ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੁਝ ਪੰਥ ਦੋਖੀ ਆਗੂਆਂ ਵੱਲੋਂ ਉਨ੍ਹਾਂ ਦੇ ਪੈਟਰੋਲ ਖਰਚੇ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਧਰਮ ਦੇ ਪ੍ਰਚਾਰ ਦੇ ਰਾਹ ਵਿੱਚ ਅੜਿੱਕੇ ਪੈਦਾ ਕਰਨ ਲਈ ਅਪਣਾਇਆ ਜਾ ਰਿਹਾ ਕੋਝਾ ਹੱਥਕੰਡਾ ਕਰਾਰ ਦਿੱਤਾ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪਸ਼ਟ ਕੀਤਾ ਹੈ ਕਿ ਮੀਡੀਆ ਵਿੱਚ ਉਨ੍ਹਾਂ ਦੇ ਪਿਛਲੇ ਪੰਜ ਸਾਲ ਦੇ ਪੈਟਰੋਲ ਖਰਚੇ ਨੂੰ ਸਿਰਫ ਇੱਕ ਗੱਡੀ ਦੇ ਪੈਟਰੋਲ ਦੇ ਖਰਚੇ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਉਨ੍ਹਾਂ ਦੀ ਗੱਡੀ ਨਾਲ ਦੋ ਸੁਰੱਖਿਆ ਜਿਪਸੀਆਂ ਵੀ ਚਲਦੀਆਂ ਹਨ ਅਤੇ ਇਹ ਤਿੰਨੇ ਵਾਹਨ ਪੈਟਰੋਲ ਵਾਹਨ ਹਨ।ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਬਣਨ ਉਪਰੰਤ ਪਿਛਲੇ ਛੇ ਸਾਲਾਂ ਤੋਂ ਇੱਕ ਹੀ ਵਾਹਨ ਦੀ ਵਰਤੋਂ ਕਰਦੇ ਆ ਰਹੇ ਹਨ ਅਤੇ ਇਹ ਸਾਰੇ ਵਾਹਨ ਸੱਤ ਲੱਖ ਕਿਲੋਮੀਟਰ ਤੋਂ ਵੱਧ ਚਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਬਤੌਰ ਪ੍ਰਧਾਨ ਉਨ੍ਹਾਂ ਦੀ ਪ੍ਰਮੁੱਖਤਾ ਇਹ ਰਹੀ ਹੈ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਸਿੱਖਾਂ ਨੂੰ ਦਰਪੇਸ਼ ਮਸਲਿਆਂ ਦੇ ਨਿਪਟਾਰੇ, ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਤੇ ਉਨ੍ਹਾਂ ਸਿੱਖਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋਇਆ ਜਾਵੇ।ਉਨ੍ਹਾਂ ਇਸ ਮਕਸਦ ਲਈ ਕਦੇ ਵੀ ਸਫ਼ਰ ਜਾਂ ਆਪਣੀ ਸਿਹਤ ਦੀ ਪ੍ਰਵਾਹ ਨਹੀਂ ਕੀਤੀ ਅਤੇ ਹਮੇਸ਼ਾ ਵੱਧ ਤੋਂ ਵੱਧ ਸਿੱਖ ਸੰਗਤਾਂ ਤੱਕ ਪਹੁੰਚਣ ਦਾ ਯਤਨ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਗੇ ਕਿਹਾ ਕਿ ਕੁਝ ਕੇਂਦਰੀ ਕੱਠਪੁਤਲੀਆਂ ਸਿੱਖ ਆਗੂਆਂ ਦੇ ਭੇਖ ਅੰਦਰ ਸਿੱਖ ਧਰਮ ਦੇ ਪ੍ਰਚਾਰ ਲਈ ਹਰ ਸਮੇਂ ਕੋਈ ਨਾ ਕੋਈ ਵਿਵਾਦ ਖੜਾ ਕਰਨ ਲਈ ਤੱਤਪਰ ਰਹਿੰਦੀਆਂ ਹਨ ਅਤੇ ਬਦਲੇ ਵਜੋਂ ਦਿੱਲੀ ਦਰਬਾਰ ਤੋਂ ਵੱਡੀਆਂ ਬਖ਼ਸ਼ੀਸ਼ਾਂ ਹਾਸਲ ਕਰਦੀਆਂ ਆ ਰਹੀਆਂ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੀਵਨ ਖੁਲ੍ਹੀ ਕਿਤਾਬ ਹੈ ਅਤੇ ਉਨ੍ਹਾਂ ਦਾ ਹਮੇਸ਼ਾ ਇਹ ਯਤਨ ਰਹਿੰਦਾ ਹੈ ਕਿ ਗੁਰੂ ਘਰ ਦੇ ਪੈਸੇ ਨੂੰ ਸੁਚੱਜੇ ਢੰਗ ਨਾਲ ਵਰਤਿਆ ਜਾਵੇ।
ਉਨ੍ਹਾਂ ਕਿਹਾ ਕਿ ਸਾਲ ਵਿੱਚ ਅੱਠ ਮਹੀਨੇ ਦੁਬਈ ਦੇ ਅੱਲਬੁਰਜ ਜਹੇ ਹੋਟਲਾਂ ਵਿੱਚ ਮਸਤੀ ਮਨਾਉਣ ਵਾਲੇ ਅਖੌਤੀ ਪੰਥਕ ਆਗੂ ਕਿਹੜੇ ਮੂੰਹ ਨਾਲ ਗੱਡੀਆਂ ਦੇ ਪੈਟਰੋਲ ਦੀ ਗੱਲ ਕਰਦੇ ਹਨ।ਉਨ੍ਹਾਂ ਕਿਹਾ ਕਿ ਇੱਕ ਪਾਸੇ ਉਹ ਸਾਢੇ ਛੇ ਸਾਲ ਪੁਰਾਣੀ ਕਾਰ ਦੀ ਵਰਤੋਂ ਕਰ ਰਹੇ ਹਨ, ਦੂਜੇ ਪਾਸੇ ਇਹ ਆਗੂ ਹਰ ਤੀਸਰੇ ਮਹੀਨੇ ਦੁਨੀਆ ਦੀ ਮਹਿੰਗੀ ਤੋਂ ਮਹਿੰਗੀ ਕਾਰ ਝੂਟਦੇ ਦੂਸਰਿਆਂ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਪੂਰੀ ਤਰਾਂ ਨਕਾਰੇ ਜਾ ਚੁੱਕੇ ਇਨ੍ਹਾਂ ਆਗੂਆਂ ਵੱਲੋਂ ਕਿਸੇ ਵੀ ਸੂਰਤ ਵਿੱਚ ਖ਼ਬਰਾਂ ਵਿੱਚ ਬਣੇ ਰਹਿਣ ਲਈ ਅਜਿਹੀ ਗੈਰ-ਜ਼ਰੂਰੀ ਬਿਆਨਬਾਜੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਚਹੇਤੇ ਰਹੇ ਇਨ੍ਹਾਂ ਆਗੂਆਂ ਨੇ ਜਿਥੇ ਪੰਜਾਬ ਅੰਦਰ ਆਪਣੇ ਰਿਸ਼ੇਤਦਾਰਾਂ ਦੇ ਸ਼ਰਾਬ ਦੇ ਵੱਡੇ ਕਾਰੋਬਾਰ ਸਥਾਪਤ ਕਰਵਾਏ ਉਥੇ ਕਾਂਗਰਸੀ ਆਗੂਆਂ ਦੇ ਕਾਲੇ ਧਨ ਨੂੰ ਆਪਣੇ ਦੁਬਈ ਵਿਚਲੇ ਕਾਰੋਬਾਰਾਂ ਵਿੱਚ ਲਗਵਾ ਕੇ ਦੂਹਰਾ ਫਾਇਦਾ ਖੱਟਿਆ।ਉਨ੍ਹਾਂ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ? ਉਨ੍ਹਾਂ ਸਿਰ ਤੋਂ ਪੈਰ ਤੱਕ ਭ੍ਰਿਵਿੱਚ ਅਖੌਤੀ ਆਗੂਆਂ ਨੂੰ ਕਿਹਾ ਕਿ ਉਹ ਕੁਝ ਬੋਲਣ ਤੋਂ ਪਹਿਲਾਂ ਆਪਣੇ ਤੱਥਾਂ ਦੀ ਜਰੂਰ ਪੜਤਾਲ ਕਰਨ ਨਹੀਂ ਫਿਰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।