ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰੈਸ ਸਕਤਰ ਸ: ਹਰਚਰਨ ਸਿੰਘ ਰਮੇਸ਼ ਨਗਰ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਦਸਿਆ ਕਿ ਰਾਜਾ ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਦੀ ਅਗਵਾਈ ਅਤੇ ਉਨ੍ਹਾਂ ਦੀਆਂ ਪੰਥ-ਹਿਤੂ ਨੀਤੀਆਂ ਪ੍ਰਤੀ ਵਿਸ਼ਵਾਸ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ, ਦਿੱਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ, ਦੀ ਯੋਗਤਾ ਦਾ ਲਾਭ ਉਠਾਣ ਲਈ ਦਲ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਆਲ ਇੰਡੀਆ ਯੂਥ ਵਿੰਗ ਦੇ ਪ੍ਰਧਾਨ ਦੀਆਂ ਜ਼ਿੰਮੇਂਦਾਰਿਆਂ ਸੌਂਪੀਆਂ ਹਨ।
ਸ: ਹਰਚਰਨ ਸਿੰਘ ਨੇ ਸਪਸ਼ਟ ਕੀਤਾ ਕਿ ਦਿੱਲੀ ਅਤੇ ਪੰਜਾਬ, ਜਿਥੇ ਕਿ ਯੂਥ ਵਿੰਗ ਦੀਆਂ ਇਕਾਈਆਂ ਪਹਿਲਾਂ ਤੋਂ ਹੀ ਪ੍ਰਭਾਵਸ਼ਾਲੀ ਕੰਮ ਕਰ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਰਹੀਆਂ ਹਨ, ਉਹ ਸੁਤੰਤਰ ਰੂਪ ਵਿੱਚ ਦਲ ਦੀ ਕੇਂਦਰੀ ਲੀਡਰਸ਼ਿਪ ਦੇ ਅਧੀਨ ਆਪਣੀਆਂ ਜ਼ਿੰਮੇਂਦਾਰੀਆਂ ਨਿਭਾਉਂਦੀਆ ਰਹਿਣਗੀਆਂ।ਉਨ੍ਹਾਂ ਦਸਿਆ ਕਿ ਰਾਜਾ ਹਰਪ੍ਰੀਤ ਸਿੰਘ ਨੂੰ ਦਿੱਲੀ ਤੇ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਜੇ ਰਾਜਾਂ ਵਿੱਚ ਦਲ ਦੇ ਯੂਥ ਵਿੰਗ ਦੀਆਂ ਇਕਾਈਆਂ ਸਥਾਪਤ ਕਰ, ਨੌਜਵਾਨਾਂ ਨੂੰ ਦਲ ਦੇ ਨਾਲ ਜੋੜਕੇ ਦਲ ਨੂੰ ਮਜ਼ਬੂਤ ਕਰਨ ਦੀ ਜ਼ਿਮੇਂਦਾਰੀ ਸੌਂਪੀ ਗਈ ਹੈ।ਸ: ਹਰਚਰਨ ਸਿੰਘ ਨੇ ਦਸਿਆ ਕਿ ਦਲ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਰਾਜਾ ਹਰਪ੍ਰੀਤ ਸਿੰਘ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਂਦਾਰਿਆਂ ਨਿਭਾਉਣਗੇ ਅਤੇ ਦਲ ਨੂੰ ਮਜ਼ਬੂਤ ਕਰਨ ਵਿੱਚ ਮਹਤਵਪੂਰਣ ਭੂਮਿਕਾ ਨਿਭਾਉਣਗੇ।