ਬਰੈਂਪਟਨ,(ਪ੍ਰਤੀਕ) – ਮਰਹੂਮ ਸ਼ਾਇਰ ਹਰਦਿਆਲ ਕੇਸ਼ੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬੀਤੇ ਦਿਨ ਟਰਾਂਟੋ ਇਲਾਕੇ ਦੇ ਪੰਜਾਬੀ ਸਾਹਿਤ ਸਨੇਹੀ ਇਕੱਤਰ ਹੋਏ, ਜਿਨ੍ਹਾਂ ਇਸ ਮੌਕੇ ਕੇਸ਼ੀ ਦੀ ਸ਼ਾਇਰੀ ‘ਤੇ ਵਿਚਾਰਾਂ ਕੀਤੀਆਂ ਅਤੇ ਉਸਦੀਆਂ ਰਚਨਾਵਾਂ ਦਾ ਗਾਇਨ ਹੋਇਆ। ਸ਼ਾਇਰ ਓਂਕਾਰਪ੍ਰੀਤ ਨੇ ਕੇਸ਼ੀ ਦੀ ਸ਼ਾਇਰੀ ਅਤੇ ਵਿਚਾਰਧਾਰਾ ਬਾਰੇ ਕਿਹਾ ਕਿ ਬੇਸ਼ਕ ਕੇਸ਼ੀ ਨੂੰ ਗੁਜ਼ਰਿਆਂ ਡੇਢ ਦਹਾਕਾ ਹੋ ਗਿਆ ਹੈ, ਪਰ ਉਸ ਦੀ ਰਚਨਾ ਅੱਜ ਦੇ ਦੌਰ ਵਿਚ ਵੀ ਪ੍ਰਸੰਗਿਕ ਹੈ। ਕੇਸ਼ੀ ਹਮੇਸ਼ਾ ਲੋਕਾਂ ਦੇ ਹੱਕ ‘ਚ ਬੋਲਿਆ ਅਤੇ ਸਾਹਿਤਕ ਦੰਭੀਆਂ ਦੀ ਪਰਦਾਫਾਸ਼ ਕਰਦਾ ਰਿਹਾ। ਗਾਇਕ ਸ਼ਿਵਰਾਜ ਸਨੀ ਦੇ ਉੱਦਮ ਨਾਲ ਸੱਦੇ ਸਮਾਗਮ ਨੂੰ ਸ਼ਾਇਰ ਭੁਪਿੰਦਰ ਦੁਲੇ ਅਤੇ ਨੀਟਾ ਬਲਵਿੰਦਰ ਨੇ ਸੰਚਾਲਤ ਕੀਤਾ। ਸਥਾਨਕ ਸੰਤ ਸਿੰਘ ਸੇਖੋਂ ਹਾਲ ਵਿਚ ਇਸ ਮੌਕੇ ਸੁਰਜਨ ਜ਼ੀਰਵੀ, ਬੁੱਤਸਾਜ਼ ਯੰਗੋ, ਪੂਰਨ ਸਿੰਘ ਪਾਂਧੀ,ਹੀਰਾ ਰੰਧਾਵਾ,ਪ੍ਰਤੀਕ ਆਰਟਿਸਟ, ਪਿਆਰਾ ਸਿੰਘ ਕੁੱਦੋਵਾਲ,ਪਰਵੇਜ਼ ਸੇਠੀ ਸਮੇਤ ਬਹੁਤ ਸਾਰੇ ਲੇਖਕ ਅਤੇ ਸਹਿਤ ਰਸੀਏ ਪਹੁੰਚੇ ਹੋਏ ਸਨ।
ਸਮਾਗਮ ਦੌਰਾਨ ਸ਼ਾਇਰ ਸ਼ਮੀਲ ਦੀ ਸੀ।ਡੀ। ‘ਵਰ ਦੇ ਦੇ ਮੇਰੇ ਵਿਯੋਗ ਨੂੰ’’ਅਤੇ ਕਵਿੱਤਰੀ ਸੁਰਜੀਤ ਕੌਰ ਦੀ ਕਿਤਾਬ ‘ਹੇ ਸਖੀ’ ਰਿਲੀਜ਼ ਕੀਤੀਆਂ ਗਈਆਂ। ਪੂਰਨ ਸਿੰਘ ਪਾਂਧੀ ਨੇ ‘ਹੇ ਸਖੀ’’ ਅਤੇ ਡਾ: ਸੁਖਪਾਲ ਨੇ ਸੀ।ਡੀ। ਬਾਰੇ ਵਿਚਾਰ ਰੱਖੇ। ਸ੍ਰੀ ਪਾਂਧੀ ਨੇ ਕਵਿੱਤਰੀ ਨੂੰ ਪੰਜਾਬੀ ਸਾਹਿਤ ਦੀ ‘ਮੀਰਾਬਾਈ’ ਦੱਸਦਿਆਂ ਕਿਹਾ ਕਿ ਉਸਦੀ ਰਚਨਾ ਡੂੰਘਾ ਫਲਸਫਾ ਹੈ। ਡਾ: ਸੁਖਪਾਲ ਨੇ ਕਿਹਾ ਕਿ ਵਿਯੋਗ ਦਾ ਦੂਜਾ ਸਿਰਾ ਬੰਦੇ ਨੂੰ ਨਹੀਂ ਦਿਖਦਾ ਪਰ ਸ਼ਮੀਲ ਕੋਲ ਐਸੀ ਅੱਖ ਹੈ ਜੋ ਵਿਯੋਗ ਵਿਚ ਦੀ ਲੰਘਦਿਆਂ ਖੁੱਲ੍ਹੀ ਰਹੀ।
ਸਮਾਗਮ ਵਿਚ ਸ਼ਿਵਰਾਜ ਸੰਨੀ ਅਤੇ ਮਨਮੋਹਣ ਪਟਿਆਲਵੀ ਨੇ ਕੇਸ਼ੀ ਅਤੇ ਹੋਰ ਸ਼ਾਇਰਾਂ ਦੀ ਸ਼ਾਇਰੀ ਸੰਗੀਤ ਨਾਲ ਗਾਈ, ਤਾਰਾ ਚੰਦ ਦਾ ਬਾਂਸੁਰੀ ਵਾਦਨ ਵੀ ਸੀ ਅਤੇ ਕਵਿਤਾ ਦੇ ਦੌਰ ਵਿਚ ਓਂਕਾਰਪ੍ਰੀਤ, ਕੁਲਵਿੰਦਰ ਖਹਿਰਾ, ਸ਼ਮੀਲ, ਸੁਖਮਿੰਦਰ ਰਾਮਪੁਰੀ, ਭੁਪਿੰਦਰ ਦੁਲੇ, ਪ੍ਰੋ।ਜਗੀਰ ਕਾਹਲੋਂ, ਅਮਰਅਕਬਰ ਪੁਰੀ, ਗੁਰਦਾਸ ਮਿਨਹਾਸ, ਨੀਟਾ ਬਲਵਿੰਦਰ, ਪਰਮਜੀਤ ਢਿੱਲੋਂ, ਰਾਜਪਾਲ ਬੋਪਾਰਾਏ, ਗੁਰਪ੍ਰੀਤ ਗਿੱਲ, ਗੁਰਬਚਨ ਚਿੰਤਕਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ।
ਤਕਰੀਬਨ ਚਾਰ ਘੰਟੇ ਚੱਲੇ ਇਸ ਸ਼ਾਨਦਾਰ ਸਾਹਿਤਕ ਸਮਾਗਮ ਦੇ ਅੰਤ ਤੇ ਸਿ਼ਵਰਾਜ ਸੰਨੀ ਵਲੋਂ ਆਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਜਗਮੋਹਨ ਸੇਖੋਂ,ਹਿਰਦੇਪਾਲ ਗਿੱਲ,ਪਰਮਜੀਤ ਢਿੱਲੋਂ ਅਤੇ ਰਾਜਪਾਲ ਬੋਪਾਰਾਏ ਦਾ ਵਿਸ਼ੇਸ਼ ਸਹਿਯੋਗ ਲਈ ਖਾਸ ਤੌਰ ਤੇ ਧੰਨਵਾਦ ਕੀਤਾ।