ਨਵੀਂ ਦਿੱਲੀ- ਬਾਬਾ ਰਾਮਦੇਵ ਅਤੇ ਉਸ ਦੇ ਟਰਸੱਟਾਂ ਦੇ ਖਿਲਾਫ਼ ਵਿਦੇਸ਼ੀ ਧੰਨ ਦੇ ਲੈਣ-ਦੇਣ ਵਿੱਚ ਪਰਿਵਰਤਣ ਵਿਭਾਗ ਵਲੋਂ ਕਨੂੰਨ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਈਡੀ ਦੁਆਰਾ ਕੀਤੀ ਗਈ ਜਾਂਚ ਦੌਰਾਨ ਬਾਬਾ ਰਾਮਦੇਵ ਅਤੇ ਉਸ ਦੇ ਟਰਸੱਟਾਂ ਦੇ ਖਾਤਿਆਂ ਵਿੱਚ ਵਿਦੇਸ਼ਾਂ ਤੋਂ ਗਲਤ ਢੰਗ ਨਾਲ ਪੈਸੇ ਦੇ ਲੈਣਦੇਣ ਦੇ ਸਬੂਤ ਮਿਲੇ ਹਨ।
ਦਿੱਲੀ ਪੁਲਿਸ ਵੀ ਬਾਬੇ ਰਾਮਦੇਵ ਅਤੇ ਉਸ ਦੇ ਬਹੁਤ ਹੀ ਕਰੀਬੀ ਸਾਥੀ ਬਾਲਕ੍ਰਿਸ਼ਨ ਨੂੰ ਸਮਨ ਭੇਜਣ ਦੀ ਤਿਆਰੀ ਕਰ ਰਹੀ ਹੈ। ਈਡੀ ਨੇ ਰਿਜ਼ਰਵ ਬੈਂਕ ਦੀ ਰਿਪੋਰਟ ਅਤੇ ਟਰਸੱਟਾਂ ਦੁਆਰਾ ਕੀਤੇ ਗਏ ਸ਼ਕੀ ਲੈਣ ਦੇਣ ਵਿੱਚ ਵਿਦੇਸ਼ ਤੋਂ ਮਿਲੀ ਜਾਣਕਾਰੀ ਦੇ ਅਧਾਰ ਤੇ ਕੇਸ ਦਰਜ ਕੀਤਾ ਹੈ। ਈਡੀ ਨੇ ਸਕਾਟਲੈਂਡ ਵਿੱਚ ਬਾਬੇ ਦੇ ਚੇਲਿਆਂ ਵਲੋਂ ਗਿਫਟ ਦੇ ਤੌਰ ਤੇ ਇੱਕ ਟਾਪੂ ਦਿੱਤੇ ਜਾਣ ਸਬੰਧੀ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਵਿੱਤੀ ਲੈਣਦੇਣ ਦਾ ਬਿਓਰਾ ਮੰਗਿਆ ਗਿਆ ਹੈ। ਮੈਡਾਗਾਸਕਰ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਹੈ। ਪਤੰਜਲੀ ਯੋਗਪੀਠ ਟਰੱਸਟ, ਦਿਵੈ ਯੋਗ ਮੰਦਿਰ ਟਰੱਸਟ ਅਤੇ ਭਾਰਤ ਸਵਾਭਿਮਾਨ ਟਰੱਸਟ ਸਮੇਤ ਬਾਬੇ ਦੇ ਹੋਰ ਵੀ ਸਾਰੇ ਟਰੱਸਟ ਇਸ ਜਾਂਚ ਦੇ ਘੇਰੇ ਵਿੱਚ ਹਨ।