ਵਾਸਿੰਗਟਨ- ਅਮਰੀਕਾ ਦੀ ਸੰਸਦ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਹਿੰਦੂ ਅੱਤਵਾਦ ਵੱਧਦਾ ਹੀ ਜਾ ਰਿਹਾ ਹੈ।ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਿੰਦੂ ਅੱਤਵਾਦ ਇੱਕ ਨਵਾਂ ਅਤੇ ਵਿਵਾਦਗ੍ਰਸਤ ਮੁੱਦਾ ਬਣ ਗਿਆ ਹੈ।
ਸੀਆਰਐਸ ਵਲੋਂ ਜਾਰੀ ਰਿਪੋਰਟ ਵਿੱਚ ਸਮਝੌਤਾ ਐਕਸਪ੍ਰੈਸ ਅਤੇ ਮਾਲੇਗਾਂਵ ਬੰਬ ਧਮਾਕੇ ਦਾ ਵੀ ਜਿਕਰ ਕੀਤਾ ਗਿਆ ਹੈ। ਸਵਾਮੀ ਅਸੀਮਾਨੰਦ ਦੇ ਉਸ ਬਿਆਨ ਦਾ ਵੀ ਜਿਕਰ ਕੀਤਾ ਗਿਆ ਹੈ, ਜਿਸ ਵਿੱਚ ਉਸਨੇ ਸਮਝੌਤਾ ਐਕਸਪ੍ਰੈਸ ਅਤੇ ਮਾਲੇਗਾਂਵ ਬੰਬ ਧਮਾਕੇ ਵਿੱਚ ਆਪਣੀ ਭੂਮਿਕਾ ਸਵੀਕਾਰ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੇ ਇਤਿਜਾਸ ਵਿੱਚ ਹਿੰਦੂ ਅੱਤਵਾਦ ਦੇ ਮੁੱਦੇ ਤੇ ਪਹਿਲਾਂ ਕਦੇ ਵੀ ਏਨੇ ਵੱਡੇ ਪੈਮਾਨੇ ਤੇ ਚਰਚਾ ਨਹੀਂ ਹੋਈ ਜਿਸ ਤਰ੍ਹਾਂ ਹੁਣ ਹੋ ਰਹੀ ਹੈ।
ਇਸ ਗੱਲ ਦਾ ਵੀ ਜਿਕਰ ਕੀਤਾ ਹੈ ਕਿ ਹਿੰਦੂ ਰਾਸ਼ਟਰਵਾਦ ਦੇਸ਼ ਦੀ ਧਰਮ ਨਿਰਪੱਖਤਾ ਲਈ ਖਤਰਾ ਸਾਬਿਤ ਹੋ ਸਕਦਾ ਹੈ। ਇਸ ਦਾ ਭਾਰਤ ਦੀ ਰਾਸ਼ਟਰੀ ਮਾਨਸਿਕਤਾ ਤੇ ਡੂੰਘਾ ਪ੍ਰਭਾਵ ਪਿਆ ਹੈ।
ਇਹ ਰਿਪੋਰਟ ਸੀਆਰਐਸ ਵਲੋਂ ਤਿਆਰ ਕੀਤੀ ਗਈ ਹੈ। ਸੀਆਰਐਸ ਅਮਰੀਕੀ ਸੰਸਦ ਦਾ ਇੱਕ ਸੁਤੰਤਰ ਹਿੱਸਾ ਹੈ, ਜੋ ਕਿ ਵੱਖ-ਵੱਖ ਵਿਸਿ਼ਆਂ ਤੇ ਅਮਰੀਕੀ ਸੰਸਦ ਲਈ ਰਿਪੋਰਟਾਂ ਜਾਰੀ ਕਰਦਾ ਹੈ। ਰਿਪੋਰਟ ਵਿੱਚ ਮੋਦੀ ਦੀਆਂ ਸਿਫਤਾਂ ਵੀ ਕੀਤੀਆਂ ਗਈਆਂ ਹਨ ਕਿ ਉਸ ਨੇ 2002 ਦੇ ਸੰਪਰਦਾਇਕ ਦੰਗਿਆਂ ਤੋਂ ਬਾਅਦ ਆਪਣਾ ਅਕਸ ਸੁਧਾਰਨ ਦੀ ਕੋਸਿ਼ਸ਼ ਕੀਤੀ ਹੈ। ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਦੀ ਵੀ ਤਾਰੀਫ਼ ਕੀਤੀ ਗਈ ਹੈ।ਇਹ ਵੀ ਕਿਹਾ ਗਿਆ ਹੈ ਕਿ ਭਾਜਪਾ 2014 ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਮੋਦੀ ਨੂੰ ਅੱਗੇ ਲਿਆ ਸਕਦੀ ਹੈ।