ਪੰਜਾਬ ਵਿੱਚ ਨਸਿ਼ਆਂ ਦਾ ਛੇਵਾਂ ਦਰਿਆ

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦ ਧਰਮ ਪ੍ਰਚਾਰ ਹਿਤ ਮਾਲਵੇ ਦੇ ਇਲਾਕੇ ਵਿਚ ਪਹੁੰਚੇ ਤਾਂ ਰਸਤੇ ਵਿਚ ਇਕ ਥਾਂ ਗੁਰੂ ਜੀ ਦਾ ਘੋੜਾ ਰੁਕ ਗਿਆ। ਗੁਰੂ ਪਾਤਸ਼ਾਹ ਦੇ ਨਾਲ ਸਿੱਖਾਂ ਨੇ ਘੋੜੇ ਨੂੰ ਕਾਫੀ ਪੁਚਕਾਰਿਆ ਪਰ ਘੋੜਾ ਅੱਗੇ ਨਾ ਤੁਰੇ। ਜਦ ਗੁਹ ਨਾਲ ਵੇਖਿਆ ਤਾਂ ਪਤਾ ਲੱਗਾ ਕਿ ਜਿਸ ਖੇਤ ਵਿੱਚ ਘੋੜਾ ਅੱਗੇ ਨਹੀਂ ਜਾ ਰਿਹਾ ਸੀ, ੳੱਥੇ ਤੰਬਾਕੂ ਬੀਜਿਆ ਹੋਇਆ ਸੀ।
ਪਰ ਅਜੋਕੀ ਸਥਿਤੀ ਦੇਖ ਕੇ ਡਾਢਾ ਅਫਸੋਸ ਹੁੰਦਾ ਹੈ ਕਿ ਅੱਜ ਮਨੁੱਖਤਾ ਇਤਨੇ ਨੀਵੇਂ ਪੱਧਰ ਤੇ ਡਿੱਗ ਚੁਕੀ ਹੈ ਕਿ ਗੁਰੂ ਦੇ ਸਿੱਖ ਕਹਾਉਣ ਵਾਲੇ ਸਿਰਫ ਤੰਬਾਕੂ ਹੀ ਨਹੀਂ, ਇਸ ਤੋਂ ਵੀ ਘਟੀਆ ਪੱਧਰ ਦੇ ਨਸ਼ੇ, ਸ਼ਰਾਬ, ਭੁੱਕੀ, ਚਰਸ, ਗਾਂਜਾ, ਅਫੀਮ, ਸਮੈਕ ਆਦਿ ਕਰਕੇ ਪੱਛਮੀ ਸੱਭਿਅਤਾ ਦੀ ਨਕਲ ਕਰਦਿਆਂ ਆਪਣੇ ਅਮੀਰ ਵਿਰਸੇ ਨੂੰ ਮਿੱਟੀ ਵਿੱਚ ਰੋਲ ਰਹੇ ਹਨ।
ਅੱਜ ਜਦੋਂ ਪੰਜਾਬ ਦੇ ਗੱਭਰੂ ਪੁੱਤਾਂ ਵਲ ਝਾਤ ਮਾਰੀਏ ਤਾਂ 80% ਤੋਂ ਉੱਪਰ ਨੌਜਵਾਨ ਨਸ਼ਿਆਂ ਵਰਗੀ ਭੈੜੀ ਬੀਮਾਰੀ ਦੇ ਸ਼ਿਕਾਰ ਹੋ ਚੁੱਕੇ ਹਨ। ਅੱਜ ਸ਼ਰਾਬ ਨੂੰ “ਸ਼ੋਸ਼ਲ ਡਰਿੰਕ” ਦਾ ਨਾਮ ਦਿੱਤਾ ਗਿਆ। ਜਦਕਿ ਸ਼ਰਾਬ ਦੀ ਹਰ ਬੋਤਲ ਉਪਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਅਤੇ ਅਫ਼ਸੋਸ ਸਾਡੇ ਸਮਾਜ ਦਾ ਪੜਿਆ ਲਿਖਿਆ ਵਰਗ ਆਪਣੇ ਵਿਆਹ, ਸਾਦੀਆਂ, ਪਾਰਟੀਆਂ ਵਿਚ ਸ਼ਰਾਬ ਦੀ ਵਰਤੋ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ।  ਸ਼ਰਾਬ ਤੋਂ ਬਿਨਾਂ ਪਾਰਟੀ ਜਾਂ ਖੁਸ਼ੀ ਦੇ ਮੌਕੇ ਨੂੰ ਅਧੂਰਾ ਹੀ ਸਮਝਿਆ ਜਾਂਦਾ ਹੈ। ਇੱਥੋਂ ਤੱਕ ਕਿ ਅੱਜ ਕੱਲ ਤਾਂ ਮਰਗ ਦੀ ਰਸਮ ਤੋਂ ਬਾਅਦ ਵੀ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਹੈ। ਇੱਕ ਗੱਲ ਯਾਦ ਆਈ ਕਿ ਇੱਕ ਵਿਅਕਤੀ ਦਾ ਬਾਪੂ ਚੜ੍ਹਾਈ ਕਰ ਗਿਆ ਤਾਂ ਉਹ ਉਚੀ-ਉਚੀ ਰੋਂਦਾ ਹੋਇਆ ਸ਼ਰਾਬ ਦੀ ਬੋਤਲ ਦੀ ਮੰਗ ਕਰਦਾ ਕਹਿ ਰਿਹਾ ਸੀ ਕਿ “ਮੈਨੂੰ ਜਲਦੀ ਇੱਕ ਸ਼ਰਾਬ ਦੀ ਬੋਤਲ ਲਿਆ ਦੇਵੋ, ਮੇਰੇ ਕੋਲੋਂ ਬਾਪੂ ਦੀ ਲਾਸ਼ ਦੇਖੀ ਨਹੀਂ ਜਾਂਦੀ।”  ਯਾਨੀ ਕਿ ਬਹਾਨਾ ਦੇਖੋ ਪੀਣ ਦਾ। ਨਸ਼ਿਆਂ ਸਬੰਧੀ ਵਿਸਵ ਸਿਹਤ ਸੰਗਠਨ ( ਡਬਲਿਊ ਐਚ ਓ ) ਨੇ ਆਪਣੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਕਿ ਸਿਰਫ ਭਾਰਤ ਵਿੱਚ ਹੀ ਤੰਬਾਕੂ ਦੀ ਵਰਤੋਂ ਨਾਲ 8 ਲੱਖ ਲੋਕ ਪ੍ਰਤੀ ਸਾਲ ਵਿਚ ਮਰ ਜਾਂਦੇ ਹਨ।
ਅੱਜ ਲੋਕਾਈ ਗੁਰਬਾਣੀ ਦੀ ਸੇਧ ਤੋ ਕੋਹਾਂ ਮੀਲ ਦੂਰ ਹੋ ਗਈ ਹੈ। ਸਤਿਗੁਰੂ  ਜੀ ਨੇ ਸਿੱਖਾਂ ਨੂੰ ਕਿਹਾ ਸੀ:
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ (ਗਉੜੀ ਬੈਰਾਗਣਿ ਮ. 1, ਪੰਨਾ 156)

ਕਿ ਆਪਣੇ ਹੀਰੇ ਵਰਗੇ ਜੀਵਨ ਨੂੰ ਕਉਡੀ ਬਦਲੇ ਨਾ ਖਤਮ ਕਰ ਦੇਈਂ। ਗੁਰੂ ਪਿਆਰਿਉ! ਜਿਹੜਾ ਪੁੱਤਰ ਆਪਣੇ ਪਿਤਾ ਦਾ ਹੁਕਮ ਨਾ ਮੰਨੇ ਉਸਦੀ ਤੁਲਨਾ ਪਸ਼ੂਆਂ ਨਾਲ ਕੀਤੀ ਜਾ ਸਕਦੀ ਹੈ। ਇਹੀ ਕਾਰਣ ਹੈ ਕਿ ਅੱਜ ਅਸੀ ਗੁਰੂ ਪਿਤਾ ਸੱਚੇ ਪਾਤਸ਼ਾਹ ਜੀ ਦਾ ਕਹਿਣਾ ਨਾ ਮੰਨ ਕੇ ਪਸ਼ੂਆਂ ਵਾਲਾ ਜੀਵਣ ਬਤੀਤ ਕਰ ਰਹੇ ਹਾਂ। ਠੀਕ ਆਖਿਆ ਹੈ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਜੀ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਅਸੀਂ ਸਾਰੇ ਪਸ਼ੂ ਹੀ ਸੀ। ਕਿਉਂਕਿ ਪਸ਼ੂਆਂ ਦਾ ਹੀ ਕੰਮ ਹੈ ਕਿ ਜਿਸ ਪਾਸੇ ਤੋਂ ਰੋਕੀਏ ਰੁਕਣਾ ਨਹੀਂ। ਠੀਕ ਇਸ ਤਰ੍ਹਾਂ ਹੀ ਹੋ ਰਿਹਾ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਨਾ ਮੰਨ ਕੇ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾ ਰਹੇ ਹਾਂ। ਕਿਉਂਕਿ ਅੱਜ ਦਾ ਮਨੁੱਖ ਉਹ ਪਦਾਰਥ ਨਹੀਂ ਖਾ ਰਿਹਾ ਜਿਹੜੇ ਗੁਰਮਤਿ ਦੇ ਅਨੁਕੂਲ ਹਨ ਸਗੋਂ ਉਹ ਪਦਾਰਥ ਖਾ ਰਿਹਾ ਹੈ ਜਿਹੜੇ ਗੁਰਮਤਿ ਵਿੱਚ ਵਿਵਰਜਿਤ ਹਨ। ਪਰ ਅੱਜ ਆਪਣੇ ਹੀ ਮੁਹੱਲੇ ਜਦੋਂ ਖਬਰ ਸੁਣੀਂਦੀ ਹੈ ਕਿ ਫਲਾਂ ਮੁੰਡਾ ਜਿਹੜਾ ਸਮੈਕ ਨਾਲ ਹੀ ਰੱਜਿਆ ਰਹਿੰਦਾ ਸੀ, ਅੱਜ ਫਲਾਣੇ ਮੋੜ ਤੋਂ ਉਸਦੀ ਲਾਸ਼ ਮਿਲੀ ਤਾਂ ਸੁਣ ਕੇ ਦੁੱਖ ਹੁੰਦਾ ਹੈ ਕਿ ਕਾਸ਼! ਅਸੀਂ ਗੁਰਬਾਣੀ ਦੇ ਅਰਥਾ ਨੂੰ ਜੀਵਨ ਦਾ ਆਧਾਰ ਬਣਾਇਆ ਹੁੰਦਾ।
ਇਕ ਸਮਾਂ ਸੀ ਜਦੋਂ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਨੀਵੇਂ ਪੱਧਰ ਦਾ ਸਮਝਿਆ ਜਾਂਦਾ ਸੀ, ਪਰ ਅੱਜ ਦੇ ਪੜ੍ਹੇ ਲਿਖੇ ਯੁੱਗ ਵਿੱਚ ਸ਼ਰਾਬ ਨਾ ਪੀਣ ਵਾਲੇ ਨੂੰ ਛੋਟਾ ਸਮਝਿਆ ਜਾਂਦਾ ਹੈ। ਅੱਜ ਪ੍ਰਮੁੱਖ ਰੂਪ ਵਿਚ ਵੱਡੇ-ਵੱਡੇ ਸ਼ਹਿਰਾਂ ਵਿਚ ਮੁੱਖ ਰੂਪ ਵਿਚ ਸ਼ਰਾਬ, ਸਮੈਕ, ਹੀਰੋਇਨ ਅਤੇ ਪੇਂਡੂ ਖੇਤਰਾਂ ਵਿਚ ਭੁੱਕੀ, ਅਫੀਮ, ਜਰਦਾ, ਗਾਂਜਾ ਆਦਿ ਵਿਸ਼ੇਸ ਰੂਪ ਵਿਚ ਵਰਤੇ ਜਾ ਰਹੇ ਹਨ। ਨਸ਼ਾ ਕਰਨ ਨਾਲ ਸਭ ਤੋਂ ਵੱਡੀ ਬਰਬਾਦੀ ਅਤੇ ਦੁੱਖ ਦੀ ਗੱਲ ਇਹ ਹੈ ਕਿ  ਨਸ਼ਈ ਆਦਮੀ ਦੀ ਪਤਨੀ ਅਤੇ ਧੀ ਦੇ ਅਰਮਾਨ ਨਸ਼ਿਆਂ ਵਿੱਚ ਹੀ ਰੁੱੜ ਜਾਂਦੇ ਹਨ। ਨਸ਼ਿਆਂ ਦੀ ਪੂਰਤੀ ਲਈ ਨੌਜਵਾਨ ਘਰ ਦਾ ਸਮਾਨ ਵੇਚਣ, ਚੋਰੀ ਕਰਨ ਆਦਿ ਵਰਗੇ ਅਪਰਾਧ ਕਰਨ ਦੇ ਵੀ ਆਦੀ ਹੋ ਜਾਂਦੇ ਹਨ। ਜਿਸ ਕਰਕੇ ਲੁੱਟਾਂ-ਖੋਹਾਂ ਆਦਿ ਦੇ ਕੇਸਾਂ ਵਿੱਚ ਵੀ ਬੇਸ਼ੁਮਾਰ ਵੱਧਾ ਹੁੰਦਾ ਹੈ।
ਹਾਲਾਤ ਇਤਨੇ ਬੱਤਰ ਹੋ ਚੁਕੇ ਹਨ ਕਿ ਨਸ਼ਿਆ ਦੇ ਵਿੱਚ ਨੌਜਵਾਨ ਮੁੰਢੇ ਹੀ ਨਹੀ ਬਲਕਿ ਨੌਜਵਾਨ ਕੁੜੀਆਂ ਵੀ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਨੌਜਵਾਨ ਲੜਕੀਆਂ ਤਾਂ ਨਸ਼ਿਆਂ ਦੀ ਪੂਰਤੀ ਲਈ ਲਈ ਆਪਣੇ ਜਿਸਮ ਤੱਕ ਵੇਚ ਦਿੰਦੀਆਂ ਹਨ।
ਫਿਰ ਜੇ ਕੋਈ ਵਿਅਕਤੀ ਸ਼ਰਾਬ ਜਿਆਦਾ ਪੀਣ ਨਾਲ ਚੜ੍ਹਾਈ ਕਰ ਜਾਵੇ ਤਾਂ ਉਸਦੇ ਭੋਗ ਵਾਲੇ ਕਾਰਡ ਤੇ ਲਿਖਿਆ ਹੁੰਦਾ ਹੈ:
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ॥
ਸਚੀ ਦਰਗਹ ਜਾਇ ਸਚਾ ਪਿੜੁ ਮਲਿਆ॥ (ਵਾਰ 19, ਭਾਈ ਗੁਰਦਾਸ ਜੀ)

ਜਿਸਦੀ ਸਾਰੀ ਉਮਰ ਨਾਲੀਆਂ ਕੰਢੇ ਬੀਤੀ ਹੋਵੇ ਅਤੇ ਦੇਸ਼ ਕੌਮ ਸਮਾਜ ਦਾ ਕੁਝ ਵੀ ਸਵਾਰਿਆ ਨਾ ਹੋਵੇ। ਅਤੇ ਫਿਰ ਮੇਰੇ ਵਰਗੇ ਘੜੱਮ ਚੌਧਰੀ ਸ਼ਰਧਾਂਜਲੀ ਵੀ ਇਹ ਦੇ ਰਹੇ ਹੋਣਗੇ ਕਿ “ਗੁਰੂ ਪਿਆਰਿਉ! ਆਉ ਅਰਦਾਸ ਕਰੀਏ ਕਿ ਜਿਸ ਤਰਾਂ ਦਾ ਜੀਵਨ ਇਸ ਗੁਰਮੁੱਖ ਪਿਆਰੇ ਨੇ ਜੀਵਿਆ ਹੈ, ਵਾਹਿਗੁਰੂ ਕ੍ਰਿਪਾ ਕਰੇ ਕਿ ਅਸੀਂ ਵੀ ਇੱਦਾਂ ਦਾ ਹੀ ਜੀਵੀਏ।”  ਭਾਵ ਕਿ ਅਸੀਂ ਵੀ ਇਸੇ ਤਰ੍ਹਾਂ ਨਾਲੀ ਵਿੱਚ ਡਿੱਗ ਕੇ ਹੀ ਮਰੀਏ।
ਇਕ ਖਬਰ ਅਨੁਸਾਰ ਪੰਜਾਬ ਦੇ ਦੋ ਤਿਹਾਈ ਪਂੇਡੂ ਪਰਿਵਾਰਾਂ ਵਿਚ ਘੱਟੋ ਘੱਟ ਇਕ ਜੀਅ ਨਸ਼ਿਆ ਦਾ ਆਦੀ ਹੈ। ਰਿਪੋਰਟ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐਚ.ਸੀ. ਅਰੋੜਾ ਨੇ ਇਕ ਜਨਹਿਤ ਪਟੀਸ਼ਨ ਰਾਹੀਂ ਬੇਨਤੀ ਕੀਤੀ ਕਿ ਪੰਜਾਬ ਦੇ ਲੋਕਾਂ ਅੰਦਰ ਨਸ਼ਿਆਂ ਦੀ ਵੱਧ ਰਹੀ ਬਿਮਾਰੀ ਕਾਰਨ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਹਰ ਜਿਲੇ ਵਿਚ ਘੱਟੋ-ਘੱਟ ਇੱਕ ਡੀਐਡਿਕਸ਼ਨ ਕੇਂਦਰ ਖੋਲੇ। ਵਕੀਲ ਨੇ ਇਕ ਸਰਕਾਰੀ ਸਰਵੇਖਣ ਦੀ ਰਿਪੋਰਟ ਦੇ ਆਧਾਰ ਤੇ ਦੱਸਿਆ ਕਿ ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ, ਫਿਰੋਜਪੁਰ, ਮੁਕਤਸਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜਿਲਿਆਂ ਦੇ 67 ਪ੍ਰਤੀਸ਼ਤ ਪੇਂਡੂ ਪਰਿਵਾਰ ਵਿਚ ਇੱਕ ਜੀਅ ਨਸ਼ਿਆ ਦਾ ਆਦੀ ਹੋ ਚੁਕਾ ਹੈ ਜਦਕਿ 50 ਫ਼ੀਸਦੀ ਪੁਲਿਸ ਵਾਲੇ ਨਸ਼ਿਆ ਦੀ ਲਤ ਤੋਂ ਪੀੜਤ ਹੋ ਚੁੱਕੇ ਹਨ।
ਅੱਜ ਸਮੈਕ ਤੋਂ ਇਲਾਵਾ ਨੌਜਵਾਨ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵੀ ਸ਼ਰੇਆਮ ਕਰ ਰਹੇ ਹਨ। ਕੁਝ ਨੌਜਵਾਨ ਡਾਈਆਜੀਪਾਮ, ਇੰਪਾਰਮਾਈਨ, ਅਲੈਪਰਾਜੋਲਮ ਆਦਿ ਨੂੰ ਵਧੇਰੇ ਮਾਤਰਾ ਵਿੱਚ ਲੈ ਕੇ ਨਸ਼ਾ ਪ੍ਰਾਪਤ ਕਰਦੇ ਹਨ। ਅਜਿਹੇ ਕੈਮਿਸਟ ਵੀ ਮਿਲ ਜਾਂਦੇ ਹਨ, ਜੋ ਨਸ਼ਾ ਪ੍ਰਾਪਤੀ ਦੇ ਚਾਹਵਾਨ ਗ੍ਰਾਹਕਾਂ ਨੂੰ ਸੰਤੁਸ਼ਟ ਕਰਨ ਲਈ ਨਾ ਹੀ ਉਹਨਾਂ ਦੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਹਨ ਅਤੇ ਨਾ ਹੀ ਆਪਣੇ ਪੇਸ਼ੇ ਦੀ। ਸਪਿਰਿਟ ਕੋਲਰੋਫਾਰਮ ਅਤੇ ਲਿਕਵਿਡ ਕਾਰਡੋਕ ਆਦਿ ਨੂੰ ਮਿਲਾ ਕੇ ਰਸਾਇਣਿਕ ਸ਼ਰਾਬ ਦਾ ਪੈੱਗ ਵੇਚਿਆ ਜਾਂਦਾ ਹੈ। ਜਿਸਨੂੰ ਸਰੂਰ ਪ੍ਰਾਪਤੀ ਦਾ ਵਧੀਆ, ਸੱਸਤਾ ਅਤੇ ਸੌਖਾ ਸਾਧਨ ਮੰਨਿਆ ਜਾਂਦਾ ਹੈ। ਦਵਾਈਆਂ ਤੋਂ ਇਲਾਵਾ ਟੀਕੇ ਸਿਹਤ ਵਿਗਿਆਨੀਆਂ ਵੱਲੋਂ ਵਰਤੇ ਜਾਂਦੇ ਦਰਦ ਨਿਵਾਰਕ ਟੀਕੇ ਨੋਰਫਿਨ ਆਦਿ ਨੂੰ ਰੋਜ਼ਾਨਾ 8 ਤੋਂ 10 ਟੀਕਿਆਂ ਦੀ ਵਰਤੋਂ ਕਰਕੇ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ।
ਇੰਸਟੀਚਿਊਟ ਆਫ ਡਿਵਲਪਮੈਂਟ ਅਤੇ ਕਮਿਊਨੀਕੇਸ਼ਨ ਦਾ ਅਧਿਐਨ ਵੀ ਹੋਸਟਲਾਂ ਵਾਲੇ ਬੱਚਿਆਂ ਦੇ ਤੱਥਾਂ ਵਿੱਚ ਨਸ਼ਿਆਂ ਦੀ ਪ੍ਰੋੜਤਾ ਕਰਦਾ ਹੈ। ਇਸਦਾ ਸਰਵੇ ਇਹ ਵੀ ਦੱਸਦਾ ਹੈ ਕਿ ਪੰਜਾਬ ਵਿੱਚ 53 ਫੀਸਦੀ ਆਦਮੀ ਅਤੇ 48 ਫੀਸਦੀ ਔਰਤਾਂ ਨਸ਼ਿਆਂ ਦੀਆਂ ਆਦੀ ਹਨ।
ਸ. ਰਘਬੀਰ ਸਿੰਘ, ਇਨਸਾਈਕਲੋਪੀਡੀਆ ਸੀ.ਡੀ. ਦੇ ਕਰਤਾ ਨੇ ਨਸ਼ਿਆਂ ਬਾਰੇ ਦੱਸਿਆ ਕਿ “ਕਾਫੀ ਸਮਾਂ ਪਹਿਲਾਂ ਬਠਿੰਡਾ ਵਿਖੇ ਸ਼ਰਾਬ ਦੇ ਠੇਕੇਦਾਰਾਂ ਨੇ ਸਰਵੇ ਕਰਵਾਇਆ ਤਾਂ ਪਤਾ ਲੱਗਾ ਕਿ ਇੱਕ ਸੀਮਿਤ ਇਲਾਕੇ ਵਿੱਚ ਸ਼ਰਾਬ ਦੀਆਂ ਲਗਭਗ 50,000 ਬੋਤਲਾਂ ਦੀ ਵਿਕਰੀ ਹੋਈ, ਪਰ ਰੱਦੀ ਵਾਲਿਆਂ ਨੇ ਇੱਕ ਲੱਖ ਬੋਤਲਾਂ ਲੋਕਾਂ ਪਾਸੋਂ ਖਰੀਦੀਆਂ। ਇਹ 50,000 ਵੱਧ ਬੋਤਲਾਂ ਜ਼ਰੂਰ ਸਮਗਲਿੰਗ ਰਾਹੀਂ ਆਈਆਂ ਹੋਣਗੀਆਂ। ਸੋ, ਲੋਕਾਂ ਵਿੱਚ ਸ਼ਰਾਬ ਦੀ ਖਪਤ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਹੈ।
ਸਾਬਕਾ ਐਮ.ਪੀ. ਸ. ਅਤਿੰਦਰਪਾਲ ਸਿੰਘ ਜੀ ਨੇ ਮਈ 2002 ਦੇ ਗੁਰਮਤਿ ਪ੍ਰਕਾਸ਼ ਅੰਕ ਵਿੱਚ ਦੱਸਿਆ ਹੈ ਕਿ “ਨਸ਼ਈ ਵਰਗ ਡਬਲਰੋਟੀ ਉਪਰ ‘ਆਇਓਡੈਕਸ’ ਲਗਾ ਕੇ ਖਾਂਦਾ ਹੈ। ਜਿਸ ਨਾਲ ਨਸ਼ਾ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਫੈਂਸੀਡ੍ਰਿਲ, ਕੋਰੈਕਸ ਆਦਿ ਕਫ ਸਿਰਪ ਦੀ ਵਰਤੋਂ ਕੀਤੀ ਜਾਂਦੀ ਹੈ। ਲੋਮੋਫੈਨ, ਲੋਮੋਟਿਲ, ਡੈਜ਼ੀਫਾਮ, ਵਾਲਿਮ ਆਦਿ ਗੋਲੀਆਂ ਦਾ ਫੱਕਾ ਮਾਰਨ ਤੱਕ ਸਾਡੇ ਨੌਜਵਾਨ ਜਾਂਦੇ ਹਨ। ਫਿਰ ਕੈਪਸੂਲਾਂ ਦੀ ਵਾਰੀ ਆ ਜਾਂਦੀ ਹੈ ਜ੍ਹਿਨਾਂ ਵਿੱਚ ਮਾਰਸੀਨ, ਫੋਰਟਵਿਨ, ਨਾਰਫਿਨ ਵੱਡੀ ਮਾਤਰਾ ਵਿੱਚ ਵਰਤੇ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਛਿਪਕਲੀ ਦੀ ਪੂਛ ਸਾੜ ਕੇ ਸਿਗਰੇਟ ਵਿੱਚ ਭਰ ਕੇ ਪੀਤੀ ਜਾਂਦੀ ਹੈ।
ਅਨੇਕਾਂ ਅਜਿਹੀਆਂ ਦਵਾਈਆਂ ਜੋ ਬਿਨ੍ਹਾਂ ਕਿਸੇ ਡਾਕਟਰ ਦੇ ਪੁਛਿਆਂ ਬਿਨ੍ਹਾਂ ਪਰਚੀ ਲਏ ਤੋਂ ਲਈਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਸੈਕਸੋਨਾਫੋਰਟ, ਵੀ-ਟੈਕਸ, ਵਨ-ਟਾਪ, ਕਮਾਂਡੋ, ਬੋਲਡ-ਨਾਇਟ, ਸਟਡ ਅਤੇ ਹਿਮਕੋਲੀਨ ਕਰੀਮ ਵਰਗੀਆਂ ਉਹ ਦਵਾਈਆਂ (?) ਜਿੰਨ੍ਹਾਂ ਦੀ ਕਿਸੇ ਵੀ ਸਿਹਤਮੰਦ ਅਤੇ ਤੰਦਰੁਸਤ ਵਿਅਕਤੀ ਨੂੰ ਲੋੜ ਨਹੀਂ ਪੈਣੀ ਚਾਹੀਦੀ।
ਅੱਜ ਮੁੱਖ ਰੂਪ ਵਿਚ ਹੇਠ ਲਿਖੇ ਨਸ਼ੇ ਵੱਡੇ ਰੂਪ ਵਿਚ ਵਰਤੇ ਜਾ ਰਹੇ ਹਨ:
1.ਸ਼ਰਾਬ
2. ਤੰਬਾਕੂ / ਸਿਗਰੇਟ
3.ਹੈਰੋਇਨ / ਸਮੈਕ
4. ਮੈਡੀਸਨ ਡੱਰਗਜ਼
5. ਭੁੱਕੀ ਤੇ ਅਫੀਮ।

1. ਸ਼ਰਾਬ -
ਸਿਆਣੇ ਬਜ਼ੁਰਗਾਂ ਨੇ ਸ਼ਰਾਬ ਨੂੰ ਸ਼ਰਾਰਤੀ ਪਾਣੀ ਦਾ ਨਾਮ ਦਿੱਤਾ ਹੈ। ਸ਼ਰਾਬ ਇੱਕ ਅਜਿਹਾ ਪਦਾਰਥ ਹੈ ਜਿਸਨੂੰ ਪੀਣ ਨਾਲ ਵਿਅਕਤੀ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ, ਬਕਵਾਸ ਕਰਨ ਲੱਗ ਜਾਂਦਾ ਹੈ। ਘਰਵਾਲੀ-ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇਸ ਵਿਚ ਅਲਕੋਹਲ ਹੁੰਦੀ ਹੈ। ਜਿਸਦਾ ਸਰੀਰ ਨੂੰ ਕਾਫੀ ਨੁਕਸਾਨ ਪੁੱਜਦਾ ਹੈ। ਤੀਸਰੇ ਪਾਤਸ਼ਾਹ ਜੀ ਸਿੱਖਾਂ ਨੂੰ ਨਸ਼ਾ ਕਰਨ ਤੋਂ ਸਖਤ ਵਰਜਿਆ ਸੀ।

ਜਿਤੁ ਪੀਤੈ ਮਤਿ ਦੂਰ ਹੋਇ, ਬਰਲ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ, ਦਰਗਾਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇਕਾ ਪਾਰਿ ਵਸਾਇ॥
(ਬਿਹਾਗੜੇ ਕੀ ਵਾਰ ਸਲੋਕ ਮਹਲਾ 3, ਪੰਨਾ 554)

ਭਾਵ ਕਿ ਜਿਸਨੂੰ ਪੀਣ ਨਾਲ ਮੱਤ ਮਾਰੀ ਜਾਵੇ, ਆਪਣੇ ਪਰਾਏ ਦੀ ਪਛਾਣ ਨਾ ਰਹੇ, ਪ੍ਰਭੂ ਦੀ ਸੱਚੀ ਦਰਗਾਹ ਤੋਂ ਵੀ ਧੱਕੇ ਪੈਣ, ਪ੍ਰਮਾਤਮਾ ਵਿਸਰ ਜਾਵੇ ਅਤੇ ਪ੍ਰਭੂ ਦੀ ਸੱਚੀ ਦਰਗਾਹ ਤੇ ਸਜ਼ਾ ਮਿਲੇ, ਅਜਿਹੇ ਪਦਾਰਥ ਦਾ ਸੇਵਨ ਨਾ ਕਰੀ। ਪਰ ਅਫਸੋਸ ਅੱਜ ਸਿੱਖਾਂ ਵਿਚ ਹੀ ਸ਼ਰਾਬ ਦੀ ਵਰਤਂੋ ਸੱਭ ਤੋ ਵੱਧ ਕੀਤੀ ਜਾਂਦੀ ਹੈ। ਇਥੋਂ ਤੱਕ ਕੇ ਕਈ ਅੰਮ੍ਰਿਤਧਾਰੀਆਂ ਨੂੰ ਸ਼ਰਾਬ ਪੀਂਦੇ ਆਪਣੀ ਅੱਖੀ ਵੇਖਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਈ ਇਕ ਕਾਨਫਰੰਸ ਦੌਰਾਨ ਡਾਕਟਰਾਂ ਵਲੋਂ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਜਿਹੜਾ ਵਿਅਕਤੀ 20 ਤੋਂ 60 ਸਾਲ ਦੀ ਉਮਰ ਤੱਕ ਨਸ਼ਿਆਂ ਦਾ ਸੇਵਨ ਕਰਦਾ ਹੈ ਉਹ ਆਪਣਾ 10 ਤੋਂ 15 ਲੱਖ ਦਾ ਨੁਕਸਾਨ ਕਰਦਾ ਹੈ। ਸ਼ਰਾਬ ਪੀਣ ਨਾਲ ਜਿਗਰ ਸੁਸਤ ਹੋ ਜਾਂਦਾ ਹੈ। ਪੀਲੀਆਂ, ਕੈਂਸਰ ਜਾਂ ਹਾਰਟ ਫੇਲ ਹੋ ਜਾਂਦਾ ਹੈ। ਸ਼ੁਰੂ ਵਿਚ ਮੋਟਾਪਾ ਅੰਤ ਵਿਚ ਸੋਕੜਾ, ਗਠੀਆ, ਹਾਦਸਿਆਂ ਅਤੇ ਦੁਰਘਟਨਾਵਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਸ਼ਰਾਬਨੋਸੀ ਬਾਰੇ ਗੁਰਬਾਣੀ ਨੇ ਸੱਪਸ਼ਟ ਕੀਤਾ ਹੈ।

‘ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ॥’  (ਅੰਗ- 553)

2. ਸਿਗਰੇਟ/ਤੰਬਾਕੂ  –
ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ ਪੰਜ ਲੱਖ ਵਿਅਕਤੀ ਤੰਬਾਕੂਨੋਸੀ ਨਾਲ ਮਰਦੇ ਹਨ। ਸੰਨ 2030 ਤੱਕ ਇਹ ਗਿਣਤੀ ਢਾਈ ਗੁਣ ਹੋ ਜਾਵੇਗੀ। ਸਿਗਰਟ ਜਾਂ ਬੀੜੀ ਵਿਚ ਜੋ ਤੰਬਾਕੂ ਹੰਦਾ ਹੈ ਉਹ ਅੱਗ ਦੇ ਸੇਕ ਨਾਲ ਸੁਕਾਇਆ ਹੁੰਦਾ ਹੈ। ਸਿਗਰਟ ਦੀ ਪਰਿਭਾਸ਼ਾ ਦਿੰਦਿਆਂ ਸਰ ਵਿਜਿਲ ਸਕਾਟ ਨੇ ਠੀਕ ਕਿਹਾ ਹੈ ਕਿ “ਸਿਗਰੇਟ (ਅੰਦਰੋਂ ਭਰੀ ਹੋਈ) ਇੱਕ ਅਜਿਹੀ ਨਲਕੀ ਹੈ ਜਿਸਦੇ ਇੱਕ ਸਿਰੇ ‘ਤੇ ਤਾਂ ਜੋਤ ਜਗ ਰਹੀ ਹੈ ਅਤੇ ਦੂਜੇ ਸਿਰੇ ਤੇ ਇੱਕ ਮੁਰਖ ਚਿੰਬੜਿਆ ਹੁੰਦਾ ਹੈ।”
ਮੈਂ ਖੁੱਦ ਜਦ ਜੁਲਾਈ 2005 ਵਿੱਚ ਪਾਕਿਸਤਾਨ ਗਿਆ ਸੀ ਤਾਂ ਉਥੋਂ ਦੇ ਲਾਹੌਰ ਸ਼ਹਿਰ ਵਿੱਚ ਇਹ ਦੇਖ ਕੇ ਹੈਰਾਨ ਹੋ ਗਿਆ ਸੀ ਕਿਉਥੇ ਦਾ 10-12 ਸਾਲ ਦੀ ਉਮਰ ਦੇ ਬੱਚੇ ਤੋਂ ਲੈ ਕੇ ਬਜ਼ੁਰਗੀ ਉਮਰ ਤੱਕ ਦੇ 90 ਫੀਸਦੀ ਲੋਕ ਸਿਗਰੇਟ ਪੀਣ ਦੇ ਆਦੀ ਹਨ। ਜਦ ਮੀਨਾਰ-ਏ-ਪਾਕਿਸਤਾਨ ਪਾਰਕ ਵਿੱਚ ਬੈਠੇ ਇੱਕ ਨੌਜਵਾਨ ਨੂੰ ਇਸਦਾ ਕਾਰਣ ਪੁਛਿਆ ਤਾਂ ਉਸਨੇ ਕਿਹਾ ਕਿ “ਇੱਥੇ (ਲਾਹੌਰ ਵਿੱਚ) ਸਿਗਰੇਟ ਨੂੰ ਲਾਹੌਰ ਦੀ ਸ਼ਾਨ ਸਮਝਿਆ ਜਾਂਦਾ ਹੈ ਅਤੇ ਜਿਹੜਾ ਇਸਦਾ ਸੇਵਨ ਨਹੀਂ ਕਰਦਾ ਉਸਨੂੰ ਮਰਦ ਹੀ ਨਹੀਂ ਸਮਝਿਆ ਜਾਂਦਾ।” ਜਦਕਿ ਇੱਕ ਵਿਗਿਆਨਕ ਰਿਪੋਰਟ ਅਨੁਸਾਰ ਇੱਕ ਸਿਗਰੇਟ ਪੀਣ ਨਾਲ ਬੰਦੇ ਦੀ ਉਮਰ 5ਨੂੰ¡ਨੂੰ}ਨੂੰ¢ ਸਾਡੇ ਪੰਜ ਮਿੰਟ ਘੱਟ ਜਾਂਦੀ ਹੈ।

ਨੁਕਸਾਨ:- ਇਸ ਵਿੱਚ ਨਿਕੋਟੀਨ ਹੁੰਦੀ ਹੈ, ਜਿਸ ਨਾਲ ਸਰੀਰ ਦੀਆਂ ਲਹੂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਉਹਨਾਂ ਰਾਹੀਂ ਲਹੂ ਪ੍ਰਵਾਹ ਘੱਟ ਜਾਂਦਾ ਹੈ। ਸਦੀਵੀਂ ਨਜ਼ਲਾ ਹੋ ਜਾਂਦਾ ਹੈ। ਕੈਂਸਰ ਅਤੇ ਦਿਲ ਨਾਲ ਸਬੰਧੀ ਅਨੇਕਾਂ ਰੋਗ ਲੱਗ ਜਾਂਦੇ ਹਨ
ਤੰਬਾਕੂ ਤੋਂ ਸਿੱਖਾਂ ਦੀ ਅਜੇ ਵੱਡੀ ਗਿਣਤੀ ਬਚੀ ਹੋਈ ਹੈ। ਜਿਸਦਾ ਮੁੱਖ ਕਾਰਣ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੰਬਾਕੂ ਨੂੰ ਬੱਜਰ ਕੁਰਹਿਤ ਵਿੱਚ ਸ਼ਾਮਿਲ ਕਰਨਾ ਵੀ ਹੈ। ਸਿੱਖ ਰਹਿਤਨਾਮਿਆਂ ਵਿੱਚ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਵਰਜਿਆ ਗਿਆ ਹੈ:

ਕੁੱਠਾ, ਹੁੱਕਾ, ਚਰਸ, ਤੰਬਾਕੂ, ਗਾਂਜਾ, ਟੋਪੀ, ਤਾੜੀ, ਖਾਕੂ ।
ਇਨ ਕੀ ਔਰ ਨ ਕਬਹੂੰ ਦੇਖੈ, ਰਹਿਤਵੰਤ ਸੋ ਸਿੰਘ ਬਿਸੇਖੈ ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਪਰ ਅੱਜ ਵੀ ਕਿਤੇ ਟਾਵੇਂ-ਟਾਵੇਂ ਨੀਜਵਾਨ ਮਿਲ ਹੀ ਜਾਂਦੇ ਹਨ, ਜਿਸਦਾ ਸਿਹਰਾ ਪ੍ਰਵਾਸੀ ਭਈਆਂ ਦੇ ਸਿਰ ਜਾਦਾ ਹੈ। ਜਿੰਨਾਂ ਨੂੰ ਵੇਖ ਕੇ ਸਾਡੇ ਪੇਡੂ ਵੀਰਾਂ ਨੇ ਵੀ ਜਰਦਾ, ਖੈਣੀ, ਰਾਜ ਦਰਬਾਰ ਆਦਿ ਚਬਣਾ ਸਿੱਖ ਲਿਆ ਹੈ। ਸੁਚੇਤ ਹੋਣ ਦੀ ਸਖ਼ਤ ਲੋੜ ਹੈ।

3. ਹੀਰੋਇਨ/ਸਮੈਕ
ਕੁਲ ਨਸ਼ਿਆਂ ਦੀ ਸਿਰਤਾਜ ਹੀਰੋਇਨ ਦੇ ਅਸ਼ੁੱਧ ਰੂਪ ਨੂੰ ਸਮੈਕ ਕਿਹਾ ਜਾਂਦਾ ਹੈ। ਇਸਨੂੰ ਬਰਾਊਨ ਸ਼ੁਗਰ ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਹ ਸੱਭ ਤੋਂ ਮਹਿੰਗਾ ਨਸ਼ਾ ਹੈ। ਇਸਦੀ ਕੀਮਤ 200 ਰੁ: ਤੋਂ 300 ਰੁ: ਤੱਕ ਪ੍ਰਤੀ ਗਰਾਮ ਤੱਕ ਹੁੰਦੀ ਹੈ। ਕਈ ਲੋਕ ਇਸਨੂੰ ਸਿਗਰੇਟ ਵਿੱਚ ਪਾ ਕੇ ਪੀਂਦੇ ਹਨ ਅਤੇ ਪੱਛਮੀ ਦੇਸ਼ਾਂ ਵਿੱਚ ਟੀਕੇ ਰਾਹੀਂ ਵੀ ਇਸਦਾ ਨਸ਼ਾ ਲਿਆ ਜਾਂਦਾ ਹੈ। ਸਮੈਕ ਦੇ ਨਸ਼ੇ ਦੇ ਆਦੀ ਸ਼ੁਰੂਆਤ ਤੋਂ 10-20 ਸਾਲਾਂ ਵਿੱਚ ਹੀ ਮਰ ਜਾਂਦੇ ਹਨ। ਅਤੇ ਜਿੰਦਗੀ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਬੈਠਦੇ ਹਨ।
ਨੁਕਸਾਨ:- ਸਰੀਰ ਕਮਜ਼ੋਰ ਹੋ ਕੇ ਰੰਗ ਭੂੁਸਾ ਪੈ ਜਾਂਦਾ ਹੈ। 15 ਕਿਲੋ ਤੱਕ ਵਜ਼ਨ ਘੱਟ ਜਾਂਦਾ ਹੈ। ਸਮੈਕ ਦਾ ਆਦੀ ਨੌਜਵਾਨ ਨਸ਼ਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦਾ ਹੈ। ਝੂਠ ਬੋਲ ਕੇ, ਹੇਰਾਫੇਰੀ ਜਾਂ ਹਮਦਰਦੀ ਹਾਸਲ ਕਰਕੇ ਲੋਕਾਂ ਨੂੰ ਠੱਗਣ ਵਿੱਚ ਕਾਬਿਲ ਹੁੰਦਾ ਹੈ। ਸਮੈਕ ਪੀਣ ਵਾਲੇ ਵਿਅਕਤੀਆਂ ਦੀ ਗਿਣਤੀ ਵਿੱਚ ਵਾਧਾ ਬਹੁੱਤ ਤੇਜ਼ੀ ਨਾਲ ਹੋ ਰਿਹਾ ਹੈ।

4. ਮੈਡੀਕਲ ਡਰੱਗਜ਼
ਨਸ਼ਿਆਂ ਦੀ ਪ੍ਰਾਪਤੀ ਲਈ ਦਵਾਈਆਂ ਦਾ ਦੁਰਉਪਯੋਗ ਕੀਤਾ ਜਾਂਦਾ ਹੈ। ਅਤੇ ਇਸ ਲਈ ਮੈਡੀਕਲ ਸਟੋਰਾਂ ਦਾ ਸਹਾਰਾ ਲਿਆ ਜਾਂਦਾ ਹੈ। ਜਿਸ ਵਿੱਚ ਕਿਸੇ ਵੀ ਦਵਾਈ ਨੂੰ ਹੱਦ ਤੋਂ ਵੱਧ ਦੁਗੁਣੀ ਜਾ ਤਿਗਣੀ ਮਾਤਰਾ ਵਿੱਚ ਲੈ ਕੇ ਨਸ਼ਿਆਂ ਦੀ ਪੂਰਤੀ ਕੀਤੀ ਜਾਂਦੀ ਹੈ। ਜਿਨ੍ਹਾਂ ਵਿੱਚ ਖਾਂਸੀ ਨਾਲ ਸੰਬੰਧਿਤ ਜਾਂ ਹੋਰ ਅਨੇਕਾਂ ਦਵਾਈਆਂ ਦੇ ਨਾਮ ਆ ਜਾਂਦੇ ਹਨ। ਜਿਹਨਾਂ ਵਿੱਚੋਂ ਕੁਝ ਦਾ ਜ਼ਿਕਰ ਪਿੱਛੇ ਵੀ ਕੀਤਾ ਜਾ ਚੁੱਕਿਆ ਹੈ। ਮੇਰੇ ਇੱਕ ਡਾਕਟਰ ਦੋਸਤ ਨੇ ਦੱਸਿਆ ਕਿ ਪੇਂਡੂ ਪੱਧਰ ਦੇ ਨੌਜਵਾਨ ਟਿੱਢ ਪੀੜ ਦੀਆਂ ਗੋਲੀਆਂ ਹੀ 15 ਤੋਂ 50 ਤੱਕ ਦੀ ਗਿਣਤੀ ਵਿੱਚ ਰੋਜ਼ਾਨਾ ਖਾ ਕੇ ਨਸ਼ੇ ਦੀ ਪੂਰਤੀ ਕਰ ਰਹੇ ਹਨ। ਅਤੇ ਕੈਪਸੂਲਾਂ ਦੀ ਗਿਣਤੀ ਵੀ ਇੱਥੋਂ ਤੱਕ ਪੁੱਜ ਜਾਂਦੀ ਹੈ।

5. ਭੁੱਕੀ/ਅਫੀਮ
ਇਸਨੂੰ ਪੋਸਤ ਵੀ ਕਿਹਾ ਜਾਂਦਾ ਹੈ। ਇਹ ਨਸ਼ਾ ਜਿਆਦਾਤਰ ਪੰਜਾਬ ਦੇ ਪਿੰਡਾਂ ਵਿੱਚ ਜਾਂ ਟਰੱਕ ਡਰਾਇਵਰਾਂ ਵਿੱਚ ਖਾਸ ਰੂਪ ਵਿੱਚ ਵਰਤਿਆ ਜਾਂਦਾ ਹੈ। ਭੁੱਕੀ ਅਫੀਮ ਖਾਣ ਵਾਲਿਆਂ ਦੀ ਸਿਹਤ ਤੇ ਉਤਨਾਂ ਹੀ ਅਸਰ ਪੈਂਦਾ ਹੈ, ਜਿਨਾਂ ਸਮੈਕ ਪੀਣ ਵਾਲਿਆਂ ਦੀ ਸਿਹਤ ਤੇ ਪੈਂਦਾ ਹੈ। ਫ਼ਰਕ ਸਿਰਫ ਇਤਨਾ ਹੈ ਕਿ ਇਸਦੀ ਰਫ਼ਤਾਰ ਥੋੜੀ ਘੱਟ ਹੁੰਦੀ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਨੌਜਵਾਨ ਕਿਉਂ ਨਸ਼ਿਆਂ ਵਿੱਚ ਜਾ ਰਿਹਾ ਹੈ? ਕੀ ਕਾਰਣ ਹੈ? ਕੀ ਇਸਦਾ ਕੋਈ ਇਲਾਜ ਹੈ?
1. ਕੀ ਕਾਰਣ ਹੈ ਕਿ ਨੌਜਵਾਨ ਨਸ਼ਾ ਕਰਦੇ ਹਨ ?

1. ਪੱਛਮੀ ਸੱਭਿਅਤਾ ਦਾ ਪ੍ਰਭਾਵ
2. ਤਣਾਅ ਮੁਕਤ ਹੋਣ ਲਈ
3. ਸਿਨੇਮਾ/ਟੈਲੀਵਿਜ਼ਨ ਦਾ ਪ੍ਰਭਾਵ
4. ਟੀ.ਵੀ./ਅਖਬਾਰਾਂ ਵਿੱਚ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ
5. ਅਸਲੀਲ ਗਾਇਕੀ
6. ਧਰਮ ਦੇ ਠੇਕੇਦਾਰਾਂ ਵੱਲੋਂ ਕੁਤਾਹੀ
7. ਕਾਫੀ ਹੱਦ ਤੱਕ ਸਰਕਾਰਾਂ ਦੀ ਮਿਲੀਭੁਗਤ

ਅੱਜ ਨੌਜਵਾਨ ਦੇਖਾ ਦੇਖੀ ਜਾਂ ਸਿਰਫ ਇੱਕ ਵਾਰ ਦੇ ਸੁਆਦ ਚੱਖਣ ਦਾ ਬਹਾਨਾ ਲਗਾ ਕੇ ਹਮੇਸ਼ਾਂ ਲਈ ਇਸਦਾ ਆਦੀ ਹੋ ਜਾਂਦਾ ਹੈ। ਪੱਛਮੀ ਨਕਲ ਹੇਠ ਅੱਜ ਸਿਨੇਮਾ, ਟੈਲੀਵਿਜ਼ਨਾਂ ਰਾਹੀਂ ਕਲਾਕਾਰਾਂ ਨੂੰ ਨਸ਼ਾ ਕਰਦਿਆਂ ਵਿਖਾਉਣਾ, ਜਿਸ ਵਿੱਚ ਸ਼ਰਾਬ, ਸਿਗਰੇਟ ਆਦਿਕ ਸੀਨਾਂ ਨੂੰ ਵਿਸ਼ੇਸ਼ ਦਿੱਖ ਦੇ ਕੇ ਪੇਸ਼ ਕਰਨਾ। ਬਲਾਤਕਾਰ, ਕਾਮ-ਉਕਸਾਊ, ਛੇੜ-ਛਾੜ, ਅਗਵਾ ਆਦਿ ਸੀਨਾਂ ਨੂੰ ਬੇ-ਹੁਦਾ ਅਤੇ ਘਟੀਆ ਤਰੀਕੇ ਨਾਲ ਪਰਦੇ ਤੇ ਪੇਸ਼ ਕੀਤਾ ਜਾ ਰਿਹਾ ਹੈ।ਪਾਨ, ਮਸਾਲੇ, ਸਿਗਰੇਟ, ਸ਼ਰਾਬ ਆਦਿ ਦੇ ਇਸ਼ਤਿਹਾਰ ਨੰਗੀਆਂ ਔਰਤਾਂ ਕੋਲੋਂ ਕਰਵਾ ਕੇ ਅਤੇ ਫਿਰ ਮੈਗਜ਼ੀਨ, ਅਖਬਾਰਾਂ ਅਤੇ ਜਨਤਕ ਥਾਵਾਂ ਤੇ ਕੀਤੀ ਗਈ ਵੱਡੇ ਪੱਧਰ ਤੇ ਇਸ਼ਤਿਹਾਰਬਾਜ਼ੀ ਨਾਲ ਨੌਜਵਾਨਾਂ ਨੂੰ ਨਸ਼ਿਆਂ ਵੱਲ ਉਤਸੁਕ ਕੀਤਾ ਜਾ ਰਿਹਾ ਹੈ।

ਪਿਛਲੇ ਕੁਝ ਸਮੇਂ ਤੋਂ ਅਸਲੀਲ ਗਾਇਕੀ ਨੇ ਸਭ ਹੱਦ-ਬੰਨ੍ਹੇ ਟੱਪ ਕੇ ਨਵਾਂ ਮੀਲ ਪੱਥਰ ਗੱਡਿਆ ਹੈ। ਗੀਤਾਂ ਦੀ ਸ਼ਬਦਾਵਲੀ ਅਤਿ ਘਟੀਆ ਦਰਜੇ ਦੀ ਵਰਤੀ ਜਾ ਰਹੀ ਹੈ। ਨੌਜਵਾਨਾਂ ਨੂੰ ਨਸ਼ਿਆਂ ਨਾਲ ਜੋੜਨ ਲਈ ਨੈਣ ਸ਼ਰਾਬੀ, ਇਸ਼ਕ ਬਰਾਂਡੀ, ਅਵਾਰਾਗਰਦੀ, ਕੁੜੀ ਨੂੰ ਘਰੋਂ ਭਜਾਉਣਾ। ਮਿਸਾਲ ਦੇ ਤੌਰ ‘ਤੇ ‘ਜੇ ਪੀਣੀ ਛੱਡਤੀ ਜੱਟਾਂ ਨੇ, ਫਿਰ ਕੌਣ ਮਾਰੂ ਲਲਕਾਰੇ।’ ਦੇਸੀ ਦਾਰੂ, ਮੈਂ ਹੋ ਗਿਆ ਸ਼ਰਾਬੀ, ਗਲਾਸੀ ਖੜਕੇ, ਵੈਲੀ ਪੁੱਤ, ਮਹਿੰਗੀਆਂ ਸ਼ਰਾਬਾਂ ਦੇ ਸਬੰਧ ਵਿੱਚ ਘਟੀਆ ਗੀਤ ਪੇਸ਼ ਕਰਨ ਵਾਲੇ ਆਪਣੇ ਆਪ ਨੂੰ ਸੱਭਿਆਚਾਰ ਗਾਇਕ ਅਕਵਾਉਣ ਵਾਲੇ ਪਤਾ ਨਹੀਂ ਕਿਹੜੇ ਸੱਭਿਆਚਾਰ ਦੀ ਗੱਲ ਕਰ ਰਹੇ ਹਨ।
ਉਸ ਤੋਂ ਵੀ ਵੱਧ ਜਦੋਂ ਕਿਸੇ ਧਰਮ ਦੇ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਨਸ਼ਿਆਂ ਦੀ ਸਮੱਗਲਿੰਗ ਦੀ ਕੋਈ ਖਬਰ ਅਕਬਾਰ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤਾਂ ਹੱਕੇ-ਬੱਕੇ ਰਹਿ ਜਾਈਦਾ ਹੈ। ਹੁਣ ਵੀ ਪਿੱਛੇ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਤੇ ਧਾਰਮਿਕ ਕਿਤਾਬਾਂ ਦੀ ਪ੍ਰਕਾਸ਼ਨਾ ਕਰਨ ਵਾਲੀ ਫਰਮ ਭਾਈ ਚਤਰ ਸਿੰਘ ਜੀਵਣ ਸਿੰਘ ਵੱਲੋਂ ਕੀਤੀ ਜਾ ਰਹੀ ਨਸ਼ਿਆਂ ਦੀ ਤਸਕਰੀ ਦਾ ਪਤਾ ਲੱਗਾ ਤਾਂ ਮਨ ਹੈਰਾਨ ਹੋ ਗਿਆ ਕਿ ਆਖਿਰ ਇਹ ਲੋਕ ਚਾਹੁੰਦੇ ਕੀ ਹਨ ? ਸਰਕਾਰ ਵੱਲੋਂ ਵੀ ਡੀਂਗਾਂ ਮਾਰਨ ਤੋਂ ਵੱਧ ਦੂਜਾ ਕੋਈ ਕੰਮ ਨਹੀਂ ਹੈ। ਵੋਟਾਂ ਵਿੱਚ ਸ਼ਰੇਆਮ ਸ਼ਰਾਬਾਂ ਦੀਆਂ ਅਣਗਿਣਤ ਪੇਟੀਆਂ ਵਰਤਾਈਆਂ ਜਾਂਦੀਆਂ ਹਨ।
ਕੀ ਇਲਾਜ ਹੈ ? ਕੀ ਕੀਤਾ ਜਾਵੇ ?

ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਮਾਤਾ-ਪਿਤਾ ਅੱਗੇ ਆਉਣ। ਸਕੂਲ ਅਤੇ ਹੋਰ ਵਿੱਦਿਅਕ ਆਦਾਰੇ ਇਸ ਪਾਸੇ ਵਿਸ਼ੇਸ਼ ਯਤਨ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਹੋਏ, ਉਹਨਾਂ ਦਾ ਮਾਰਗ ਦਰਸ਼ਨ ਕਰਨ। ਸੈਂਸਰ ਬੋਰਡ ਰਾਹੀਂ ਫਿਲਮਾਂ, ਸੀਰੀਅਲਾਂ ਵਿੱਚੋਂ ਨਸ਼ਿਆਂ ਨੂੰ ਬੜਾਵਾ ਦੇਣ ਵਾਲੇ ਸੀਨਾਂ (ਦ੍ਰਿਸ਼ਾਂ) ਤੇ ਪੂਰਨ ਪਾਬੰਦੀ ਲਗਾਈ ਜਾਵੇ। ਨਸ਼ਿਆਂ ਨਾਲੋਂ ਨੌਜਵਾਨਾਂ ਨੂੰ ਫ਼ਲ-ਫਰੂਟ, ਦੁੱਧ, ਦਹੀਂ, ਮੱਖਣ, ਲੱਸੀ ਆਦਿ ਦੇ ਸਰੀਰ ਨੂੰ ਫਾਇਦਿਆਂ ਬਾਰੁ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਇਲੈੱਕਟ੍ਰੋਨਿਕ ਮੀਡੀਆ ਅੱਗੇ ਆ ਕੇ ਇਸ ਚੰਗੇ ਕੰਮ ਵਿੱਚ ਵਧੀਆ ਰੋਲ ਅਦਾ ਕਰਕੇ ਸੰਸਾਰ ਪੱਧਰ ਤੇ ਆਪਣੀ ਵਧੀਆ ਦਿੱਖ ਪੇਸ਼ ਕਰ ਸਕਦਾ ਹੈ। ਅਖਬਾਰਾਂ ਵਿੱਚ ਵਿਸ਼ੇਸ਼ ਕਾਲਮ ਸ਼ੁਰੂ ਕਰਕੇ ਨਸ਼ਿਆਂ ਸਬੰਧੀ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਨਸ਼ਿਆਂ ਅਤੇ ਜੀਵਣ ਜਾਂਚ ਦੇ ਸਬੰਧ ਵਿੱਚ ਧਾਰਮਿਕ ਕਲਾਸਾਂ, ਕੈਂਪ ਅਤੇ ਸੈਮੀਨਾਰ ਹਰ ਸ਼ਹਿਰ, ਪਿੰਡ, ਗਲੀ, ਮੁਹੱਲੇ ਦੇ ਪੱਧਰ ਤੇ ਸ਼ੁਰੂ ਕੀਤੇ ਜਾਣ। ਜਨਤਕ ਥਾਵਾਂ ਤੇ ਨਸ਼ਿਆਂ ਦੇ ਵਿੱਰੁਧ ਵੱਡੇ ਹੋਰਡਿੰਗ ਬੋਰਡ ਲਗਾਏ ਜਾਣ। ਸਕੂਲੀ ਬੱਚਿਆਂ ਨੂੰ ਖੇਡਾਂ, ਕੁਸ਼ਤੀਆਂ ਆਦਿ ਵੱਲ ਵਿਸ਼ੇਸ਼ ਰੂਪ ਵਿੱਚ ਪ੍ਰੇਰਿਤ ਕੀਤਾ ਜਾਵੇ। ਮਾਤਾ-ਪਿਤਾ ਆਪ ਵੀ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਕੇ ਬੱਚਿਆਂ ਲਈ ਉਦਹਾਰਣ ਬਣਨ। ਹਰ ਵਰਗ ਨੂੰ ਸੁਚੇਤ ਕੀਤਾ ਜਾਵੇ। ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਵੱਡੇ ਪੱਧਰ ਤੇ ਕੀਤਾ ਜਾਵੇ।ਸਾਰੀਆਂ ਹੀ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਨਸ਼ਿਆਂ ਦੇ ਖਿਲਾਪ ਤਿੱਖਾ ਸੰਘਰਸ਼ ਵਿੱਢਣ ਅਤੇ ਸਰਕਾਰਾ ਨੂੰ ਨਸ਼ਿਆਂ ਤੇ ਪੂਰਨ ਪਾਬੰਦੀ ਲਾਉਣ ਲਈ ਮਜਬੂਰ ਕਰਨ ਅਤੇ ਫਿਰ ਪਾਬੰਦੀ ਸਿਰਫ ਨਸ਼ਾ ਕਰਨ ਦੇ ਖਿਲਾਫ ਹੀ ਨਾ ਹੋਣ ਬਲਕਿ ਨਸ਼ਾ ਵੇਚਣ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ ਖਿਲਾਫ ਵੀ ਕਾਨੂੰਨ ਬਣੇ। ਤਾਂ ਕਿ ਪੰਜਾਬ ਵਿਚਲੇ ਸ਼ੁਰੂ ਹੋਏ ਨਸ਼ਿਆਂ ਦੇ ਭਿਅੰਕਰ ਛੇਵੇਂ ਦਰਿਆ ਨੂੰ ਠੱਲ੍ਹ ਪਾਈ ਜਾ ਸਕੇ।

This entry was posted in ਲੇਖ.

2 Responses to ਪੰਜਾਬ ਵਿੱਚ ਨਸਿ਼ਆਂ ਦਾ ਛੇਵਾਂ ਦਰਿਆ

  1. Marilu says:

    Appreciation for this ifnromtaion is over 9000—thank you!

Leave a Reply to Marilu Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>