ਆਪੇ ਪਾਏ ਸਿਆਪੇ

ਸ਼ਰਨ ਨੂੰ ਅੱਜ ਭਾਂਵੇ ਛੁੱਟੀ ਸੀ। ਫਿਰ ਵੀ ਉਹ ਸਵੇਰੇ ਜਲਦੀ ਹੀ ਉੱਠ ਗਈ। ਕਿਉਕਿ ਅੱਜ ਉਸ ਦੇ ਚਾਚਾ ਜੀ ਦੀ ਲੜਕੀ ਦੀਸ਼ੀ ਪੰਜਾਬ ਤੋਂ ਆ ਰਹੀ ਸੀ। ਉਸ ਨੂੰ ਕੈਨੇਡਾ ਮੰਗਵਾਉਣ ਲਈ ਸ਼ਰਨ ਨੂੰ ਬਹੁਤ ਜਤਨ ਕਰਨੇ ਪਏ ਸਨ। ਪਹਿਲਾਂ ਤਾਂ ਸ਼ਰਨ ਇਸ ਕੰਮ ਨੂੰ ਟਾਲਦੀ ਹੀ ਰਹੀ ਸੀ। ਪਰ ‘ਇੰਡੀਆ’ ਤੋਂ ਉਸ ਦੇ ਪਿਤਾ ਜੀ ਦਾ ਫੋਨ ਆ ਜਾਂਦਾ, “ਪੁੱਤਰ, ਦੀਸ਼ੀ ਦਾ ਕੁੱਝ ਸੋਚ। ਤੇਰੇ ਚਾਚਾ ਚਾਚੀ ਜੀ ਬਹੁਤ ਜ਼ੋਰ ਲਾਉਂਦੇ ਹਨ, ਸ਼ਰਨ ਕਿਸੇ ਤਰਾਂ ਦੀਸ਼ੀ ਨੂੰ ਕੈਨੇਡਾ ਜ਼ਰੂਰ ਲੰਘਾਵੇ।”

ਸ਼ਰਨ ਨੇ ਦੀਸ਼ੀ ਨੂੰ ਕੈਨੇਡਾ ਲੰਘਾਉਣ ਦੀ ਸੋਚ ਆਪਣੇ ਮਨ ਵਿਚ ਹੀ ਰੱਖ ਛੱਡੀ ਸੀ। ਪਰ ਇਕ ਦਿਨ ਉਸ ਨੇ ਆਪਣੀ ਸੱਸ ਨੂੰ ਤਾਰੀ ਨਾਲ ਗੱਲਾਂ ਕਰਦੇ ਸੁਣਿਆ। ਜੋ ਕਹਿ ਰਹੀ ਸੀ,“ਪੁੱਤ ਤਾਰਿਆ, ਆਪਾਂ ਕਿਸੇ ਤਰਾਂ ਤੇਰੇ ਮਾਮੇ ਦੇ ਮੁੰਡੇ ਭੋਲੇ ਨੂੰ ਇਧਰ ਲੰਘਾ ਲਈਏ। ਜੇ ਉਹ ਲੰਘ ਜਾਵੇ ਤੇਰੇ ਮਾਮੇ ਨੇ ਤਾਂ ਫਿਰ ਆ ਹੀ ਜਾਣਾ ਹੈ। ਚੱਲ, ਮੇਰਾ ਵੀ ਕੋਈ ਇਧਰ ਆ ਜਾਊ।”

ਇਹ ਗੱਲ ਸੁਣ ਕੇ ਸ਼ਰਨ ਨੇ ਵੀ ਆਪਣੇ ਪਤੀ ਤਾਰੀ ਨੂੰ ਝੱਟ ਕਹਿ ਦਿੱਤਾ,“ਸਾਨੂੰ ਆਪਣੇ ਰਿਸ਼ਤੇਦਾਰਾਂ ਲਈ ਵੀ ਜ਼ਰੂਰ ਕੁੱਝ ਕਰਨਾ ਚਾਹੀਦਾ ਹੈ। ਲੋਕੀ ਕਈ ਕੁੱਝ ਕਰੀ ਜਾ ਰੇਹੇ ਹਨ।”

ਤਾਰੀ ਦੇ ਭਾਪਾ ਜੀ ਬਿਸ਼ਨ ਸਿੰਘ ਜੋ ਚੁੱਪ ਕਰਕੇ ਬੈਠੇ ਸੀ, ਬੋਲੇ, “ਸਾਲੇ ਲੋਕਾਂ ਦਾ ਕੀ ਹੈ, ਬਿਲਕੁਲ ਹੀ ਸ਼ਰਮ ਲਾਹ ਸੁੱਟ੍ਹੀ , ਨੂੰਹਾਂ ਸਹੁਰਿਆਂ ਨਾਲ ਵਿਆਹ ਕਰਵਾ ਕੇ ਆ ਰਹੀਆਂ ਅਤੇ ਭੈਣਾਂ ਭਰਾਂਵਾ ਨਾਲ।”

“ਤਾਂ ਕੀ ਆ ਭਾਪਾ ਜੀ, ਵਿਆਹ ਤਾਂ ਸਿਰਫ ਕਾਗਜ਼ਾਂ ਵਿਚ ਹੀ  ਹੋਇਆ ਹੁੰਦਾਂ ਹੈ।” ਸ਼ਰਨ ਨੇ ਕਿਹਾ।

ਬਿਸ਼ਨ ਸਿੰਘ ਕੁੱਝ ਬੋਲਦਾ। ਇਸ ਤੋਂ ਪਹਿਲਾਂ ਹੀ ਉਸ ਦੀ ਪਤਨੀ ਅਮਰ ਕੌਰ ਬੋਲ ਪਈ, “ਚੱਲ, ਉਹ ਵੀ ਕਿਸੇ ਦਾ ਭਲਾ ਹੀ ਕਰਦੇ ਹਨ।”

“ਉਹ, ਜੇ ਭਲਾ ਹੀ ਕਰਨਾ ਹੈ ਤਾਂ ਫਿਰ ਆਪਣੇ ਰੱਜੇ-ਪੁੱਜੇ ਰਿਸ਼ਤੇਦਾਰਾਂ ਦਾ ਹੀ ਕਿਉ ਕਰੀ ਜਾਦੇਂ ਨੇ? ਚੌਰਾਸੀ ਵਿਚ ਕਿਤਨੇ ਘਰ ਉਜੜੇ, ਕਿਤਨੇ ਬੱਚੇ ਯਤੀਮ ਹੋਏ, ਉਹਨਾਂ ਦਾ ਭਲਾ ਕਰਨ ਦਾ ਤਾਂ ਕਿਸੇ ਨੇ ਨਹੀ ਸੋਚਿਆ।” ਬਿਸ਼ਨ ਸਿੰਘ ਇਹ ਗੱਲ ਕਹਿੰਦਾ ਹੋਇਆ ਕਾਰ ਦੀਆਂ ਚਾਬੀਆਂ ਚੁੱਕ ਕੇ ਬਾਹਰ ਨੂੰ ਚਲਾ ਗਿਆ।

“ਮੇਰੇ ਕਿਸੇ ਨੂੰ ਤਾਂ ਇਹ ਝੱਲ ਕੇ ਰਾਜ਼ੀ ਨਹੀ।” ਅਮਰ ਕੌਰ ਗੁੱਸੇ ਵਿਚ ਬੁੜਬੁੜਾਈ।

ਸ਼ਰਨ ਲੋਕਾਂ ਕੋਲੋ ਪੁੱਛਦੀ ਰਹਿੰਦੀ ਕੋਈ ਢੰਗ ਹੋਵੇ ਜਿਸ ਨਾਲ ਦੀਸ਼ੀ ਅਤੇ ਉਸ ਦੀ ਸੱਸ ਦਾ ਭਤੀਜਾ ਇਧਰ ਲੰਘ ਸਕਣ। ਕੋਈ ਹੋਰ ਚਾਰਾ ਨਾ ਚੱਲਦਾ ਦੇਖ ਕੇ ਸ਼ਰਨ ਨੇ ਆਪਣੀ ਸੱਸ ਨਾਲ ਸਲਾਹ ਕੀਤੀ, “ਬੀਜੀ ਮੈ ਪੇਪਰਾਂ ਵਿਚ ਇਹਨਾਂ ਨੂੰ ਤਲਾਕ ਦੇ ਦੇਂਦੀ ਹਾਂ, ਫਿਰ ਇਹ ਮੇਰੇ ਚਾਚੇ ਦੀ ਧੀ ਦੀਸ਼ੀ ਨੂੰ ਇਧਰ ਮੰਗਵਾ ਸਕਦੇ ਹਨ ਅਤੇ ਦੀਸ਼ੀ ਤੁਹਾਡੇ ਭਤੀਜੇ ਨੂੰ ਲੰਘਾ ਸਕਦੀ ਹੈ। ਪਰ  ਜੇ ਭਾਪਾ ਜੀ ਮੰਨ ਜਾਣ।”

“ਲੈ ਇਹ ਕਿਹੜੀ ਗੱਲ ਹੈ, ਉਹ ਤਾਂ ਉਹਨਾਂ ਦੀ ਗੱਲ ਕਰਦੇ ਸਨ ਜਿਹੜੇ ਸਕੇ ਚਾਚੇ ਮਾਮੇ ਦੀਆਂ ਧੀਆਂ ਪੁੱਤਾਂ ਨਾਲ ਵਿਆਹ ਕਰੀ ਜਾਂਦੇ ਹਨ।” ਅਮਰ ਕੌਰ ਨੇ ਬੇਫ਼ਿਕਰੀ ਨਾਲ ਕਿਹਾ।

ਜਦੋ ਸ਼ਰਨ ਨੇ ਤਾਰੀ ਨਾਲ ਇਹ ਗੱਲ ਕੀਤੀ ਉਸ ਨੇ ਪਹਿਲਾਂ ਤਾਂ ਸਾਫ਼ ਕਹਿ ਦਿੱਤਾ, “ਮੈ ਇਹੋ ਜਿਹੇ ਪੁੱਠੇ ਪੰਗਿਆਂ ਵਿਚ ਨਹੀ ਪੈਣਾ।” ਪਰ ਬਾਅਦ ਵਿਚ ਪਤਨੀ ਅਤੇ ਮਾਂ ਦੇ ਦਬਾਅ ਥੱਲੇ ਆ ਗਿਆ। ਬਿਸ਼ਨ ਸਿੰਘ ਤਾਂ ਸ਼ੁਰੂ ਤੋਂ ਹੀ ਇਹੋ ਜਿਹੀਆਂ ਗੱਲਾਂ ਦੇ ਖਿਲਾਫ਼ ਸੀ। ਐਤਵਾਰ ਵਾਲੇ ਦਿਨ ਤਾਰੀ ਅਤੇ ਸ਼ਰਨ, ਦੀਸ਼ੀ ਨਂੂੰ ਮੰਗਵਾਉਣ ਲਈ ਕਾਗਜ਼ ਬਗ਼ੈਰਾ ਤਿਆਰ ਕਰ ਰਹੇ ਸਨ। ਕੋਲ ਬੈਠੀ ਅਮਰ ਕੋਰ ਗਾਜ਼ਰਾਂ ਛਿਲ ਰਹੀ ਸੀ। ਉਸ ਦਾ ਧਿਆਨ ਸਬਜ਼ੀ ਛਿਲਣ ਵਿਚ ਘੱਟ ਪਰ ਜੋ ਨੂੰਹ ਪੁੱਤ ਕੰਮ ਕਰ ਰਹੇ ਸਨ, ਉਸ ਵਿਚ ਜ਼ਿਆਦਾ ਸੀ। ਜਦ ਨੂੰ ਬਿਸ਼ਨ ਸਿੰਘ ਵੀ ਗੁਰਦੁਵਾਰੇ ਤੋਂ ਵਾਪਸ ਆ ਗਿਆ। ਜਦੋ ਉਸ ਨੇ ਦੇਖਿਆ ਕਿ ਸਾਰਾ ਟੱਬਰ ਹੀ ਪੁੱਠੇ ਕੰਮ ਵਿਚ ਉਲਝਿਆ ਹੋਇਆ ਹੈ। ਉਹ ਖਿਝ ਕੇ ਬੋਲਿਆ, “ਕਿਉ ਹੇਰਾ ਫੇਰੀਆਂ ਕਰਨ ਲੱਗੇ ਹੋਏ ਹੋ।”
“ਲੈ ਇਹ ਤਾਂ ਸਰਕਾਰੀ ਕੰਮ ਹੋਣੇ ਹਨ। ਸਰਕਾਰਾਂ ਨੂੰ ਧੋਖਾ ਦੇਣ ਵਿਚ ਕਿਸੇ ਦਾ ਕੀ ਨੁਕਸਾਨ।” ਅਮਰ ਕੌਰ ਗਾਜ਼ਰਾਂ ਕੱਟਦੀ ਬੋਲੀ।

“ਹੈ ਤਾਂ ਹੇਰਾ ਫੇਰੀਆਂ, ਚਾਹੇ ਲੋਕਾਂ ਨਾਲ ਕਰ ਲਉ ਜਾਂ ਸਰਕਾਰਾਂ ਨਾਲ ਕਰ ਲਉ” ਇਹ ਕਹਿ ਕੇ ਬਿਸ਼ਨ ਸਿੰਘ ਗੁਰਦੁਵਾਰੇ ਤੋਂ ਲਿਆਂਦਾ ਪੰਜਾਬੀ ਅਖ਼ਬਾਰ ਪੜ੍ਹਨ ਲਗ ਪਿਆ।

ਸ਼ਰਨ ਨੂੰ ਤਲਾਕ ਦੇਣ ਤੋਂ ਬਾਅਦ ਤਾਰੀ ਨੂੰ ਪੰਜਾਬ ਜਾਣਾ ਪਿਆ। ਉੱਥੇ ਉਸ ਦਾ ਝੂਠਾ ਵਿਆਹ ਦੀਸ਼ੀ ਨਾਲ ਕੀਤਾ ਗਿਆ। ‘ਇਮੀਗਰੇਸ਼ਨ’ ਵਾਲਿਆਂ ਨੂੰ ਧੋਖਾ ਦੇਣ ਲਈ, ਝੂਠੀਆਂ ਫੋਟੋ ਖਿਚੀਆਂ ਗਈਆਂ।

ਇਸ ਤਰ੍ਹਾਂ ਦੇ ਕਈ ਪਾਪੜ ਵੇਲਣ ਤੋਂ ਬਾਅਦ ਅੱਜ ਦੀਸ਼ੀ ਕੈਨੇਡਾ ਪਹੁੰਚ ਰਹੀ ਸੀ। ‘ਵੈਨਕੁਵਰ ਇੰਟਰਨੈਸ਼ਨਲ ਏਅਰਪੋਰਟ’ ਉੱਪਰ ਖਲੋਤੀ ਸ਼ਰਨ ਬੇਸਬਰੀ ਨਾਲ ਦੀਸ਼ੀ ਦੀ ਉਡੀਕ ਕਰ ਰਹੀ ਸੀ। ਅੱਧੇ ਕੁ ਘੰਟੇਂ ਬਾਅਦ ਸ਼ਰਨ ਨੇ ਦੇਖਿਆ ਕਿ ਦੀਸ਼ੀ ਆਪਣੇ ਭਾਰੇ ਸੂਟਕੇਸ ਅਤੇ ਇਕ ਵਿਆਹੀ ਹੋਈ ਕੁੜੀ ਵਾਲੀ ਦਿੱਖ ਲਈ ਆ ਰਹੀ ਸੀ। ਸ਼ਰਨ ਨੇ ਉਸ ਨੂੰ ਚਾਅ ਨਾਲ ਘੁੱਟ ਕੇ ਜੱਫੀ ਪਾਈ ਅਤੇ ਨਾਲ ਹੀ ਉਸ ਦੇ ਕੰਨ ਕੋਲ ਕਿਹਾ, “ਤੂੰ ਸੱਚ-ਮੁੱਚ ਹੀ ਵਿਆਹੀ ਹੋਈ ਲੱਗ ਰਹੀ ਹਾਂ।”

ਥੋੜਾ ਚਿਰ ਦੀਸ਼ੀ ਨੂੰ, ਸ਼ਰਨ ਨੇ ਆਪਣੀ ਕਿਸੇ ਸਹੇਲੀ ਦੇ ਘਰ ਰੱਖਿਆ। ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਫਿਰ ਹੌਲੀ ਹੌਲੀ ਸ਼ਰਨ ਦੀਸ਼ੀ ਨੂੰ ਆਪਣੇ ਘਰ ਲੈ ਆਈ। ਸ਼ਰਨ ਨੇ ਉਸ ਨੂੰ ਕਾਰ ਬਗ਼ੈਰਾ ਵੀ ਸਿਖਾ ਦਿੱਤੀ। ਸ਼ਰਨ ਅਤੇ ਤਾਰੀ ਦੀ ਆਪਣੀ ਦੁਕਾਨ ਸੀ। ਜਿੱਥੇ ਸ਼ਰਨ ਅਤੇ ਤਾਰੀ ਇਕੱਠੇ ਕੰਮ ਕਰਦੇ ਸਨ।  ਦੀਸ਼ੀ ਵੀ ਉਹਨਾਂ ਨਾਲ ਦੁਕਾਨ ਉੱਪਰ ਚਲੀ ਜਾਂਦੀ। ਦੀਸ਼ੀ ਦਿਨ ਵੇਲੇ ਦੁਕਾਨ ਵਿਚ ਕੰਮ ਕਰਦੀ ਅਤੇ ਸ਼ਾਮ ਨੂੰ ‘ਇੰਗਲਸ਼’ ਸਿੱਖਣ ਲਈ ਕਾਲਜ ਜਾਂਦੀ। ਦੁਕਾਨ ਦਾ ਕੰਮ ਤਾਂ ਉਸ ਨੇ ਜਲਦੀ ਹੀ ਸਿੱਖ ਲਿਆ। ਇਸ ਨਾਲ ਸ਼ਰਨ ਨੂੰ ਸੋਖ ਹੋ ਗਈ। ਇਕ ਦਿਨ ਸ਼ਰਨ ਨੇ ਤਾਰੀ ਨਾਲ ਸਲਾਹ ਕੀਤੀ , “ ਹੁਣ ਦੀਸ਼ੀ ਦੁਕਾਨ ਦਾ ਸਾਰਾ ਕੰਮ ਸੰਭਾਲ ਹੀ ਲੈਂਦੀ ਹੈ। ਕਿਉਂ ਨਾ ਮੈ ਬੇਰੁਜ਼ਗਾਰੀ ਭੱਤਾ ਲੈ ਕੇ ਕੋਈ ਕੋਰਸ ਕਰ ਲਵਾਂ।”

“ ਇਹ ਤਾਂ ਤੇਰੀ ਹਿੰਮਤ ਹੈ, ਕੋਰਸ ਉੱਪਰ ਕਿਹੜੇ ਪੈਸੇ ਲੱਗਣੇ ਹਨ।ਉਹ ਤਾਂ ਬੇਰੁਜ਼ਗਾਰੀ ਵਾਲਿਆਂ ਨੇ ਹੀ ਕਰਾ ਦੇਣਾ ਹੈ।” ਤਾਰੀ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਂਦੇ ਕਿਹਾ।

“ਇਹ ਹੀ ਤਾਂ ਮੈ ਸੋਚਦੀ ਹਾਂ।” ਸ਼ਰਨ ਨੇ ਖੁਸ਼ੀ ਨਾਲ ਕਿਹਾ।

ਹੁਣ ਤਾਰੀ ਅਤੇ ਦੀਸ਼ੀ ਇੱਕਠੇ ਸਵੇਰੇ ਹੀ ਕੰਮ ਉੱਪਰ ਚਲੇ ਜਾਂਦੇ। ਸ਼ਾਮ ਨੂੰ ਵਾਪਸ ਆੳਂੁਦੇ। ਅਮਰ ਕੌਰ ਵੀ ਘਰ ਦਾ ਸਾਰਾ ਕੰਮ ਚਾਂਈ ਚਾਂਈ ਕਰਦੀ।ਕਿਉਕਿ ਦੀਸ਼ੀ ਨੇ ਉਸ ਦੇ ਭਤੀਜੇ ਦਾ ‘ਅਪਲਾਈ’ ਕਰ ਦਿੱਤਾ ਸੀ। ਸ਼ਰਨ ਨੇ ਆਪਣਾ ਸਾਰਾ ਧਿਆਨ ਕੋਰਸ ਵਿਚ ਲਗਾ ਲਿਆ।ਦੀਸ਼ੀ ਦੀ ਦੁਕਾਨ ਵਿਚ ਅਤੇ ਘਰ ਵਿਚ ਮੁਖ਼ਤਿਆਰੀ ਚੱਲਣ ਲੱਗੀ।ਬਿਸ਼ਨ ਸਿੰਘ ਨੂੰ ਇਹ ਸੱਭ ਕੁੱਝ ਚੰਗਾ ਨਾ ਲੱਗਦਾ। ਪਰ ਉਹ ਇਹ ਸੋਚ ਕੇ ਚੁੱਪ ਕਰ ਰਹਿੰਦਾ ਕਿ ਮੈਨੂੰ ਕਿਹੜਾ ਕਿਸੇ ਨੇ ਸੁਨਣਾ ਹੈ।

ਇਕ ਦਿਨ ਸ਼ਰਨ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਜਦੋ ਉਸ ਨੇ ਬੈਂਕ ਤੋ ਹਿਸਾਬ ਦੀ ਚਿੱਠੀ ਆਈ ਦੇਖੀ, ਜਿਸ ਉੱਪਰ ਦੀਸ਼ੀ ਦਾ ਅਤੇ ਤਾਰੀ ਦਾ ਇੱਕਠਾ ਨਾਮ ਸੀ। ਜਦੋ ਤਾਰੀ ਅਤੇ ਦੀਸ਼ੀ ਸ਼ਾਮ ਨੂੰ ਕੰਮ ਤੋਂ ਵਾਪਸ ਆਏ। ਸ਼ਰਨ ਨੇ ਚਿੱਠੀ ਉਹਨਾ ਦੇ ਸਾਹਮਣੇ ਰੱਖੀ ਅਤੇ ਥੋੜਾ ਗੁੱਸੇ ਵਿਚ ਪੁੱਛਿਆ, “ਤੁਸੀ ਦੋਹਾਂ ਨੇ ਇੱਕਠਾ ਹਿਸਾਬ-ਕਿਤਾਬ ਕਦੋਂ ਦਾ ਖੋਲ੍ਹ ਲਿਆ?”
ਤਾਰੀ ਅਤੇ ਦੀਸ਼ੀ ਨੇ ਇਕ ਦੂਜੇ ਦੇ ਮੂੰਹ ਵੱਲ ਦੇਖਿਆ। ਇਕ ਮਿੰਟ ਲਈ ਤਿੰਨਾਂ ਵਿਚ ਚੁੱਪ ਪਸਰ ਗਈ। ਫਿਰ ਤਾਰੀ ਹੀ ਲਾਪ੍ਰਵਾਹੀ ਨਾਲ ਬੋਲਿਆ, “ਕਿਉਂ, ਤੈਨੂੰ ਕੋਈ ਇਤਰਾਜ਼ ਹੈ?”

ਇਹ ਗੱਲ ਸੁਣ ਕੇ ਘਰ ਦੇ ਸਾਰੇ ਜੀਅ ਹੱਕੇ ਬੱਕੇ ਰਹਿ ਗਏ। ਪਰ ਤਾਰੀ ਅਤੇ ਦੀਸ਼ੀ ਜੈਕਟਾਂ ਪਾ ਕੇ ਘਰ ਤੋਂ ਬਾਹਰ ਨਿਕਲ ਗਏ ਅਤੇ ਜਾਣ ਲੱਗੇ ਕਹਿ ਗਏ, “ਅਸੀ ‘ਗਰੋਸਰੀ’ ਲੈ ਕੇ ਆਉਦੇਂ ਹਾਂ। ਸ਼ਰਨ ਰੋਣ ਲੱਗ ਪਈ। ਅਮਰ ਕੌਰ ਉਸ ਦਾ ਸਿਰ ਪਲੋਸ ਦੀ ਹੋਈ ਬੋਲੀ, “ਧੀਏ, ਉਨਾਂ ਚਿਰ ਇਹ ਸਭ ਕੁੱਝ ਜਰ ਲੈ, ਜਿਨੀ ਦੇਰ ਮੇਰਾ ਭਤੀਜਾ ਕੈਨੇਡਾ ਅੱਪੜ ਨਹੀ ਜਾਦਾਂ।”

ਸ਼ਰਨ ਉਦਾਸ ਰਹਿਣ ਲੱਗ ਪਈ। ਉਸ ਨੂੰ ਕੁੱਝ ਸੁੱਝ ਹੀ ਨਹੀ ਸੀ ਰਿਹਾ। ਬਾਹਰ ਵੀ ਕਿਸੇ ਨਾਲ ਜੇ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਸੱਸ ਦੀ ਕਹੀ ਹੋਈ ਗੱਲ ਯਾਦ ਆ ਜਾਂਦੀ, “ਪੁੱਤ ਝੱਗਾ ਚੁੱਕੇ, ਆਪਣਾ ਢਿੱਡ ਹੀ ਨੰਗਾ ਹੋਣਾ ਹੈ।” ਦੀਸ਼ੀ ਅਤੇ ਤਾਰੀ ਨੇ ਸ਼ਰਨ ਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ। ਇੱਕ ਹਫ਼ਤੇ ਤੱਕ ਭੋਲਾ ਵੀ ਕੈਨੇਡਾ ਪਹੁੰਚਣ ਵਾਲਾ ਸੀ। ਸੱਸ ਨੂੰਹ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਉਹ ਕੀ ਕਰਨ। ਕਿਉਕਿ ਜਿਸ ਦਿਨ ਦਾ ਸ਼ਰਨ ਨੇ ਉਹਨਾਂ ਕੋਲੋ ਬੈਂਕ ਵਿਚ ਇੱਕਠਾ ਖਾਤਾ ਖੋਲਣ ਦਾ ਪੁਛਿਆ ਸੀ। ਉਸ ਦਿਨ ਦੇ ਤਾਰੀ ਅਤੇ ਦੀਸ਼ੀ ਸ਼ਰੇਆਮ ਇੱਕਠੇ ਰਹਿਣ ਲੱਗ ਪਏ ਸੀ। ਬਿਸ਼ਨ ਸਿੰਘ ਜਥੇ ਦੇ ਨਾਲ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਗਿਆ ਹੋਣ ਕਾਰਣ, ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀ ਸੀ। ਭੋਲੇ ਦੇ ਕੈਨੇਡਾ ਆਉਣ ਤੋਂ ਇਕ ਦਿਨ ਪਹਿਲਾ ਅਮਰ ਕੌਰ ਤਾਰੀ ਨੂੰ ਕਹਿਣ ਲਗੀ, “ਤਾਰੀ ਕੁੱਝ ਹੋਸ਼ ਤੋਂ ਕੰਮ ਲੈ, ਪਰਸੋਂ ਨੂੰ ਭੋਲੇ ਨੇ ਆ ਜਾਣਾ ਹੈ। ਤੈਨੂੰ ਪਤਾ ਹੈ ਦੀਸ਼ੀ ਦਾ ਵਿਆਹ ਭੋਲੇ ਨਾਲ ਹੋਣਾ ਹੈ।” ਤਾਰੀ ਬੋਲੇ ਬਗ਼ੈਰ ਆਪਣੇ ਕਮਰੇ ਵਿਚ ਚਲਾ ਗਿਆ।

ਦੂਸਰੇ ਦਿਨ ਦੀਸ਼ੀ ਕੰਮ ਤੋਂ ਤਿੰਨ ਚਾਰ ਘੰਟੇਂ ਪਹਿਲਾਂ ਹੀ, ਇਕ ਕੁੜੀ ਅਤੇ ਇਕ ਮੁੰਡੇ ਨੂੰ ਨਾਲ ਲੈ ਕੇ ਘਰ ਆਈ। ਉਹ ਆਉਂਦੇ ਹੀ ਦੀਸ਼ੀ ਦੇ ਸੂਟਕੇਸ ਬਾਹਰ ਖੜ੍ਹੇ ‘ਪਿੱਕ-ਅਪ’ ਟਰੱਕ ਵਿਚ ਰੱਖਣ ਲੱਗ ਪਏ। ਸ਼ਰਨ ਤਾਂ ਆਪਣੇ ਕਮਰੇ ਵਿਚੋਂ ਹੀ ਬਾਹਰ ਨਹੀ ਆਈ। ਅਮਰ ਕੌਰ ਹੈਰਾਨ ਹੋਈ ਉਹਨਾਂ ਵੱਲ ਦੇਖ ਰਹੀ ਸੀ। ਕਿਉਕਿ ਉਹ ਹੁਣ ਘੱਟ ਹੀ ਦੀਸ਼ੀ ਨੂੰ ਬਲਾਉਂਦੀ ਸੀ। ਦੀਸ਼ੀ ਨੇ ਆਪ ਹੀ ਕਿਹਾ, “ਮਾਸੀ ਮੈ ਕਿਰਾਏ ਉੱਪਰ ‘ਬੇਸਮਿੰਟ’(ਰਹਿਣ ਲਈ ਥਾਂ) ਲੈ ਲਈ ਹੈ। ਇਸ ਤੋਂ ਪਹਿਲਾਂ ਅਮਰ ਕੌਰ ਕੁੱਝ ਬੋਲਦੀ। ਦੀਸ਼ੀ ਦਰਵਾਜੇ ਤੋਂ ਬਾਹਰ ਚਲੀ ਗਈ। ਉਸ ਰਾਤ ਤਾਰੀ ਵੀ ਘਰ ਨਹੀ ਆਇਆ।

ਭੋਲੇ ਨੂੰ ਹਵਾਈ ਅੱਡੇ ਤੋਂ ਕੋਈ ਵੀ ਲੈਣ ਨਹੀ ਸੀ ਜਾ ਰਿਹਾ। ਹਾਰ ਕੇ ਅਮਰ ਕੌਰ ਹੀ ਗੁਵਾਂਢੀ ਨੂੰ ਨਾਲ ਲੈ ਕੇ ਭੋਲੇ ਨੂੰ ਲੈਣ ਗਈ। ਭੋਲੇ ਨੇ ਕਾਰ ਵਿਚ ਬੈਠਦੇ ਸਾਰ ਹੀ ਪੁੱਛਿਆ, “ਭੂਆ, ਤਾਰੀ  ਹੋਣੀ ਨਹੀ ਆਏ।”

“ਕਾਕਾ, ਤਾਰੀ ਕੰਮ ਉੱਪਰ ਸੀ ਅਤੇ ਸ਼ਰਨ ਕੁਝ ਢਿਲੀ ਜਹੀ ਸੀ।” ਕਹਿਣ ਨੂੰ ਤਾਂ ਅਮਰ ਕੌਰ ਇਹ ਗੱਲ ਕਹਿ ਗਈ। ਪਰ ਵਿਚੋਂ ਉਹ ਘਬਰਾਈ ਹੋਈ ਸੀ। ਉਸ ਨੂੰ ਵੱਡਾ ਫਿਕਰ ਇਹ ਸੀ। ਜੇ ਨੱਬੇ ਦਿਨਾਂ ਦੇ ਅੰਦਰ ਅੰਦਰ, ਭੋਲੇ ਅਤੇ ਦੀਸ਼ੀ ਦੇ ਵਿਆਹ ਦੇ ਪੇਪਰ ‘ਇਮੀਗਰੇਸ਼ਨ’ ਵਿਭਾਗ ਨੂੰ ਨਾ ਦਿਖਾਏ ਗਏ, ਕੋਈ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ। ਭੋਲੇ ਦੇ ਘਰ ਪਹੁੰਚਣ ਤੋਂ ਦੋ ਘੰਟੇ ਬਾਅਦ ਸ਼ਰਨ ਕਮਰੇ ਵਿਚੋਂ ਨਿਕਲ ਕੇ ਬਾਹਰ ਆਈ। ਕਿਉਕਿ ਜਦੋ ਦਾ ਉਸ ਨੂੰ ਤਾਰੀ ਅਤੇ ਦੀਸ਼ੀ ਦੇ ਸਬੰਧਾ ਦਾ ਪਤਾ ਲੱਗਾ ਸੀ। ਉਦੋ ਦਾ ਹੀ ਉਸ ਦਾ ਸਿਰ ਦੁਖਦਾ ਰਹਿੰਦਾ। ਬਹੁਤ ਮੁਸ਼ਕਲ ਨਾਲ ਉਸ ਨੇ ਭੋਲੇ ਨੂੰ ਸਤਿ ਸ੍ਰੀ ਅਕਾਲ ਬੁਲਾਈ।
“ਭਾਬੀ, ਪਈ ਰਹਿੰਦੀ ਜੇ ਤੂੰ ਠੀਕ ਨਹੀ ਸੀ, ਅਰਾਮ ਕਰਨ ਨਾਲ ਰੋਗ ਘੱਟ ਹੋ ਜਾਦਾਂ ਹੈ।” ਭੋਲੇ ਨੇ ਹਮਦਰਦੀ ਪ੍ਰਗਟ ਕਰਦਿਆਂ ਕਿਹਾ।

ਭੋਲੇ ਨੂੰ ਅਸਲੀ ਰੋਗ ਦਾ ਅਜੇ ਪਤਾ ਹੀ ਨਹੀ ਕਿ ਇਹ ਰੋਗ ਉਸ ਨੂੰ ਵੀ ਆਪਣੀ ਲੇਪੇਟ ਵਿਚ ਲੈ ਸਕਦਾ ਹੈ। ਭੋਲੇ ਦੇ ਪਹੁੰਚਣ ਤੋਂ ਦੋ ਦਿਨ ਬਾਅਦ ਬਿਸ਼ਨ ਸਿੰਘ ਵੀ ਯਾਤਰਾ ਤੋਂ ਵਾਪਸ ਆ ਗਿਆ। ਉਹ  ਇਹ ਸਭ ਕੁਝ ਜਾਣ ਕੇ ਬਹੁਤ ਦੁੱਖੀ ਹੋਇਆ। ਪਹਿਲਾਂ ਤਾਂ ਅਮਰ ਕੌਰ ਨੂੰ ਖਿਝ ਕੇ ਪਿਆ, “ ਗ਼ਲਤ ਕੰਮਾ ਦੇ ਗ਼ਲਤ ਨਤੀਜੇ ਹੀ ਨਿਕਲਦੇ ਹਨ।ਇਹ ਸਿਆਪੇ ਤੁਸੀ ਆਪਣੇ ਗਲ ਆਪੇ ਹੀ ਪਾਏ ਹਨ।” ਪਰ ਸ਼ਰਨ ਨੂੰ ਦੇਖ ਕੇ ਉਸ ਨੂੰ ਤਰਸ ਆ ਗਿਆ। ਭੋਲਾ ਘਰ ਦੇ ਵਾਤਾਵਰਣ ਤੋਂ ਕਾਫ਼ੀ ਹੈਰਾਨ ਸੀ। ਤਾਰੀ ਦੇ ਘਰ ਨਾ ਆਉਣ ਦਾ ਕਾਰਣ, ਅਮਰ ਕੌਰ ਉਸ ਨੂੰ ਦੋ ਚਾਰ ਵਾਰੀ ਟਾਲ ਗਈ। ਦੀਸ਼ੀ ਦੇ ਬਾਰੇ ਵਿਚ ਵੀ ਉਹ ਬਹਾਨੇ ਜਿਹੇ ਲਾਉਣ ਲੱਗੀ ਤਾਂ ਭੋਲੇ ਨੂੰ ਕੁਝ ਸ਼ੱਕ ਹੋਣ ਲੱਗਾ।

ਇਕ ਦਿਨ ਬਿਸ਼ਨ ਸਿੰਘ ਉਸ ਨੂੰ ਘਰ ਤੋਂ ਬਾਹਰ ਪਾਰਕ ਵਿਚ ਲੈ ਗਿਆ। ਸਮਝ ਅਤੇ ਪਿਆਰ ਨਾਲ ਉਸ ਨੂੰ ਸਾਰੀ ਗੱਲ ਸਮਝਾਉਣ ਲੱਗਾ, “ਆਪਣਾ ਪੈਸਾ ਹੀ ਖੋਟਾ ਹੋਵੇ ਕਿਸੇ ਨੂੰ ਕੀ ਕਹਿ ਸਕਦੇ ਹਾਂ।” ਭੋਲਾ ਪਹਿਲਾਂ ਸਭ ਕੁਝ ਚੁੱਪ ਕਰਕੇ ਸੁਣੀ ਗਿਆ। ਫਿਰ ਇਕੱਠਾ ਹੀ ਗੁੱਸੇ ਵਿਚ ਉਬਲਿਆ, “ਫੁਫੜਾ, ਇਹ ਤੁਸੀ ਮੇਰੇ ਨਾਲ ਚੰਗੀ ਨਹੀ ਕੀਤੀ। ਮੈ ਲੋਕਾਂ ਨੂੰ ਕੀ ਮੂੰਹ ਵਿਖਾਵਾਗਾ ਕਿ ਮੇਰੀ ਮੰਗ ਕੋਈ ਹੋਰ ਲੈ ਗਿਆ।” ਉਹ ਗੁੱਸੇ ਨਾਲ ਲਾਲ ਹੋਈ ਜਾ ਰਿਹਾ ਸੀ। ਉਹ ਇਹ ਭੁੱਲ ਗਿਆ ਸੀ। ਜਿਹਨਾਂ ਨੇ ਉਸ ਨੂੰ ਇੱਧਰ ਮੰਗਵਾਉਣ ਦੀ ਖਾਤਰ ਆਪਣਾ ਘਰ ਪੱਟ ਲਿਆ ਸੀ। ਉਹਨਾਂ ਨੂੰ ਹੀ ਕੋਸ ਰਿਹਾ ਸੀ।
ਘਰ ਜਾਦਿਆਂ ਹੀ ਉਸ ਨੇ ਗੁੱਸੇ ਵਿਚ ਆਪਣੇ ਕਿਸੇ ਦੋਸਤ ਨੂੰ ਫੋਨ ਕੀਤਾ ਕਿ ਉਸ ਨੂੰ ਹੁਣੇ ਆ ਕੇ ਲੈ ਜਾਵੇ। ਅਮਰ ਕੌਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹੋਰ ਵੀ ਗੁੱਸੇ ਵਿਚ ਬੋਲਿਆ, “ਭੂਆ, ਮੈਨੂੰ ਹੁਣ ਰੋਕ ਨਾ, ਤੁਹਾਡੇ ਉੱਪਰ ਕੋਈ ਯਕੀਨ ਨਹੀ ਰਿਹਾ, ਕੱਲ ਨੂੰ ਕਹੋਗੇ ਤੂੰ ਸ਼ਰਨ ਨੂੰ ਘਰ ਰੱਖ ਲੈ।” ਉਸਦੇ ਮੂੰਹ ਵਿਚ ਜੋ ਆ ਰਿਹਾ ਸੀ ਬੋਲੀ ਜਾ ਰਿਹਾ ਸੀ। ਅਮਰ ਕੌਰ ਵੀ ਉੱਚੀ ਅਵਾਜ਼ ਵਿਚ ਬੋਲੀ, “ਮੂੰਹ ਸੰਭਾਲ ਕੇ ਬੋਲ, ਹਜੇ ਤਾਂ ਪੱਕਾ ਵੀ ਨਹੀ ਹੋਇਆ।”

“ ਪੱਕਾ ਹੋਣਾ ਮੈਨੂੰ ਆਉਦਾ ਹੈ।” ਘਰ ਤੋਂ ਬਾਹਰ ਸਮਾਨ ਰੱਖਦੇ ਹੋਏ ਭੋਲੇ ਨੇ ਬੇਫ਼ਿਕਰੀ ਨਾਲ ਕਿਹਾ।”

ਇਹ ਤਾਂ ਭੋਲਾ ਹੀ ਜਾਣਦਾ ਸੀ ਕਿ ਉਹ ਕਿਸ ਆਸ ਉੱਪਰ ਇਹ ਗੱਲਾਂ ਕਰ ਰਿਹਾ ਸੀ। ਅਮਰ ਕੌਰ ਆਪਣੇ ਮੱਥੇ ਉੱਪਰ ਹੱਥ ਮਾਰਦੀ ਹੋਈ ਆਪਣੇ ਕਰਮਾਂ ਨੂੰ ਕੋਸਣ ਲੱਗੀ। ਉਦੋਂ ਹੀ ਫੋਨ ਦੀ ਘੰਟੀ ਵਜੀ। ਫੋਨ ਪੰਜਾਬ ਤੋਂ ਸ਼ਰਨ ਦੇ ਡੈਡੀ ਦਾ ਸੀ। ਸ਼ਰਨ ਦੀਆਂ ਆਪਣੇ ਡੈਡੀ ਨਾਲ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਉੱਧਰ ਸ਼ਰਨ ਦੇ ਚਾਚੇ ਅਤੇ ਡੈਡੀ ਦੀ ਆਪਸ ਵਿਚ ਬੋਲ-ਚਾਲ ਬੰਦ ਹੋ ਗਈ ਸੀ। ਸਾਰੇ ਹਾਲਾਤ ਨੂੰ ਸਮਝਦੇ ਹੋਏ ਸ਼ਰਨ ਦੇ ਡੈਡੀ ਕਹਿ ਰਹੇ ਸਨ, “ਪੁੱਤ, ਤੂੰ ਘਰ ਨਾ ਛੱਡੀ।” ਸ਼ਰਨ ਰੋਂਦੀ ਹੋਈ ਫੋਨ ਰੱਖ ਕੇ ਆਪਣੇ ਕਮਰੇ ਵਿਚ ਦੋੜ ਗਈ। ਫੋਨ ਦੀ ਘੰਟੀ ਫਿਰ ਵਜ ਪਈ। ਇਸ ਵਾਰ ਅਮਰ ਕੌਰ ਨੇ ਫੋਨ ‘ਰਸੀਵਰ’ ਚੁਕਿਆ। ਫੋਨ ਉਸ ਦੇ ਭਰਾ ਦਾ ਸੀ। ਉਹ ਹਾਲਾਤ ਸਮਝਣ ਦੇ ਬਗ਼ੈਰ ਅਮਰ ਕੌਰ ਨੂੰ ਕਹਿ ਰਿਹਾ ਸੀ, “ ਬੀਬੀ, ਜੇ ਤੁਸੀ ਗੱਲ ਕੰਢੇ ਨਹੀ ਸੀ ਲਾ ਸਕਦੇ, ਭੋਲੇ ਨੂੰ ਸੱਦਣ ਦੀ ਕੀ ਲੋੜ ਸੀ।”

“ਆਹੋ, ਇਹ ਸਾਰਾ ਸਿਆਪਾ ਪਾਇਆ ਤਾਂ ਮੈ ਆਪੇ ਹੀ ਹੈ”  ਔਖੀ ਹੋਈ ਅਮਰ ਕੌਰ ਨੇ ਫੋਨ ਰੱਖ ਦਿੱਤਾ।
ਸਾਰੇ ਰਿਸ਼ਤੇ ਇਸ ਸਿਆਪੇ ਨਾਲ ਐਸੇ ਉਲਝੇ ਕਿ ਆਪਸ ਵਿਚ ਸਭ ਟੁੱਟ ਕੇ ਬੈਠ ਗਏ। ਸਿਰਫ ਸ਼ਰਨ ਹੀ   ਆਪਣੇ ਸੱਸ ਸਹੁਰੇ ਨਾਲ ਇਸ ਆਸ ਵਿਚ ਜੁੜੀ ਬੈਠੀ ਸੀ ਕਿ ਸ਼ਾਇਦ ਤਾਰੀ ਘਰ ਨੂੰ ਮੁੜ ਆਵੇ।

This entry was posted in ਕਹਾਣੀਆਂ.

4 Responses to ਆਪੇ ਪਾਏ ਸਿਆਪੇ

  1. kawalpreet kaur says:

    pls write short stories because i need it for holidays homework

  2. isstory ne sikh samaj valo apnia nu pardes magvoin nal paida uljna da bakhubi jikar karke samaj dee loka nu suchait kita a sandar rachna a i like it

  3. Raju mahey says:

    Bahut vadiya g……es trah tha 1 lekh mere dost MANDEEP KHURMI HIMATPURA NElikhya c bahut sohna likhya g tusi…..

Leave a Reply to Narinder singh batth Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>