ਚਾਰੇ ਕੂਟਾਂ ਸੁੰਨੀਆ (ਹੱਡਬੀਤੀਆਂ)

ਕਾਂਡ 1

11 ਫ਼ਰਬਰੀ 2009 ਦਿਨ ਬੁੱਧਵਾਰ ਨੂੰ ਮੈਨੂੰ ਸਾਡਾ ਕਮਿਸ਼ਨਰ ਟੌਮ ਪੁੱਛਣ ਲੱਗਿਆ, “ਜੈਗੀ, ਸਾਰੇ ਸਟਾਫ਼ ਦੇ ਬੰਦੇ ਛੁੱਟੀਆਂ ਲਈ ਜਾ ਰਹੇ ਹਨ, ਕੋਈ ਹਫ਼ਤੇ ਦੀ, ਕੋਈ ਦਸਾਂ ਦਿਨਾਂ ਦੀ, ਤੂੰ ਛੁੱਟੀ ਲੈਣ ਦੀ ਕੋਈ ਗੱਲ ਹੀ ਨਹੀਂ ਕਰਦਾ…?” ਸਾਡਾ ਕਮਿਸ਼ਨਰ ਇੰਗਲੈਂਡ ਦਾ ਗੋਰਾ ਹੈ। ਛੇ ਫ਼ੁੱਟਾ, ਬੜਾ ਦਲੇਰ ਅਤੇ ਦਿਲਦਾਰ ਬੰਦਾ! ਉਹ ਮੈਨੂੰ ‘ਜੱਗੀ’ ਦੀ ਥਾਂ ‘ਜੈਗੀ’ ਹੀ ਦੱਸਦਾ ਹੈ। ‘ਕੁੱਸਾ’ ਉਸ ਨੂੰ ਕਦੇ ਕਹਿਣਾ ਹੀ ਨਹੀਂ ਆਇਆ। ‘ਕੁੱਸਾ’ ਨੂੰ ਉਹ ‘ਕਿਊਸਾ’ ਹੀ ਦੱਸਦਾ ਹੈ! ਜੁਆਨੀ ਵੇਲ਼ੇ ਪਹਿਲਾਂ ਲੰਬਾ ਸਮਾਂ ‘ਨੇਵੀ’ ਵਿਚ ‘ਇੰਨਵੈਸਟੀਗੇਟਰ’ ਰਿਹਾ ਹੈ ਅਤੇ ਅੱਜ ਕੱਲ੍ਹ ਸਾਡਾ ‘ਬੌਸ’ ਹੈ! ਮੈਂ ਉਸ ਨੂੰ ਆਖਣ ਲੱਗਿਆ, “ਟੌਮ, ਅਜੇ ਚਾਰ ਮਹੀਨੇ ਪਹਿਲਾਂ ਤਾਂ ਮੈਂ ਇੰਡੀਆ ਜਾ ਕੇ ਆਇਐਂ, ਜਦ ਮੇਰੇ ਡੈਡ ਢਿੱਲੇ ਸਨ, ਹੁਣ ਐਡੀ ਛੇਤੀ ਮੈਂ ਇੰਡੀਆ ਜਾ ਕੇ ਕੀ ਕਰਨੈਂ…?” ਖ਼ੈਰ ਟੌਮ ਦੀ ਸੰਤੁਸ਼ਟੀ ਨਾ ਹੋਈ ਤਾਂ ਉਸ ਨੇ ਇਕ ਵਾਰ ਫਿ਼ਰ ਤਸੱਲੀ ਜਿਹੀ ਕਰਨ ਖਾਤਰ ਪੁੱਛਿਆ, “ਫ਼ੇਰ ਤੈਨੂੰ ਛੁੱਟੀ ਚਾਹੀਦੀ ਕਦੋਂ ਐਂ…?” ਉਸ ਦੇ ਉਤਰ ਵਿਚ ਮੈਂ ਵੀ ਹੱਸ ਪਿਆ, “ਮੈਨੂੰ ਛੁੱਟੀ ਜਾਂ ਤਾਂ ਅਕਤੂਬਰ ਵਿਚ ਚਾਹੀਦੀ ਐ, ਅਤੇ ਜਾਂ ਫਿ਼ਰ ਅਗਲੇ ਸਾਲ ਮਾਰਚ ਵਿਚ, ਮੈਂ ਤਾਂ ਆਪਣੇ ਬਾਪ ਨੂੰ ਮਿਲਣ ਹੀ ਇੰਡੀਆ ਜਾਂਦਾ ਹਾਂ, ਹੋਰ ਮੈਂ ਕਿਸੇ ‘ਬੀਚ’ ‘ਤੇ ਜਾ ਕੇ ਧੁੱਪ ਨਹੀਂ ਸੇਕਣੀਂ ਹੁੰਦੀ…! ਮੈਂ ਤਾਂ ਸਿਰਫ਼ ਆਪਣੇ ਬਾਪ ਨਾਲ਼ ਈ ਦੁਖ ਸੁਖ ਕਰਨ ਜਾਂਦਾ ਹਾਂ..! ਮਾਂ ਤਾਂ ਮੇਰੀ ਤਕਰੀਬਨ ਤਿੰਨ ਸਾਲ ਪਹਿਲਾਂ ਚੜ੍ਹਾਈ ਕਰ ਗਈ ਸੀ…!” ਟੌਮ ਤੁਰ ਗਿਆ। ਹੁਣ ਉਸ ਦੀ ਵੀ ਤਸੱਲੀ ਹੋ ਗਈ ਸੀ।

ਟੌਮ ਪੰਜ ਵਜੇ ਡਿਊਟੀ ਖ਼ਤਮ ਕਰ ਕੇ ਆਪਣੇ ਘਰ ਨੂੰ ਚਲਾ ਗਿਆ ਅਤੇ ਮੈਂ ਕੰਟੀਨ ‘ਚ ਚਾਹ ਪੀਣ ਜਾ ਲੱਗਿਆ! ਚਾਹ ਪੀਂਦਿਆਂ ਨਾਲ਼ ਕੰਮ ਕਰਨ ਵਾਲ਼ੇ ਮਿੱਤਰਾਂ ਨਾਲ਼ ਹਾਸਾ ਠੱਠਾ ਵੀ ਹੁੰਦਾ ਰਿਹਾ। ਕੁਝ ਕੁ ਇਸ ਹਫ਼ਤੇ ਛੁੱਟੀਆਂ ‘ਤੇ ਜਾ ਰਹੇ ਸਨ ਅਤੇ ਕੁਝ ਕੁ ਅਗਲੇ ਹਫ਼ਤੇ! ਕੋਈ ਪੰਜ ਦਿਨ ਲਈ ਜਾ ਰਿਹਾ ਸੀ ਅਤੇ ਕੋਈ ਦਸ ਦਿਨ ਲਈ। ਹਰ ਕੋਈ ਆਪਣਾ ਆਪਣਾ ਛੁੱਟੀਆਂ ਦਾ ਪ੍ਰੋਗਰਾਮ ਦੱਸ ਰਿਹਾ ਸੀ। ਕਿਸੇ ਦੀ ਗਰੀਸ ਦੀ ਫ਼ਲਾਈਟ ਸੀ ਅਤੇ ਕਿਸੇ ਦੀ ਕੈਨੇਡਾ ਦੀ! ਪਰ ਮੇਰਾ ਐਤਕੀਂ ਕੋਈ ਪ੍ਰੋਗਰਾਮ ਨਹੀਂ ਸੀ।

ਖ਼ੈਰ ਦੋ ਦਿਨ ਲੰਘ ਗਏ ਅਤੇ 13 ਫ਼ਰਬਰੀ 2009 ਦਾ ਦਿਨ ਆ ਗਿਆ। ਮੈਂ ਆਪਣੇ ਨਾਵਲ “ਪ੍ਰਿਥਮ ਭਗੌਤੀ ਸਿਮਰ ਕੈ” ਦਾ 14ਵਾਂ ਕਾਂਡ ਲਿਖ ਰਿਹਾ ਸੀ। ਮੇਰਾ ਇਹ ਨਾਵਲ ਕਾਫ਼ੀ ਚਿਰ ਦਾ ਕੀੜੀ ਦੀ ਤੋਰ ਤੁਰ ਰਿਹਾ ਸੀ ਅਤੇ ਅੱਜ ਮੈਂ ਸੋਚਿਆ ਕਿ ਅੱਜ 14ਵਾਂ ਕਾਂਡ ਪੂਰਾ ਕਰ ਕੇ ਹੀ ਸਾਹ ਲਵਾਂਗਾ! ‘ਆਰਸੀ’ ਦੀ ਸੰਪਾਦਕਾ ਤਨਦੀਪ ਤਮੰਨਾਂ ਨਾਵਲ ਕਰ ਕੇ ਮੇਰਾ ਖਹਿੜ੍ਹਾ ਨਹੀਂ ਛੱਡਦੀ, “ਸਿ਼ਵਚਰਨ ਜੀ, ਨਾਵਲ ਕਿੱਥੇ ਕਿਜੇ ਪਹੁੰਚਿਆ…?” ਉਹ ਆਮ ਹੀ ਫ਼ੋਨ ‘ਤੇ ਜਾਂ ਈਮੇਲ ‘ਤੇ ਪੁੱਛਦੀ ਰਹਿੰਦੀ ਹੈ! ਦਿਨ ਦੇ ਤਿੰਨ ਕੁ ਵੱਜੇ ਤਾਂ ਮੈਂ ਨਾਵਲ ਲਿਖਣਾ ਛੱਡ ਕੇ ਬਾਹਰ ਗਾਰਡਨ ਵਿਚ ਚਲਿਆ ਗਿਆ। ਵਹਿਮੀ ਔਰਤਾਂ ਦੇ ਆਖਣ ਵਾਂਗੂੰ ਮੇਰੇ ਮਨ ਨੂੰ ਪਤਾ ਨਹੀਂ ਕਿਉਂ ਘਬਰਾਹਟ ਜਿਹੀ ਹੋਈ, ਹੌਲ ਜਿਹਾ ਪਿਆ! ਅਜਿਹੀ ਘਬਰਾਹਟ ਮੈਨੂੰ ਜਿ਼ੰਦਗੀ ਵਿਚ ਪਹਿਲੀ ਵਾਰ ਹੋਈ ਸੀ। ਪੰਜ ਸੱਤ ਮਿੰਟ ਮੈਂ ਬਾਹਰ ਗਾਰਡਨ ਵਿਚ ਖੜ੍ਹਾ ਰਿਹਾ। ਮੌਸਮ ਬੜਾ ਵਧੀਆ ਸੀ। ਬਾਹਰਲੇ ਗਾਰਡਨ ਵਿਚ ਮੇਰਾ ਗੁਆਂਢੀ ਗੋਰਾ ਬਿੱਲ ਟੇਲਰ ਫਿ਼ਰ ਰਿਹਾ ਸੀ। 82 ਸਾਲ ਦਾ ਬਿੱਲ ਬੜਾ ਵਧੀਆ ਅਤੇ ਸਿਆਣਾ ਆਦਮੀ ਹੈ! ਪਰ ਮੇਰਾ ਉਸ ਨਾਲ਼ ਗੱਲ ਕਰਨ ਨੂੰ ਦਿਲ ਨਾ ਕੀਤਾ ਅਤੇ ਮੈਂ ਸਿਰਫ਼ ‘ਹੈਲੋ’ ਆਖ ਕੇ ਅੰਦਰ ਆ ਗਿਆ।

ਕਿਚਨ ਵਿਚ ਆ ਕੇ ਪਾਣੀ ਪੀਤਾ ਅਤੇ ਆ ਕੇ ਫਿ਼ਰ ਕੰਪਿਊਟਰ ‘ਤੇ ਬੈਠ ਗਿਆ। ਪਰ ਲਿਖਣ ਨੂੰ ਮੇਰਾ ਮਨ ਨਾ ਕੀਤਾ। ਮੇਰਾ ਮਨ ਸੋਚ ਰਿਹਾ ਸੀ ਕਿ ਡੈਡੀ ਨੂੰ ਫ਼ੋਨ ਕੀਤਿਆਂ ਕਈ ਦਿਨ ਹੋ ਗਏ, ਕਿਉਂ ਨਾ ਉਹਨਾਂ ਨੂੰ ਫ਼ੋਨ ਕੀਤਾ ਜਾਵੇ..? ਜਦੋਂ ਦੇ ਮੇਰੇ ਮਾਤਾ ਜੀ ਨੇ ਚੜ੍ਹਾਈ ਕੀਤੀ ਹੈ, ਉਦੋਂ ਦੇ ਬਾਪੂ ਜੀ ਕਦੇ-ਕਦੇ ‘ਓਦਰ’ ਜਾਂਦੇ ਸਨ। ਜਦ ਕਦੇ ਦੋ-ਚਾਰ ਦਿਨ ਉਹਨਾਂ ਨੂੰ ਫ਼ੋਨ ਨਾ ਕਰਨਾ, ਉਹਨਾਂ ਨੇ ‘ਅਲੀ-ਅਲੀ’ ਕਰਕੇ ਮੇਰੇ ਮਗਰ ਪੈ ਜਾਣਾ, “ਉਏ ਘਰੇ ਬੈਠੇ ਕੀ ਛੋਪ ਕੱਤਦੇ ਹੁੰਨੇ ਓਂ? ਮਾੜਾ ਜਿਆ ਫ਼ੋਨ ਵੀ ਨ੍ਹੀ ਕਰ ਸਕਦੇ..?” ਸੁਭਾਅ ਉਹਨਾਂ ਦਾ ਥੋੜ੍ਹਾ ਜਿਹਾ ਨਹੀਂ, ਬਾਹਵਾ ਹੀ ‘ਅੱਤੜ’ ਸੀ।

ਖ਼ੈਰ ਜੱਕਾਂ ਤੱਕਾਂ ਕਰਦੇ ਨੇ ਫ਼ੋਨ ਮਿਲਾ ਲਿਆ।

ਕਾਫ਼ੀ ਦੇਰ ਬਾਅਦ ਬਾਪੂ ਜੀ ਨੇ ਫ਼ੋਨ ਚੁੱਕ ਕੇ “ਹੈਲੋ” ਆਖਿਆ ਤਾਂ ਮੈਂ ਵੀ “ਡੈਡੀ ਜੀ ਪੈਰੀਂ ਪੈਨੇ ਆਂ…!” ਆਖ ਕੇ ਸਤਿਕਾਰ ਦਿੱਤਾ।

-”ਜਿਉਂਦਾ ਵੱਸਦਾ ਰਹਿ ਪੁੱਤਰਾ..! ਕੀ ਹਾਲ ਐ…? ਠੀਕ ਠਾਕ ਐਂ…?”

-”ਬਿਲਕੁਲ ਚੜ੍ਹਦੀ ਕਲਾ ‘ਚ ਐਂ ਜੀ, ਗੁਰੂ ਕਿਰਪਾ, ਬਿਲਕੁਲ ਚੜ੍ਹਦੀ ਕਲਾ ‘ਚ! ਤੁਸੀਂ ਫਿ਼ਕਰ ਨਾ ਕਰਿਆ ਕਰੋ!”

-”ਬਾਕੀ ਆਪਣੇ ਕਬੀਰ ਹੋਰਾਂ ਦਾ ਕੀ ਹਾਲ ਐ..?”

-”ਉਹ ਵੀ ਚੜ੍ਹਦੀ ਕਲਾ ‘ਚ ਐ, ਸਭ ਗੁਰੂ ਕਿਰਪੈ..!”

-”ਚਲੋ ਸ਼ੁਕਰ ਐ ਪੁੱਤ, ਬਾਬਾ ਨਾਨਕ ਚੜ੍ਹਦੀ ਕਲਾ ‘ਚ ਈ ਰੱਖੇ ਥੋਨੂੰ ਸਾਰਿਆਂ ਨੂੰ!”

ਅਜੇ ਤਿੰਨ ਕੁ ਦਿਨ ਪਹਿਲਾਂ ਦੀ ਹੀ ਗੱਲ ਸੀ ਕਿ ਡੈਡੀ ਦਾ ਅਚਾਨਕ ਫ਼ੋਨ ਆ ਗਿਆ। ਮੇਰੇ ਕੋਲ਼ ਸਮਾਂ ਨਹੀਂ ਸੀ। ਲੰਡਨ ਵਿਚ ਇਕ ਜ਼ਰੂਰੀ ਮੀਟਿੰਗ ਚੱਲ ਰਹੀ ਸੀ। ਮੈਂ ਉਹਨਾਂ ਨੂੰ ਪੁੱਛਿਆ, “ਡੈਡੀ ਜੀ ਸਭ ਠੀਕ ਠਾਕ ਐ? ਮੈਂ ਇਕ ਮੀਟਿੰਗ ‘ਚ ਐਂ ਤੇ ਥੋਡੇ ਨਾਲ਼ ਹੁਣ ਗੱਲ ਨ੍ਹੀ ਕਰ ਸਕਦਾ..!” ਤਾਂ ਆਖਣ ਲੱਗੇ, “ਸਭ ਚੜ੍ਹਦੀ ਕਲਾ ਐ ਪੁੱਤ..! ਜਦੋਂ ਟੈਮ ਜਿਆ ਹੋਇਆ ਮੈਨੂੰ ਮਾੜਾ ਜਿਆ ਫ਼ੋਨ ਕਰੀਂ..! ਊਂ ਈਂ ਮੇਰਾ ਦਿਲ ਜਿਆ ਕੀਤਾ ਤੇਰੇ ਨਾਲ਼ ਗੱਲ ਕਰਨ ਨੂੰ..!” ਮੈਂ ਜਲਦੀ ਫ਼ੋਨ ਕਰਨ ਵਾਅਦਾ ਕਰ ਕੇ ਫ਼ੋਨ ਰੱਖ ਦਿੱਤਾ। ਜ਼ਰੂਰੀ ਮੀਟਿੰਗ ਵਿਚ ਫ਼ੋਨ ਕਰਨਾ ਇਕ ਗੁਨਾਂਹ ਹੀ ਨਹੀਂ, ਪਾਲਿਸੀ ਦੇ ਖਿ਼ਲਾਫ਼ ਵੀ ਸੀ!

ਮੀਟਿੰਗ ਖ਼ਤਮ ਹੋਣ ‘ਤੇ ਅੱਧੇ ਕੁ ਘੰਟੇ ਬਾਅਦ ਮੈਂ ਹੈਰਾਨ ਜਿਹੇ ਹੋਏ ਨੇ ਫ਼ੋਨ ਕੀਤਾ ਤਾਂ ਪੁੱਛਣ ਲੱਗੇ, “ਤੂੰ ਠੀਕ ਐਂ…?” ਮੈਂ ਉਹਨਾਂ ਦੇ ਬੇਹੂਦੇ ਜਿਹੇ ਸੁਆਲ ‘ਤੇ ਹੈਰਾਨ ਜਿਹਾ ਹੋ ਕੇ ਹੱਸ ਪਿਆ। ਪੱਟਿਆ ਪਹਾੜ ਤੇ ਨਿਕਲਿ਼ਆ ਚੂਹਾ!

-”ਮੈਂ ਬਿਲਕੁਲ ਠੀਕ ਠਾਕ ਐਂ, ਕਿਉਂ ਕੀ ਗੱਲ ਹੋ ਗਈ…? ਥੋਨੂੰ ਕੀ ਸ਼ੱਕ ਹੋ ਗਈ…?” ਹੈਰਾਨਗੀ ਮੇਰੇ ਲਈ ਕੰਧ ਬਣੀ ਖੜ੍ਹੀ ਸੀ।

-”ਕੋਈ ਤੰਗ ਫ਼ੰਗ ਤਾਂ ਨ੍ਹੀ ਕਰਦਾ…?”

-”ਸਾਰੀ ਦੁਨੀਆਂ ਈ ਆਪਣੀ ਮਿੱਤਰ ਐ, ਤੰਗ ਫ਼ੰਗ ਕੀਹਨੇ ਕਰਨੈਂ…? ਆਪਣੀ ਕਿਹੜਾ ਕਿਸੇ ਨਾਲ਼ ਕੋਈ ਦੁਸ਼ਮਣੀ ਐਂ…?”

-”ਕੋਈ ਤੰਗ ਫ਼ੰਗ ਕਰੇ ਦੱਸ ਦੇਈਂ, ਮੈਂ ਤਾਂ ਟੈਲੀਫ਼ੋਨ ਦੀਆਂ ਤਾਰਾਂ ਵਿਚ ਦੀ ਜ਼ੁਬਾਨ ਕਿਉਂ ਨਾ ਖਿੱਚ ਲਵਾਂ..!” ਪਤਾ ਨਹੀਂ ਉਹਨਾਂ ਨੇ ਕਿਸ ਨੂੰ ਲਲਕਾਰ ਕੇ ਜਿਹੇ ਕਿਹਾ ਸੀ। ਇਕ ਤਰ੍ਹਾਂ ਨਾਲ਼ ਬੇਥ੍ਹਵੀ ਗੱਲ!

-”ਮੇਰੀ ਕਿਸੇ ਨਾਲ਼ ਦੁਸ਼ਮਣੀਂ ਕੋਈ ਨ੍ਹੀ, ਮੈਨੂੰ ਤੰਗ ਕੀਹਨੇ ਕਰਨੈਂ..? ਤੁਸੀਂ ਅੱਜ ਗੱਲਾਂ ਕਿਹੜੀਆਂ ਕਰੀ ਜਾਨੇ ਐਂ..? ਤੁਸੀਂ ਵੀ ਕਦੇ ਕਦੇ ਪੰਜਾਬ ਦੇ ਟੈਲੀਫ਼ੋਨ ਵਾਂਗੂੰ ‘ਡੈਡ’ ਜਿਹੇ ਹੋ ਜਾਨੇ ਐਂ ਤੇ ਕਦੇ ਰੇਡੀਓ ਵਾਂਗੂੰ ਬਾਹਲ਼ਾ ਈ ਘਿਰੜ ਘਿਰੜ ਕਰਨ ਲੱਗ ਜਾਨੇ ਐਂ-ਕੋਈ ਬਲੱਡ ਪ੍ਰੈਸ਼ਰ ਦੀ ਗੋਲ਼ੀ ਗਾਲ਼ੀ ਲੈ ਲੈਣੀ ਸੀ..!” ਮੈਂ ਮਜ਼ਾਕ ਨਾਲ਼ ਆਖਿਆ।

-”……..!” ਬਾਪੂ ਚੁੱਪ ਰਿਹਾ।

-”ਤੁਸੀਂ ਗੋਲ਼ੀ ਗਾਲ਼ੀ ਲੈ ਲਈ ਬਲੱਡ ਪ੍ਰੈਸ਼ਰ ਦੀ…?” ਜਦ ਉਹ ਨਾ ਬੋਲੇ ਤਾਂ ਮੈਂ ਫਿ਼ਰ ਪੁੱਛਿਆ।

-”ਉਹ ਤਾਂ ਮੈਂ ਨਿੱਤ ਈ ਲੈਨੈਂ..! ਪਰ ਅੱਜ ਮੇਰਾ ਮਨ ਜਿਆ ਕਰਦਾ ਸੀ ਤੇਰੇ ਨਾਲ਼ ਗੱਲਾਂ ਕਰਨ ਨੂੰ..!”

-”ਤੁਸੀਂ ਮੇਰੀ ਚਿੰਤਾ ਨਾ ਕਰਿਆ ਕਰੋ..! ਆਬਦੀ ਸਿਹਤ ਦਾ ਖਿਆਲ ਰੱਖਿਆ ਕਰੋ..! ਬਿਨਾਂ ਗੱਲੋਂ ਚਿੰਤਾ ਨ੍ਹੀ ਕਰੀਦੀ ਹੁੰਦੀ ਡੈਡੀ ਜੀ…! ਨਾਲ਼ੇ ਥੋਨੂੰ ਤਾਂ ਗੁਰੂ ਕਿਰਪਾ ਸਦਕਾ ਕੋਈ ਫਿ਼ਕਰ ਹੈ ਈ ਨ੍ਹੀ..!”

ਕਦੇ ਕਦੇ ਉਹ ਅਜਿਹੀਆਂ ਅੜਬ ਜਿਹੀਆਂ ਗੱਲਾਂ ਵੀ ਕਰਨ ਲੱਗ ਪੈਂਦੇ ਸਨ। ਇਕਲੌਤੇ ਪੋਤਰੇ ਕਬੀਰ ਨੂੰ ਬਹੁਤ ਪ੍ਰੇਮ ਕਰਦੇ ਸਨ। ਜਦ ਕੋਈ ਕਬੀਰ ਨੂੰ ਝਿੜਕ ਦਿੰਦਾ ਸੀ ਤਾਂ ਉਹ ਜਰਦੇ ਨਹੀਂ ਸਨ। ਜਦੋਂ ਉਹਨਾਂ ਦਾ ਸੁਭਾਅ ‘ਤੱਤਾ’ ਹੋ ਜਾਂਦਾ ਤਾਂ ਉਹ ਨਾ ਤਾਂ ਬੈਠਿਆ ਉਠਿਆ ਦੇਖਦੇ ਸਨ ਅਤੇ ਨਾ ਹੀ ਗਾਲ਼ ਕੱਢਣ ਲੱਗੇ ਅੱਗਾ ਪਿੱਛਾ! ਉਹ ਮੈਨੂੰ ਹੁਣ ਤੱਕ ‘ਮਾਂ’ ਦੀ ਗਾਲ਼ ਤੱਕ ਕੱਢ ਦਿੰਦੇ ਸਨ। ਪਰ ਜਿ਼ੰਦਗੀ ਵਿਚ ਮੈਨੂੰ ਉਹਨਾਂ ਦਾ ਕਦੇ ਗੁੱਸਾ ਨਹੀਂ ਆਇਆ ਸੀ। ਚਾਹੇ ਮੈਨੂੰ ਕਿੰਨੀਆਂ ਵੀ ਗਾਲ਼ਾਂ ਕੱਢੀ ਜਾਂਦੇ। ਜੇ ਉਹਨਾਂ ਦਾ ਪਾਰਾ ਖ਼ਤਰੇ ਵਾਲ਼ੀ ਸੂਈ ‘ਤੇ ਚਲਿਆ ਜਾਂਦਾ, ਤਾਂ ਮੈਂ ਚੁੱਪ ਚਾਪ ਘਰੋਂ ਬਾਹਰ ਨਿਕਲ਼ ਜਾਂਦਾ ਅਤੇ ਅੱਧਾ ਕੁ ਘੰਟਾ ਗੁਆਂਢੀਆਂ ਕੋਲ਼ ਬੈਠ ਕੇ ਗੱਲਾਂ ਬਾਤਾਂ ਕਰ ਕੇ ਮੁੜ ਆਉਂਦਾ।  ਸਾਡੇ ਆਂਢ ਗੁਆਂਢ ਨੂੰ ਅਤੇ ਸਾਰੇ ਪਿੰਡ ਨੂੰ ਪਤਾ ਸੀ ਕਿ ਮੇਰੇ ਬਾਪੂ ਜੀ ਦਾ ਸੁਭਾਅ ਗਰਮ ਅਤੇ ਅੜਬ ਸੀ। ਮੈਂ ਉਹਨਾਂ ਨੂੰ ਕਦੇ ‘ਬਾਪੂ’ ਅਤੇ ‘ਡੈਡੀ ਜੀ’ ਆਖ ਕੇ ਬੁਲਾਉਂਦਾ ਸੀ। ਮੇਰੇ ਬੱਚੇ ਉਹਨਾਂ ਨੂੰ ‘ਡੈਡੀ’ ਆਖ ਕੇ ਹੀ ਬੁਲਾਉਂਦੇ ਸਨ ਅਤੇ ਮੇਰੀ ਮਾਂ ਨੂੰ ਉਹ ‘ਦਾਦੀ’ ਆਖਦੇ ਸਨ। ਮੈਨੂੰ ਉਮੀਦ ਹੈ ਕਿ ਸਾਡੇ ਸਾਰੇ ਖਾਨਦਾਨ ਵਿਚੋਂ ਮੇਰੇ ਘਰਵਾਲ਼ੀ ਅਤੇ ਮੇਰੇ ਬੱਚੇ ਹੀ ਹੋਣਗੇ, ਜਿਹਨਾਂ ਨੂੰ ਬਾਪੂ ਜੀ ਨੇ ਕਦੇ ਮੰਦਾ ਬਚਨ ਨਹੀਂ ਬੋਲਿਆ ਸੀ। ਉਹ ਆਪਣੀ ਨੂੰਹ ਨੂੰ, “ਉਏ ਆ ਬਈ ਪੁੱਤ ਮੇਰਿਆ…!” ਅਤੇ ਜਾਂ ਫਿ਼ਰ “ਸਵਰਨ ਪੁੱਤ” ਆਖ ਕੇ ਬੁਲਾਉਂਦੇ ਸਨ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕਬੀਰ ਉਦੋਂ ਚਾਰ ਕੁ ਸਾਲ ਦਾ ਸੀ। ਅਸੀਂ ਪਿੰਡ ਗਏ ਹੋਏ ਸਾਂ। ਪਤਾ ਨਹੀਂ ਉਸ ਤੋਂ ਕੀ ਗਲਤੀ ਹੋ ਗਈ ਤਾਂ ਮੈਂ ਉਸ ਦੇ ਇਕ ਚੁਪੇੜੀ ਜਿਹੀ ਮਾਰ ਦਿੱਤੀ। ਬਾਪੂ ਬਾਹਰ ਵਿਹੜੇ ਵਿਚ ਬੰਦਿਆਂ ਵਿਚ ਬੈਠਾ ਸੀ। ਉਹਨਾਂ ਕੋਲ਼ ਘੱਟੋ ਘੱਟ ਦਸ ਪੰਦਰਾਂ ਬੰਦੇ ਬੈਠੇ ਹੋਣਗੇ। ਦਸ ਪੰਦਰਾਂ ਬੰਦੇ ਤਾਂ ਉਹਨਾਂ ਕੋਲ਼ ਆਮ ਹੀ ਬੈਠੇ ਰਹਿੰਦੇ ਸਨ। ਜਦ ਉਹਨਾਂ ਨੇ ਕਬੀਰ ਦੇ ਚੁਪੇੜੀ ਜਿਹੀ ਵੱਜੀ ਦੇਖੀ ਤਾਂ ਕਬੀਰ ਨੇ ਵੀ ਮੂੰਹ ‘ਘਸਮੈਲ਼ਾ’ ਜਿਹਾ ਕਰ ਲਿਆ। ਬਾਪੂ ਬੰਦਿਆਂ ਵਿਚੋਂ ਉਠ ਕੇ ਸਿੱਧੇ ਹੀ ਸਾਡੇ ਕੋਲ਼ ਕਿਚਨ ਵਿਚ ਆ ਗਏ ਅਤੇ ਆਉਣ ਸਾਰ ਮੈਨੂੰ ਪੁੱਛਣ ਲੱਗੇ, “ਕਿਉਂ ਉਏ ਤੂੰ ਮੇਰੇ ਪੋਤੇ ਦੇ ਲਫ਼ੇੜਾ ਮਾਰਦੈਂ…?” ਮੈਂ ਆਖਣ ਲੱਗਿਆ, “ਡੈਡੀ ਜੀ ਇਹ ਇੱਲਤਾਂ ਕਰਦੈ, ਹੱਟਦਾ ਨ੍ਹੀ…!” ਤੇ ਮੈਨੂੰ ਪੈਂਦੀ ਸੱਟੇ ਆਖਣ ਲੱਗੇ, “ਤੂੰ ਹੁਣ ਤੱਕ ਬੰਦਾ ਨ੍ਹੀ ਬਣਿਆਂ, ਤੈਨੂੰ ਤਾਂ ਕਿਸੇ ਨੇ ਕੁੱਟਿਆ ਨਾ…?” ਤੇ ਆਪਣੀ ਹਿੱਕ ‘ਤੇ ਹੱਥ ਮਾਰ ਕੇ ਆਖਣ ਲੱਗੇ, “ਇਹਦੇ ਵੱਜਿਆ ਥੱਪੜ ਮੇਰੇ ਐਥੇ ਵੱਜਦੈ ਜੱਗਿਆ…! ਇਹਨੂੰ ਕਦੇ ਹੱਥ ਨਾ ਲਾਈਂ…! ਨਹੀਂ ਆਪਣੀ ਟੱਕਰ ਹੋਜੂ..! ਇਹ ਚਾਹੇ ਲੱਖ ਦਾ ਨੁਕਸਾਨ ਕਰਦੇ, ਇਹਦੇ ਮਾਰਨ ਵਾਲ਼ਾ ਮੇਰਾ ਸਭ ਤੋਂ ਵੱਡਾ ਦੁਸ਼ਮਣ ਐਂ..! ਸੁਣ ਗਿਆ..?” ਮੇਰੇ ਕੋਲ਼ ‘ਹਾਂ ਜੀ’ ਕਹਿਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ। ਮੈਨੂੰ ਮੇਰੇ ਘਰ ਦੇ ਅਤੇ ਸਾਰੇ ਰਿਸ਼ਤੇਦਾਰ ‘ਜੱਗਾ’ ਹੀ ਆਖਦੇ ਹਨ! ਮੇਰਾ ਪਿੰਡ ਦਾ ਨਾਂ ਹੀ ‘ਜੱਗਾ’ ਹੈ ਅਤੇ ਸਹੁਰੇ ਵੀ ਮੈਨੂੰ ‘ਜੱਗਾ’ ਆਖ ਕੇ ਹੀ ਬੁਲਾਉਂਦੇ ਹਨ!

….13 ਫ਼ਰਬਰੀ 2009 ਨੂੰ ਮੈਂ ਬਾਪੂ ਜੀ ਨੂੰ ਫ਼ੋਨ ਕੀਤਾ।

ਭਾਰਤ ਦੇ ਵਿਚ ਸ਼ਾਮ ਦੇ ਤਕਰੀਬਨ ਪੰਜ ਕੁ ਵੱਜੇ ਹੋਏ ਸਨ।

ਬਾਪੂ ਜੀ ਦੁਆਈ ਲੈ ਕੇ ਸ਼ਾਮ ਦੇ ਵੱਧ ਤੋਂ ਵੱਧ ਸਾਢੇ ਸੱਤ ਵਜੇ ਸੌਂ ਜਾਂਦੇ ਸਨ। ਜੇ ਕਦੇ ਅਸੀਂ ਉਹਨਾਂ ਨੂੰ ਸਾਢੇ ਸੱਤ ਵਜੇ ਤੋਂ ਬਾਅਦ ਫ਼ੋਨ ਕਰ ਲੈਣਾ ਤਾਂ ਉਹਨਾਂ ਨੇ ਸਾਨੂੰ ਖਿਝ ਕੇ ਪੈਣਾ, “ਕੀ ਗੱਲ ਦਿਨੇ ਕੜਛ ਮਾਂਜਦੇ ਹੁੰਨੇ ਐਂ, ਜਿਹੜੇ ਰਾਤ ਨੂੰ ਫ਼ੋਨ ਕਰਦੇ ਓਂ? ਫ਼ੋਨ ਦਿਨੇ ਨ੍ਹੀ ਕੀਤਾ ਜਾਂਦਾ…?” ਤਾਂ ਸਾਨੂੰ ਵੀਹ ਸਪੱਸ਼ਟੀਕਰਣ ਦੇਣੇ ਪੈਂਦੇ, ਦਿਨੇ ਟਾਈਮ ਨਹੀਂ ਸੀ ਜੀ…। ਸਾਡੀ ਜ਼ਰੂਰੀ ਮੀਟਿੰਗ ਸੀ ਜੀ…। ਡਿਊਟੀਆਂ ਕਸੂਤੀਆਂ ਚੱਲ ਰਹੀਆਂ ਨੇ ਜੀ…ਬਗੈਰਾ ਬਗੈਰਾ..! ਵੈਸੇ ਤਾਂ ਅਸੀਂ ਉਹਨਾਂ ਨੂੰ ਹਫ਼ਤੇ ਵਿਚ ਦੋ ਵਾਰ ਫ਼ੋਨ ਕਰਦੇ ਹੀ ਕਰਦੇ ਸਾਂ। ਪਰ ਕਿਸੇ ਕਾਰਨ ਜੇ ਅਸੀਂ ਉਹਨਾਂ ਨੂੰ ਫ਼ੋਨ ਕਰਨੋਂ ਲੇਟ ਹੋ ਜਾਣਾ ਤਾਂ ਉਹਨਾਂ ਨੇ ਪੜਛੱਤੀ ਸਿਰ ‘ਤੇ ਚੁੱਕ ਲੈਣੀ ਅਤੇ ਆਪ ਫੋਨ ਕਰਨਾ, “ਕੀ ਗੱਲ ਐ ਉਏ…! ਫ਼ੋਨ ਕਰਨੋਂ ਵੀ ਹਟ ਗਏ..?” ਫ਼ੇਰ ਉਹੀ ਸਪੱਸ਼ਟੀਕਰਣ…ਸਮਾਂ ਨਹੀਂ ਲੱਗਿਆ ਜੀ…। ਮੁਆਫ਼ ਕਰੋ ਜੀ ਡੈਡੀ ਜੀ…। ਜਿਤਨੇ ਉਹ ਸੁਭਾਅ ਦੇ ਅੜਬ ਸਨ, ਉਤਨੇ ਹੀ ਦਿਲ ਦੇ ਸਾਫ਼! ਥੋੜਾ ਜਿਹਾ ਸਪੱਸ਼ਟੀਕਰਣ ਦੇਣਾ ਤਾਂ ਉਹ ਫ਼ੱਟ ਸ਼ਾਂਤ ਹੋ ਜਾਂਦੇ ਸਨ, “ਕੋਈ ਗੱਲ ਨ੍ਹੀ ਪੁੱਤ..! ਕੰਮ ਕਾਰ ਵੀ ਤਾਂ ਕਰਨੇ ਈ ਐਂ..! ਕੰਮ ਕਾਰ ਕਰਿਆ ਕਰੋ ਦੱਬ ਕੇ..! ਮੇਰਾ ਤਾਂ ਬੱਸ ਜੀਅ ਜਿਆ ਨ੍ਹੀ ਲੱਗਦਾ ਜਦੋਂ ਤੁਸੀਂ ਫ਼ੋਨ ਨ੍ਹੀ ਕਰਦੇ! ਮੈਨੂੰ ਫ਼ੋਨ ਕਰ ਲਿਆ ਕਰੋ, ਚਾਹੇ ਇਕ ਮਿੰਟ ਕਰ ਲਿਆ ਕਰੋ। ਏਨੇ ਨਾਲ਼ ਮੇਰਾ ਜੀਅ ਲੱਗਿਆ ਰਹਿੰਦੈ ਸ਼ੇਰੋ..!” ਉਹਨਾਂ ਨੇ ਜਿ਼ੰਦਗੀ ਵਿਚ ਮੈਨੂੰ ਗਾਲ਼ਾਂ ਵੀ ਬਹੁਤ ਕੱਢੀਆਂ, ਕੁੱਟਿਆ ਵੀ, ਪਰ ਪ੍ਰੇਮ ਵੀ ਬਹੁਤ ਕੀਤਾ। ਕਦੇ ਕਦੇ ਉਹ ਮੈਨੂੰ ਸੁੱਤੇ ਪਏ ਨੂੰ ਜੁਆਕਾਂ ਵਾਂਗੂੰ ਉਠਾਉਂਦੇ। ਖ਼ਾਸ ਕਰਕੇ ਉਸ ਦਿਨ, ਜਿਸ ਦਿਨ ਮੈਂ ਇੰਗਲੈਂਡ ਜਾਂ ਆਸਟਰੀਆ ਨੂੰ ਵਾਪਸ ਆਉਣਾ ਹੁੰਦਾ ਤੇ ਮੇਰੀ ਫ਼ਲਾਈਟ ਹੁੰਦੀ।

ਸੋ, 13 ਫ਼ਰਬਰੀ 2009 ਨੂੰ ਬਾਪੂ ਜੀ ਨੂੰ ਫ਼ੋਨ ਕੀਤਾ। ਉਹ ਬੜੀ ਚੜ੍ਹਦੀ ਕਲਾ ਵਿਚ ਸਨ। ਬਰਨਾਲੇ ਵਾਲ਼ੀ ਭੈਣ ਆਈ ਹੋਈ ਸੀ। ਅਚਾਨਕ ਮੇਰੇ ਘਰਵਾਲ਼ੀ ਵੀ ਪਿਛਲੇ ਦਿਨ ਪੰਜਾਬ ਪਹੁੰਚ ਗਈ ਸੀ। ਉਸ ਦੀ ਮਾਂ ਕੁਝ ਬਿਮਾਰ ਸੀ। ਮੈਂ ਘਰਵਾਲ਼ੀ ਨੂੰ ਕਿਹਾ ਸੀ ਕਿ ਬਜ਼ੁਰਗਾਂ ਦੇ ਤੁਰ ਗਿਆਂ ਤੋਂ ਬਾਅਦ “ਬੂਕ੍ਹਣ” ਦਾ ਕੋਈ ਫ਼ਾਇਦਾ ਨਹੀਂ, ਮਾਤਾ ਬੀਮਾਰ ਹੈ, ਤੂੰ ਜਾ ਕੇ ਮਿਲ ਆ। ਪਰ ਆਪਾਂ ਐਤਕੀਂ ਬਾਪੂ ਜੀ ਨੂੰ ਨਹੀਂ ਦੱਸਣਾ, ਗਾਲ਼ਾਂ ਕੱਢਣ ਲੱਗ ਜਾਂਦੇ ਨੇ, “ਕੰਜਰੋ ਜਹਾਜ ਨੂੰ ਯੱਕਾ ਈ ਬਣਾਈ ਫਿ਼ਰਦੇ ਰਹਿੰਨੇ ਐਂ, ਕਦੇ ਧਰਤੀ ‘ਤੇ ਪੈਰ ਵੀ ਲਾ ਲਿਆ ਕਰੋ..!”

ਅਸੀਂ ਐਤਕੀਂ ਸਕੀਮ ਬਣਾਈ ਸੀ ਕਿ ਬਾਪੂ ਜੀ ਨੂੰ ਦੱਸਣਾ ਨਹੀਂ ਕਿ ਤੁਹਾਡੀ ਨੂੰਹ ਇੰਡੀਆ ਆਈ ਹੈ, ਕਿਉਂਕਿ ਬਾਪੂ ਦੇ ਪੋਤੇ ਪੋਤੀਆਂ ਅਤੇ ਨੂੰਹ ਅਜੇ ਪੰਜ ਕੁ ਮਹੀਨੇ ਪਹਿਲਾਂ ਹੀ ਤਾਂ ਇੰਡੀਆ ਤੋਂ ਛੁੱਟੀਆਂ ਕੱਟ ਕੇ ਮੁੜੇ ਸਨ। ਹੁਣ ਮੇਰੀ ਸੱਸ ਥੋੜ੍ਹੀ ਢਿੱਲੀ ਹੋ ਗਈ ਸੀ ਅਤੇ ਮੈਂ ਚਾਹੁੰਦਾ ਸੀ ਕਿ ਘਰ ਵਿਚ ਆਰਥਿਕ ਉਤਰਾਅ ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਨੇ, ਮੇਰੇ ਘਰਵਾਲ਼ੀ ਆਪਣੀ ਮਾਂ ਨੂੰ ਜ਼ਰੂਰ ਮਿਲ ਕੇ ਆਵੇ! ਖ਼ੈਰ ਮੈਂ ਤਿਆਰੀ ਕਰਵਾ ਦਿੱਤੀ ਅਤੇ ਸਕੀਮ ਵੀ ਤਿਆਰ ਕੀਤੀ ਕਿ ਬਾਪੂ ਜੀ ਨੂੰ ਪਿੰਡ ਪਹੁੰਚਣ ਤੱਕ ਨਹੀਂ ਦੱਸਣਾ ਕਿ ਤੁਹਾਡੀ ਨੂੰਹ ਇੰਡੀਆ ਆਈ ਹੋਈ ਹੈ। ਸਾਡੀ ਸਕੀਮ ਇਹ ਸੀ ਕਿ ਦਿੱਲੀ ਤੋਂ ਉਤਰ ਕੇ ਉਹ ਸਿੱਧੀ ਮੋਗੇ (ਮੇਰੇ ਸਹੁਰੀਂ) ਜਾਵੇ ਅਤੇ ਅਗਲੇ ਦਿਨ ਬਾਪੂ ਜੀ ਨੂੰ ਫ਼ੋਨ ਕਰੇ ਕਿ ਬਾਪੂ ਜੀ ਤੁਸੀਂ ਅੱਜ ਕਿਤੇ ਜਾਣਾ ਤਾਂ ਨਹੀਂ? ਤੁਹਾਨੂੰ ਸਾਡੇ ਇਕ ਦੋਸਤ ਨੇ ਇੰਗਲੈਂਡ ਤੋਂ ਮਿਲਣ ਆਉਣਾ ਹੈ।

ਮੈਂ ਘਰਵਾਲ਼ੀ ਨੂੰ ਇਹ ਵੀ ਕਿਹਾ ਸੀ ਕਿ ਚੁੱਪ ਚਾਪ ਬਿਨਾ ਦੱਸੇ ਹੀ ਬਾਪੂ ਦੇ ਚਰਨਾਂ ‘ਚ ਜਾ ਡਿੱਗੀਂ! ਦਿਲਦਾਰ ਬਾਪੂ ਇਤਨਾ ਸੀ ਕਿ ਜਦ ਪਤਾ ਲੱਗ ਗਿਆ ਕਿ ਸਾਡਾ ਕੋਈ ਇੰਗਲੈਂਡ ‘ਚੋਂ ਆ ਗਿਆ ਹੈ, ਤਾਂ ਲਹੂ ਡੋਲ੍ਹਣ ਤੱਕ ਜਾਂਦੇ ਸਨ। ਮੈਨੂੰ ਅਜੇ ਯਾਦ ਹੈ ਕਿ ਜਦ ਕਬੀਰ ਹੋਰਾਂ ਨੇ ਇੰਗਲੈਂਡ ਤੋਂ ਪਿੰਡ ਜਾਣਾ ਹੁੰਦਾ ਸੀ ਤਾਂ ਬਾਪੂ ਜੀ ਸਪੈਸ਼ਲ ਦੌਧਰ ਵਾਲ਼ੇ ਗੋਲਡੀ ਕੋਲ਼ ਬੱਧਨੀ ਜਾਂਦੇ ਹੁੰਦੇ ਸਨ, “ਗੋਲਡੀ ਆਪਣੇ ਸ਼ੇਰ ਬੱਗੇ ਆ ਰਹੇ ਐ ਬਈ..! ਉਹਨਾਂ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਤੂੰ ਈ ਕਰਨੈਂ, ਜੋ ਜੂਸੀਆਂ, ਜੋ ਜੂਸ, ਜੋ ਕੁਛ ਵੀ ਉਹ ਖਾਂਦੇ ਪੀਂਦੇ ਐ, ਕਿਸੇ ਗੱਲੋਂ ਕੱਚ ਨਾ ਰਹਿ ਜਾਵੇ..! ਮਸਾਂ ਜੁਆਕ ਸਾਲ ਬਾਅਦ ਪਿੰਡ ਆਉਂਦੇ ਐ, ਕਿਤੇ ਇਹ ਨਾ ਆਖ ਦੇਣ ਬਈ ਦਾਦੇ ਨੇ ਸੇਵਾ ਨ੍ਹੀ ਕੀਤੀ…! ਆਪਾਂ ਪੋਤਿਆਂ ਪੋਤੀਆਂ ਦਾ ਕੋਈ ਉਲਾਂਭਾ ਨ੍ਹੀ ਖੱਟਣਾ..!” ਕਬੀਰ ਹੋਰਾਂ ਦਾ ਸਾਰਾ ਖਾਣ ਪੀਣ ਦਾ ਪ੍ਰਬੰਧ ਕਰਕੇ ਫਿ਼ਰ ਬਾਪੂ ਆਪ ਰੋਟੀ ਖਾਂਦਾ ਸੀ। ਡੈਡੀ ਉਹਨਾਂ ਵਾਸਤੇ ਆਪਣੀ ਕਾਰ ਨਹੀਂ ਦਿੰਦੇ ਸਨ, ਕਿਸੇ ਹੋਰ ਵੱਡੀ ਕਾਰ ਦਾ ਪ੍ਰਬੰਧ ਕਰ ਕੇ ਦਿੰਦੇ ਸਨ।

ਜਦ ਮੈਂ ਬਾਪੂ ਜੀ ਨੂੰ ਫ਼ੋਨ ਕੀਤਾ ਤਾਂ ਉਹ ਬੜੀ ਖ਼ੁਸ਼ ਤਬੀਅਤ ਵਿਚ ਸਨ। ਟਿੱਚਰੀ ਮੂਡ ਵਿਚ!

ਮੈਂ ਮਾਤਾ ਜੀ ਦੀ ਬਰਸੀ ਬਾਰੇ ਗੱਲਾਂ ਕੀਤੀਆਂ। ਕਿਉਂਕਿ ਮੇਰੇ ਮਾਤਾ ਜੀ ਦੀ ਤੀਜੀ ਬਰਸੀ 13 ਮਾਰਚ 2009 ਨੂੰ ਆ ਰਹੀ ਸੀ।

-”ਡੈਡੀ ਜੀ ਹੋਰ ਕੀ ਹਾਲ ਐ…?” ਮੈਂ ਇਕ ਤਰ੍ਹਾਂ ਨਾਲ਼ ਲਾਚੜ ਕੇ ਪੁੱਛਿਆ ਸੀ।

-”ਹੋਰ ਪੁੱਤ ਸਭ ਚੜ੍ਹਦੀ ਕਲਾ ਐ!”

-”ਆਂਢ ਗੁਆਂਢ ਤੇ ਪਿੰਡ ‘ਚ ਸਭ ਸੁੱਖ ਸਾਂਦ ਐ…?” ਇਹ ਮੇਰੀ ਆਦਤ ਸੀ ਕਿ ਆਂਢ ਗੁਆਂਢ ਅਤੇ ਸਾਰੇ ਪਿੰਡ ਦੀ ਰਾਜ਼ੀ ਖ਼ੁਸ਼ੀ ਜ਼ਰੂਰ ਪੁੱਛਦਾ ਸੀ।

-”ਨਗਰ ਖੇੜੇ ਸਭ ਸੁੱਖ ਸਾਂਦ ਐ ਪੁੱਤ..! ਪਿੰਡ ਰੰਗੀਂ ਵੱਸਦੈ..!” ਜੇ ਕੋਈ ਪਿੰਡ ਵਿਚੋਂ ‘ਚੜ੍ਹਾਈ’ ਕਰ ਜਾਂਦਾ ਤਾਂ ਉਹ ਮੈਨੂੰ ਉਹਦੇ ਬਾਰੇ ਵੀ ਦੱਸ ਦਿੰਦੇ, “ਫ਼ਲਾਨਾ ਸਿਉਂ ਚੜ੍ਹਾਈ ਕਰ ਗਿਆ ਸ਼ੇਰਾ..! ਕੀ ਐ ਇਸ ਦੁਨੀਆਂ ‘ਤੇ? ਕੀ ਕਿਸੇ ਦੇ ਕਿੱਲੇ ਗੱਡੇ ਐ..?”

-”ਡੈਡੀ ਐਤਕੀਂ ਤੁਸੀਂ ਠੀਕ ਠਾਕ ਓਂ, ਐਤਕੀਂ ਮੈਂ ਨਹੀਂ ਆਉਂਦਾ, ਪਿਛਲੇ ਸੱਤ ਸਾਲਾਂ ਤੋਂ ਮੇਰੇ ਇੰਡੀਆ ਦੇ ਗੇੜੇ ਬਹੁਤੇ ਲੱਗ ਗਏ, ਇਕ ਮੇਰੀਆਂ ਟਰੇਨਿੰਗਾਂ ਸ਼ੁਰੂ ਹੋਣੀਐਂ। ਅਗਲੇ ਸਾਲ ਥੋੜ੍ਹਾ ਜਿਆ ਠੀਕ ਹੋਜਾਂਗੇ ਤੇ ਮੈਂ ਅਗਲੇ ਸਾਲ ਮਾਰਚ ‘ਚ ਗੇੜਾ ਮਾਰੂੰ…!” ਮੈਂ ਆਖਿਆ। ਨੂੰਹ ਇੰਡੀਆ ਆਈ ਦਾ ਅਜੇ ਤੱਕ ਕਿਸੇ ਨੇ ਵੇਰਵਾ ਹੀ ਨਹੀਂ ਪਾਇਆ ਸੀ। ਸੋਚਿਆ ਕਿ ਉਹ ਆਪ ਹੀ ਫ਼ੋਨ ਕਰ ਲਵੇਗੀ। ਮੈਂ ਵਿਚ ਕਾਹਨੂੰ ਘੜ੍ਹੰਮ ਚੌਧਰੀ ਬਣਾਂ? ਜਦ ਉਸ ਨੂੰ ਠੀਕ ਲੱਗਿਆ, ਆਪਣੀ ਮਾਂ ਨਾਲ਼ ਗੱਲਾਂ ਬਾਤਾਂ, ਦੁੱਖ ਸੁੱਖ ਕਰਕੇ ਪਿੰਡ ਬਾਪੂ ਨੂੰ ਮਿਲ਼ ਆਵੇਗੀ। ਇਕ ਗੱਲ ਮੈਂ ਘਰਵਾਲ਼ੀ ਨੂੰ ਹੋਰ ਕਹੀ ਸੀ ਕਿ ਬਾਪੂ ਨੂੰ ਇਹ ਨਾ ਕਹੀਂ ਕਿ ਮੈਂ ਕੱਲ੍ਹ ਆ ਰਹੀ ਹਾਂ, ਤੇ ਤੇਰੇ ਕੋਲ਼ੋਂ ਜਾ ਨਾ ਹੋਵੇ ਤੇ ਉਸ ਦਾ ਬਿਰਧ ਦਿਲ ਦੁਖੀ ਹੋ ਜਾਵੇ! ਕਿਉਂਕਿ ਬਾਪੂ ਨੇ ਫਿ਼ਰ ‘ਝਾਕ’ ਜਿਹੀ ਰੱਖਣੀ ਸੀ ਕਿ ਮੇਰੀ ਨੂੰਹ ਮੈਨੂੰ ਮਿਲਣ ਆਵੇਗੀ। ਚਾਹੇ ਮੇਰਾ ਬਾਪੂ ਫ਼ੌਲਾਦੀ ਹਿਰਦੇ ਦਾ ਮਾਲਕ ਸੀ। ਪਰ ਮੇਰੀ ਮਾਂ ਮਰਨ ਤੋਂ ਬਾਅਦ ਮੈਂ ਨੋਟ ਕਰਦਾ ਆ ਰਿਹਾ ਸਾਂ ਕਿ ਬਾਪੂ ਅੰਦਰੋਂ ਮਾਨਸਿਕ ਤੌਰ ‘ਤੇ ‘ਡੋਲ’ ਜ਼ਰੂਰ ਗਿਆ ਸੀ ਅਤੇ ਕਦੇ ਕਦੇ ‘ਓਦਰ’ ਵੀ ਜਾਂਦਾ ਸੀ। ਉਸ ਦੇ ਓਦਰੇਵੇਂ ਦਾ ਮੈਨੂੰ ਉਦੋਂ ਪਤਾ ਲੱਗਦਾ ਸੀ, ਜਦੋਂ ਕਿਤੇ ਮੈਥੋਂ ਹਫ਼ਤਾ ਭਰ ਫ਼ੋਨ ਨਹੀਂ ਸੀ ਹੋ ਸਕਦਾ। ਉਸ ਨੇ ਆਖਣਾ, “ਉਏ ਤੇਰੇ ਕੋਲ਼ੇ ਟੈਮ ਨ੍ਹੀ ਹੁੰਦਾ ਤਾਂ ਕਬੀਰ ਅਰਗਿਆਂ ਨੂੰ ਕਹਿ ਦਿਆ ਕਰ, ਫ਼ੋਨ ਕਰ ਲਿਆ ਕਰਨ ਮੈਨੂੰ..! ਜਾਂ ਸਵਰਨ ਈ ਕਰ ਲਿਆ ਕਰੇ, ਉਹ ਘਰੇ ਵਿਹਲੀ ਈ ਹੁੰਦੀ ਐ…!” ਤੇ ਜੇ ਸਾਡੇ ਕਿਸੇ ਤੋਂ ਵੀ ਫ਼ੋਨ ਨਾ ਹੁੰਦਾ ਤਾਂ ਉਹ ਆਪ ਫ਼ੋਨ ਖੜਕਾ ਦਿੰਦੇ ਅਤੇ ਖੂੰਡਾ ਖੜਕਾਉਂਦੇ, “ਤੁਸੀਂ ਬੁੜ੍ਹੇ ਬੰਦੇ ਨੂੰ ਫ਼ੋਨ ਨ੍ਹੀ ਕਰਦੇ ਉਏ ਨਲਾਇਕੋ..? ਤੁਸੀਂ ਦਾਦਾ ਜੀ ਦਾ ਖਿ਼ਆਲ ਰੱਖਿਆ ਕਰੋ ਪੁੱਤ..!” ਉਹ ਬੱਚਿਆਂ ਨੂੰ ਬੜੇ ਪਿਆਰ ਨਾਲ਼ ਤਾੜਦੇ! ਪਰ ਜੇ ਆਹੀ ਗੱਲ ਮੈਨੂੰ ਆਖਣੀ ਹੁੰਦੀ ਤਾਂ ‘ਬਾਘੇਪੁਰਾਣੇਂ’ ਤੋਂ ਹੀ ਬੋਲਦੇ! ਡਾਕਖਾਨਾ ਖ਼ਾਸ ਗੱਲਾਂ!

-”ਜੱਗਿਆ, ਪੁੱਤ ਗੱਲ ਹੋਰ ਐ…!” ਬਾਪੂ ਹੱਸਣ ਅਤੇ ਮਜ਼ਾਕ ਕਰਨ ਦੇ ਮੂਡ ਵਿਚ ਸਨ।

-”ਦੱਸੋ…?” ਪਤਾ ਮੈਨੂੰ ਵੀ ਲੱਗ ਗਿਆ ਕਿ ਹੁਣ ਕੋਈ ‘ਟੋਟਕਾ’ ਸੁਣਾਉਣਗੇ।

-”ਮੈਂ ਸਿਆਲ਼ ਤਾਂ ਗਿਆ ਕੱਟ..! ਠੰਢ ਨਿਕਲ਼ਗੀ! ਹੁਣ ਗਰਮੀਆਂ ਰਹਿ ਗਈਆਂ, ਦੋ ਮਹੀਨੇ ਉਹ ਵੀ ਨਿਕਲ਼ ਜਾਣਗੇ! ਕੂਲਰ ਆਪਣੇ ਕੋਲ਼ ਹੈਗਾ ਈ ਐ! ਜੇ ਬਿਜਲੀ ਨਾ ਆਊ, ਜਰਨੇਟਰ ਵੀ ਲਿਆ ਕੇ ਰੱਖਿਆ ਵਿਐ, ਤੂੰ ਦੇਖਿਆ ਈ ਐ ਸਾਰਾ ਕੁਛ…!” ਉਹਨਾਂ ਨੇ ਵਿਅੰਗ ਨਾਲ਼ ਆਖਿਆ।

-”ਦੋ ਮਹੀਨੇ ਤੁਸੀਂ ਐਥੇ ਸਾਡੇ ਕੋਲ਼ੇ ਇੰਗਲੈਂਡ ਆ ਜਾਓ, ਗਰਮੀਆਂ ਨਿਕਲ਼ ਜਾਣਗੀਆਂ!”

-”ਨਹੀਂ ਪੁੱਤ..! ਹੁਣ ਤਾਂ ਸਹੁਰਾ ਸਰੀਰ ਮੋਗੇ ਤੱਕ ਸਾਥ ਨ੍ਹੀ ਦਿੰਦਾ..! ਇੰਗਲੈਂਡ ਤਾਂ ਇਹਨੇ ਹੁਣ ਕੀ ਪਹੁੰਚਣੈਂ..?” ਜਿ਼ੰਦਗੀ ਵਿਚ ਪਹਿਲੀ ਵਾਰ ਮੈਂ ਬਾਪੂ ਦੇ ਮੂੰਹੋਂ ਢਹਿੰਦੀ ਕਲਾ ਦੀ ਗੱਲ ਸੁਣੀ ਸੀ। ਨਹੀਂ ਤਾਂ ਬਾਪੂ ਸਾਰੀ ਉਮਰ ‘ਟਾਹਲੀਆਂ ਵਿਹੁ’ ਕਰਦਾ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਬੁੜ੍ਹਾਪਾ ਵੀ ਕੀ ਚੀਜ਼ ਹੈ? ਬੜ੍ਹਕਾਂ ਮਾਰਨ ਵਾਲ਼ੇ ਬੰਦੇ ਦੇ ਮੂੰਹੋਂ ‘ਹਾਏ’ ਅਖਵਾ ਦਿੰਦਾ ਹੈ! ਰਫ਼ਲਾਂ ਚੁੱਕਣ ਵਾਲਿ਼ਆਂ ਦੇ ਹੱਥ ਵਿਚ ਸਹਾਰੇ ਲਈ ਸੋਟੀ ਫੜਾ ਦਿੰਦਾ ਹੈ। ਛੇ ਫ਼ੁੱਟ ਕੰਧ ‘ਟੱਪਣ’ ਵਾਲ਼ਾ ਬੰਦਾ ਗੇਟ ਪਾਰ ਕਰਨ ਲੱਗਿਆ ਦਸ ਵਾਰ ਦੇਖਦੈ-ਨਿਰਖ਼ਦੈ ਕਿ ਕਿਤੇ ਰਸਤੇ ਵਿਚ ਰੋੜਾ ਨਾ ਪਿਆ ਹੋਵੇ, ਹੋਰ ਨਾ ਡਿੱਗ ਪਵਾਂ? ਛਾਲ਼ ਮਾਰ ਕੇ ਟਰੈਕਟਰ ‘ਤੇ ਚੜ੍ਹਨ ਵਾਲ਼ਾ ਇਨਸਾਨ ਕਾਰ ‘ਚ ਬੈਠਣ ਲੱਗਿਆ ਵੀ ਤਿੰਨ ਵਾਰ ਅੰਦਰ ਦੇਖਦੈ ਕਿ ਕਿਤੇ ਸੀਟ ‘ਤੇ ਕੋਈ ਚੀਜ਼ ਤਾਂ ਨਹੀਂ ਪਈ, ਜੋ ਖੁੱਭ ਜਾਵੇ! ਬਾਪੂ ਨੂੰ ‘ਸ਼ੂਗਰ’ ਦੀ ਭੈੜ੍ਹੀ ਬਿਮਾਰੀ ਸੀ। ਪਰ ਉਹ ਪ੍ਰਹੇਜ਼ ਬਹੁਤ ਰੱਖਦੇ ਹੋਣ ਕਰਕੇ ਬਿਮਾਰੀ ਨੂੰ ਉਹਨਾਂ ਨੇ ਕਦੇ ‘ਉਤੋਂ’ ਦੀ ਨਹੀਂ ਪੈਣ ਦਿੱਤਾ ਸੀ। ਪਰ ਛੇ ਫ਼ੁੱਟੇ ਬਾਪੂ ਨੂੰ ਸ਼ੂਗਰ ਨੇ ਅੰਦਰੋਂ ‘ਖੋਖਲਾ’ ਜ਼ਰੂਰ ਕਰ ਦਿੱਤਾ ਸੀ। ਭਾਰ ਉਹਨਾਂ ਦਾ 86 ਕਿਲੋ ਸੀ। ਜੋ ਡਾਕਟਰ ਦੇ ਵਾਰ ਵਾਰ ਤਾੜਨਾ ਕਰਨ ‘ਤੇ ਘਟਾ ਕੇ ਮਸਾਂ 80 ਕੁ ਕਿੱਲੋ ‘ਤੇ ਲਿਆਂਦਾ ਸੀ।

ਖ਼ੈਰ ਬਾਪੂ ਨਾਲ਼ ਮੇਰੀ ਗੱਲ ਬਾਤ ਕੋਈ ਅੱਧਾ ਕੁ ਘੰਟਾ ਫ਼ੋਨ ‘ਤੇ ਹੁੰਦੀ ਰਹੀ। ਪਰ ਉਹਨਾਂ ਦੀ ਇਸ ਢਹਿੰਦੀ ਕਲਾ ਵਾਲ਼ੀ ਗੱਲ ਨੇ ਮੈਨੂੰ ਉਦਾਸ ਜ਼ਰੂਰ ਕਰ ਦਿੱਤਾ ਸੀ ਕਿ ਸਰੀਰ ਹੁਣ ਮੋਗੇ ਤੱਕ ਵੀ ਸਾਥ ਨਹੀਂ ਦਿੰਦਾ!

ਚਲੋ ਅੱਧਾ ਕੁ ਘੰਟਾ ਫ਼ੋਨ ‘ਤੇ ਗੱਲ ਬਾਤ ਕਰਕੇ ਮੈਂ ਇਜਾਜ਼ਤ ਲੈ ਕੇ ਫ਼ੋਨ ਰੱਖ ਦਿੱਤਾ।

ਨੂੰਹ ਦੇ ਇੰਡੀਆ ਪਹੁੰਚਣ ਵਾਲ਼ੀ ਗੱਲ ਮੈਂ ਉਹਨਾਂ ਨੂੰ ਫਿ਼ਰ ਵੀ ਨਹੀਂ ਦੱਸੀ ਸੀ ਕਿ ਬਾਪੂ ਨੂੰ ‘ਸ੍ਰਪਰਾਈਜ਼’ ਹੀ ਦੇਵਾਂਗੇ!

ਫ਼ੋਨ ਕਰਨ ਤੋਂ ਬਾਅਦ ਮੈਂ ਆਪਣਾ ਨਾਵਲ “ਪ੍ਰਿਥਮ ਭਗੌਤੀ ਸਿਮਰ ਕੈ” ਲਿਖਣ ਆ ਲੱਗਿਆ। ਇਹ ਨਾਵਲ ਅਜੇ ਚੌਧਵੇਂ ਕਾਂਡ ‘ਤੇ ਹੀ ਚੱਲ ਰਿਹਾ ਸੀ ਅਤੇ ਮੈਂ ਸੋਚਿਆ ਕਿ ਅੱਜ ਚੌਧਵਾਂ ਕਾਂਡ ਪੂਰਾ ਕਰ ਕੇ ਰੋਟੀ ਖਾਵਾਂਗਾ। ਚੌਧਵਾਂ ਕਾਂਡ ਅਜੇ ਸਿਰੇ ਪਹੁੰਚਣ ਹੀ ਵਾਲ਼ਾ ਸੀ ਕਿ ਬੁੜ੍ਹੀਆਂ ਦੇ ਆਖਣ ਵਾਂਗੂੰ ਮੈਨੂੰ ‘ਹੌਲ’ ਜਿਹਾ ਪਿਆ ਅਤੇ ਮੈਂ ਨਾਵਲ ਲਿਖਣਾ ਛੱਡ ਕੇ ਬਾਹਰ ਪਿਛਲੇ ਗਾਰਡਨ ਵਿਚ ਚਲਾ ਗਿਆ। ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ? ਮੈਂ ਸੋਚ ਰਿਹਾ ਸੀ ਕਿ ਕਿਤੇ ਮੈਨੂੰ ‘ਹਾਰਟ ਅਟੈਕ’ ਤਾਂ ਨਹੀਂ ਹੋਣ ਲੱਗਿਆ? ਵੈਸੇ ਮੈਨੂੰ ਹਾਰਟ ਦੀ ਕੋਈ ਵੀ ‘ਪ੍ਰਾਬਲਮ’ ਨਹੀਂ! 45 ਕੁ ਸਾਲ ਦਾ ਤੰਦਰੁਸਤ ਹੱਟਾ ਕੱਟਾ ਬੰਦਾ ਹਾਂ। ਪਰ ਮੈਨੂੰ ਅੱਚਵੀ ਜਿਹੀ ਲੱਗੀ ਹੋਈ ਸੀ। ਬਾਹਰ ਮੇਰਾ ਗੋਰਾ ਗੁਆਂਢੀ ‘ਬਿੱਲ ਟੇਲਰ’ ਫਿ਼ਰ ਰਿਹਾ ਸੀ। ਇਹ 82 ਸਾਲ ਦਾ ਮੇਰਾ ਬ੍ਰਿਟਿਸ਼ ਗੁਆਂਢੀ ਮੇਰਾ ਬੜਾ ਦੁਖ-ਸੁਖ ਦਾ ਭਾਗੀ ਹੈ ਅਤੇ ਬਹੁਤ ਹੀ ਨੇਕ ਇਨਸਾਨ ਹੈ। ਉਸ ਨੇ ਮੈਨੂੰ ‘ਹੈਲੋ’ ਕਿਹਾ ਅਤੇ ਮੈਂ ‘ਹੈਲੋ’ ਆਖ ਕੇ ਹੀ ਅੰਦਰ ਆ ਗਿਆ। ਅੰਦਰ ਆ ਕੇ ਮੈਂ ਮੇਰੇ ਮਿੱਤਰ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿ਼ਆਂ ਦਾ ‘ਨਾਮ ਸਿਮਰਨ’ ਲਾ ਲਿਆ ਅਤੇ ਨਾਵਲ ਲਿਖਣਾ ਬੰਦ ਕਰ ਦਿੱਤਾ। ‘ਨਾਮ ਸਿਮਰਨ’ ਚੱਲ ਰਿਹਾ ਸੀ ਅਤੇ ਮੈਂ ਕਿਚਨ ਵਿਚ ਚਾਹ ਬਣਾ ਰਿਹਾ ਸੀ। ਕੈਟਲ ਵਾਲ਼ੀ ਚਾਹ ਮੈਨੂੰ ਚੰਗੀ ਨਹੀਂ ਲੱਗਦੀ। ਮੈਂ ਪੰਜਾਬ ਵਾਂਗੂੰ ਪਤੀਲੇ ਵਿਚ ਉਬਾਲ਼ ਕੇ ਚਾਹ ਪੀਣ ਦਾ ਆਦੀ ਹਾਂ। ਹਾਂ, ਅਗਰ ਕਿਤੇ ਮਜਬੂਰੀ ਬਣ ਜਾਵੇ ਤਾਂ ਮੇਰੀ ‘ਨਾਂਹ’ ਵੀ ਨਹੀਂ ਹੁੰਦੀ।

ਘੰਟੇ ਕੁ ਬਾਅਦ ਬਰਨਾਲੇ ਵਾਲੀ ਭੈਣ ਦਾ ਫ਼ੋਨ ਆ ਗਿਆ।

-”ਵੀਰੇ…! ਬਾਪੂ ਦੀ ਹਾਲਤ ਖ਼ਰਾਬ ਹੋ ਗਈ, ਤੂੰ ਕੋਈ ਆਉਣ ਦਾ ਚਾਰਾ ਕਰ..!” ਫ਼ੋਨ ‘ਤੇ ਉਹ ਬਹੁਤ ਘਬਰਾਈ ਹੋਈ ਬੋਲ ਰਹੀ ਸੀ।

-”ਅਜੇ ਹੁਣ ਤਾਂ ਮੈਂ ਬਾਪੂ ਨਾਲ਼ ਗੱਲ ਕੀਤੀ ਐ, ਵਧੀਆ ਠੀਕ ਠਾਕ ਸੀਗੇ!” ਮਾਨਸਿਕ ਤੌਰ ‘ਤੇ ਅੰਦਰੋਂ ਮੈਂ ਵੀ ਹਿੱਲ ਗਿਆ।

-”ਵੀਰੇ, ਬਾਪੂ ਅੱਜ ਦੀ ਰਾਤ ਕਟਾਉਂਦਾ ਨਹੀਂ…!” ਉਹ ਹਰਫ਼ਲਿ਼ਆਂ ਵਾਂਗ ਬੋਲੀ ਜਾ ਰਹੀ ਸੀ।

-”ਭੈਣ ਜੀ, ਤੁਹਾਡੀ ਭਾਬੀ ਕੱਲ੍ਹ ਦੀ ਇੰਡੀਆ ਆਈ ਹੋਈ ਐ, ਮੈਂ ਉਹਨੂੰ ਫ਼ੋਨ ਕਰਦੈਂ, ਉਹ ਰਾਤ ਦੀ ਮੋਗੇ ਐ…! ਮੈਂ ਤੈਨੂੰ ਹੁਣੇਂ ਫ਼ੋਨ ਕਰਦੈਂ..!” ਆਖ ਕੇ ਮੈਂ ਫ਼ੋਨ ਰੱਖ ਦਿੱਤਾ। ਮੇਰਾ ਸਾਰਾ ਸਰੀਰ ਝੂਠਾ ਪਿਆ ਹੋਇਆ ਸੀ ਅਤੇ ਦਿਮਾਗ ਵਿਚ ਤੂਫ਼ਾਨ ਆਇਆ ਹੋਇਆ ਸੀ। ਜੱਕੋ ਤੱਕੀ ਵਿਚ ਘਰਵਾਲ਼ੀ ਨੂੰ ਮੋਗੇ ਫ਼ੋਨ ਮਿਲਾ ਲਿਆ ਅਤੇ ਐਨਾ ਹੀ ਸੁਨੇਹਾਂ ਦਿੱਤਾ ਕਿ ਤੁਰੰਤ ਡੈਡੀ ਵਾਲੇ ਸੈਲ ਫ਼ੋਨ ‘ਤੇ ਪਿੰਡ ਫ਼ੋਨ ਕਰ! ਹੋਰ ਕੁਝ ਦੱਸਣ ਦੀ ਮੇਰੇ ਵਿਚ ਹਿੰਮਤ ਬਾਕੀ ਨਹੀਂ ਰਹੀ ਸੀ। ਮੇਰੇ ਆਖਣ ‘ਤੇ ਘਰਵਾਲ਼ੀ ਨੇ ਤੁਰੰਤ ਪਿੰਡ ਡੈਡੀ ਵਾਲ਼ੇ ਸੈਲ ਫ਼ੋਨ ‘ਤੇ ਫ਼ੋਨ ਮਿਲ਼ਾ ਲਿਆ ਤਾਂ ਬਰਨਾਲੇ ਵਾਲ਼ੀ ਭੈਣ ਨਾਲ਼ ਗੱਲ ਹੋਈ। ਬਰਨਾਲੇ ਵਾਲ਼ੀ ਭੈਣ ਮੇਰੇ ਤਾਇਆ ਜੀ ਦੀ ਲੜਕੀ ਹੈ ਅਤੇ ਸਾਡਾ ਸਕਿਆਂ ਭੈਣਾਂ ਭਰਾਵਾਂ ਨਾਲ਼ੋਂ ਵੱਧ ਪ੍ਰੇਮ ਹੈ। ਮੇਰੀਆਂ ਸਕੀਆਂ ਭੈਣਾਂ ਨਾਲ਼ੋਂ ਉਸ ਨੇ ਬਾਪੂ ਜੀ ਦਾ ਸਭ ਤੋਂ ਵੱਧ ਖਿ਼ਆਲ ਰੱਖਿਆ ਅਤੇ ਸਾਂਭਿਆ ਵੀ! ਇਹ ਭੈਣ ਮੈਨੂੰ ਨਿੱਕੇ ਹੁੰਦੇ ਨੂੰ ਨੁਹਾ ਧੁਆ ਕੇ ਪ੍ਰਾਇਮਰੀ ਸਕੂਲ ਛੱਡਣ ਜਾਂਦੀ ਹੁੰਦੀ ਸੀ। ਇਕ ਵਾਰ ਦੀ ਗੱਲ ਹੈ ਕਿ ਘਰੇ ਘਿਉ ਨਹੀਂ ਸੀ। ਬੇਬੇ (ਦਾਦੀ) ਬਾਹਰ ਗਈ ਹੋਈ ਸੀ। ਘਿਉ ਵਾਲ਼ੇ ਸੰਦੂਕ ਦੀ ਚਾਬੀ ਮੇਰੀ ਦਾਦੀ ਕੋਲ਼ ਹੀ ਹੁੰਦੀ ਸੀ। ਮੈਂ ਘਿਉ ਤੋਂ ਬਿਨਾਂ ਰੋਟੀ ਨਹੀਂ ਸੀ ਖਾਂਦਾ। ਮੇਰੀ ਭੈਣ ਮੇਰੇ ਨਾਲ਼ ਸਾਧੂ ਬਾਣੀਏਂ ਦੀ ਦੁਕਾਨ ‘ਤੇ ਗਈ ਅਤੇ ਜਾ ਕੇ ਆਖਣ ਲੱਗੀ, “ਬਾਈ ਜੀ, ਜੱਗੇ ਨੂੰ ਅੱਧਾ ਕਿਲੋ ‘ਘੀ’ ਦੇ ਦਿਓ…!” ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਇਸ ਭੈਣ ਦੀ ਇਕ ਤਰ੍ਹਾਂ ਨਾਲ਼ ਅੱਲ ‘ਘੀ’ ਹੀ ਤੁਰੀ ਆਉਂਦੀ ਹੈ!

ਜਦ ਮੇਰੇ ਘਰਵਾਲ਼ੀ ਨੇ ਡੈਡੀ ਵਾਲੇ ਫ਼ੋਨ ‘ਤੇ ਫ਼ੋਨ ਮਿਲਾਇਆ ਤਾਂ ਭੈਣ ਨੇ ਹੀ ਚੁੱਕਿਆ। ਪੈਂਦੀ ਸੱਟੇ ਭੈਣ ਨੇ ਕਿਹਾ ਕਿ ਭਾਬੀ ਤੂੰ ਜਿੱਥੇ ਵੀ ਹੈਂ, ਜਿਸ ਹਾਲਤ ਵਿਚ ਵੀ ਹੈਂ, ਚੁੱਪ ਚਾਪ ਕੁੱਸੇ ਆ ਜਾਹ, ਚਾਚੇ ਦੀ ‘ਕੰਡੀਸ਼ਨ’ ਬਹੁਤ ਖ਼ਰਾਬ ਐ, ਅਸੀਂ ਚਾਚੇ ਨੂੰ ਬੱਧਨੀ ਪਟਿਆਲ਼ੇ ਆਲ਼ੇ ਡਾਕਟਰ ਦੇ ਲੈ ਕੇ ਚੱਲੇ ਆਂ! ਤੇ ਮੇਰੇ ਘਰਵਾਲ਼ੀ ਆਪਣੇ ਪੇਕਿਆਂ ਦੀ ਕਾਰ ਲੈ ਕੇ ਸਿੱਧੀ ਬੱਧਨੀ ਕਲਾਂ ਪਟਿਆਲ਼ੇ ਆਲ਼ੇ ਡਾਕਟਰ ਦੇ ਪਹੁੰਚੀ। 40 ਕੁ ਮਿੰਟ ਇਸ ਨੂੰ ਬੱਧਨੀ ਪਹੁੰਚਣ ਨੂੰ ਲੱਗ ਗਏ ਸਨ। ਪਰ ਪਟਿਆਲੇ ਵਾਲੇ ਡਾਕਟਰ ਨੇ ਕਿਹਾ ਕਿ ਬਾਬਾ ਜੀ ਨੂੰ ਟੀਕਾ ਲਾ ਕੇ ਅਸੀਂ ਪਿੰਡ ਨੂੰ ਤੋਰ ਦਿੱਤਾ ਹੈ। ਬਾਪੂ ਨੂੰ ਸਾਰਾ ਇਲਾਕਾ ਬੜੀ ਚੰਗੀ ਤਰ੍ਹਾਂ ਜਾਣਦਾ ਸੀ। ਉਹ ਕਾਫ਼ੀ ਲੰਬੇ ਸਮੇਂ ਤੋਂ ਸ. ਸਿਮਰਨਜੀਤ ਸਿੰਘ ਮਾਨ ਦੇ ਕੌਮੀ ਸਲਾਹਕਾਰ ਚੱਲੇ ਆ ਰਹੇ ਸਨ।

ਘਰਵਾਲ਼ੀ ਸਿੱਧੀ ਕੁੱਸੇ ਪਹੁੰਚੀ। ਬਾਪੂ ਦੀ ਕਾਰ ਅਤੇ ਘਰਵਾਲ਼ੀ ਦੀ ਕਾਰ ਤਕਰੀਬਨ ਥੋੜ੍ਹੇ ਵਕਫ਼ੇ ਨਾਲ਼ ਹੀ ਘਰ ਪਹੁੰਚੀਆਂ ਸਨ। ਟੀਕਾ ਲੱਗਿਆ ਹੋਣ ਕਰਕੇ ਬਾਪੂ ਹੁਣ ਕੁਝ ਸੁਰਤ ਸਿਰ ਸਨ। ਘਰਵਾਲੀ ਦੇ ਪਹੁੰਚਣ ਤੱਕ ਬਾਪੂ ਜੀ ਨੂੰ ਬੈਡ ‘ਤੇ ਪਾ ਦਿੱਤਾ ਗਿਆ ਸੀ ਅਤੇ ਬਾਪੂ ਜੀ ਹੁਣ ਠੀਕ ਮਹਿਸੂਸ ਕਰ ਰਹੇ ਸਨ। ਅਚਾਨਕ ਨੂੰਹ ਨੂੰ ਪਹੁੰਚੀ ਦੇਖ ਕੇ ਬਾਪੂ ਜੀ ਖਿੜ ਗਏ ਅਤੇ ਹੱਸ ਕੇ ਆਖਣ ਲੱਗੇ, “ਉਏ ਸਵਰਨਜੀਤਿਆ ਤੂੰ ਕਿੱਥੋਂ ਆ ਗਿਆ ਉਏ ਪੁੱਤ…?” ਮੇਰੇ ਬਾਪੂ ਜੀ ਨੂੰਹ ਨੂੰ ਇੰਜ ਹੀ ਬੋਲਦੇ ਸਨ।

-”ਡੈਡੀ ਮੈਂ ਤੁਹਾਡਾ ਪਤਾ ਕਰਨ ਆਈ ਐਂ…!” ਨੂੰਹ ਨੇ ਬਾਪੂ ਜੀ ਦੇ ਪੈਰੀਂ ਹੱਥ ਲਾਏ।

-”ਆਹ ਤਾਂ ਪੁੱਤ ਮੇਰਿਆ ਤੂੰ ਜਮਾਂ ਈ ਕੱਛ ‘ਚੋਂ ਮੂੰਗਲ਼ਾ ਕੱਢ ਮਾਰਿਆ ਉਏ…?” ਡੈਡੀ ਨੇ ਹੱਸ ਕੇ ਕਿਹਾ।

-”ਮੈਨੂੰ ਪਤਾ ਸੀ ਮੇਰੇ ਡੈਡੀ ਬਿਮਾਰ ਐ ਤੇ ਮੈਂ ਪਤਾ ਲੈ ਆਵਾਂ…!”

-”ਬਹੁਤ ਚੰਗਾ ਕੀਤਾ ਪੁੱਤ ਮੇਰਿਆ ਜਿਹੜਾ ਤੂੰ ਆ ਗਿਆ..! ਕੀ ਹਾਲ ਐ ਆਪਣੇ ਕਬੀਰ ਹੋਰਾਂ ਦਾ..?” ਉਹ ਬੈਡ ‘ਤੇ ਪਏ ਹੀ ਗੱਲਾਂ ਕਰ ਰਹੇ ਸਨ।

-”ਸਾਰੇ ਠੀਕ ਐ ਡੈਡੀ..! ਕਬੀਰ ਆਪਣਾ ਹੁਣ ਨੌਵੀਂ ਕਲਾਸ ‘ਚ ਹੋ ਜਾਣੈਂ..!”

-”ਤੇ ਆਪਣਾ ਕਮਲ਼ਾ ਕਿਵੇਂ ਐਂ…?” ਬਾਪੂ ਜੀ ਮੈਨੂੰ ਹਮੇਸ਼ਾ “ਕਮਲ਼ਾ” ਹੀ ਆਖਦੇ ਸਨ।

-”ਉਹ ਵੀ ਠੀਕ ਨੇ ਡੈਡੀ…! ਡਿਊਟੀਆਂ ਕਸੂਤੀਆਂ ਜਿਹੀਆਂ ਚੱਲਦੀਐਂ ਉਹਨਾਂ ਦੀਆਂ…! ਥੋੜ੍ਹਾ ਜਿਆ ਜਿ਼ਆਦਾ ਈ ਬਿਜ਼ੀ ਰਹਿੰਦੇ ਐ..!”

-”ਉਏ ਉਹ ਬਿਜ਼ੀ ਈ ਵਧੀਆ ਰਹਿੰਦੈ ਪੁੱਤ ਮੇਰਿਆ..! ਨਹੀਂ ਤਾਂ ਚੱਕਦੈ ਝੋਲ਼ਾ, ਕਿਤੇ ਇਟਲੀ ਜਾ ਵੱਜਦੈ ਤੇ ਕਿਤੇ ਜਰਮਨ..! ਉਹ ਬਿਜ਼ੀ ਈ ਠੀਕ ਐ..! ਗਧੇ ਭੱਠੇ ‘ਤੇ ਈ ਸੂਤ ਰਹਿੰਦੇ ਐ, ਨਹੀਂ ਤਾਂ ਵਿਹਲੇ ਦੁਲੱਤੇ ਮਾਰਨੋਂ ਨ੍ਹੀ ਹੱਟਦੇ…!”

ਸਾਰੇ ਹੱਸ ਪਏ। ਡੈਡੀ ਕੋਲ਼ ਦੋ ਮੁੰਡੇ ਘਰੇ ਕੰਮ ਕਰਨ ਵਾਲ਼ੇ ਅਤੇ ਇਕ ਕੁੜੀ ਰੋਟੀ ਲਾਹੁੰਣ ਅਤੇ ਕੱਪੜੇ ਧੋਣ ‘ਤੇ ਰੱਖੀ ਹੋਈ ਸੀ। ਬਰਨਾਲ਼ੇ ਵਾਲ਼ੀ ਭੈਣ, ਮੇਰੇ ਘਰਵਾਲ਼ੀ, ਦੋਨੋ ਮੁੰਡੇ ਅਤੇ ਰੋਟੀਆਂ ਲਾਹੁੰਣ ਵਾਲ਼ੀ ਕੁੜੀ, ਸਾਰੇ ਡੈਡੀ ਦੇ ਬੈਡ ਦੁਆਲੇ ਕੁਰਸੀਆਂ ਡਾਹੀ ਬੈਠੇ ਸਨ।

-”ਉਏ ਸਵਰਨਜੀਤਿਆ, ਮੈਨੂੰ ਦੁਆਈ ਦੇਹ ਪੁੱਤ, ਮੇਰੀ ਦੁਆਈ ਦਾ ਟੈਮ ਹੋ ਗਿਆ।”

-”ਦੁਆਈ ਮੈਂ ਦੇ ਦਿੰਨੈਂ ਤਾਇਆ…!” ਘਰੇ ਕੰਮ ਕਰਦੇ ਮੁੰਡੇ ਸੱਤੇ ਨੇ ਕਿਹਾ।

-”ਨਹੀਂ ਸੱਤਿਆ..! ਅੱਜ ਮੇਰੀ ਨੂੰਹ ਆਈ ਵੀ ਐ..! ਦੁਆਈ ਮੈਨੂੰ ਉਹੀ ਦਿਊ ਪੁੱਤ! ਤੂੰ ਤਾਂ ਮੈਨੂੰ ਰੋਜ ਈ ਦੁਆਈ ਦਿੰਨੈਂ! ਅੱਜ ਦੁਆਈ ਨੂੰਹ ਤੋਂ ਈ ਖਾਊਂ..!”

ਨੂੰਹ ਨੇ ਪੁੱਛ ਕੇ ਦੁਆਈ ਦੇ ਦਿੱਤੀ।

-”ਤੇਰੇ ਮੋਗੇ ਆਲ਼ੇ ਬੀਬੀ ਹੁਣ ਠੀਕ ਐ ਪੁੱਤ…?” ਬਾਪੂ ਨੇ ਦੁਆਈ ਲੈਣ ਤੋਂ ਬਾਅਦ ਨੂੰਹ ਨੂੰ ਪੁੱਛਿਆ।

-”ਠੀਕ ਈ ਐ ਬੱਸ ਡੈਡੀ ਜੀ…! ਬੀਬੀ ਨੂੰ ਹਾਰਟ ਦੀ ਪ੍ਰਾਬਲਮ ਆਗੀ ਸੀ, ਲੁਧਿਆਣੇ ਦਾਖ਼ਲ ਰਹੀ ਐ..!”

-”ਅੱਛਾ..! ਕਿਸੇ ਨੇ ਦੱਸਿਆ ਈ ਨੀ…!” ਬਾਪੂ ਨੇ ਗਿ਼ਲਾ ਕੀਤਾ।

-”ਤੁਸੀਂ ਤਾਂ ਆਪ ਨ੍ਹੀ ਠੀਕ ਜਿਹੇ ਰਹਿੰਦੇ, ਤੁਹਾਨੂੰ ਕੀ ਦੱਸਦੇ ਡੈਡੀ…?”

-”ਬੰਦਾ ਜਾ ਕੇ ਪਤਾ ਈ ਲੈ ਆਉਂਦੈ ਪੁੱਤ, ਆਹ ਲੁੱਦੇਆਣਾ ਖੜ੍ਹੈ..!”

-”ਬੱਸ ਡੈਡੀ ਤੁਹਾਨੂੰ ਤਕਲੀਫ਼ ਈ ਨ੍ਹੀ ਸੀ ਦੇਣੀ ਚਾਹੁੰਦੇ..!”

-”ਤਕਲੀਫ਼ ਕਾਹਦੀ ਐ ਪੁੱਤ? ਰਿਸ਼ਤੇਦਾਰ ਹੁੰਦੇ ਕਾਹਦੇ ਆਸਤੇ ਐ? ਆਪਣਾ ਕਮਲ਼ਾ ਵੀ ਨਿੱਤ ਵਾਂਗੂੰ ਈ ਫ਼ੋਨ ਕਰਦਾ ਹੁੰਦੈ, ਨਾ ਈ ਉਹਨੇ ਕੋਈ ਗੱਲ ਕੀਤੀ ਐ?”

-”ਤੁਸੀਂ ਠੀਕ ਨ੍ਹੀ ਸੀ ਡੈਡੀ..! ਮੈਂ ਈ ਉਹਨਾਂ ਨੂੰ ਰੋਕਤਾ ਸੀ ਬਈ ਡੈਡੀ ਨੂੰ ਦੱਸਿਓ ਨਾ..!”

-”ਚੱਲੋ..! ਥੋਡੀ ਮਰਜੀ ਐ ਭਾਈ..! ਫ਼ੇਰ ਵੀ ਮੇਰੀ ਕੁੜਮਣੀਂ ਸੀ ਬੰਦਾ ਪਤਾ ਸੁਤਾ ਈ ਲੈ ਲੈਂਦੈ..! ਕਿਉਂ ਪੁੱਤ ਸੱਤਿਆ..? ਗੱਲ ਸਹੀ ਐ ਕਿ ਨਹੀਂ?” ਡੈਡੀ ਨੂੰਹ ਨੂੰ ਟਿੱਚਰ ਕਰ ਗਏ। ਉਸ ਨੇ ਘਰੇ ਕੰਮ ਕਰਦੇ ਮੁੰਡੇ ਸੱਤੇ ਤੋਂ ਹਾਮੀਂ ਜਿਹੀ ਭਰਾਈ।

-”ਹੱਕ ਤਾਂ ਬਣਦਾ ਈ ਐ ਤਾਇਆ..!” ਸੱਤੇ ਨੇ ਵੀ ਗਵਾਹੀ ਪਾਈ।

ਸਾਰੇ ਫਿ਼ਰ ਹੱਸ ਪਏ।

-”ਮਾਸਟਰ ਜੀ ਦਾ ਕੀ ਹਾਲ ਐ ਪੁੱਤ..?” ਡੈਡੀ ਮੇਰੇ ਸਹੁਰਾ ਸਾਹਿਬ ਨੂੰ ‘ਮਾਸਟਰ ਜੀ’ ਆਖ ਕੇ ਬੁਲਾਉਂਦੇ ਸਨ। ਮੇਰੇ ਸਹੁਰਾ ਸਾਹਿਬ ਅਧਿਆਪਕ ਰਹੇ ਹਨ।

-”ਉਹ ਵੀ ਡੈਡੀ ਹੁਣ ਠੀਕ ਜਿਹੇ ਨ੍ਹੀ ਰਹਿੰਦੇ..!”

-”ਪੁੱਤ ਉਮਰਾਂ ਵੀ ਸਾਡੀਆਂ ਬੋਤੇ ਦੀ ਬੰਨ ‘ਤੇ ਜਾ ਬੈਠੀਆਂ! ਠੀਕ ਵੀ ਅਸੀਂ ਹੁਣ ਐਸੇ ਵੈਸੇ ਈ ਰਹਾਂਗੇ! ਪਰ ਜਿੱਦੇਂ ਮਾਸਟਰ ਜੀ ਮੈਨੂੰ ਮਿਲ਼ੇ ਐ, ਓਦਣ ਠੀਕ ਠਾਕ ਸੀ..!”

-”ਨਹੀਂ ਇਉਂ ਤਾਂ ਠੀਕ ਐ ਡੈਡੀ, ਪਰ ਸ਼ੂਗਰ ਬਲੱਡ ਪ੍ਰੈਸ਼ਰ ਘਟਦੇ ਵੱਧਦੇ ਈ ਰਹਿੰਦੇ ਐ।”

-”ਹੁਣ ਪੁੱਤ ਅਸੀਂ ਹਲਟ ਤਾਂ ਗੇੜਨੋ ਰਹੇ..! ਹੁਣ ਤਾਂ ਆਪਦੀ ਕਿਰਿਆ ਆਪ ਸੋਧੀ ਚੱਲੀਏ, ਧੰਨ ਗੁਰੂ ਐ..!”

ਬਾਪੂ ਜੀ ਸਾਰਿਆਂ ਨਾਲ਼ ਰਾਤ ਦੇ ਸਾਢੇ ਦਸ ਵਜੇ ਤੱਕ ਚੰਗੇ ਭਲੇ ਗੱਲਾਂ ਬਾਤਾਂ ਕਰਦੇ ਰਹੇ।

-”ਉਏ ਸਵਰਨਜੀਤਿਆ..!”

-”ਹਾਂ ਡੈਡੀ ਜੀ…?”

-”ਕੀ ਟੈਮ ਹੋ ਗਿਆ ਪੁੱਤ? ਮੈਨੂੰ ਐਸ ਟੈਮ ਦੀਂਹਦਾ ਜਿਆ ਨਹੀ!”

-”ਸਾਢੇ ਦਸ ਹੋਗੇ ਡੈਡੀ..!”

-”ਸਾਢੇ ਦਸ ਹੋਗੇ…? ਬੱਲੇ ਬੱਲੇ…! ਦੇਖ ਲੈ ਸੱਤਿਆ..! ਨੂੰਹ ਆਈ ਕਰਕੇ ਟੈਮ ਦਾ ਪਤਾ ਈ ਨ੍ਹੀ ਲੱਗਿਆ, ਨਹੀਂ ਆਪਾਂ ਸਾਢੇ ਸੱਤ ਵਜੇ ਸੌਂ ਜਾਨੇ ਹੁੰਨੇ ਐਂ…!”

-”ਦੇਖ ਲੈ ਤਾਇਆ…!”

-”ਉਏ ਸਵਰਨਜੀਤਿਆ..!”

-”ਹਾਂ ਡੈਡੀ…?”

-”ਦੇਖ ਲੈ ਪੁੱਤ, ਤੇਰੇ ਆਏ ਕਰਕੇ ਅਸੀਂ ਸੌਣ ‘ਚ ਤਿੰਨ ਘੰਟੇ ਲੇਟ ਐਂ..! ਨਹੀਂ ਚਾਹੇ ਸਾਡੇ ਕੋਲ਼ੇ ਡਿਪਟੀ ਕਮਿਸ਼ਨਰ ਆਜੇ, ਅਸੀਂ ਸਾਢੇ ਸੱਤ ਵਜੇ ਸੌਂ ਜਾਨੇ ਹੁੰਨੇ ਐਂ! ਕਿਉਂ ਸੱਤਿਆ…?”

-”ਤੇ ਤਾਇਆ ਆਪਾਂ ਉਠਦੇ ਵੀ ਸਵੇਰੇ ਸਾਢੇ ਚਾਰ ਵਜੇ ਐਂ…!” ਸੱਤਾ ਬੋਲਿਆ।

-”ਆਪਣੇ ਕਮਲ਼ੇ ਦਾ ਲਿਖਣ ਲੁਖਣ ਦਾ ਕੰਮ ਉਵੇਂ ਈ ਚੱਲਦੈ ਪੁੱਤ..?”

-”ਹਾਂ ਡੈਡੀ, ਉਵੇਂ ਈ ਚੱਲਦੈ…! ਕੁਛ ਨਾ ਕੁਛ ਲਿਖਦੇ ਈ ਰਹਿੰਦੇ ਐ..!”

-”ਐਤਕੀਂ ਲੁੱਦੇਆਣੇ ਆਲ਼ੇ ਪੈਸੇ ਤਾਂ ਦੇ ਗਏ ਸੀ। ਪਰ ਨਵੀਆਂ ਕਿਤਾਬਾਂ ਨ੍ਹੀ ਦੇ ਕੇ ਗਏ, ਕਿਹੜਾ ਨਾਵਲ ਆਇਆ ਸੀ ਐਤਕੀਂ…?”

-”ਹਾਜੀ ਲੋਕ ਮੱਕੇ ਵੱਲ ਜਾਂਦੇ ਆਇਆ ਸੀ ਡੈਡੀ…!”

-”ਬੱਸ ਉਹੀ ਨ੍ਹੀ ਮਿਲਿ਼ਆ ਐਤਕੀਂ ਪੁੱਤ..! ਮੁੰਡੇ ਖੁੰਡੇ ਮੰਗਦੇ ਰਹਿੰਦੇ ਐ, ਮੈਂ ਤਾਂ ਉਹਦਾ ਨਾਵਲ ਨੂਵਲ ਕਿਤੇ ਪੜ੍ਹਿਆ ਨ੍ਹੀ ਤੇ ਨਾ ਈ ਆਪਾਂ ਨੂੰ ਪੁੱਤ ਕੋਈ ਸ਼ੌਕ ਐ…!”

-”ਕੱਲ੍ਹ ਨੂੰ ਮੈਂ ਫ਼ੋਨ ਕਰਕੇ ਕਹਿਦੂੰ ਡੈਡੀ, ਨਾਵਲ ਆ ਜਾਣਗੇ…!”

-”ਊਂ ਪੁੱਤ ਗੱਲ ਹੋਰ ਐ…! ਆਪਣੇ ਆਲ਼ੇ ਕਮਲ਼ੇ ਨੂੰ ਮੈਂ ਜੋ ਮਰਜੀ ਐ ਕਹੀ ਜਾਵਾਂ, ਉਹਨੇ ਮਾਂ ਦੇ ਪੁੱਤ ਨੇ ਸਾਰੀ ਉਮਰ ਮੇਰਾ ਗੁੱਸਾ ਨ੍ਹੀ ਕੀਤਾ। ਨਹੀਂ ਲੋਕਾਂ ਦੇ ਮੁੰਡੇ ਆਬਦੇ ਮਾਂ ਪਿਉ ਤੋਂ ‘ਉਏ’ ਨ੍ਹੀ ਕਹਾਉਂਦੇ…!” ਪਤਾ ਨਹੀਂ ਬਾਪੂ ਦੇ ਮਨ ਵਿਚ ਕੀ ਆ ਗਿਆ ਸੀ।

-”ਆਬਦਾ ਖ਼ੂਨ ਐਂ ਡੈਡੀ, ਗੁੱਸਾ ਆਉਂਦਾ ਈ ਨ੍ਹੀ…! ਆਬਦੇ ਮਾਂ ਬਾਪ ‘ਤੇ ਗੁੱਸਾ ਕਰਕੇ ਬੰਦਾ ਜਾਊ ਕਿੱਥੇ…?” ਨੂੰਹ ਨੇ ਰਵਾਇਤੀ ਜਿਹੀ ਗੱਲ ਆਖੀ।

-”ਦੇਖ ਲੈ ਪੁੱਤ, ਕਿੰਨੇ ਬੋਲ ਕਬੋਲ ਮੈਂ ਉਹਨੂੰ ਕਰਦੈਂ, ਬੱਤੀ ਸੁਲੱਖਣਾ ਕਦੇ ਮੇਰੇ ਮੂਹਰੇ ਨ੍ਹੀ ਬੋਲਿਆ ਸਾਰੀ ਉਮਰ…!” ਬਾਪੂ ਭਾਵੁਕ ਹੋ ਗਿਆ।

-”ਡੈਡੀ ਉਹ ਫ਼ੇਰ ਵੀ ਥੋਡਾ ਪੁੱਤ ਐ….!”

-”ਤਾਂ ਹੀ ਤਾਂ ਪੁੱਤ ਉਹ ਮੇਰੇ ਐਥੇ ਖੁੱਭਿਆ ਰਹਿੰਦੈ..! ਇਕ ਆਪਣੇ ਆਲ਼ਾ ਕਮਲ਼ਾ ਤੇ ਦੂਜਾ ਕਬੀਰ ਮੇਰੇ ਐਥੇ ਧਸੇ ਪਏ ਐ ਪੁੱਤ ਸਵਰਨਜੀਤਿਆ…!” ਬਾਪੂ ਨੇ ਆਪਣੀ ਹਿੱਕ ‘ਤੇ ਹੱਥ ਮਾਰ ਕੇ ਦੱਸਿਆ।

-”ਆਬਦਾ ਖ਼ੂਨ ਐਂ ਚਾਚਾ…!” ਬਰਨਾਲ਼ੇ ਵਾਲ਼ੀ ਭੈਣ ਬੋਲੀ।

-”ਸਵਰਨਜੀਤਿਆ…!”

-”ਹਾਂ ਡੈਡੀ…?”

-”ਮੈਂ ਪਿਸ਼ਾਬ ਕਰ ਆਵਾਂ ਪੁੱਤ ਤੇ ਤੂੰ ਪਾਣੀ ਦਾ ਗਿਲਾਸ ਲਿਆ, ਫ਼ੇਰ ਪਈਏ! ਟੈਮ ਬਹੁਤ ਹੋ ਗਿਆ…!”

-”ਲਿਆਉਨੀ ਆਂ ਡੈਡੀ…!”

ਬਾਪੂ ਪਿਸ਼ਾਬ ਕਰਨ ਚਲਾ ਗਿਆ ਅਤੇ ਨੂੰਹ ਪਾਣੀ ਦਾ ਗਿਲਾਸ ਭਰ ਲਿਆਈ।

ਪਿਸ਼ਾਬ ਕਰਕੇ ਆ ਕੇ ਡੈਡੀ ਨੇ ਨੂੰਹ ਦਾ ਦਿੱਤਾ ਪਾਣੀ ਦਾ ਅੱਧਾ ਕੁ ਗਿਲਾਸ ਪੀ ਲਿਆ ਅਤੇ ਗਿਲਾਸ ਮੋੜ ਕੇ ਫੜਾ ਦਿੱਤਾ।

-”ਮੈਨੂੰ ਫੜ ਕੇ ਪਾ ਦਿਓ ਪੁੱਤ! ਪੈਣ ਲੱਗੇ ਦਾ ਮੇਰਾ ਸਿਰ ਕਦੇ ਕਦੇ ਬੈਡ ਦੀ ਬੰਨੀਂ ‘ਤੇ ਜਾ ਵੱਜਦੈ…!” ਡੈਡੀ ਦਾ ਕੱਦ ਛੇ ਫ਼ੁੱਟ ਸੀ ਅਤੇ ਸਰੀਰ ਭਾਰੀ। ਕਈ ਵਾਰ ਪੈਣ ਲੱਗਿਆਂ ਤੋਂ ਕਮਜ਼ੋਰੀ ਕਾਰਨ ਉਹਨਾਂ ਤੋਂ ਸੰਭਲਿ਼ਆ ਨਹੀਂ ਜਾਂਦਾ ਸੀ। ਬਰਨਾਲ਼ੇ ਵਾਲ਼ੀ ਭੈਣ ਅਤੇ ਮੇਰੇ ਘਰਵਾਲ਼ੀ ਨੇ ਡੈਡੀ ਨੂੰ ਮੋਢਿਆਂ ਤੋਂ ਫੜ ਕੇ ਬੈਡ ‘ਤੇ ਪਾ ਦਿੱਤਾ।

-”ਉਏ ਸਵਰਨਜੀਤਿਆ, ਮੇਰੀ ਪੁੱਤ ਆਹ ਬਾਂਹ ਦੁਖੀ ਜਾਂਦੀ ਐ ਕਈ ਦਿਨਾਂ ਦੀ…!” ਉਹਨਾਂ ਨੇ ਖੱਬੀ ਬਾਂਹ ਨੂੰ ਹੱਥ ਲਾ ਕੇ ਦੱਸਿਆ।

-”ਲਿਆਓ ਡੈਡੀ ਮੈਂ ਘੁੱਟ ਦਿੰਨੀ ਐਂ..!”

-”ਕੁਰਸੀ ਨੇੜੇ ਕਰ ਲੈ ਪੁੱਤ..! ਮੈਥੋਂ ਹੁਣ ਬਾਹਲ਼ਾ ਉਚੀ ਨ੍ਹੀ ਬੋਲਿਆ ਜਾਂਦਾ।”

ਨੂੰਹ ਨੇ ਕੁਰਸੀ ਬਾਪੂ ਦੇ ਬੈਡ ਦੇ ਨੇੜੇ ਕਰ ਲਈ ਅਤੇ ਬਾਪੂ ਦੀ ਬਾਂਹ ਘੁੱਟਣ ਲੱਗ ਪਈ।

ਅਜੇ ਉਹ ਬਾਂਹ ਘੁੱਟ ਹੀ ਰਹੀ ਸੀ ਕਿ ਬਾਪੂ ਨੇ ਆਪਣਾ ਹੱਥ ਨੂੰਹ ਦੇ ਹੱਥ ‘ਤੇ ਜੋਰ ਨਾਲ਼ ਮਾਰਿਆ ਅਤੇ ਸਿਰ ਇਕ ਪਾਸੇ ਨੂੰ ‘ਲੁੜਕ’ ਗਿਆ…।

ਬਾਪੂ ਦੇ ਪ੍ਰਾਣ ਪੰਖੇਰੂ ਉਡ ਚੁੱਕੇ ਸਨ……..!!

ਨੂੰਹ ਅਜੇ ਵੀ ਬਾਪੂ ਦੀ ਬਾਂਹ ਘੁੱਟੀ ਜਾ ਰਹੀ ਸੀ। ਬਰਨਾਲ਼ੇ ਵਾਲ਼ੀ ਭੈਣ ਨੇ ਆਪਣੀ ਭਾਬੀ ਨੂੰ ਬਾਂਹ ਘੁੱਟਣੋਂ ਰੋਕ ਦਿੱਤਾ।

-”ਬਾਪੂ ਪੂਰਾ ਹੋ ਗਿਆ ਭਾਬੀ…!” ਬਰਨਾਲ਼ੇ ਵਾਲ਼ੀ ਭੈਣ ਦਾ ਗਲ਼ ਰੁਕਿਆ ਹੋਇਆ ਸੀ।

-”ਹੈਂ…! ਹੁਣ ਤਾਂ ਆਪਣੇ ਨਾਲ਼ ਗੱਲਾਂ ਕਰੀ ਜਾਂਦੇ ਸੀ ਭੈਣ ਜੀ…!”

-”ਬੱਸ ਹੁਣੇ ਈ ਗੱਲਾਂ ਕਰਦੇ ਸੀ..! ਬਾਪੂ ਪੂਰਾ ਹੋ ਗਿਆ, ਤੂੰ ਜੱਗੇ ਨੂੰ ਫ਼ੋਨ ਕਰ…!”

ਮੇਰੇ ਘਰਵਾਲ਼ੀ ਭੈਮਾਨ ਜਿਹੀ ਹੋਈ ਖੜ੍ਹੀ ਸੀ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਪਲ ਪਹਿਲਾਂ ਚੰਗਾ ਭਲਾ ਗੱਲਾਂ ਕਰਦਾ ਕਰਦਾ ਬਾਪੂ ਸਾਨੂੰ ਇੰਜ ਵਿਛੋੜਾ ਦੇ ਕੂਚ ਕਰ ਜਾਵੇਗਾ।

-”ਤੂੰ ਜੱਗੇ ਨੂੰ ਫ਼ੋਨ ਮਿਲ਼ਾ ਭਾਬੀ…!”

ਮੇਰੇ ਘਰਵਾਲ਼ੀ ਨੇ ਫ਼ੋਨ ਮਿਲ਼ਾ ਕੇ ਭੈਣ ਜੀ ਨੂੰ ਹੀ ਫ਼ੜਾ ਦਿੱਤਾ।

ਪੰਜਾਬ ਵਿਚ ਰਾਤ ਦੇ ਦਸ ਵੱਜ ਕੇ ਪੰਜਾਹ ਮਿੰਟ ਹੋਏ ਸਨ।

ਇੰਗਲੈਂਡ ਵਿਚ ਸ਼ਾਮ ਦੇ ਪੰਜ ਵੱਜ ਕੇ ਵੀਹ ਮਿੰਟ ਹੋਏ ਸਨ।

ਮੈਂ ਬਾਹਰ ਗਾਰਡਨ ਵਿਚ ਹੀ ਖੜ੍ਹਾ ਸੀ।

ਕਬੀਰ ਅੰਦਰੋਂ ਫ਼ੋਨ ਚੁੱਕੀ ਭੱਜਿਆ ਆ ਰਿਹਾ ਸੀ।

ਜਦ ਮੈਂ ਫ਼ੋਨ ਫ਼ੜ ਕੇ “ਹੈਲੋ” ਆਖਿਆ ਤਾਂ ਬਰਨਾਲ਼ੇ ਵਾਲ਼ੀ ਭੈਣ ਦੀ ਰੋਣ ਦੀ ਅਵਾਜ਼ ਆਈ। ਮੇਰਾ ਦਿਲ ਜਿਹਾ ਨਿਕਲ਼ ਗਿਆ, ਪਰ ਮੈਨੂੰ ਕੋਈ ਸਮਝ ਨਾ ਪਈ।

-”ਕੌਣ ਐਂ…?” ਮੈਂ ਪੁੱਛਿਆ।

-”ਵੀਰੇ ਆਪਣਾ ਬਾਪੂ ਪੂਰਾ ਹੋ ਗਿਆ….!!” ਜਦ ਭੈਣ ਨੇ ਦੱਸਿਆ ਤਾਂ ਅਚਨਚੇਤ ਗੱਲ ਸੁਣ ਕੇ ਮੈਂ ਡਿੱਗਣ ਵਾਲ਼ਾ ਹੋ ਗਿਆ। ਬੁਰੀ ਖ਼ਬਰ ਨੇ ਮੇਰਾ ਲਹੂ ਪੀ ਲਿਆ ਸੀ। ਬੜੇ ਚੰਗੇ-ਮੰਦੇ ਸਮੇਂ ਮੇਰੇ ‘ਤੇ ਆਏ, ਪਰ ਮੈਂ ਜਿ਼ੰਦਗੀ ਵਿਚ ਕਦੇ ਡੋਲਿਆ ਨਹੀਂ ਸੀ। ਪਰ ਬੜ੍ਹਕਾਂ ਮਾਰਨ ਵਾਲ਼ੇ ਬਾਪੂ ਦਾ ਅਚਾਨਕ ‘ਅਕਾਲ ਚਲਾਣਾ’ ਸੁਣ ਕੇ ਮੇਰੀਆਂ ਸੱਤੇ ਹੀ ਮਾਰੀਆਂ ਗਈਆਂ ਸਨ। ਮੇਰੀ ਸੁਰਤ ਬੌਂਦਲ਼ ਗਈ ਸੀ ਅਤੇ ਦਿਮਾਗ ਨੇ ਸੋਚਣਾ ਬੰਦ ਕਰ ਦਿੱਤਾ ਸੀ। ਸਰੀਰ ਮੇਰਾ ਝੂਠਾ ਪਿਆ ਹੋਇਆ ਸੀ। ਭਾਰਤ ਬੈਠੇ ਬਾਪੂ ਦਾ ਮੈਨੂੰ ਇੰਗਲੈਂਡ ਬੈਠੇ ਨੂੰ ਭੰਗੀਆਂ ਦੀ ਤੋਪ ਜਿੰਨਾ ਆਸਰਾ ਸੀ, ਤੇ ਇਹ ਅਚਾਨਕ ਕੀ ਹੋ ਗਿਆ ਸੀ…?

-”ਮੈਂ ਤੁਹਾਨੂੰ ਪੰਜਾਂ ਕੁ ਮਿੰਟਾਂ ਬਾਅਦ ਫ਼ੋਨ ਕਰਦੈਂ ਭੈਣ ਜੀ…!” ਜਦ ਮੈਨੂੰ ਕੁਝ ਹੋਰ ਨਾ ਸੁੱਝਿਆ ਤਾਂ ਮੈਂ ਇੰਨੀ ਗੱਲ ਆਖ ਕੇ ਫ਼ੋਨ ਕੱਟ ਦਿੱਤਾ।

ਮੈਂ ਅੰਦਰ ਆ ਕੇ ਠੰਢਾ ਪਾਣੀ ਪੀਤਾ ਅਤੇ ਪਿੰਡ ਨੂੰ ਬਾਪੂ ਵਾਲ਼ੇ ਮੋਬਾਇਲ ਫ਼ੋਨ ‘ਤੇ ਫ਼ੋਨ ਮਿਲ਼ਾ ਲਿਆ।

ਫ਼ੋਨ ਭੈਣ ਨੇ ਹੀ ਚੁੱਕਿਆ।

-”ਹੈਂ ਭੈਣ ਜੀ…! ਬਾਪੂ ਸੱਚੀਂ ਚਾਲੇ ਪਾ ਗਿਆ…?” ਮੈਨੂੰ ਬਾਪੂ ਦੇ ਅਕਾਲ ਚਲਾਣੇ ਬਾਰੇ ਸੱਚ ਨਹੀਂ ਆ ਰਿਹਾ ਸੀ। ਮੇਰੀ ਸੋਚ ਦੋਫ਼ਾੜ ਹੋਈ ਪਈ ਸੀ।

-”ਵੀਰਾ…! ਜੋ ਹੋਣਾ ਸੀ ਉਹ ਤਾਂ ਹੋ ਗਿਆ..! ਹੁਣ ਤੂੰ ਦੱਸ ਕੀ ਕਰਨੈਂ…?” ਭੈਣ ਦਾ ਹੋਰ ਉਚੀ ਰੋਣ ਨਿਕਲ਼ ਗਿਆ। ਉਸ ਨੂੰ ਵੀ ਬਾਪੂ ਦਾ ਬਹੁਤ ਆਸਰਾ ਸੀ। ਬਾਪੂ ਉਸ ਦਾ ਦੁਖ-ਸੁਖ ਦਾ ਸਾਂਝੀ ਸੀ।

-”ਲੈ ਭੈਣੇ ਇਕ ਗੱਲ ਐ…!” ਮੈਂ ਭੈਣ ਨੂੰ ‘ਵਾਰਨਿੰਗ’ ਜਿਹੀ ਦੇਣ ਵਾਲਿ਼ਆਂ ਵਾਂਗ ਕਿਹਾ।

-”ਦੱਸ ਵੀਰਾ….?” ਭੈਣ ਵੀ ਦਿਲ ਜਿਹਾ ਨਹੀਂ ਧਰ ਰਹੀ ਸੀ।

-”ਮੈਂ ਜਿੰਨੀ ਜਲਦੀ ਹੋ ਸਕਿਆ, ਪਹੁੰਚੂੰਗਾ! ਪਰ ਮੇਰੇ ਬਿਨਾ ਬਾਪੂ ਦਾ ਸਸਕਾਰ ਨਾ ਕੀਤਾ ਜਾਵੇ..!” ਮੇਰਾ ਵੀ ਰੋਣ ਨਿਕਲ਼ ਗਿਆ ਕਿ ਮਰਿਆ ਬਾਪੂ ਵੀ ਕੀ ਸੋਚੇਗਾ ਕਿ ਮੇਰਾ ‘ਕੱਲਾ ‘ਕੱਲਾ ਪੁੱਤ, ਮੇਰੇ ਸਸਕਾਰ ‘ਤੇ ਵੀ ਨਹੀਂ ਪਹੁੰਚਿਆ…? ਮੇਰਾ ਮਨ ਸੋਚ ਰਿਹਾ ਸੀ ਕਿ ਜੇ ਬਾਪੂ ਦਾ ਸਸਕਾਰ ਹੱਥੀਂ ਨਾ ਕੀਤਾ ਤਾਂ ਸਾਰੀ ਜਿ਼ੰਦਗੀ ਪਛਤਾਵਾ ਰਹੇਗਾ ਕਿ ਕਾਹਦਾ ਪੁੱਤ ਸੀ ਉਏ ਤੂੰ…? ਬਾਪੂ ਦੇ ਸਸਕਾਰ ‘ਤੇ ਵੀ ਨਹੀਂ ਪਹੁੰਚ ਸਕਿਆ…! ਹੋਰ ਕੀ ਮੱਲਾਂ ਮਾਰੇਂਗਾ…? ਚਾਹੇ ਮੈਂ ਆਰਥਿਕ ਪੱਖੋਂ ਤੰਗ ਹੀ ਸੀ। ਪਰ ਬਾਪੂ ਦਾ ਸਸਕਾਰ ਮੈਂ ਆਪਣੀ ਜਿੰਦ ਗਹਿਣੇਂ ਧਰ ਕੇ ਵੀ ਹੱਥੀਂ ਕਰਨਾ ਚਾਹੁੰਦਾ ਸੀ!

-”ਨਹੀਂ ਕਰਦੇ ਵੀਰਾ….!” ਭੈਣ ਨੇ ਮੇਰਾ ਸੰਸਾ ਨਵਿਰਤ ਕਰ ਦਿੱਤਾ।

This entry was posted in ਲੇਖ.

One Response to ਚਾਰੇ ਕੂਟਾਂ ਸੁੰਨੀਆ (ਹੱਡਬੀਤੀਆਂ)

  1. ਅ.ਸ.ਆਲਮ says:

    “…ਇਹਦੇ ਵੱਜਿਆ ਥੱਪੜ ਮੇਰੇ ਐਥੇ ਵੱਜਦੈ…”, ਪੜ੍ਹਦਿਆਂ ਮੇਰੀਆਂ ਅੱਖਾਂ ‘ਚ ਹੰਝੂ ਆ ਗਏ ਤੇ ਇੱਥੋਂ ਅੱਗੇ ਮੈਂ ਪੜ੍ਹਨ ਸਕਿਆ।
    ਮੈਨੂੰ ਆਪਣੇ ਬਾਪੂ ਜੀ ਯਾਦ ਆ ਗਏ, ਜੋ ਤੁਹਾਡੇ ਬਾਪੂ ਵਾਂਗ ਹੀ ਆਪਣੇ ਪੋਤਰੇ ਨੂੰ ਪਿਆਰ ਕਰਦੇ ਹਨ ਅਤੇ ਮੈਨੂੰ ਗਾਲ੍ਹਾਂ ਮਿਲੀਆਂ
    ਹਨ, ਸਿਰਫ਼ ਝਿੜਕਨ ਪਿੱਛੇ ਹੀ।
    ਤੁਹਾਡੀ ਲਿਖਣ ਦਾ ਅੰਦਾਜ਼ ਦਿਲ ਨੂੰ ਛੂਹ ਗਿਆ।

Leave a Reply to ਅ.ਸ.ਆਲਮ Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>