ਨਵੀਂ ਦਿੱਲੀ – ਦਿੱਲੀ ਸ੍ਰੋਮਣੀ ਅਕਾਲੀ ਦਲ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਹੋਈਆ ਧਾਂਦਲੀਆ ਲਈ ਬਾਦਲ ਅਕਾਲੀ ਦਲ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਬਾਦਲ ਦੀ ਜਿੱਤ ਦਾ ਇਹ ਫਤਵਾ ਸੰਗਤ ਦਾ ਨਹੀ ਸਗੋ ਬਾਦਲ ਦੀ ਬਾਬਰਸ਼ਾਹੀ ਦਾ ਹੈ ਫਿਰ ਵੀ ਉਹ ਇਸ ਨੂੰ ਪ੍ਰ੍ਹਵਾਨ ਕਰਦੇ ਹਨ ਅਤੇ ਬਾਦਲ ਨੂੰ ਵੰਗਾਰਦੇ ਹਨ ਕਿ ਜਿੰਨਾ ਚਿਰ ਤੱਕ ਉਹ ਬਾਦਲ ਦੀ ਬੇਈਮਾਨੀ ਦਾ ਬੋਰੀਆ ਬਿਸਤਰਾ ਗੁਰੂ ਦੀ ਗੋਲਕ ਦੇ ਸਿਹਰਾਣੇ ਕੋਲੋ ਗੋਲ ਨਹੀ ਦਿੰਦੇ ਉਨਾ ਚਿਰ ਤੱਕ ਚੁੱਪ ਕਰਕੇ ਨਹੀ ਬੈਠਣਗੇ ਅਤੇ ਜਲਦੀ ਉਹ ਪੰਜਾਬ ਵਿੱਚ ਇੱਕ ਮਜਬੂਤ ਤੇ ਪੰਥ ਪ੍ਰਸਤ ਅਕਾਲੀ ਦਲ ਲੈ ਕੇ ਆਉਣਗੇ ਜਿਹੜਾ ਬਾਦਲ ਦੇ ਲੋਟੂ ਦਲ ਦਾ ਮੁਕਾਬਲਾ ਕਰ ਸਕੇ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਦਲ ਨੇ ਤਾਂ ਇਹ ਐਲਾਨ ਕੀਤਾ ਸੀ ਕਿ ਪੰਥਕ ਮੋਰਚੇ ਨੂੰ ਸ੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚ ਖਾਤਾ ਨਹੀ ਖੋਹਲਣ ਦੇਣਾ ਪਰ ਉਹਨਾਂ ਦੇ ਚਾਰ ਉਮੀਦਵਾਰ ਜਿੱਤ ਚੁੱਕੇ ਹਨ ਅਤੇ ਪੰਥਕ ਮੋਰਚਾ ਇੰਨੀਆ ਵੱਡੀ ਪੱਧਰ ਤੇ ਹੋਈਆ ਧਾਂਦਲੀਆ ਦੇ ਬਾਵਜੂਦ ਵੀ ਖਾਤਾ ਖੋਹਲਣ ਵਿੱਚ ਕਮਾਯਾਬ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਇੱਕ ਬੇਈਮਾਨ ਵਿਅਕਤੀ ਹੈ ਅਤੇ ਇਸ ਦੀ ਬੇਈਮਾਨੀ ਉਸੇ ਦਿਨ ਹੀ ਸਾਹਮਣੇ ਆ ਗਈ ਸੀ ਜਦੋਂ ਇਸ ਨੇ ਸ਼੍ਰੋਮਣੀ ਕਮੇਟੀ ਦੀਆ 18 ਲੱਖ ਅਸਲੀ ਲੋਕਾਂ ਦੀਆ ਬਣਨ ਤੋਂ ਬਾਅਦ 36 ਲੱਖ ਜਾਅਲੀ ਵੋਟਾਂ ਇੱਕ ਹਫਤੇ ਵਿੱਚ ਬਣਾ ਲਈਆ ਸਨ। ਉਹਨਾਂ ਕਿਹਾ ਕਿ ਬਾਦਲ ਦੀ ਇਸ ਬਦਨੀਅਤ ਤੇ ਜਾਅਲੀ ਵੋਟਾਂ ਬਾਰੇ ਉਹਨਾਂ ਨੇ ਥੱਲੇ ਤੋਂ ਲੈ ਕੇ ਉਪਰ ਤੱਕ ਹਰੇਕ ਸਰਕਾਰੀ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਸੀ ਪਰ ਕਿਸੇ ਨੇ ਵੀ ਕੋਈ ਕਾਰਵਾਈ ਨਹੀ ਕੀਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਖਦਸ਼ਾਂ ਸੀ ਕਿ ਬਾਦਲਕੇ ਚੋਣਾਂ ਹੇਰਾ ਫੇਰੀ ਤੇ ਧਾਂਦਲੀ ਜਰੂਰ ਕਰਨਗੇ ਅਤੇ ਇਸ ਬਾਰੇ ਵੀ ਉਹਨਾਂ ਨੇ ਬਾਰ ਬਾਰ ਗੁਰੂਦੁਆਰਾ ਚੋਣ ਕਮਿਸ਼ਨ ਨੂੰ ਪੱਤਰ ਲਿਖ ਕ ਜਾਣਕਾਰੀ ਦਿੱਤੀ ਅਤੇ ਵੋਟਾਂ ਤੋਂ ਪਹਿਲਾਂ ਵੋਟਰ ਸ਼ਨਾਖਤੀ ਕਾਰਡ ਬਣਾਉਣ ਅਤੇ ਵੋਟਾਂ ਦੀ ਵੀਡੀਓਗਰਾਫੀ ਕਰਨ ਦੀ ਮੰਗ ਕੀਤੀ ਸੀ ਪਰ ਚੋਣ ਕਮਿਸ਼ਨ ਨੇ ਉਹਨਾਂ ਦੀ ਮੰਗ ਵੱਲ ਕੋਈ ਧਿਆਨ ਨਹੀ ਦਿੱਤਾ ਸਗੋਂ ਆਪਣੀ ਬੇਟੀ ਨੂੰ ਬਾਦਲ ਕੋਲੋ ਡਿਪਟੀ ਐਡਵੋਕੇਟ ਜਨਰਲ ਬਣਵਾਉਣ ਦਾ ਅਹਿਸਾਨ ਚੁਕਾਉਣ ਲਈ ਹਰ ਗੱਲ ਵਿੱਚ ਬਾਦਲ ਦਾ ਹੀ ਪੱਖ ਪੂਰਦਾ ਰਿਹਾ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਅਖਬਾਰ ਨੇ ਆਪਣੀ ਲਿਖਤ ਤੇ ਫੋਟੋਆ ਛਾਪ ਕੇ ਲੋਕਾਂ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੋਟਰ ਸਿੱਖ ਨਹੀ ਸਗੋਂ ਪ੍ਰਵਾਸੀ ਮਜਦੂਰ, ਪਤਿਤ ਤੇ ਹੋਰ ਧਰਮਾਂ ਦੇ ਲੋਕ ਹਨ। ਉਹਨਾਂ ਕਿਹਾ ਕਿ ਜੇਕਰ ਚੋਣਾਂ ਨਾਲ ਸਬੰਧਿਤ ਕਿਸੇ ਵੀ ਅਧਿਕਾਰੀ ਦੀ ਜਮੀਰ ਜਾਗਦੀ ਹੁੰਦੀ ਤਾਂ ਉਹ ‘ਸੁਓ ਮੋਟੋ’ ਲੈ ਕੇ ਜਰੂਰ ਕੋਈ ਕਾਰਵਾਈ ਕਰਦਾ। ਉਹਨਾਂ ਕਿਹਾ ਕਿ ਜਾਅਲੀ ਵੋਟਾਂ ਬਣਾਉਣ ਤੋਂ ਇਲਾਵਾ ਹਜਾਰਾ ਹੀ ਸਿੱਖਾਂ ਦੀਆ ਵੋਟਾਂ ਬਣਾਈਆ ਨਹੀ ਗਈਆ ਅਤੇ ਕਈ ਸਿੱਖਾਂ ਦੀਆ ਵੋਟਾਂ ਤਾਂ ਬਾਦਲਕਿਆ ਬੇਈਮਾਨ ਨਾਲ ਬਣੀਆ ਹੀ ਕੱਟਵਾ ਦਿੱਤੀਆ ਤੇ ਬਾਕੀ ਬੱਚੀਆ ਜਾਅਲੀ ਵੋਟਰਾਂ ਕੋਲੋ ਪੋਲ ਕਰਵਾ ਦਿੱਤੀਆ, ਜਦੋਂ ਅਸਲੀ ਵੋਟਰ ਵੋਟ ਪਾਉਣ ਲਈ ਪੁੱਜਾ ਤਾਂ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਉਸ ਦੀ ਵੋਟ ਪੈ ਚੁੱਕੀ ਹੈ।
ਉਹਨਾਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਭਾਂਵੇ ਬਾਦਲ ਨੇ ਬੇਈਮਾਨੀ ਨਾਲ ਚੋਣਾਂ ਜਿੱਤ ਲਈਆ ਹਨ ਪਰ ਚੋਣਾਂ ਦੌਰਾਨ ਉਹਨਾਂ ਨੂੰ ਸਾਰਾ ਪੰਜਾਬ ਘੁੰਮਣ ਦਾ ਮੌਕਾ ਮਿਲਿਆ ਤੇ ਉਹਨਾਂ ਵੇਖਿਆ ਕਿ ਬਾਦਲ ਦਲ ਦੀਆ ਨੀਤੀਆ ਕਾਰਨ ਪੰਜਾਬ ਦੇ 95 ਫੀਸਦੀ ਲੋਕ ਨਸ਼ਈ ਤੇ ਪਤਿਤ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਕਈ ਮਾਪੇ ਉਹਨਾਂ ਨੂੰ ਆ ਕੇ ਮਿਲੇ ਵੀ ਤਾਂ ਉਹਨਾਂ ਨੇ ਭਰੇ ਹੋਏ ਮਨ ਨਾਲ ਕਿਹਾ ਕਿ ਬਾਦਲ ਦੇ ਰਾਜ ਵਿੱਚ ਨਾ ਤਾ ਰੁਜਗਾਰ ਹੈ ਅਤੇ ਨਾ ਹੀ ਪੁਗਾਰ ਹੈ ਪਰ ਹਰ ਪਾਸੇ ਨਸ਼ੀਲੇ ਪਦਾਰਥਾਂ ਦਾ ਬੋਲਬਾਲਾ ਜਰੂਰ ਹੈ ਜਿਹੜਾ ਉਹਨਾਂ ਦੇ ਬੱਚਿਆ ਲਈ ਇੱਕ ਨਾਮੁਰਾਦ ਬੀਮਾਰੀ ਤੋ ਵੱਧ ਕੁਝ ਨਹੀ ਹੈ। ਉਹਨਾਂ ਕਿਹਾ ਕਿ ਇਹਨਾਂ ਨੇ ਉਹਨਾਂ ਕੋਲ ਵਾਸਤਾ ਪਾਇਆ ਸੀ ਕਿ ਪੰਜਾਬ ਨੂੰ ਜੇਕਰ ਬਚਾਇਆ ਜਾ ਸਕਦਾ ਹੈ ਤਾਂ ਬਚਾ ਲਉ ਨਹੀ ਤਾਂ ਕਿਸੇ ਵੇਲੇ ਮੱਲਾ ਵਾਲਾ ਪੰਜਾਬ ਨਸ਼ੇ ਦੇ ਛੇਵੇ ਦਰਿਆ ਵਿੱਚ ਰੁੜ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਦਸ ਦਿਨਾਂ ਦੇ ਦੌਰੇ ਜਿਹੜਾ ਮਾਣ ਤੇ ਸਤਿਕਾਰ ਦਿੱਤਾ ਸੀ ਉਸ ਲਈ ਉਹ ਸੰਗਤਾਂ ਦੇ ਧੰਨਵਾਦੀ ਹਨ ਅਤੇ ਪੰਜਾਬ ਦੀਆ ਸੰਗਤਾਂ ਨਾਲ ਵਾਅਦਾ ਕਰਦੇ ਹਨ ਕਿ ਪੰਜਾਬ ਨੂੰ ਬਾਦਲ ਦੀ ਭੁੱਕੀ, ਸ਼ਰਾਬ, ਅਫੀਮ ਹੀਰੋਇਨ ਤੇ ਸਮੈਕ ਵਰਗੀਆ ਅਲਮਤਾਂ ਤੋਂ ਬਚਾਉਣ ਲਈ ਜਲਦੀ ਦਿੱਲੀ ਕਮੇਟੀ ਕੋਈ ਉਪਰਾਲਾ ਜਰੂਰ ਕਰੇਗੀ। ਉਹਨਾਂ ਸੰਗਤਾਂ ਨੂੰ ਭਰੋਸਾ ਦਿੰਦਿਆ ਕਿਹਾ ਕਿ ਕਾਠ ਹੱਡੀ ਬਾਰ ਬਾਰ ਨਹੀ ਚੜਦੀ ਇਸ ਲਈ ਉਹ ਸਤਿਗੁਰੂ ਤੇ ਭਰੋਸਾ ਰੱਖਣ ਕਿਉਕਿ ਸਤਿਗੂਰੂ ਸਭ ਕੁਝ ਦੇਖ ਰਹੇ ਹਨ ਅਤੇ ਜਲਦੀ ਹੀ ਕੋਈ ਹੱਲ ਜਰੂਰ ਨਿਕਲ ਆਵੇਗਾ।