ਨਿਊਯਾਰਕ- ਅਮਰੀਕਾ ਵਿੱਚ ਅੱਜ ਤੋਂ 10 ਸਾਲ ਪਹਿਲਾਂ ਜਾਲਮਾਨਾ ਅਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਪੂਰੇ ਵਿਸ਼ਵ ਵਿੱਚ ਯਾਦ ਕੀਤਾ ਗਿਆ। ਵਰਲਡ ਟਰੇਡ ਸੈਂਟਰ ਤੇ ਹੋਏ ਅਤਵਾਦੀ ਹਮਲੇ ਦੀ ਦਸਵੀਂ ਬਰਸੀ ਤੇ ਅਮਰੀਕੀ ਰਾਸ਼ਟਰਪਤੀ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ਲ ਨੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਅਤੇ ਉਨ੍ਹਾਂ ਦੀ ਪਤਨੀ ਲਾਰਾ ਬੁਸ਼ ਨਾਲ ਮਿਲ ਕੇ ਇਸ ਹਮਲੇ ਵਿੱਚ 3000 ਦੇ ਕਰੀਬ ਮਾਰੇ ਗਏ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਨਿਊਯਾਰਕ ਵਿੱਚ ਦਸ ਸਾਲ ਪਹਿਲਾਂ ਅੱਜ ਦੇ ਦਿਨ ਦਹਿਸ਼ਤਗਰਦਾਂ ਨੇ ਵਰਲਡ ਟਰੇਡ ਸੈਂਟਰ ਦੀਆਂ ਅਸਮਾਨ ਛੂੰਹਦੀਆਂ ਇਮਾਰਤਾਂ ਤੇ ਜਹਾਜਾਂ ਰਾਹੀਂ ਹਮਲਾ ਕਰਕੇ ਕੁਝ ਹੀ ਪਲਾਂ ਵਿੱਚ ਤਹਿਸ ਨਹਿਸ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪੇਂਟਾਗਨ ਅਤੇ ਪੈਨਸਿਲਾਵੈਨੀਆਂ ਵਿੱਚ ਵੀ ਹਮਲੇ ਹੋਏ ਸਨ। ਦਸ ਸਾਲ ਬੀਤ ਜਾਣ ਤੇ ਵੀ ਇਸ ਘਟਨਾ ਦਾ ਦੁੱਖ ਅੱਜੇ ਤੱਕ ਵੀ ਲੋਕਾਂ ਦੇ ਮਨਾਂ ਤੇ ਓਸੇ ਤਰ੍ਹਾਂ ਤਾਜ਼ਾ ਹੈ। ਸ਼ਰਧਾਂਜਲੀ ਸਮਾਗਮ ਦੌਰਾਨ ਮਾਰੇ ਗਏ ਸਾਰੇ ਲੋਕਾਂ ਦੇ ਨਾਂ ਪੜ੍ਹ ਕੇ ਸੁਣਾਏ ਗਏ। ਮਰਨ ਵਾਲਿਆਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਨਾਂ ਪੜ੍ਹੈ ਜਾਣ ਦੇ ਦੌਰਾਨ ਬਹੁਤ ਸਾਰੇ ਲੋਕ ਰੋ ਰਹੇ ਸਨ। ਮਰਨ ਵਾਲਿਆਂ ਦੇ ਨਾਂ ਮੈਮੋਰੀਅਲ ਦੀਆਂ ਕੰਧਾਂ ਤੇ ਲਿਖੇ ਗਏ ਹਨ। ਇਹ ਮੈਮੋਰੀਅਲ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਨਿਊਯਾਰਕ ਵਿੱਚ ਸੁਰੱਖਿਆ ਪ੍ਰਬੰਧ ਬਹੁਤ ਸਖਤ ਸਨ। ਪੇਂਟਾਗਨ ਅਤੇ ਪੈਨਸਿਲਾਵੈਨੀਆਂ ਵਿੱਚ ਵੀ ਮਰਨ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀ ਗਈਆਂ।