ਚੰਡੀਗੜ੍ਹ:- ਬੀਤੇ ਦਿਨੀ ਜੰਮੂ ਕਸ਼ਮੀਰ ਵਿੱਚ ਅਤੇ 26 ਜਨਵਰੀ ਤੋਂ ਇੱਕ ਦਿਨ ਪਹਿਲੇ ਯੂ.ਪੀ. ਪੁਲਿਸ ਵੱਲੋਂ ਦਿੱਲੀ ਨੇੜੇ ਨੋਇਡਾ ਵਿੱਚ ਕ੍ਰਮਵਾਰ ਦੋ-ਦੋ ਮੁਸਲਿਮ ਨੋਜਵਾਨਾਂ ਨੂੰ ਪਾਕਿਸਤਾਨੀ ਐਲਾਨ ਕਰਕੇ ਹਿੰਦੋਸਤਾਨੀ ਫੋਰਸਾਂ ਵੱਲੋਂ ਮਾਰ-ਮੁਕਾਉਣ ਦੀ ਸ਼ੁਰੂ ਕੀਤੀ ਗਈ ਮਨੁੱਖਤਾ ਵਿਰੋਧੀ ਰਵਾਇਤ ਬਿਲਕੁਲ ਉਸੇ ਤਰ੍ਹਾਂ ਦੀ ਮੰਦਭਾਵਨਾ ਭਰੀ ਸੋਚ ਹੈ ਜਿਵੇਂ ਕਿ ਪਹਿਲਾ ਕਿਸੇ ਚੰਗੇ-ਭਲੇ ਨੂੰ ਪਾਗਲ ਕਰਾਰ ਦੇ ਦਿੱਤਾ ਜਾਵੇ, ਫਿਰ ਉਸ ਉੱਤੇ ਲਾਠੀਆਂ, ਗੋਲੀਆਂ ਵਰਸਾਉਣ ਦੀ ਹਰ ਇੱਕ ਨੂੰ ਸਮਾਜਿਕ ਇਜ਼ਾਜਤ ਖੁਦ-ਵ-ਖੁਦ ਮਿਲ ਜਾਂਦੀ ਹੈ। ਜੋ ਕਿ ਗੈਰ-ਕਾਨੂੰਨੀ ਅਤੇ ਗੈਰ-ਇਨਸਾਨੀਅਤ ਵਰਤਾਰਾ ਹੈ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜ਼ੋਰ ਨਿਖੇਧੀ ਕਰਦਾ ਹੈ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸ਼ਮੀਰ ਅਤੇ ਨੋਇਡਾ (ਯੂ.ਪੀ.) ਵਿੱਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤੇ ਗਏ ਮੁਸਲਿਮ ਨੋਜਵਾਨਾਂ ਨੂੰ, ਹਿੰਦੂ ਦਹਿਸ਼ਤਗਰਦੀ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਆਪਣੀ ਕੌਮਾਂਤਰੀ ਪਾਲਿਸੀ ਅਧੀਨ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ।
ਉਹਨਾਂ ਹਿੰਦੂਤਵ ਹਕੂਮਤ ਅਤੇ ਹਿੰਦੂ ਦਹਿਸ਼ਤਗਰਦਾਂ ਦੀ ਮੰਦਭਾਵਨਾ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿੱਚ ਪੰਜਾਬ, ਨਾਗਾਲੈਂਡ, ਆਸਾਮ, ਜੰਮੂ ਕਸ਼ਮੀਰ, ਮਿਜ਼ੋਰਮ, ਅਰੁਣਾਚਲ ਆਦਿ ਵਿੱਚ ਉਠੀਆਂ ਆਜ਼ਾਦੀ ਦੀਆਂ ਲਹਿਰਾਂ ਨੂੰ ਹਿੰਦ ਹਕੂਮਤ ਨੇ ਸਾਜ਼ਸੀ ਢੰਗਾਂ ਨਾਲ ਕੁਚਲਣ ਲਈ ਇੱਕੋ ਹੀ ਢੰਗ ਅਪਣਾਇਆ ਸੀ ਕਿ ਇਹਨਾਂ ਜਮਹੂਰੀਅਤ ਤੇ ਅਮਨ ਪਸੰਦ ਲਹਿਰਾਂ ਵਿੱਚ ਸਰਕਾਰੀ ਘੁਸਪੈਠ ਕਰਵਾ ਕੇ ਆਮ ਬੇਕਸੂਰ ਲੋਕਾਂ ਦੇ ਕਤਲ ਕਰਵਾਏ ਗਏ, ਧੀਆਂ ਭੈਣਾਂ ਨਾਲ ਬਲਾਤਕਾਰ ਕਰਵਾਏ ਗਏ, ਖਾਂਦੇ ਪੀਂਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਿਆ ਗਿਆ, ਖੁਦ ਆਪਣੀਆਂ ਸਰਕਾਰੀ ਏਜੰਸੀਆਂ ਰਾਹੀਂ ਬੰਬ ਵਿਸਫੋਟ ਕਰਵਾਏ ਗਏ। ਇਹਨਾਂ ਵਾਰਦਾਤਾਂ ਉਪਰੰਤ ਆਜ਼ਾਦੀ ਚਾਹੁਣ ਵਾਲੇ ਜ਼ੇਹਾਦੀ ਗਰੁੱਪਾ ਦੇ ਲੈਟਰ ਹੈੱਡ ਛਪਵਾ ਕੇ ਇਹਨਾਂ ਕਾਰਵਾਈਆਂ ਦੀ ਜਿੰਮੇਵਾਰੀ ਵੀ ਲਈਆਂ ਜਾਂਦੀਆਂ ਰਹੀਆਂ। ਤਾਂ ਕਿ ਆਜ਼ਾਦੀ ਦੀਆਂ ਲਹਿਰਾਂ ਦੀ ਅਗਵਾਈ ਕਰਨ ਵਾਲੇ ਗਰੁੱਪਾਂ ਅਤੇ ਕੌਮਾਂ ਨੂੰ ਸਮੁੱਚੇ ਮੁਲਕ ਵਿੱਚ ਬਦਨਾਮ ਕੀਤਾ ਜਾ ਸਕੇ ਤੇ ਫਿਰ ਉਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਮਾਰ-ਮੁਕਾਉਣ ਦੇ ਗੈਰ-ਮਨੁੱਖੀ ਲਾਇਸੰਸ ਵੀ ਇਹਨਾਂ ਨੇ ਲੈ ਲਏ। ਅੱਜ ਵੀ ਜੰਮੂ ਕਸ਼ਮੀਰ ਅਤੇ ਨੋਇਡਾ ਵਿੱਚ ਅੱਤਵਾਦੀ ਗਰਦਾਨ ਕੇ ਮੁਸਲਿਮ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੀ ਕਾਰਵਾਈ ਉਸੇ ਮੰਦਭਾਵਨਾ ਭਰੀ ਸੋਚ ਦੀ ਕੜੀ ਦਾ ਹਿੱਸਾ ਹੈ।
ਸ: ਮਾਨ ਨੇ ਕਿਹਾ ਕਿ ਅਸੀਂ ਹਿੰਦੂਤਵ ਹਿੰਦ ਹਕੂਮਤ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜੰਮੂ ਕਸ਼ਮੀਰ ਅਤੇ ਨੋਇਡਾ ਵਿੱਚ ਮਾਰੇ ਗਏ ਮੁਸਲਿਮ ਨੋਜਵਾਨ ਜੋ ਇਹਨਾਂ ਦੀ ਨਜ਼ਰ ਵਿੱਚ ਅੱਤਵਾਦੀ ਸਨ, ਉਹਨਾਂ ਨੂੰ ਜਾਨੋ ਮਾਰਨ ਦਾ ਅਧਿਕਾਰ ਕਿਹੜੇ ਕੌਮਾਂਤਰੀ ਕਾਨੂੰਨ ਜਾਂ ਹਿੰਦੋਸਤਾਨ ਦੇ ਵਿਧਾਨ ਨੇ ਦਿੱਤਾ ਹੈ? ਉਹਨਾਂ ਕਿਹਾ ਕਿ ਇਹ ਤਾਂ ਸ਼ਰੇਆਮ ਸਰਕਾਰੀ ਦਹਿਸ਼ਤਗਰਦੀ ਹੈ। ਜਿਸਨੂੰ ਹਿੰਦ ਹਕੂਮਤ ਪੜਾਅ ਦਰ ਪੜਾਅ ਸ਼ਾਜਿਸਾਂ ਰਾਹੀਂ ਅਮਲ ਵਿੱਚ ਲਿਆ ਰਹੀ ਹੈ। ਉਹਨਾਂ ਓ.ਆਈ.ਸੀ ਅਰਬ ਮੁਲਕਾਂ, ਯੂ ਐੱਨ ਓ, ਅਮਨੈੱਸਟੀ ਇੰਟਰਨੈਸ਼ਨਲ, ਇੰਟਰਨੈਸ਼ਨਲ ਕੋਰਟ ਆਫ ਹੇਗ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮ ਕੌਮਾਂਤਰੀ ਜਥੇਬੰਦੀਆਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਕਿ ਉਹ ਹਿੰਦ ਹਕੂਮਤ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾ ਰਹੇ ਮੁਸਲਿਮ ਨੋਜਵਾਨਾਂ ਅਤੇ ਭਾਜਪਾ ਦੀ ਫਿਰਕੂ ਜਮਾਤ ਵੱਲੋਂ ਇਸਾਈਆਂ ਉੱਤੇ ਕੀਤੇ ਜਾ ਰਹੇ ਜਾਨਲੇਵਾ ਹਮਲਿਆਂ ਤੇ ਇਨਸਾਨੀ ਹੱਕਾਂ ਦੀ ਰਖਵਾਲੀ ਲਈ ਅੱਗੇ ਆਉਣ ਤੇ ਮਨੁੱਖਤਾ ਦਾ ਘਾਣ ਹੋਣ ਤੋਂ ਰੋਕਣ ਲਈ ਆਪਣੇ ਫਰਜ਼ਾਂ ਦੀ ਪੂਰਤੀ ਕਰਨ।