ਨਿਊਯਾਰਕ- ਯੌਰਪ ਦੇ ਦੇਸ਼ਾਂ ਵਿੱਚ ਕਰਜ਼ੇ ਦੇ ਸੰਕਟ ਕਰਕੇ ਅਸਥਿਰਤਾ ਦੀ ਸਥਿਤੀ ਬਣੀ ਹੋਈ ਹੈ, ਜਿਸ ਕਰਕੇ ਅਮਰੀਕੀ ਮੁਦਰਾ ਦੀ ਮੰਗ ਵੱਧ ਗਈ ਹੈ। ਡਾਲਰ ਦੀ ਮੰਗ ਵਧਣ ਨਾਲ ਭਾਰਤੀ ਰੁਪੈ ਦੀ ਹਾਲਤ ਪਤਲੀ ਪੈ ਰਹੀ ਹੈ। ਅੰਤਰਰਾਸ਼ਟਰੀ ਮਾਰਕਿਟ ਵਿੱਚ ਅਮਰੀਕੀ ਮੁਦਰਾ ਦੀ ਤੁਲਨਾ ਵਿੱਚ 24 ਪੈਸੇ ਟੁਟ ਕੇ 48.06 ਰੁਪੈ ਪ੍ਰਤੀ ਡਾਲਰ ਤੇ ਪੰਹੁਚ ਗਿਆ ਹੈ। ਇਹ ਪਿੱਛਲੇ ਦੋ ਸਾਲ ਤੋਂ ਰੁਪੈ ਦਾ ਸੱਭ ਤੋਂ ਹੇਠਲਾ ਸੱਤਰ ਹੈ। ਸੋਮਵਾਰ ਤੇ ਮੰਗਲਵਾਰ ਦੋਵੇਂ ਦਿਨ ਰੁਪੈ ਵਿੱਚ ਗਿਰਾਵਟ ਆਈ ਹੈ।
ਸਟੈਂਡਰਡ ਐਂਡ ਪੂਅਰਸ ਕਰੈਡਿਟ ਰੇਟਿੰਗ ਏਜੰਸੀ ਨੇ ਸੋਮਵਾਰ ਨੂੰ ਇੱਟਲੀ ਦੀ ਸਾਖ ਨੂੰ ਹੇਠਾਂ ਸੁੱਟ ਦਿੱਤਾ ਸੀ। ਇਸ ਨਾਲ ਯੌਰਪ ਵਿੱਚ ਕਰਜ਼ ਸੰਕਟ ਦੀ ਸੰਭਾਵਨਾ ਹੋਣ ਕਰਕੇ ਇਸ ਖੇਤਰ ਦੀਆਂ ਚਿੰਤਾਵਾਂ ਵਿੱਚ ਵਾਧਾ ਹੋਇਆ ਹੈ। ਇਸ ਕਰਕੇ ਅਮਰੀਕੀ ਡਾਲਰ ਦੀ ਸਥਿਤੀ ਮਜ਼ਬੂਤ ਬਣੀ ਹੋਈ ਹੈ। ਡਾਲਰ ਦੀ ਸਥਿਰਤਾ ਕਰਕੇ ਇੰਡੀਅਨ ਰੁਪੈ ਦਾ ਮੁੱਲ ਵੀ ਪ੍ਰਭਾਵਿਤ ਹੋ ਰਿਹਾ ਹੈ।