ਅੰਮ੍ਰਿਤਸਰ -ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਗੜਬੜੀ ਹੋਣ ਦੇ ਲਾਏ ਗਏ ਇਲਜ਼ਾਮ ਨੂੰ ਮੂਲੋਂ ਰੱਦ ਕਰਦਿਆਂ ੳਹਨਾਂ ਵਲੋਂ ਸ: ਪ੍ਰਕਾਸ਼ ਸਿੰਘ ਬਾਦਲ ਤੇ ਸ: ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ੀ ਮੰਗਣ ਲਈ ਕਹਿਣ ’ਤੇ ਇਸ ਨੂੰ ਇਕ ਹਾਰੇ ਹੋਏ ਵਿਅਕਤੀ ਦੀ ਬਿਮਾਰ ਮਾਨਸਿਕਤਾ ਦੀ ਉਪਜ ਕਰਾਰ ਦਿਤਾ। ਉਹਨਾਂ ਕੈਪਟਨ ’ਤੇ ਪਲਟਵਾਰ ਕਰਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਕਾਂਗਰਸ ਦੀ ਸਿੱਧੀ ਦਖਲ ਅੰਦਾਜ਼ੀ ਸਾਹਮਣੇ ਆਉਣ ’ਤੇ ਕੈਪਟਨ ਨੂੰ ਖੁਦ ਸੰਗਤਾਂ ਤੋਂ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ।
ਸ: ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਆਪਣੇ ਜੋਟੀਦਾਰਾਂ ਦੀ ਅਗਵਾਈ ਵਾਲੀ ਅਖੌਤੀ ਪੰਥਕ ਮੋਰਚੇ ਦਾ ਪੂਰੀ ਤਰਾਂ ਸਫਾਇਆ ਹੋ ਜਾਣ ਅਤੇ ਅਕਾਲੀ ਦਲ ਬਾਦਲ ਅਤੇ ਸੰਤ ਸਮਾਜ ਦੇ ਸਾਂਝੇ ਉਮੀਦਵਾਰਾਂ ਦੀ ਹੂੰਝਾ ਫੇਰੂ ਜਿੱਤ ਵੇਖ ਕੇ ਕੈਪਟਨ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ। ਉਹਨਾਂ ਕੈਪਟਨ ਨੂੰ ਬੌਖਲਾਹਟ ਵਿਚ ਆਕੇ ਆਧਾਰ ਰਹਿਤ ਗੱਲਾਂ ਕਰਨ ਨਾਲੋਂ ਲੋਕ ਫਤਵੇ ਦਾ ਸਨਮਾਨ ਕਰਨ ਦੀ ਨਸੀਹਤ ਦਿੱਤੀ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਨੇ ਅਖੌਤੀ ਮੋਰਚੇ ਨੂੰ ਨਮੋਸ਼ੀ ਜਨਕ ਹਾਰ ਦੇ ਕੇ ਕੈਪਟਨ ਦੀ ਸ਼੍ਰੋਮਣੀ ਕਮੇਟੀ ’ਤੇ ਆਪਣੇ ਪਿੱਠੂਆਂ ਰਾਹੀਂ ਕਬਜ਼ਾ ਜਮਾਉਣ ਦੇ ਮਨਸ਼ੇ ’ਤੇ ਪਾਣੀ ਫੇਰ ਦਿੱਤਾ ਹੈ। ਪੈ¤੍ਰਸ ਸਕੱਤਰ ਪ੍ਰੋ: ਸਰਚਾਂਦ ਸਿੰਘ ਰਾਹੀਂ ਜਾਰੀ ਇੱਕ ਬਿਆਨ ਵਿਚ ਸ: ਮਜੀਠੀਆ ਨੇ ਅਕਾਲੀ ਦਲ ਦੀ ਹੂੰਝਾ ਫੇਰੂ ਜਿੱਤ ’ਤੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਸੰਗਤਾਂ ਵਲੋਂ ਮਿਲਿਆ ਇਹ ਫਤਵਾ ਅਸਲ ਵਿਚ ਅਕਾਲੀ ਦਲ ’ਤੇ ਲੋਕਾਂ ਦੇ ਭਰੋਸੇ ਦੀ ਜਿੱਤ ਹੈ ਅਤੇ ਲੋਕਾਂ ਵਲੋਂ ਅਕਾਲੀ ਦਲ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਹੈ। ਸ: ਮਜੀਠੀਆ ਨੇ ਚੋਣਾਂ ਦੌਰਾਨ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਸਮੁੱਚੀ ਚੋਣ ਪ੍ਰਕਿਰਿਆ ਪੂਰੇ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਅਤੇ ਅਕਾਲੀ ਦਲ ਤੇ ਸੰਤ ਸਮਾਜ ਦੇ ਸਾਂਝੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਪਾ ਕੇ ਇਤਿਹਾਸਕ ਹੁੰਝਾ ਫੇਰੂ ਜਿੱਤ ਦਿਵਾਉਣ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੀਆਂ ਸਮੂਹ ਸਿੱਖ ਸੰਗਤਾਂ ਤੇ ਹਮਾਇਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਇਹ ਜਿੱਤ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀਆਂ ਉੱਸਾਰੂ ਤੇ ਵਿਕਾਸਸ਼ੀਲ ਨੀਤੀਆਂ ਅਤੇ ਵਰਕਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਕਾਂਗਰਸ ਦੇ ਪਿੱਠੂਆਂ ਨੂੰ ਕਰਾਰੀ ਹਾਰ ਦੇ ਕੇ ਪੂਰੀ ਤਰਾਂ ਸਫਾਇਆ ਕਰਦਿਆਂ ਸਿੱਖ ਸੰਗਤਾਂ ਨੇ ਇਹ ਦਰਸਾ ਦਿੱਤਾ ਹੈ ਕਿ ਸਿੱਖ ਹਿਰਦਿਆਂ ਵਿਚ ਅਤੇ ਖਾਸ ਕਰ ਪੰਜਾਬ ਦੀ ਸਿਆਸੀ ਸਰਜ਼ਮੀਨ ’ਤੇ ਕਾਂਗਰਸ ਜਾਂ ਇਸ ਦੇ ਜੋਟੀਦਾਰਾਂ ਅਖੌਤੀ ਪੰਥਕ ਮੋਰਚੇ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਕਾਂਗਰਸ ਦੇ ਪਿੱਠੂਆਂ ਨੇ ਇਤਿਹਾਸ ਤੋਂ ਕਦੀ ਕੋਈ ਸਬਕ ਨਹੀਂ ਲਿਆ, ਕਾਂਗਰਸੀ ਪਿੱਠੂਆਂ ਦੀ ਹਸ਼ਰ ਸੰਬੰਧੀ ਗਲ ਕਰਦਿਆਂ ਉਹਨਾਂ ਕਿਹਾ ਕਿ ਕਾਂਗਰਸ ਦੀ ਹਮਾਇਤ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਲਿਆਂ ਨੂੰ ਅਤੀਤ ਦੌਰਾਨ ਵੀ ਸਿੱਖ ਸੰਗਤਾਂ ਤੋਂ ਵਾਰ ਵਾਰ ਮੂੰਹ ਦੀ ਖਾਣੀ ਪਈ। ਉਹਨਾਂ ਕਿਹਾ ਕਿ ਹਰਿਆਣਾ ਵਿਚ ਅਕਾਲੀ ਦਲ ਦੀ ਜਿੱਤ ਨੇ ਕਾਂਗਰਸ ਵਲੋਂ ਹਰਿਆਣਾ ਦੇ ਗੁਰਧਾਮਾਂ ਨੂੰ ਸ਼੍ਰੋਮਣੀ ਕਮੇਟੀ ਨਾਲੋਂ ਵੱਖ ਕਰਨ ਦੀ ਸਾਜ਼ਿਸ਼ ਦਾ ਵੀ ਠੋਕਵਾਂ ਜਵਾਬ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਕਲ ਪੰਥਕ ਮੋਰਚੇ ਕੋਲ ਬੂਥਾਂ ’ਤੇ ਬਹਿਣ ਲਈ ਬੰਦੇ ਨਾ ਹੋਣ ਕਾਰਨ ਕਾਂਗਰਸ ਨੇ ਹੀ ਚੋਣਾਂ ਦੀ ਪੂਰੀ ਕਮਾਨ ਸੰਭਾਲੀ ਹੋਈ ਸੀ। ਉਹਨਾਂ ਕਿਹਾ ਚੋਣ ਨਤੀਜੇ ਇਸ ਗਲ ਦਾ ਗਵਾਹ ਹਨ ਕਿ ਕਾਂਗਰਸ ਵਲੋਂ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਸਮੁੱਚੀਆਂ ਕੋਝੀਆਂ ਚਾਲਾਂ ਨੂੰ ਸਿੱਖ ਸੰਗਤਾਂ ਨੇ ਪੂਰੀ ਤਰਾਂ ਨਕਾਰ ਕੇ ਰਖ ਦਿੱਤਾ ਹੈ। ਉਹਨਾਂ ਕਿਹਾ ਕਿ ਇਨ੍ਹਾਂ ਚੋਣ ਨਤੀਜਿਆਂ ਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪਰਤੱਖ ਨਜ਼ਰ ਆਵੇਗਾ। ਉਹਨਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਕੁਸ਼ਾਸਨ, ਭ੍ਰਿਸ਼ਟਾਚਾਰ ਤੇ ਘੁਟਾਲਿਆਂ ਨੇ ਦੇਸ਼ ਨੂੰ ਖੋਖਲਿਆਂ ਕਰਕੇ ਰਖ ਦਿੱਤਾ ਹੈ। ਮਹਿੰਗਾਈ ਤੇ ਤੇਲ ਕੀਮਤਾਂ ਵਿਚ ਕੀਤੇ ਗਏ ਬੇਤਹਾਸ਼ਾ ਵਾਧੇ ਨੇ ਲੋਕਾਂ ਨੂੰ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਜਿਸ ਦਾ ਜਵਾਬ ਲੋਕ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਲੱਕ ਤੋੜਵੀਂ ਹਾਰ ਦੇ ਕੇ ਦੇਣਗੇ।