ਸੈਨ ਫਰਾਂਸਿਸਕੋ, (ਬਲਵਿੰਦਰਪਾਲ ਸਿੰਘ ਖ਼ਾਲਸਾ)-ਅਮਰੀਕਾ ਉਤੇ ਦਸ ਸਾਲ ਪਹਿਲਾਂ 11 ਸੰਤਬਰ, 2001 ਨੂੰ ਹੋਏ ਵੱਡੇ ਅਤਵਾਦੀ ਹਮਲੇ ਦੀ ਦਸਵੀਂ ਯਾਦ ਨੂੰ ਮਨਾਉਣ ਲਈ ਪੂਰੇ ਅਮਰੀਕਾ ਵਿਚ, ਉਸ ਹਮਲੇ ਵਿਚ ਸ਼ਹੀਦ ਹੋਏ ਆਮ-ਖ਼ਾਸ ਲੋਕਾਂ, ਪੁਲੀਸ ਤੇ ਅੱਗ ਬੁਝਾਊ ਅਮਲੇ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਹੋਏ। ਮੁੱਖ ਸਮਾਗਮ, ਨਿਊਯਾਰਕ, ਵਾਸ਼ਿੰਗਟਨ ਡੀ.ਸੀ. ਤੇ ਪੈਨਸਿਲਵੇਨੀਆ ਵਿਚ ਹੋਏ। ਦਸ ਸਾਲ ਪਹਿਲਾਂ ਹੀ ਦਹਿਸ਼ਤਗਰਦਾਂ ਨਾਲ ਜਹਾਜ਼ ਵਿਚ ਹੀ ਲੜਦਿਆਂ ਹੋਇਆਂ ਸਵਾਰੀਆਂ ਨੇ ਜਹਾਜ਼ ਨੂੰ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਉਸਨੂੰ ਪੈਨਸਿਲਵੇਨੀਆ ਡੇਗ ਕੇ ਦਹਿਸ਼ਤਗਰਦਾਂ ਦੇ ਮਨਸੂਬੇ ਢਹਿਢੇਰੀ ਕਰਦਿਆਂ ਆਪਣੀਆਂ ਜਾਨਾਂ ਵੀ ਵਾਰ ਦਿੱਤੀਆ ਸਨ, ਉਨਾਂ ਦੀ ਯਾਦ ਵਿਚ ਇਕ ਖਾਸ ਸਮਾਗਮ ਸੈਨ ਫਰਾਂਸਿਸਕੋ ਵਿਚ ਹੋਇਆ, ਜਿਸ ਵਿਚ ਸ਼ਹਿਰ ਦੇ ਮੇਅਰ, ਪੁਲੀਸ ਮੁਖੀ, ਫਾਇਰ ਮਾਰਸ਼ਲ ਤੇ ਹੋਰ ਆਲਾ ਅਫਸਰਾਂ ਨੇ ਹਿੱਸਾ ਲਿਆ। ਅਮਰੀਕੀ ਝੰਡੇ ਨੀਵੇਂ ਝੁਲਾਏ ਗਏ। ਉਦਾਸ ਗੀਤ ਤੇ ਸੰਗੀਤ ਵਜਾਇਆ ਗਿਆ। ਸਿੱਖ ਕੌਮ ਦੇ ਉਭੱਰ ਰਹੇ ਵਾਇਲਿਨ ਕਲਾਕਾਰ ਰਾਗਿੰਦਰ ਸਿੰਘ ਨੇ ਸੋਜ਼ ਭਰੇ ਸੰਗੀਤ ਨਾਲ ਸਭ ਨੂੰ ਨਿਹਾਲ ਕੀਤਾ।
ਸੇਵਾ ਲਈ ਸਦਾ ਤੱਤਪਰ, ਸਿੱਖ ਕੌਮ ਦੀ ਸੇਵਾ-ਸਹਾਇਤਾ ਜਥੇਬੰਦੀ ਯੂਨਾਈਟਡ ਸਿਖਸ ਨੇ ਉਦਾਸ ਵਾਤਾਵਰਣ ਵਿਚ ਵੀ ਸੇਵਾ ਦਾ ਮੌਕਾ ਨਹੀਂ ਗਵਾਇਆ ਤੇ ਲੰਗਰ ਦੀ ਸੇਵਾ ਪੁਜੱਦੀ ਕੀਤੀ। ਜਥੇਬੰਦੀ ਦੇ ਸੇਵਾਦਾਰਾਂ ਨੇ ਸੈਨ ਫਰਾਂਸਿਸਕੋ ਦੀ ਪੁਲੀਸ, ਅੱਗ ਬੁਝਾਊ ਅਮਲੇ, ਉਨਾਂ ਦੇ ਪ੍ਰਵਾਰਾਂ ਤੇ ਹਮਲੇ ਦੇ ਕੁਝ ਪ੍ਰਭਾਵਤ ਪਰਵਾਰਾਂ ਦੀ ਸੇਵਾ ਕੀਤੀ। ਇਨਾਂ ਵਿਚ ਗੋਰੇ, ਕਾਲੇ, ਚੀਨੇ, ਫੀਨੇ, ਲਾਤੀਨੀ ਆਦਿ ਲੋਕਾਂ ਨੇ ਵੀ ਲੰਗਰ ਦਾ ਅਨੰਦ ਲਿਆ ਤੇ ਪ੍ਰਸ਼ੰਸਾ ਕੀਤੀ। ਯੂਨਾਈਟਡ ਸਿੱਖਸ ਵੱਲੋਂ ਖਾਸ ਤੌਰ ਤੇ ਛਪਵਾਈ ਗਈ ਪ੍ਰਚਾਰ ਸਮਗਰੀ ਵੀ ਵੰਡੀ ਗਈ ਜਿਸ ਵਿਚ ਸਿੱਖ ਧਰਮ, ਸਿੱਖ ਕੌਮ ਤੇ ਸਿੱਖ ਸਭਿਆਚਾਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਲੰਗਰ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਬਹੁਤ ਸਾਰੀ ਪੁਲੀਸ ਫੋਰਸ ਨੇ ਸਿੱਖ ਧਰਮ ਬਾਰੇ ਵਿਸ਼ੇਸ਼ ਦਿਲਚਸਪੀ ਵਿਖਾਈ ਤੇ ਬਹੁਤ ਸਾਰੀ ਜਾਣਕਾਰੀ ਹਾਸਲ ਲਈ । ਇਸ ਤੋਂ ਇਲਾਵਾ ਸ਼ਹਿਰ ਵਿਚਲੇ ਬੇਘਰਿਆਂ ਦੇ ਇਕ ਆਸ਼ਰਮ ਵਿਚ ਪੰਜ ਸੌ ਬੰਦਿਆਂ ਲਈ ਲੰਗਰ ਪੁਚਾਇਆ ਗਿਆ ਤੇ ਉਨਾਂ ਦੀਆਂ ਅਸੀਸਾਂ ਹਾਸਲ ਕੀਤੀਆ। ਗੁਰਦੁਆਰਾ ਸਾਹਿਬ ਫਰੀਮਾਂਟ ਤੇ ਗੁਰਦੁਆਰਾ ਸਾਹਿਬ ਐਲਸਬਰਾਂਟੇ ਦੇ ਪ੍ਰਬੰਧਕਾਂ ਤੇ ਸੰਗਤਾਂ ਨੇ ਬਹੁਤ ਸਾਰਾ ਸਹਿਯੋਗ ਤੇ ਸਹਾਇਤਾ ਕੀਤੀ। ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਬੱਚਿਆਂ ਨੇ ਵੀ ਸੇਵਾ ਵਿਚ ਵਧ ਚੜ ਕੇ ਹਿੱਸਾ ਲਿਆ।
ਹਰ ਸਮੇਂ ਸੇਵਾ ਭਾਵਨਾ ਨਾਲ ਭਰਪੂਰ, ਭਾਈ ਤਰਸੇਮ ਸਿੰਘ ਬੱਸਾਂ ਵਾਲਿਆਂ ਨੇ ਸੇਵਾਦਾਰਾਂ ਤੇ ਲੰਗਰ ਦੀ ਰਸਦ ਸੈਨ ਫਰਾਂਸਿਸਕੋ ਪੁਚਾਣ ਵਾਸਤੇ ਆਪ ਸੇਵਾ ਕੀਤੀ ।ਇਸ 11 ਸੰਤਬਰ, 2011 ਦੀ ਦਸ ਸਾਲਾ ਵਰੇਗੰਢ ਦੇ ਮੌਕੇ ਤੇ ਯੁਨਾਈਟਡ ਸਿਖਸ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨਿਯੂ ਯੌਰਕ ਅਤੇ ਟੈਕਸਸ ਵਿੱਚ ਵੀ ਵੱਖਰੇ ਵੱਖਰੇ ਪ੍ਰੋਗਰਮਾਂ ਵਿੱਚ ਹਿੱਸਾ ਲਿਆ ਗਿਆ।