ਨਵੀਂ ਦਿੱਲੀ – ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਪਤ੍ਰਕਾਰਾਂ ਨਾਲ ਇਕ ਮੁਲਾਕਾਤ ਦੌਰਾਨ ਦਸਿਆ ਕਿ ਉਨ੍ਹਾਂ ਆਪਣੇ ਪੰਜਾਬ ਦੇ ਚਾਰ-ਦਿਨਾਂ ਦੌਰੇ ਦੌਰਾਨ ਮਹਿਸੂਸ ਕੀਤਾ ਹੈ ਕਿ ਪੰਜਾਬ ਵਿੱਚ ਸਿੱਖਾਂ ਦੀ ਸੋਚ ਵਿਚ ਭਾਰੀ ਜਾਗਰੂਕਤਾ ਆ ਰਹੀ ਹੈ ਅਤੇ ਉਹ ਮਹਿਸੂਸ ਕਰ ਰਹੇ ਹਨ ਕਿ ਬੀਤੇ ਲੰਮੇਂ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ ਵਲੋਂ ਸਿੱਖੀ-ਸੰਭਾਲ ਪ੍ਰਤੀ ਆਪਣੀਆਂ ਜ਼ਿਮੇਂਦਾਰੀਆਂ ਨੂੰ ਅਣਗੌਲਿਆਂ ਕੀਤੇ ਜਾਂਦਿਆਂ ਚਲਿਆਂ ਆਉਣ ਅਤੇ ਉਨ੍ਹਾਂ ਵਲੋਂ ਸਿੱਖ ਅਤੇ ਸਿੱਖੀ-ਵਿਰੋਧੀ ਭਾਜਪਾ ਪ੍ਰਤੀ ਸਮਰਪਤ ਹੋਣ ਦੀ ਨੀਤੀ ਅਪਨਾ ਲਏ ਜਾਣ ਕਾਰਣ ਸਿੱਖੀ ਨੂੰ ਭਾਰੀ ਢਾਹ ਲਗ ਰਹੀ ਹੈ» ਸਿੱਖ ਨੌਜਵਾਨ ਸਿੱਖੀ ਵਰਸੇ ਤੋਂ ਅਨਜਾਣ ਹੋਣ ਕਾਰਣ ਭਟਕਦਾ ਅਤੇ ਸਿੱਖੀ ਸਰੂਪ ਨੂੰ ਤਿਲਾਂਜਲੀ ਦਿੰਦਾ ਜਾ ਰਿਹਾ ਹੈ» ਅਜ ਆਮ ਸਿੱਖ ਮਹਿਸੂਸ ਕਰਦੇ ਹਨ ਕਿ ਜੇ ਵਕਤ ਨਾ ਸੰਭਾਲਿਆ ਗਿਆ ਤਾਂ ਸਿੱਖੀ ਨੂੰ ਇਕ ਨਾ ਪੂਰਾ ਹੋਣ ਪਾਣ ਵਾਲਾ ਘਾਟਾ ਪੈ ਜਾਇਗਾ । ਇਸਲਈ ਉਹ ਚਾਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਬਦਲਾਉ ਲਿਆਂਦਾ ਜਾਏ ਅਤੇ ਇਸਦੇ ਲਈ ਇਹ ਚੋਣਾਂ ਉਨ੍ਹਾਂ ਲਈ ਸੁਨਹਿਰੀ ਮੌਕਾ ਹਨ ।
ਉਨ੍ਹਾਂ ਦਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸਿੱਖੀ ਪ੍ਰਤੀ ਸਮਰਪਿਤ ਜਥੇਬੰਦੀਆਂ ਨੇ ਇਕ ਜੁਟ ਹੋ ਪੰਥਕ ਮੋਰਚਾ ਕਾਇਮ ਕਰ ਸ਼੍ਰੋਮਣੀ ਕਮੇਟੀ ਦੀ ਸੱਤਾ ਪੁਰ ਲੰਮੇ ਸਮੇਂ ਤੋਂ ਕਾਬਜ਼ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜੋ ਚੁਨੌਤੀ ਦਿਤੀ ਹੈ, ਉਸਦੇ ਫਲਸਰੂਪ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਤਕ ਬੌਖਲਾ ਗਏ ਹੋਏ ਹਨ ਤੇ ਉਨ੍ਹਾਂ ਆਪਣੀ ਰਾਜਸੀ ਸੱਤਾ ਦਾ ਇਸਤੇਮਾਲ ਕਰਦਿਆਂ ਪਹਿਲਾਂ ਪੰਥਕ ਮੋਰਚੇ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰਵਾਉਣ ਦੀ ਸਾਜ਼ਸ਼ ਰਚੀ, ਫਿਰ ਸਾਮ-ਦਾਮ-ਦੰਡ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਡਰਾ-ਧਮਕਾ ਅਤੇ ਲਾਲਚ ਦੇ ਕੇ ਮੁਕਾਬਲੇ ਤੋਂ ਹਟਾਉਣ ਦੀ ਕੌਸ਼ਿਸ਼ ਕੀਤੀ, ਜਦੋਂ ਇਹ ਕੌਸ਼ਿਸ਼ ਵੀ ਸਫਲ ਨਾ ਹੋ ਸਕੀ ਤਾਂ ਫਿਰ ਉਨ੍ਹਾਂ ਵਿਰੁਧ ਝੂਠੇ ਮੁਕਦਮੇ ਪਵਾਣੇ ਸ਼ੁਰੂ ਕਰ ਦਿਤੇ। ਜਿਸਦੇ ਵਿਰੁਧ ਪੰਜਾਬ ਹਰਿਆਣਾ ਹਾਈ ਕੋਰਟ ਤਕ ਪਹੁੰਚ ਕੀਤੀ ਜਾ ਰਹੀ ਹੈ।
ਸ: ਪਰਮਜੀਤ ਸਿੰਘ ਸਰਨਾ ਨੇ ਪਤ੍ਰਕਾਰਾਂ ਨੂੰ ਹੋਰ ਦਸਿਆ ਕਿ ਸ: ਸੁਰਜੀਤ ਸਿੰਘ ਬਰਨਾਲਾ, ਜੋ ਤਮਿਲਨਾਡੂ ਦੇ ਰਾਜਪਾਲ ਦੇ ਅਹੁਦੇ ਦੀਆਂ ਜ਼ਿੰਮੇਦਾਰਿਆਂ ਤੋਂ ਮੁਕਤ ਹੋ ਪੰਜਾਬ ਪੁਜ ਗਏ ਹਨ, ਵਲੋਂ ਪੰਜਾਬ ਦੀ ਅਕਾਲੀ ਰਾਜਨੀਤੀ ਵਿਚ ਸਰਗਰਮ ਹੋਣ ਦੇ ਕੀਤੇ ਗਏ ਐਲਾਨ ਦੇ ਫਲਸਰੂਪ ਵੀ ਹਾਲਾਤ ਪੰਥਕ ਮੋਰਚੇ ਦੇ ਹਕ ਵਿਚ ਤੇਜ਼ੀ ਨਾਲ ਬਦਲਣੇ ਸ਼ੁਰੂ ਹੋ ਗਏ ਹਨ ।
ਸ: ਸਰਨਾ ਨੇ ਦਸਿਆ ਕਿ ਪੰਜਾਬ ਦੇ ਸਿੱਖਾਂ ਨੂੰ ਇਸ ਗਲ ਦਾ ਵੀ ਅਹਿਸਾਸ ਹੋ ਗਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਦੋਹਰੇ ਵਿਧਾਨ ਰਾਹੀਂ ਸਿੱਖਾਂ ਅਤੇ ਪੰਜਾਬੀਆਂ ਨੂੰ ਲਗਾਤਾਰ ਗੁਮਰਾਹ ਕਰਦੇ ਅਤੇ ਧੋਖਾ ਦਿੰਦੇ ਚਲੇ ਆ ਰਹੇ ਹਨ । ਇਕ ਵਿਧਾਨ ਰਾਹੀਂ ਉਹ ਸਿੱਖਾਂ ਨੂੰ ਭਰੋਸਾ ਦੁਆਂਦੇ ਹਨ ਕਿ ਉਹ ਸਿੱਖਾਂ ਦੇ ਪ੍ਰਤੀਨਿਧੀ ਅਤੇ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੇ ਰਖਵਾਲੇ ਹਨ ਅਤੇ ਦੂਜੇ ਵਿਧਾਨ ਰਾਹੀਂ ਉਹ ਪੰਜਾਬੀਆਂ ਨੂੰ ਭਰੋਸਾ ਦੁਆਂਦੇ ਹਨ ਕਿ ਉਹ ਸਿੱਖਾਂ ਦੇ ਨਹੀਂ, ਪੰਜਾਬੀਆਂ ਦੇ ਸਰਬ-ਸਾਂਝੇ ਪ੍ਰਤੀਨਿਧੀ ਹਨ ।
ਸ: ਸਰਨਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਪੰਥਕ ਮੋਰਚੇ ਦੇ ਉਮੀਦਵਾਰਾਂ ਦੀ ਲਗਾਤਾਰ ਹੋ ਰਹੀ ਚੜ੍ਹਤ ਪੰਜਾਬ ਦੇ ਮੀਡੀਆ ਵਲੋਂ ਵੀ ਸਵੀਕਾਰੀ ਜਾਣ ਲਗੀ ਹੈ । ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ (ਸ: ਸਰਨਾ) ਸਮੇਤ ਆਪਣੇ ਦੂਜੇ ਵਿਰੋਧੀਆਂ ਪੁਰ ਜ਼ਾਤੀ ਹਮਲੇ ਕੀਤੇ ਜਾਣੇ ਵੀ ਇਸ ਗਲ ਦਾ ਪ੍ਰਤਖ ਪ੍ਰਮਾਣ ਹੈ ਕਿ ਪੰਥਕ ਮੋਰਚੇ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਲਈ ਜ਼ਬਰਦਸਤ ਚੁਨੌਤੀ ਬਣਦੇ ਜਾ ਰਹੇ ਹਨ, ਜਿਸਤੋਂ ਸ: ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਦੀ ਬੌਖਲਾਹਟ ਵਧਦੀ ਜਾ ਰਹੀ ਹੈ ।