“ਆਈ ਐਮ ਸਿਟੀਜ਼ਨ ਆਫ ਅਕੂਪਾਈਡ ਖਾਲਿਸਤਾਨ, ਨਾਟ ਐਨ ਇੰਡੀਅਨ”
ਕਿਸੇ ਸਿੱਖ ਨੌਜਵਾਨ ਵੱਲੋਂ ਇੰਟਰਨੈਟ ਤੇ ਲਿਖੇ ਉਪਰੋਕਤ ਲਫਜ਼ ਪੜ੍ਹ ਕੇ ਖੁਸ਼ੀ ਹੋਈ, ਤੇ ਆਪਣੇ ਪੁਰਾਣੇ ਦਿਨ ਯਾਦ ਆਏ, ਜਦੋਂ ਅਸੀਂ ਚੰਡੀਗੜ੍ਹ ਦੀਆਂ ਸੜਕਾਂ ਤੇ ਮਸ਼ਾਲਾਂ ਹੱਥਾਂ ਵਿੱਚ ਫੜ ਕੇ, ਗੱਜਦੇ ਵੱਜਦੇ “ਭਾਰਤ ਸਾਡਾ ਦੇਸ਼ ਨਹੀਂ” ਦੇ ਨਾਹਰੇ ਮਾਰਦੇ ਹੁੰਦੇ ਸਾਂ ।
ਅਗਸਤ ਦਾ ਮਹੀਨਾ ਇਸ ਖਿੱਤੇ ਦੇ ਲੋਕਾਂ ਲਈ ਬਹੁਤ ਮਹਤੱਵ ਰੱਖਦਾ ਹੈ । 14 ਅਗਸਤ 1947 ਨੂੰ ਪਾਕਿਸਤਾਨ ਬਣਿਆਂ ਸੀ, ਤੇ 15 ਅਗਸਤ ਨੂੰ ਹਿੰਦੁਸਤਾਨ ਆਜ਼ਾਦ ਹੋਇਆ ਸੀ, ਤੇ ਸਿੱਖ ਆਪਣੀ ਬਦਕਿਸਮਤੀ ਕਰ ਕੇ ਖਾਲੀ ਹੱਥ ਰਹਿ ਗਏ ਸਨ ।
ਠੱਗੇ ਜਾਣ ਦਾ ਅਹਿਸਾਸ, ਖਾਲੀ ਹੱਥ ਰਹਿ ਜਾਣ ਦਾ ਅਹਿਸਾਸ, ਸਿੱਖਾਂ ਦੇ ਇੱਕ ਵੱਡੇ ਤਬਕੇ ਨੂੰ ਭਾਵੇਂ 1947 ਤੋਂ ਛੇਤੀ ਬਾਦ ਹੀ ਹੋ ਗਿਆ ਸੀ, ਪਰ ਇਸ ਅਹਿਸਾਸ ਨੂੰ ਆਪਣਾ ਗਵਇਆ ਹੋਇਆ ਮਾਣ ਸਵੈਮਾਣ, ਤੇ ਕੌਮੀ ਘਰ ਮੁੜ੍ਹ ਹਾਸਿਲ ਕਰਨ ਲਈ ਇੱਕ ਲਹਿਰ ਬਣਦੇ ਬਣਦੇ ਕਾਫੀ ਸਮਾਂ ਲੱਗ ਗਿਆ । ਪੰਜਾਬੀ ਸੂਬਾ, ਆਨੰਦਪੁਰ ਸਾਹਿਬ ਦਾ ਮੱਤਾ, ਤੇ ਫਿਰ ਖਾਲਿਸਤਾਨ, ਇਹਨਾਂ ਤਿੰਨ ਲਫਜ਼ਾਂ ਦਾ ਸਫਰ, ਤਿੰਨ ਦਹਾਕਿਆਂ ਵਿੱਚ ਤਹਿ ਹੋਇਆ ।
13 ਅਗਸਤ 1978 ਨੂੰ ਜਦੋਂ ਦਲ ਖਾਲਸਾ ਦਾ ਐਲਾਨ ਕੀਤਾ ਗਿਆ ਸੀ, ਤੇ ਨਾਲ ਹੀ 15 ਅਗਸਤ ਦੀ ਭਾਰਤੀ ਆਜ਼ਾਦੀ ਦੇ ਜਸ਼ਨਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ, ਖਾਲਿਸਤਾਨ ਦੀ ਗੱਲ ਖੁੱਲ ਖੁਲਾ ਕੇ ਹੋਣੀ ਸ਼ੁਰੂ ਹੋ ਗਈ ਸੀ । ਅਸੀਂ ਉਦੋਂ 15 ਅਗਸਤ ਨੂੰ “ਖਾਲਿਸਤਾਨ ਸੰਘਰਸ਼ ਦਿਵਸ” ਦਾ ਨਾਮ ਦਿੱਤਾ ਸੀ ।
ਖਾਲਿਸਤਾਨ ਲਹਿਰ ਦੇ ਜੁਝਾਰੂ ਪੱਖ ਨੂੰ ਭਾਰਤ ਦੀ ਫੌਜੀ ਤਾਕਤ ਨੇ ਜਦੋਂ ਅੰਨ੍ਹੇ ਜਬਰ ਨਾਲ ਦਬਾ ਲਿਆ ਹੈ, ਤਾਂ ਖਾਲਿਸਤਨ ਲਹਿਰ ਦੇ “ਖਤਮ ਹੋ ਜਾਣ” ਜਾਂ “ਬੀਤੇ ਵਕਤ ਦੀ ਗੱਲ” ਹੋ ਜਾਣ ਦੀਆਂ ਗੱਲਾਂ ਅਕਸਰ ਹੁੰਦੀਆਂ ਹਨ । ਪਰ ਇੰਟਰਨੈਟ ਤੇ ਨੌਜਵਾਨਾਂ ਦੇ ਵਿਚਾਰ ਪੜ੍ਹ ਕੇ, ਤੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਦੇਖ ਕੇ, ਖਾਲਿਸਤਾਨ ਲਹਿਰ ਦੇ ਖਤਮ ਹੋ ਜਾਣ ਦੀ ਗੱਲ ਦੁਸ਼ਮਣਾਂ ਦੀ ਗਲਤਫਹਿਮੀ ਤੇ ਆਪਣਿਆਂ ਦੀ ਮਾਯੂਸੀ ਤੋਂ ਵੱਧ ਹੋਰ ਕੁੱਝ ਨਹੀਂ ਲੱਗਦਾ । ਉਹ ਨੌਜਵਾਨ ਮੁੰਡੇ ਕੁੜੀਆਂ, ਜਿਨ੍ਹਾਂ ਦੇ ਜਨਮ ਵੀ 1984 ਤੋਂ ਬਾਦ ਦੇ ਹਨ, ਖਾਲਿਸਤਾਨ ਦੇ ਐਸੇ ਐਸੇ ਖੂਬਸੂਰਤ ਸੁਪਨੇ ਸਜਾ ਰਹੇ ਹਨ, ਤੇ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਹਨ, ਕਿ ਦੇਖ ਕੇ ਮੇਰੇ ਵਰਗੇ ਬੰਦੇ ਨੂੰ ਵੀ ਇੱਕ ਨਵਾਂ ਚਾਅ ਚੜ੍ਹ ਜਾਂਦਾ ਹੈ । ਇੰਟਰਨੈਟ ਤੇ ਹੀ ਇੱਕ ਨੌਜਵਾਨ ਨੇ ਭਵਿੱਖ ਦੀ “ਖਾਲਿਸਤਾਨ ਨੈਸ਼ਨਲ ਆਰਮੀ” ਦਾ ਇੱਕ ਖੂਬਸੂਰਤ ਚਿਤਰਣ ਕੀਤਾ ਹੋਇਆ ਹੈ । ਇੱਕ ਹਵਾਈ ਜਹਾਜ਼ ਦੀ ਤਸਵੀਰ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਇਸ ਨੌਜਵਾਨ ਨੇ ਕੌਮ ਦੇ ਭਵਿੱਖ ਦੇ ਸੁਪਨੇ ਨੂੰ ਕੰਪਿਊਟਰ ਦੀ ਸਕਰੀਨ ਤੇ ਉਕਰਣ ਦੀ ਇੱਕ ਸਾਦੀ ਜਿਹੀ ਕੋਸ਼ਿਸ਼ ਕੀਤੀ ਹੈ । ਇਹੋ ਜਿਹੇ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਕੌਮ ਦੇ ਠੰਡੇ ਹੋ ਚੁੱਕੇ ਲਹੂ ਨੂੰ ਵੀ ਮੁੜ੍ਹ ਗਰਮਾਣ ਦੀ ਸਮਰੱਥਾ ਰੱਖਦੀਆਂ ਹਨ । ਇਹਨਾਂ ਨੌਜਵਾਨਾਂ ਦੀਆਂ ਕੋਸ਼ਿਸ਼ਾਂ ਕਾਬਿਲੇ ਤਾਰੀਫ ਹਨ, ਆਪਣੇ ਕੰਮ ਲਈ ਵੀ, ਤੇ ਕੰਮ ਦੇ ਤਰੀਕਾਕਾਰ ਲਈ ਵੀ, ਕਿਓਂਕਿ ਇਹ ਸਮੇਂ ਦੀ ਜ਼ਬਾਨ ਵਿੱਚ ਗੱਲ ਕਰ ਰਹੇ ਹਨ ।
1972/73 ਵਿੱਚ ਜਦੋਂ ਮੇਰੀ ਉਮਰ 21/22 ਸਾਲ ਸੀ, ਮੈਂ 15 ਅਗਸਤ ਦੇ ਹਵਾਲੇ ਨਾਲ ਇੱਕ ਕਵਿਤਾ ਲਿੱਖੀ ਸੀ……
ਪੰਦਰਾਂ ਅਗਸਤ ਦਾ ਦਿਨ, ਸਾਡੀ ਬਦਨਸੀਬੀ ਦਾ ਦਿਨ
ਸਾਡੇ ਵਿਸ਼ਵਾਸ਼ਾਂ ਦੇ ਕਤਲ, ਤੇ ਕਤਲੇ ਖੁਸ਼ਨਸੀਬੀ ਦਾ ਦਿਨ ।
ਇਸੇ ਕਵਿਤਾ ਦੀਆਂ ਆਖਰੀ ਲਾਈਨਾਂ ਸਨ ……
ਹੱਕ ਸਾਡਾ ਜੋ ਬਣਦੈ, ਅਸਾਂ ਲੈ ਕੇ ਰਹਿਣਾ ਏ
ਅਸੀਂ ਭਾਵੇਂ ਰਹੀਏ ਨਾ ਰਹੀਏ, ਜ਼ਿੰਦਾ ਕੌਮ ਨੇ ਰਹਿਣਾ ਏ ।
ਅੱਜ ਇੰਨੇ ਲੰਮੇ ਸਮੇਂ ਬਾਦ ਜਦੋਂ 15 ਅਗਸਤ ਵਾਲੇ ਦਿਨ ਆਪਣੀ ਇਹ ਕਵਿਤਾ ਪੜਦਾ ਹਾਂ, ਤਾਂ ਜਿੱਥੇ ਇਹ ਤਕਲੀਫਦੇਹ ਸੱਚ ਸਾਹਮਣੇ ਆਂਦਾ ਹੈ, ਕਿ ਅਸੀਂ ਆਪਣਾ ਹੱਕ, ਬਹੁਤ ਕੁਰਬਾਨੀਆਂ ਦੇ ਬਾਵਜੂਦ, ਹਾਲੇ ਤੱਕ ਵੀ ਨਹੀਂ ਲੈ ਸਕੇ, ਓਥੇ ਇਹ ਦੇਖ ਕੇ ਖੁਸ਼ੀ ਵੀ ਹੁੰਦੀ ਹੈ, ਕਿ ਭਾਰਤੀ ਹਾਕਮਾਂ ਦੇ ਹਰ ਤਰ੍ਹਾਂ ਦੇ ਜਬਰ ਨੂੰ ਸਹਿ ਲੈਣ ਤੋਂ ਬਾਦ ਵੀ ਸਾਡਾ ਸੁਪਨਾ, ਸਾਡੀ ਸੋਚ, ਨਵੀਂ ਪੀੜੀ ਵਿੱਚ, ਇੱਕ ਨਵੇਂ ਰੂਪ ਵਿੱਚ ਜ਼ਿੰਦਾ ਹੈ । ਸੋਚ ਹੀ ਸੰਘਰਸ਼ ਬਣਦੀ ਹੈ, ਤੇ ਯਕੀਨਨ ਸੰਘਰਸ਼ ਦੇ ਇੱਕ ਨਵੇਂ ਦੌਰ ਦੀ ਆਮਦ ਆਮਦ ਹੈ ।
ਮੈਂ ਆਪਣੇ ਇਹਨਾਂ ਨੌਜਵਾਨ ਦੋਸਤਾਂ ਨੂੰ ਇਸ ਆ ਰਹੀ 15 ਅਗਸਤ ਦੇ ਹਵਾਲੇ ਨਾਲ ਕੁੱਝ ਸੁਝਾ ਦੇਣਾ ਚਾਹਾਂਗਾ, ਕੁੱਝ ਬੇਨਤੀਆਂ ਕਰਨੀਆਂ ਚਾਹਾਂਗਾ ।
ਪੰਦਰਾਂ ਅਗਸਤ ਦੇ ਬਾਈਕਾਟ ਦੀ ਕਾਲ, ਭਾਵੇਂ ਕੋਈ ਜੱਥੇਬੰਦੀ ਦੇਵੇ ਜਾਂ ਨਾ ਦੇਵੇ, ਹਰ ਸਿੱਖ ਨੂੰ ਦਿੱਲ ਨਾਲ, ਦਿਮਾਗ ਨਾਲ, ਤੇ ਆਪਣੇ ਅਮਲ ਦੇ ਜਿਸ ਵੀ ਰੂਪ ਨਾਲ ਕਰ ਸਕੇ, ਆਪਣਾ ਕੌਮੀ ਫਰਜ਼ ਸਮਝ ਕੇ ਕਰਨਾ ਚਾਹੀਦਾ ਹੈ ।
ਆਪਣੇ ਘਰਾਂ ਤੇ, ਆਪਣੇ ਕਮਰਿਆਂ ਅੰਦਰ, ਆਪਣੀਆਂ ਕਾਰਾਂ, ਤੇ ਮੋਟਰ ਸਾਈਕਲਾਂ ਤੇ ਖਾਲਿਸਤਾਨੀ ਨਿਸ਼ਾਨ ਲਗਾਓ, ਸਜਾਓ, ਲਹਿਰਾਓ । ਇਹ ਨਿਸ਼ਾਨ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ, ਝੰਡੇ ਦੇ ਰੂਪ ਵਿੱਚ, ਕਮੀਜ਼ ਤੇ ਲਗਾਏ ਜਾ ਸਕਣ ਵਾਲੇ ਬਿੱਲੇ ਦੇ ਰੂਪ ਵਿੱਚ, ਜਾਂ ਕਿਸੇ ਵੀ ਹੋਰ ਰੂਪ ਵਿੱਚ । ਅਸਲ ਗੱਲ ਇਸ ਦਾ ਇਜ਼ਹਾਰ ਕਰਨਾ ਹੈ, ਕਿ ਅਸੀਂ “ਖਾਲਿਸਤਾਨ ਦੇ ਸ਼ਹਿਰੀ ਹਾਂ, ਭਾਰਤੀ ਨਹੀਂ” ।
ਖਾਲਿਸਤਾਨ ਦਾ ਉਹ ਨਕਸ਼ਾ, ਜੋ ਸਿਰਦਾਰ ਕਪੂਰ ਸਿੰਘ ਜੀ ਦੇ ਡਰਾਫਟ ਕੀਤੇ ਆਨੰਦਪੁਰ ਸਾਹਿਬ ਦੇ ਮੱਤੇ ਤੇ ਆਧਾਰਤ ਖਿੱਤੇ ਅਨੁਸਾਰ ਸਿਰਜਿਆ ਗਿਆ ਹੈ, ਉਸ ਦਾ ਖੂਬਸੂਰਤ ਪੋਸਟਰ ਤਿਆਰ ਕਰਵਾ ਕੇ ਆਪਣੇ ਘਰਾਂ ਵਿੱਚ ਸ਼ਸ਼ੋਬਿਤ ਕਰਨਾ ਚਾਹੀਦਾ ਹੈ । ਸਾਨੂੰ ਇਹ ਹਮੇਸ਼ਾਂ ਯਾਦ ਰਹਿਣਾ ਚਾਹੀਦਾ ਹੈ, ਤੇ ਇਹੀ ਸਬਕ ਸਾਡੇ ਬਚਿਆਂ ਤੱਕ ਦ੍ਰਿੜ ਰੂਪ ਵਿੱਚ ਜਾਣਾ ਚਾਹੀਦਾ ਹੈ, ਕਿ ਸਾਡਾ ਦੇਸ਼ ਖਾਲਿਸਤਾਨ ਹੈ, ਭਾਵੇਂ ਉਹ ਕਿਸੇ ਦੇ ਵੀ ਕਬਜ਼ੇ ਵਿੱਚ ਕਿਓਂ ਨਾ ਹੋਵੇ । ਤੇ ਇਸ ਨੂੰ ਆਜ਼ਾਦ ਕਰਵਾਣਾ ਸਾਡੀ ਨਿੱਤ ਦੀ ਅਰਦਾਸ ਹੋਣੀ ਚਾਹੀਦੀ ਹੈ, ਨਿੱਤ ਨਵੇਂ ਸੰਕਲਪ ਨੂੰ ਦ੍ਰਿੜ ਕਰਨ ਵਾਂਗ ਹੋਣਾ ਚਾਹੀਦਾ ਹੈ ।
ਮੈਂ ਖਾਲਿਸਤਾਨ ਦਾ ਨਕਸ਼ਾ ਆਨੰਦਪੁਰ ਸਾਹਿਬ ਦੇ ਮੱਤੇ ਮੁਤਾਬਿਕ ਤਿਆਰ ਕਰਨ ਦੀ ਗੱਲ ਇਸ ਲਈ ਕੀਤੀ ਹੈ, ਕਿ ਸਾਡਾ ਨਕਸ਼ਾ ਹਕੀਕਤ ਪਸੰਦੀ ਤੇ ਆਧਾਰਤ ਹੋਣਾ ਚਾਹੀਦਾ ਹੈ । ਬਿਨਾ ਕਿਸੇ ਠੋਸ ਆਧਾਰ ਦੇ ਵੱਡੇ ਵੱਡੇ ਨਕਸ਼ੇ ਤਿਆਰ ਕਰਨ ਵਿੱਚ ਸਿਆਣਪ ਨਹੀਂ, ਸਿਆਸੀ ਨਾ ਸਮਝੀ ਦਾ ਇਜ਼ਹਾਰ ਹੁੰਦਾ ਹੈ ।
ਤੁਸੀਂ ਕਿਸੇ ਜੱਥੇਬੰਦੀ ਵਿੱਚ ਹੋ, ਜਾਂ ਕਿਸੇ ਜੱਥੇਬੰਦੀ ਦੇ ਨੇੜੇ ਹੋਂ, ਇਹ ਗੱਲ ਤੁਹਾਡੇ ਖਾਲਿਸਤਾਨ ਪ੍ਰਤੀ ਸੰਕਲਪ ਨੂੰ ਕਮਜ਼ੋਰ ਕਰਨ ਦਾ ਕਾਰਨ ਨਹੀਂ ਬਣਨੀ ਚਾਹੀਦੀ । ਖਾਲਿਸਤਾਨ ਪ੍ਰਤੀ ਸੰਕਲਪ ਕਿਸੇ ਵੀ ਜੱਥੇਬੰਦੀ ਪ੍ਰਤੀ ਤੁਹਾਡੀ ਪੱਕੜ ਤੋਂ ਮਜ਼ਬੂਤ ਹੋਣਾ ਚਾਹੀਦਾ ਹੈ ।
ਪਿਆਰੇ ਖਾਲਸਾ ਜੀਓ, ਦੋਸਤੋ, ਮਿੱਤਰੋ, ਤੇ ਸਾਥੀਓ, ਮੇਰੇ ਪਿਆਰ ਕਰਨ ਵਾਲਿਓ, ਆਓ ਆਪਾਂ ਹਰ ਤਰ੍ਹਾਂ ਦੀਆਂ ਵੰਡੀਆਂ ਤੋਂ ਉਪਰ ਉੱਠ ਕੇ ਇੱਕ ਸੁਰ ਵਿੱਚ ਕਹੀਏ, “ਅਸੀਂ ਖਾਲਿਸਤਾਨ ਦੇ ਸ਼ਹਿਰੀ ਹਾਂ….” ।
ਆਓ ਆਪਾਂ ਖਾਲਿਸਤਾਨ ਦਾ ਨਕਸ਼ਾ ਆਪਣੇ ਹਿਰਦਿਆਂ ਉਪਰ ਪੱਕੇ ਰੂਪ ਵਿੱਚ ਉੱਕਰ ਲਈਏ । ਸਾਡੇ ਹਿਰਦਿਆਂ ਤੇ ਉੱਕਰੀ ਇਹ ਸੱਚਾਈ, ਇੱਕ ਦਿਨ ਜ਼ਮੀਨੀ ਸੱਚਾਈ ਵੀ ਜ਼ਰੂਰ ਬਣੇਗੀ, ਇਸ ਵਿਸ਼ਵਾਸ਼ ਵਿੱਚ ਸਾਡਾ ਰੱਬ ਵਰਗਾ ਵਿਸ਼ਵਾਸ਼ ਹੋਣਾ ਚਾਹੀਦਾ ਹੈ ।
ਪਿਆਰੇ ਖਾਲਸਾ ਜੀਓ, ਦੋਸਤੋ, ਮਿੱਤਰੋ, ਤੇ ਸਾਥੀਓ, ਮੇਰੇ ਪਿਆਰ ਕਰਨ ਵਾਲਿਓ, ਆਓ ਆਪਾਂ ਹਰ ਤਰ੍ਹਾਂ ਦੀਆਂ ਵੰਡੀਆਂ ਤੋਂ ਉਪਰ ਉੱਠ ਕੇ ਇੱਕ ਸੁਰ ਵਿੱਚ ਕਹੀਏ, “ਅਸੀਂ ਖਾਲਿਸਤਾਨ ਦੇ ਸ਼ਹਿਰੀ ਹਾਂ….” ।