੋਂ ਪਹਿਲਾਂ ਕੈਬਨਿਟ ਵਿੱਚ ਭੇਜਿਆ ਜਾਵੇਗਾ। ਹੁਣ ਸਰਕਾਰ ਇਸ ਗੱਲ ਤੋਂ ਮੁਕਰ ਗਈ ਹੈ। ਆਨੰਦ ਮੈਰਿਜ ਐਕਟ 1909 ਵਿੱਚ ਸੁਧਾਰ ਕਰਕੇ ਵੱਖਰਾ ਸਿੱਖ ਮੈਰਿਜ ਐਕਟ ਬਣਾਉਣਾ ਸਮੇਂ ਦੀ ਮੰਗ ਹੈ।