ਡਰਬੀ – ਇਥੇ ਬੀਤੇ ਦਿਨੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪੰਜਾਹਵੀਂ ਬਰਸੀ ਮੌਕੇ ਉਹਨਾਂ ਦੀਆਂ ਕੁਝ ਪੁਸਤਕਾਂ ਅਤੇ ਪੰਥ ਨੂੰ ਦੇਣ ਬਾਰੇ ਸੈਮੀਨਾਰ ਕੀਤੇ ਗਏ । ਸ਼ੁਕਰਵਾਰ ਨੂੰ ਮਾਸਟਰ ਕੁਲਵਿੰਦਰ ਸਿੰਘ ਜੀ ਨੇ ਭਾਈ ਸਾਹਿਬ ਦੀ ਲਿਖਤ ਪੁਸਤਕ ‘ਨਾਮ ਅਭਿਆਸ ਕਮਾਈ’ ਬਾਰੇ ਚਾਨਣਾ ਪਾਇਆ ਤੇ ਇਸ ਬਾਰੇ ਵਰਕਸ਼ਾਪ ਦੌਰਾਨ ਸੰਗਤਾਂ ਨੂੰ ਦੱਸਿਆ ਕਿ ਭਾਈ ਸਾਹਿਬ ਸਿਮਰਨ ਕਰਨ ਨੂੰ ਕਿੰਨੀ ਅਹਿਮੀਅਤ ਦਿੰਦੇ ਸਨ ।
ਉਂਝ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸਨ, ਵੀਹ ਪੰਝੀ ਦੇ ਕਰੀਬ ਤਾਂ ਗੁਰਮਤਿ ਫਿਲਾਸਫੀ ਬਾਰੇ ਛੋਟੇ ਛੋਟੇ ਕਿਤਾਬਚੇ ਹੀ ਹਨ, ਇਸ ਦੇ ਇਲਾਵਾ ਉਨ੍ਹਾਂ ਦੀਆਂ ਦਸ – ਪੰਦਰਾਂ ਕਿਤਾਬਾਂ ਜਿਹੜੀਆਂ ਕਿ ਹਰ ਪ੍ਰਾਣੀ ਮਾਤਰ ਲਈ ਪੜ੍ਹਨੀਆ ਬਹੁਤ ਲਾਹੇਵੰਦ ਹੋ ਸਕਦੀਆਂ ਹਨ । ਉਹਨਾਂ ਦੀ ਵੱਖਰੀ ਹੀ ਸ਼ੈਲੀ ਤੇ ਬੋਲੀ ਹੈ । ਉਹਨਾਂ ਦੇ ਹਰ ਲਫ਼ਜ਼ ਦੇ ਵਿਚੋਂ ਗੁਰਬਾਣੀ ਦੀ ਪਾਹ (ਝਲਕ) ਦਿਸਦੀ ਹੈ । ਭਾਈ ਸਾਹਿਬ ਨੇ ਬਹੁਤ ਸਾਰੇ ਲਫ਼ਜ਼ ਅਤੇ ਮੁਹਾਵਰੇ ਪੰਜਾਬੀ ਸਾਹਿਤ ਨੂੰ ਦਿੱਤੇ ਹਨ । ਉਹਨਾਂ ਨੂੰ ਹੁਣ ਤੱਕ ਸਾਡੇ ਸਾਹਿਤਕਾਰਾਂ ਅਤੇ ਲਿਖਾਰੀਆਂ ਨੇ ਅੱਖੋਂ ਪਰੋਖੇ ਕਰੀ ਰੱਖਿਆ ਹੈ । ਧਰਮ ਫਿਲਾਸਫ਼ੀ ਸਮਝਣ ਵਾਲੇ ਜਗਿਆਸੂ ਨੂੰ ਇਹਨਾਂ ਪੁਸਤਕਾਂ ਤੋਂ ਬੜਾ ਲਾਭ ਪ੍ਰਾਪਤ ਹੋ ਸਕਦਾ ਹੈ । ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹਨ ਵਾਲੇ ਬਹੁਤ ਸਾਰੇ ਲੋਕਾਂ ਨੇ ਸਿੱਖੀ ਧਾਰਨ ਕੀਤੀ ਹੈ । ਹੁਣ ਉਹਨਾਂ ਦੀਆਂ ਕਿਤਾਬਾਂ ਉਤੇ ਪੀ ਐਚ ਡੀ, ਕੀਤੀ ਜਾਣ ਲੱਗੀ, ਥੀਸਿਸ ਲਿਖੇ ਜਾਣ ਲੱਗੇ ਹਨ, ਬੀਤੇ ਦਿਨੀਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਰਣਧੀਰ ਸਿੰਘ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ, ਇਸ ਨਾਲ ਭਾਈ ਸਾਹਿਬ ਦੇ ਰਚੇ ਸਾਹਿਤ ਬਾਰੇ ਹੋਰ ਵੀ ਖੋਜਾਂ ਹੋਣ ਦੀ ਸੰਭਾਵਨਾ ਹੈ । ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਲਈ ਇਕ ਨਵੀਂ ਦ੍ਰਿਸ਼ਟੀ ਪ੍ਰਦਾਨ ਕਰੇਗੀ ।
ਮਾਸਟਰ ਕੁਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਭਾਈ ਸਾਹਿਬ ਦਾ ਮੰਨਣਾ ਹੈ ਕਿ ਗੁਰਬਾਣੀ ਮੁਤਾਬਕ ਇਕ ਅਕਾਲ ਪੁਰਖ ਦਾ ਨਾਮ ਜਪਣਾ, ਸਵਾਸ-ਗਿਰਾਸ ਵਾਹਿਗੁਰੂ ਦਾ ਸਿਮਰਨ ਕਰਕੇ ਪ੍ਰਮਾਤਮਾ ਨਾਲ ਅਭੇਦ ਹੋਣਾ ਹੀ ਮਨੁੱਖਾ ਜੀਵਨ ਦਾ ਪ੍ਰਮੁੱਖ ਪ੍ਰਯੋਜਨ ਹੈ । ਉਨ੍ਹਾਂ ਨੇ ਕਿਤਾਬ ਦੇ ਵੱਖ ਵੱਖ ਅਧਿਆਏ ਛੋਹ ਕੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਸੰਗਤਾਂ ਨੂੰ ਭਾਈ ਸਾਹਿਬ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ।
ਦੂਜੇ ਦਿਨ ਸ਼ਨੀਵਾਰ ਨੂੰ ਲਾਈ ਗਈ ਵਰਕਸ਼ਾਪ ਦੌਰਾਨ ਡਾਕਟਰ ਦਲਜੀਤ ਸਿੰਘ ਵਿਰਕ ਨੇ ਭਾਈ ਸਾਹਿਬ ਦੀ ਕਿਤਾਬ ਜੋਤਿ ਵਿਗਾਸ ਉਤੇ ਚਾਨਣਾ ਪਾਇਆ ਅਤੇ ਭਾਈ ਰਣਧੀਰ ਸਿੰਘ ਜੀ ਦੀ ਵਿਦਵਤਾ ਅਤੇ ਗੁਰਮਤਿ ਬਾਰੇ ਉਹਨਾਂ ਦੀ ਕਰਮ ਫਿਲਾਸਫੀ ਨੂੰ ਬੜੇ ਹੀ ਸੁਲਝੇ ਢੰਗ ਨਾਲ ਰੂਪਮਾਨ ਕੀਤਾ । ਇਸੇ ਤਰ੍ਹਾਂ ਹੋਰ ਬੁਲਾਰਿਆਂ ਭਾਈ ਸਾਹਿਬ ਸੁਰਜੀਤ ਸਿੰਘ (ਨਡਾਲੇ ਵਾਲੇ), ਭਾਈ ਜੋਗਿੰਦਰ ਸਿੰਘ ਲੈਸਟਰ ਅਤੇ ਭਾਈ ਜਗਜੀਤ ਸਿੰਘ ਬ੍ਰੈਡਫੋਰਡ ਨੇ ਵੀ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਪੰਥਕ ਤੇ ਕੌਮੀ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ । ਅਖੰਡ ਕੀਰਤਨੀ ਜਥਾ ਯੂ ਕੇ ਦੇ ਅਣਥੱਕ ਸੇਵਾਦਾਰ ਭਾਈ ਜਰਨੈਲ ਸਿੰਘ ਜੀ ਵੀ ਇਸ ਮੌਕੇ ਹਾਜ਼ਰ ਸਨ ਤੇ ਬਹੁਤ ਸਾਰੀਆਂ ਸੰਗਤਾਂ ਨੇ ਇਹਨਾਂ ਵਰਕਸ਼ਾਪਾਂ ਤੋਂ ਲਾਹਾ ਪ੍ਰਾਪਤ ਕੀਤਾ । ਵਿਕਟੋਰੀਆ ਐਂਡ ਅਲਬਰਟ ਮਿਊਜ਼ੀਅਮ ਦੇ ਅਸਿਸਟੈਂਟ ਸੀਨੀਅਰ ਕਿਊਰੇਟਰ ਮਿ: ਨੀਲ ਕਾਰਲਟਨ ਵੀ ਵਿਸ਼ੇਸ਼ ਕਰਕੇ ਇਸ ਮੌਕੇ ਪਹੁੰਚੇ । ਉਹਨਾਂ ਨੇ ਸਿੱਖਾਂ ਦੇ ਪੁਰਾਤਨ ਜੰਗੀ ਸ਼ਸਤਰਾਂ, ਤੋਪਾਂ ਅਤੇ ਬੰਦੂਕਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਡਰਬੀ ਅਤੇ ਬਾਹਰੋਂ ਆਈਆਂ ਕਾਫ਼ੀ ਗਿਣਤੀ ਵਿਚ ਸੰਗਤਾਂ ਅਤੇ ਨੌਜਵਾਨਾਂ ਨੇ ਹਾਜ਼ਰੀ ਭਰੀ । ਇਸ ਮੌਕੇ ਡਰਬੀ ਸਿੱਖ ਮਿਊਜ਼ੀਅਮ ਦੇ ਨੁਮਾਇੰਦੇ ਸ: ਹਰਭਜਨ ਸਿੰਘ ਦਈਆ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਸਿੰਘ ਸਭਾ ਡਰਬੀ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਘਵੀਰ ਸਿੰਘ ਵੀ ਮੌਜੂਦ ਸਨ ।
ਖਾਲਸਾ ਜੀ…ਮੇਨੂ ਭਾਈ ਸਾਹਿਬ ਦੀ ਰਚਨਾ” ਨਾਮ ਅਤੇ ਨਾਮ ਦੇ ਦਾਤੇ ਸਤਗੁਰੂ” ਕਿਥੋ ਮਿਲੇਗੀ….. ਨੇਟ ਤੋ……