ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲ੍ਹਾ ਅੰਮ੍ਰਿਤਸਰ ਸ਼ਹਿਰੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਪਰਦੀਪ ਸਿੰਘ ਵਾਲੀਆ ਵਲੋਂ ਸੀਨੀਅਰ ਅਕਾਲੀ ਆਗੂਆਂ ਖਿਲਾਫ ਕੀਤਾ ਜਾ ਰਹੀ ਦੂਸ਼ਣ ਬਾਜੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੰਥਕ ਮੋਰਚੇ ਦੇ ਉਮੀਦਵਾਰ ਸ: ਵਾਲੀਆ ਆਪਣੀ ਹਾਰ ਯਕੀਨੀ ਵੇਖ ਕੇ ਬੁਖਲਾ ਗਏ ਹਨ ਤੇ ਇਤਰਾਜ਼ ਸੋਗ ਇਸ਼ਤਿਹਾਰਾਂ ਰਾਹੀ ਸੀਨੀਅਰ ਅਕਾਲੀ ਆਗੂਆਂ ਦੀ ਕਿਰਦਾਰਕਸ਼ੀ ਕਰਨ ’ਤੇ ਉਤਰ ਆਏ ਹਨ। ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ: ਉਪਕਾਰ ਸਿੰਘ ਸੰਧੂ , ਕੌਂਸਲਰ ਸ਼ਮਸ਼ੇਰ ਸਿੰਘ ਸ਼ੇਰਾ, ਨਿਰਮਲ ਸਿੰਘ ਡਾਰੈਕਟਰ ਪਨਸਪ, ਹਰਦੇਵ ਸਿੰਘ ਸੰਧੂ ਸਰਕਲ ਪ੍ਰਧਾਨ, ਮਨਮੋਹਨ ਸਿੰਘ ਬੰਟੀ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਪ੍ਰਧਾਨ ਦਵਿੰਦਰ ਸਿੰਘ ਠੇਕੇਦਾਰ ਤੇ ਰਣਜੀਤ ਸਿੰਘ ਰਾਣਾ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਥਕ ਮੋਰਚੇ ਦੇ ਹਲਕਾ ਪੱਛਮੀ ਤੋਂ ਉਮੀਦਵਾਰ ਪਰਦੀਪ ਸਿੰਘ ਵਾਲੀਆ ਵਲੋਂ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਅਕਾਲੀ ਦਲ ਤੇ ਸੰਤ ਸਮਾਜ ਦੇ ਸਾਂਝੇ ਉਮੀਦਵਾਰਾਂ ਖਿਲਾਫ ਬੇਬੁਨਿਆਦ ਦੋਸ਼ ਲਾਉਂਦਿਆਂ ਬਦਨਾਮ ਕਰਨ ਦੀ ਕੋਸ਼ਿਸ਼ ਅਸਲ ਵਿਚ ਆਪਣੀ ਪਰਤੱਖ ਹਾਰ ਤੋਂ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਦੀ ਨਾਕਾਮ ਕੋਸ਼ਿਸ਼ ਹੈ। ਉਹਨਾਂ ਦੱਸਿਆ ਕਿ ਕੁਝ ਸ਼ਰਾਰਤੀਆਂ ਵਲੋਂ ਹਲਕਾ ਅੰਮ੍ਰਿਤਸਰ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਸ: ਬਾਵਾ ਸਿੰਘ ਗੁਮਾਨ ਪੁਰਾ ਅਤੇ ਬੀਬੀ ਕਿਰਨ ਜੋਤ ਕੌਰ ਦੇ ਹਲਕੇ ਵਿਚ ਲਗੇ ਪੋਸਟਰ ਪਾੜ ਕੇ ਸ: ਵਾਲੀਆ ਦੇ ਹੱਕ ਵਿਚ ਇਤਰਾਜ਼ ਯੋਗ ਪੋਸਟਰ ਲਗਾ ਰਹੇ ਸਨ ਕਿ ਉਹਨਾਂ ਨੂੰ ਅਜਿਹਾ ਕਰਨ ਤੋਂ ਅਕਾਲੀ ਵਰਕਰਾਂ ਨੇ ਜਦ ਵਰਜਿਆ ਤਾਂ ਸ਼ਰਾਰਤੀ ਅਨਸਰਾਂ ਜਿਨ੍ਹਾਂ ਦੀ ਅਗਵਾਈ ਸਿਮਰਨ ਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਕਰ ਰਹੇ ਸਨ ਨੇ ਅਕਾਲੀ ਵਰਕਰਾਂ ’ਤੇ ਹੀ ਧਾਵਾ ਬੋਲ ਦਿੱਤਾ। ਜਿਸ ਕਾਰਨ ਮਾਮੂਲੀ ਝਗੜਾ ਹੋਇਆ ਤੇ ਅਕਾਲੀ ਵਰਕਰਾਂ ਵਲੋਂ ਇਸ ਸੰਬੰਧੀ ਪੁਲਿਸ ਨੂੰ ਤੁਰੰਤ ਸੂਚਨਾ ਦੇ ਦਿੱਤੀ ਗਈ ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕਰਦਿਆਂ ਕੁਝ ਲੋਕਾਂ ਖਿਲਾਫ ਥਾਣਾ ਕੋਤਵਾਲੀ ਵਿਖੇ ਐਫਆਈਆਰ ਦਰਜ ਕਰਦਿਆਂ 171 ਏ ਤਹਿਤ ਕਾਰਵਾਈ ਕੀਤੀ ਗਈ। ਅਕਾਲੀ ਆਗੂਆਂ ਕਿਹਾ ਕਿ ਸੰਗਤਾਂ ਨੂੰ ਇਸ ਸਚਾਈ ਬਾਰੇ ਪੂਰੀ ਜਾਣਕਾਰੀ ਹੈ। ਉਹਨਾਂ ਕਿਹਾ ਕਿ ਅਕਾਲੀ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਨੂੰ ਮਿਲੀ ਕਾਮਯਾਬੀ ਪੰਥਕ ਤੇ ਗੈਰ ਪੰਥਕ ਦਾ ਨਿਬੇੜਾ ਪਹਿਲਾਂ ਹੀ ਕਰ ਦਿੱਤਾ ਹੋਇਆ ਹੈ। ਆਗੂਆਂ ਨੇ ਕਿਹਾ ਕਿ ਸੰਗਤਾਂ ਨੇ ਕਾਂਗਰਸ ਦੇ ਪਿੱਠੂ ਅਖੌਤੀ ਪੰਥਕ ਮੋਰਚੇ ਨੂੰ ਪੂਰੀ ਤਰਾਂ ਨਕਾਰ ਦਿੱਤਾ ਹੋਇਆ ਹੈ ਜਿਸ ਕਰਕੇ ਅਖੌਤੀ ਮੋਰਚੇ ਦੇ ਆਗੂ ਹੋਛੇ ਹਥਕੰਡਿਆਂ ’ਤੇ ਉਤਰ ਆਏ ਹਨ। ਉਹਨਾਂ ਕਲ ਚੋਣਾਂ ਦੌਰਾਨ ਸਮੇ ਸਿਰ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰਨ ਦੀ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਇਹਨਾਂ ਅਖੌਤੀ ਮੋਰਚੇ ਦੇ ਆਗੂਆਂ ਨੇ ਮੂੰਹ-ਤੋੜ ਜਵਾਬ ਦੇਣ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਪਾ ਕੇ ਜਿਤਾਉਣ ਤਾਂ ਕਿ ਇਹਨਾਂ ਅਖੌਤੀ ਮੋਰਚੇ ਦੇ ਆਗੂ ਕਾਂਗਰਸੀ ਪਿੱਠੂਆਂ ਨੂੰ ਭਜਣ ਲਈ ਰਾਹ ਨਾ ਲੱਭ ਸਕੇ ।