ਜ਼ਮੀਰ

ਅੱਜ ਮੈ ਤਹਾਨੂੰ ਆਪਣੇ ਬਾਰੇ ਜੋ ਦੱਸਣ ਲੱਗਾਂ ਹਾਂ, ਸ਼ਾਇਦ ਬਹੁਤੇ ਲੋਕਾਂ ਨੂੰ ਇਸ ਉੱਪਰ ਯਕੀਨ ਨਾ ਆਵੇ।ਇਹ ਵੀ ਹੋ ਸਕਦਾ ਹੈ ਕੁੱਝ ਲੋਕ ਮੇਰੇ ਨਾਲ ਨਫਰਤ ਵੀ ਕਰਨ, ਪਰ ਮੈ ਅਸਲੀਅਤ ਲੋਕਾਂ ਦੀ ਅਦਾਲਤ ਵਿਚ ਰੱਖਣਾ ਚਾਹੁੰਦਾਂ ਹਾਂ।ਜੋ ਸੱਚ ਮੈ ਤਹਾਨੂੰ ਦੱਸਣ ਲੱਗਾਂ ਹਾਂ, ਇਹ ਬਹੁਤ ਚਿਰ ਮੈ ਆਪਣੇ ਅੰਦਰ ਹੀ ਦਬਾ ਕੇ ਰੱਖਿਆ ਸੀ। ਅੱਜ ਜਦੋਂ ਮੈ ਸੱਚ ਨੂੰ ਜਾਣਦਾ ਹੋਇਆਂ ਵੀ ਝੂਠ ਨਾਲ ਸਹਿਮਤ ਹੋਣ ਦੀ ਕੋਸ਼ਿਸ਼ ਕਰਦਾ ਹਾਂ ਤੇ ਮੇਰੀ ਜ਼ਮੀਰ ਮੈਨੂੰ ਕੋਸਣ ਲੱਗ ਪੈਂਦੀ ਹੈ, ਜਿਸ ਕਰਕੇ ਮੈ ਬੋਲਣ ਲੱਗਾਂ ਹਾਂ, ਗੱਲ ੳਦੋਂ ਦੀ ਹੈ ਜਦੋ ਮੈ ਇਕ ਸਰਕਾਰੀ ਏਜੰਸੀ ਨਾਲ ਕੰਮ ਕਰਦਾ ਸਾਂ। ਸਿੱਖਾਂ ਦੀ ਵੱਧ ਰਹੀ ਤਾਕਤ ਤੋਂ ਸਰਕਾਰ ਨੂੰ ਡਰ ਆਉਣ ਲੱਗ ਪਿਆ।ਮੇਰਾ ਅਫਸਰ ਜੋ ਕਹਿੰਦਾਂ ਤਾਂ ਆਪਣੇ ਆਪ ਨੂੰ ਸਿੱਖ ਹੀ ਸੀ, ਪਰ ਮੈ ਉਸ ਦੇ ਮੂੰਹੋਂ ਅੱਜ ਤਕ  ਸਿੱਖਾ ਨਾਲ ਹਮਦਰਦੀ ਰੱਖਦਾ ਕਦੇ ਇਕ ਲਫਜ਼ ਵੀ ਨਹੀ ਸੁਣਿਆ।ਉਸ ਦਿਨ ਜਦੋਂ ਉਹ ਪੰਜਾਬ ਦਾ ਟੂਰ ਲਾ ਕੇ ਆਇਆ ਤਾਂ ਬਹੁਤ ਹੀ ਘਬਰਾਇਆ ਹੋਇਆ ਬੋਲਿਆ,

“ ਮੈਨੂੰ ਲੱਗਦਾ ਹੈ ਕਿ ਸਿੱਖਾਂ ਦਾ ਰਾਜ ਪੰਜਾਬ ਵਿਚ ਆਇਆ ਹੀ ਆਇਆ।”

ਮੈ ਪੁੱਛਿਆ, “ ਕਿਉਂ ਕੀ ਗੱਲ ਹੋ ਗਈ?”

“ਸਾਰੇ ਪੰਜਾਬ ਵਿਚ ਹੁਕਮ ਤਾਂ ਖਾੜਕੂਆਂ ਦਾ ਚੱਲਦਾ ਹੈ।” ਉਸ ਨੇ ਆਪਣੇ ਭਰਵੱਟਿਆਂ ਨੂੰ ਇਕੱਠੇ ਕਰਦੇ ਹੋਏ ਕਿਹਾ, “

ਪੰਜਾਬ ਦੇ ਸਾਰੇ ਸਕੂਲਾਂ ਦਾ ਡਰੈਸ ਕੋਡ ਕੇਸਰੀ ਰੰਗ ਦਾ ਹੋ ਗਿਆ ਹੈ ਜੋ ਖਾੜਕੂਆਂ ਨੇ ਹੀ ਦਿੱਤਾ ਹੈ।”

“ ਪਰ ਤੁਸੀ ਕਿਉਂ ਚਿੰਤਾ ਕਰਦੇ ਹੋ?” ਮੈ ਜਾਣ ਕੇ ਹੱਸ ਕੇ ਕਿਹਾ, “ ਤੁਸੀ ਅਦਰੋਂ ਤਾਂ ਖੁਸ਼ ਹੋਵੋਗੇ ਕਿ ਸਿੱਖਾ ਦਾ ਖੁਸਾ ਹੋਇਆ ਰਾਜ ਮੁੜ ਪਰਤਨ ਲੱਗਾਂ ਹੈ।”

“ ਗੋਸ਼ਮੋਲਕਿ ਜੀ, ਤੁਸੀ ਵੀ ਕੀ ਗੱਲਾਂ ਕਰੀ ਜਾਂਦੇ ਹੋ?” ਉਸ ਨੇ ਕਿਹਾ, “ ਜੇ ਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਆ ਗਿਆ ਤਾਂ ਆਪਣੇ ਵਰਗੇ ਬੰਦਿਆਂ ਦਾ ਕੀ ਬਣੂ?”

“ ਆਪਾਂ ਮੰਨੀਏ ਜਾਂ ਨਾ ਮੰਨੀਏ, ਪਰ ਪੰਜਾਬ ਵਿਚ ਇਸ ਟਾਈਮ ਸਿੱਖਾਂ ਦਾ ਹੀ ਰਾਜ਼ ਹੈ।”ਮੈ ਗੱਲ ਨੂੰ ਉੱਪਰ ਚੁੱਕਦਿਆਂ ਕਿਹਾ,

“ ਖਾੜਕੂਆਂ ਦੇ ਹੁਕਮ ਤੇ ਹੀ ਹੁਣ ਦਫਤਰਾਂ ਦੀ  ਸਾਰੀ ਕਾਗਜ਼ੀ ਕਾਰ -ਬਾਈ ਵੀ ਪੰਜਾਬੀ ਵਿਚ ਹੀ ਹੁੰਦੀ ਆ।”

“ ਦਫਤਰਾਂ ਦੀ ਗੱਲ ਤਾਂ ਇਕ ਪਾਸੇ, ਦੂਰ-ਦਰਸ਼ਨ ਵਾਲੇ ਵੀ ਆਪਣੇ ਸਾਰੇ ਪ੍ਰੋਗਰਾਮ ਪੰਜਾਬੀ ਵਿਚ ਹੀ ਦੇਣ ਲੱਗ ਪਏ ਨੇ।”

“ ਆਪਾਂ ਇਸ ਵਿਚ ਕੀ ਕਰ ਸਕਦੇ ਹਾਂ।” ਮੈ ਕਿਹਾ, “ ਜਦੋਂ ਲੋਕਾ ਦੀ ਹਮਦਰਦੀ ਹੀ ਖਾੜਕੂਆਂ ਨਾਲ ਹੈ।”

“ ਬਹੁਤ ਕੁੱਝ ਕਰ ਸਕਦੇ ਹਾਂ, ਰਾਤ ਦੀ ਮੰਟਿਗ ਵਿਚ ਇਕ ਅਹਿਮ ਫੈਸਲਾ ਹੋਇਆ ਹੈ ਜਿਸ ਵਿਚ ਤੁਹਾਡੇ ਨਾਮ ਦੀ ਪੇਸ਼ਕਸ਼ ਹੋਈ ਹੈ ਕਿ ਤੁਸੀ ਇਕ ਚਤਰ ਅਤੇ ਤੇਜ਼ ਦਿਮਾਗ ਮਾਲਕ ਹੋ, ਇਸ ਕਰਕੇ ਤਹਾਡੇ ਲਈ ਇਹ ਕੰਮ ਕਰਨਾ ਮੁਸ਼ਕਿਲ ਨਹੀ ਹੋਵੇਗਾ।”

ਇਹ ਸੁਣ ਕੇ ਮੈਨੂੰ ਲੱਗਾ ਕਿ ਇਹ ਫਿਰ ਮੇਰੇ ਕੋਲ ਉਹ ਹੀ ਕਰਵਾਉਣਗੇ ਜੋ ਪਹਿਲਾਂ ਵੀ ਇਕ ਵਾਰ ਕਰਵਾ ਚੁੱਕੇ ਨੇ। ਹੁਣ ਇਹ ਜੋ ਨਵਾ ਕੰਮ ਦੱਸਣ ਲੱਗੇ ਨੇ ਮੈ ਇਹ ਨਹੀ ਕਰਾਂਗਾ, ਕਿਉਂਕਿ ਮੈਨੂੰ ਭਿਣਕ ਲੱਗ ਗਈ ਸੀ ਕਿ ਇਹਨਾਂ ਦਾ ਨਵਾ ਕੰਮ ਸਿੱਖਾਂ ਨੂੰ ਆਪਸ ਵਿਚ ਪਾੜਨਾ ਹੈ।ਇਸ ਤਰਾਂ ਦਾ ਭੈੜੀ ਨੀਤੀ ਵਾਲਾ ਕੰਮ ਮੈ ਹੁਣ ਕਦੀ ਵੀ ਨਹੀ ਕਰਾਂਗਾ, ਇਹ ਫੈਂਸਲਾ ਮੈ ਆਪਣੇ ਮਨ ਨਾਲ ਕਰ ਲਿਆ। ਪਰ ਮੈ ਉਸ ਵਕਤ ਆਪਣੇ ਅਫਸਰ ਨੂੰ ਕਹਿ ਦਿੱਤਾ, “ ਇਸ ਬਾਰੇ ਸੋਚ ਕੇ ਦੱਸਾਂਗਾਂ।”
ਇਹ ਸੁਣ ਕੇ ਅਫੀਸਰ ਤਾਂ ਉੱਥੌਂ ਚਲਾ ਗਿਆ ਤੇ ਮੇਰਾ ਮਨ ਬੀਤੇ ਭੂਤਕਾਲ ਵਿਚ ਪਹੁੰਚ ਗਿਆ। ੳਦੋਂ ਮੇਰਾ ਭੇਸ ਬਦਲਾ ਕੇ ਮੈਨੂੰ ਅੰਮ੍ਰਿਤਸਰ ਭੇਜਿਆ ਗਿਆ ਸੀ।ਉਥੋਂ ਦੇ ਉਸ ਸੰਤ ਬਾਰੇ ਜਾਣਕਾਰੀ ਇਕੱਠੀ ਕਰਕੇ ਸਰਕਾਰ ਨੂੰ ਭੇਜਣੀ ਸੀ, ਜਿਸ ਦੇ ਲਈ ਲੋਕਾਂ ਦੇ ਮਨਾਂ ਵਿਚ ਅਥਾਹ ਸ਼ਰਧਾ ਅਤੇ ਪਿਆਰ ਸੀ।ਗੁਰਦੁਆਰੇ ਪੁੱਜ ਕੇ ਮੈ ਦਰਬਾਰ ਵਿਚ ਜਾ ਕੇ ਇਕ ਸ਼ਰਧਾਵਾਨ ਸਿੱਖ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਇਕ ਪਾਸੇ ਹੋ ਕੇ ਬੈਠ ਗਿਆ।ਦਰਬਾਰ ਸੰਗਤ ਨਾਲ ਭਰਿਆ ਪਿਆ ਸੀ।ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀ ਲੱਗਿਆ ਕਿ ਉਹ ਸੰਤ ਹੈ ਕਿੱਥੇ?ਕਿਉਂਕਿ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਦੀ ਸੀ।ਵੈਸੇ ਆਮ ਡੇਰਿਆਂ ਵਿਚ ਲੋਕ ਸੰਤਾਂ ਨੂੰ ਹੀ ਮੱਥਾ ਟੇਕਦੇ ਦੇਖੇ ਸਨ। ੳਦੋਂ ਹੀ ਸਟੇਜ਼ ਤੋਂ ਐਲਾਨ ਹੋਇਆ ਕਿ ਹੁਣ ਸੰਤ ਜੀ ਬੋਲਣਗੇ।ਇਕ ਮੱਨੁਖ ਨੇ ਉੱਠ ਕੇ ਹੱਥ ਜੋੜ ਕੇ ਗੁਰੂ ਗ੍ਰੰਥ ਸਹਿਬ ਜੀ ਨੂੰ ਮੱਥਾ ਟੇਕਿਆ ਤੇ ਸਟੇਜ਼ ਵੱਲ ਵਧਿਆ ਤਾਂ ਮੈ ਅੰਦਾਜ਼ਾ ਲਾਇਆ ਇਹ ਹੀ ਸੰਤ ਹੋਣਗੇ।ਜਦੋਂ ਉਹਨਾ ਆਪਣਾ ਮੂੰਹ ਸੰਗਤ ਵਲ ਕੀਤਾ ਮੈ ਦੇਖ ਕੇ ਬਹੁਤ ਹੀ ਪ੍ਰਾਭਵਿਤ ਹੋਇਆ।ਉਸ ਦੀ ਸ਼ਖਸ਼ੀਅਤ ਆਮ ਆਦਮੀ ਨਾਲੋ ਵੱਖਰੀ ਦਿਸੀ। ਉਸ ਦੀਆਂ ਬਾਹਵਾਂ ਗੋਡਿਆਂ ਤਕ ਲੰਮੀਆਂ ਸਨ। ਚਿਹਰੇ ਅਤੇ ਅੱਖਾ ਵਿਚ ਜੋ ਨੂਰ ਦੇਖਿਆ ਉਹ ਮੇਰੇ ਦੱਸਣ ਤੋਂ ਬਾਹਰ ਹੈ।ਜਦੋਂ ਉਹਨਾ ਬੋਲਣਾ ਸ਼ੁਰੂ ਕੀਤਾ ਤਾਂ ਸਾਰੇ ਦਰਬਾਰ ਵਿਚ ਏਨੀ ਚੁੱਪ ਅਤੇ ਸਾਂਤੀ ਹੋ ਗਈ ਸੀ ਕਿ ਜੇ ਕੋਈ ਸੂਈ ਵੀ ਡਿਗਦੀ ਤਾਂ ਖੜਾਕ ਸੁਣ ਜਾਂਦਾ।ਸੰਗਤਾਂ ਨਾਲ ਫਤਿਹ ਸਾਂਝੀ ਕਰਨ ਤੋਂ ਬਾਅਦ ਜੋ ਤਕਰੀਰ ਉਹਨਾਂ ਕੀਤੀ ਉਹ ਬਹੁਤ ਹੀ ਸਾਫ ਅਤੇ ਸਪਸ਼ਟ ਸੀ, ਜਿਸ ਵਿਚ 1947 ਤੋਂ ਲੈ ਕੇ ਜੋ ਧੋਖੇ ਸਿੱਖ ਕੌਮ ਨਾਲ ਹੋ ਰਹੇ ਨੇ ਉਹਨਾਂ ਦਾ ਜਿਕਰ ਕੀਤਾ ਗਿਆ।ਜੋ ਵੀ ਉਹਨਾਂ ਕਿਹਾ, ਮੈ ਆਪਣੇ ਦਿਮਾਗ ਵਿਚ ਉਹ ਚੰਗੀ ਤਰਾਂ ਭਰ ਲਿਆ।

ਬਾਹਰ ਜਾ ਕੇ ਅਫਸਰ ਨੂੰ  ਵੀ ਦੱਸਿਆ।ਅਗਲੇ ਦਿਨ ਅਖਬਾਰਾਂ ਵਿਚ  ਸਰਕਾਰੀ ਬਿਆਨ ਸੀ ਕਿ ਅਕਾਲ ਤਖਤ ਤੇ ਹਿਦੂੰਆਂ ਦੇ ਖਿਲਾਫ ਸਿੱਖਾਂ ਨੂੰ ਭੜਕਾਇਆ ਜਾ ਰਿਹਾ ਹੈ। ਮੈਨੂੰ ਸਮਝ ਨਹੀ ਆ ਰਹੀ ਸੀ ਕਿ ਇਹ ਬਿਆਨ ਅਖਬਾਰਾਂ ਵਿਚ ਕਿਵੇ ਆਇਆ? ਜਦੋਂ ਕਿ ਹਿਦੂੰਆਂ ਬਾਰੇ ਕੋਈ ਵੀ ਗੱਲ ਨਹੀ ਸੀ ਹੋਈ। ਫਿਰ ਵੀ ਮੈ ਆਪਣਾ ਕੰਮ ਪੂਰੀ ਸਾਵਧਾਨੀ ਨਾਲ ਕਰ ਰਿਹਾ ਸਾਂ।

ਉਸ ਦਿਨ ਕਾਫੀ ਲੋਕ ਅਕਾਲ ਤਖਤ ਦੀ ਇਮਾਰਤ ਵੱਲ ਨੂੰ ਜਾ ਰਹੇ ਸਨ। ਜਿਹਨਾ ਵਿਚ ਅਖਬਾਰਾਂ ਦੇ ਪੱਤਰਕਾਰ ਵੀ ਸਨ। ਮੈ ਵੀ ਉਹਨਾ ਵਿਚ ਜਾ ਰਲਿਆ। ਸੰਤ ਪੱਤਰਕਾਰਾਂ ਦੇ ਸਵਾਲਾਂ ਦੇ ਜ਼ਵਾਬ ਇਸ ਤਰਾਂ ਦੇ ਰਹੇ ਸਨ ਕਿ ਰਿਪੋਟਰ ਅਗਾਂਹ ਸਵਾਲ ਕਰਨਾ ਭੁੱਲ ਜਾਂਦੇ।ਇਕ ਪੱਤਰਕਾਰ ਨੇ ਪੁੱਛਿਆ,

“ ਕੀ ਤੁਸੀ ਸਿੱਖਾ ਲਈ ਵੱਖ ਦੇਸ਼ ਚਾਹੁੰਦੇ ਹੋ? ਜ਼ਵਾਬ ਸੀ,

“ ਅਜੇ ਤਾਂ ਅਸੀ ਸਿਰਫ ਉਹ ਹੀ ਹੱਕ ਮੰਗ ਰਹੇ ਹਾਂ ਜਿਹੜੇ ਉਨੀ ਸੋ ਸੰਤਾਲੀ ਵਿਚ ਦੇਣ ਦਾ ਵਾਅਦਾ ਕੀਤਾ ਸੀ, ਪਰ ਜੇ ਸਾਨੂੰ ਵੱਖ ਦੇਸ਼ ਦਿੰਦੇ ਹੋ ਤਾਂ ਅਸੀ ਨਾ ਵੀ ਨਹੀ ਕਰਾਂਗੇ।”

ਫਿਰ ਇਕ ਬਦੇਸ਼ੀ ਪੱਤਰਕਾਰ ਨੇ ਪੁੱਛਿਆ ਕਿ ਤੁਸੀ ਕਹਿੰਦੇ ਹੋ ਸਿੱਖ ਗੁਲਾਮੀ ਦਾ ਜੀਵਨ ਹੰਡਾ ਰਿਹਾ ਹੈ, ਇਸ ਦਾ ਕੋਈ ਸਬੂਤ ਜਾਂ ਉਦਾਹਰਣ? ਸੰਤਾ ਨੇ ਕਿਹਾ,

“ 1977 ਵਿਚ ਇੰਦਰਾਂ ਗਾਂਧੀ ਨੂੰ ਸੁਪਰੀਮ ਕੋਰਟ ਨੇ ਜੇਲ ਭੇਜਿਆ ਤਾਂ ਉਸ ਦੇ ਸੰਬਧੀਆਂ ਜਾਂ ਸੰਯੋਗੀਆਂ ਨੇ ਰੋਸ ਵਜੋਂ ਜਹਾਜ਼ ਅਗਵਾ ਕੀਤਾ ਤਾਂ ਇਕ ਨੂੰ ਯੂ.ਪੀ ਵਿਚ ਤੇ ਦੂਜੇ ਨੂੰ ਬਿਹਾਰ ਵਿਚ ਐਮ.ਐਲ,ਏ ਬਣਾ ਦਿੱਤਾ ਗਿਆ।1981 ਵਿਚ ਚਦੂੰ ਕਲਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗਾਂ ਲਗਾ ਦਿੱਤੀਆਂ ਅਤੇ ਕਈ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਹਿਰਖ ਵਿਚ ਆ ਕੇ ਗਜ਼ਿੰਦਰ ਸਿੰਘ ਨੇ 20 ਦੰਸਬਰ ਨੂੰ ਜ਼ਹਾਜ਼ ਅੱਗਵਾ ਕੀਤਾ ਤਾਂ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ।ਰੋਸ ਵਿਚ ਆ ਕੇ 4ਅਗਸਤ 1982 ਨੂੰ ਗੁਰਬਖਸ਼ ਸਿੰਘ ਜ਼ਹਾਜ ਲੈ ਗਿਆਂ ਤਾਂ ਉਸ ਦੀ ਲੱਤ ਟੀਕਾ ਲਾ ਕੇ ਗਾਲ ਦਿੱਤੀ ਅਤੇ ਉਸ ਨੂੰ ਜੇਹਲ ਵਿਚ ਸੁੱਟ ਦਿੱਤਾ।ਜਦੋਂ ਕਿਸੇ ਨੇ ਜ਼ਨਾਨੀ ਲਈ ਜ਼ਹਾਜ ਉਡਾਇਆ ਤਾਂ ਉਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ, ਜੇ ਕੋਈ ਆਪਣੇ ਧਰਮ ਜਾਂ ਕੌਮ ਨਾਲ ਹੁੰਦੇ ਵਿਤਕਰੇ ਲਈ ਜ਼ਹਾਜ ਲੈ ਜਾਵੇ ਤਾਂ

ਉਹਨਾ ਨੂੰ ਅਨੌਖੀਆਂ ਅਨੌਖੀਆਂ ਸਜਾਂ ਦੇਣੀਆਂ, ਇਹ ਗੁਲਾਮੀ ਜਾਂ ਬੇਇਨਸਾਫੀ ਨਹੀ ਤਾਂ ਹੋਰ ਕੀ ਹੈ?” ਸੰਤਾਂ ਨੇ ਹੋਰ ਵੀ ਅਨੇਕਾਂ ਉਦਾਹਰਣਾ ਦਿੱਤੀਆਂ, ਜਿੰਨਾ ਨੂੰ ਸੁਣ ਕੇ ਕਿਸੇ ਵੀ ਪੱਤਰਕਾਰ ਕੋਲ ਕੋਈ ਜ਼ਵਾਬ ਨਹੀ ਸੀ। ਦੂਸਰੇ ਦਿਨ ਫਿਰ ਅਖਬਾਰਾਂ ਵਿਚ ਖਬਰ ਸੀ ਕਿ ਸਿੱਖ ਆਪਣਾ ਵੱਖਰਾ ਦੇਸ਼ ਚਾਹੁੰਦੇ ਨੇ।

ਦੁਪਹਿਰ ਕੁ ਦਾ ਵੇਲਾ ਹੋਵੇਗਾ, ਇਕ ਪਰਿਵਾਰ ਆਪਣੀ ਜਵਾਨ ਲੜਕੀ ਨੂੰ ਲੈ ਕੇ ਸੰਤਾ ਦੇ ਕੋਲ ਆਇਆ।ਲੜਕੀ ਦਾ ਪਿਤਾ ਬੋਲਿਆ,

“ ਕ੍ਰਿਪਾ ਕਰਕੇ ਮੇਰੀ ਮੱਦਦ ਕਰੋ, ਮੈ ਬਹੁਤ ਗਰੀਬ ਹਾਂ, ਮੇਰੀ ਲੜਕੀ ਨੂੰ ਵਿਆਹਿਆਂ ਕੁਝ ਹੀ ਮਹੀਨੇ ਹੋਏ ਨੇ, ਪਰ ਸਹੁਰਿਆਂ ਨੇ ਸਾਡੇ ਨੱਕ ਵਿਚ ਦਮ ਕੀਤਾ ਹੋਇਆ ਹੈ, ਕੁੱਟ ਮਾਰ ਕੇ ਲੜਕੀ ਨੂੰ ਸਾਡੇ ਕੋਲ ਭੇਜ ਦਿੰਦੇ ਨੇ ਕਿ ਪੈਸੇ ਲੈ ਕੇ ਆ।”

“ ਭਲਿਆ-ਮਾਨਸਾਉ, ਇੱਥੇ ਕੀ ਕਰਨ ਆਏ ਹੋ? ਸੰਤਾ ਨੇ ਕਿਹਾ, “ਪੁਲੀਸ ਕੋਲ ਜਾਵੋ।”

“ ਪੁਲੀਸ ਤਾਂ ਜੀ ਪਹਿਲਾਂ ਹੀ ਸੁਹਰਿਆਂ ਦੀ ਮੁੱਠੀ ਵਿਚ ਹੈ।” ਕੁੜੀ ਦੇ ਪਿਉ ਨੇ ਕਿਹਾ, “ ਸਾਡੇ ਗਰੀਬਾਂ ਦੀ ਤਾਂ ਕੋਈ ਵੀ ਨਹੀ ਸੁਣਦਾ।

ਸੰਤਾ ਦੇ ਕੋਲੋ ਇਕ ਸਿੰਘ ਉਠਿਆਂ ਤੇ ਸੰਤਾਂ ਦੇ ਕੰਨ ਕੋਲ ਜਾ ਕੇ ਕਹਿਣ ਲੱਗਾ, “ ਇਹ ਹਿਦੂੰ ਹਨ।”

ਸੰਤਾ ਨੇ ਉਸ ਸਿੰਘ ਵੱਲ ਧਿਆਨ ਨਾਲ ਦੇਖਿਆ ਤੇ ਕਿਹਾ, “ ਅਸੀ ਕਿਸੇ ਧਰਮ ਜਾਂ ਜਾਤ ਦੇ ਖਿਲਾਫ ਨਹੀ ਹਾਂ, ਸਾਡੀ ਲੜਾਈ ਆਪਣੇ ਹੱਕਾਂ ਲਈ ਅਤੇ ਜ਼ੁਲਮ ਦੇ ਵਿਰੁਧ ਹੈ।”

ਉਹ ਸਿੰਘ ਚੁੱਪ ਕਰਕੇ ਬੈਠ ਗਿਆ ਅਤੇ ਸੰਤਾ ਨੇ ਕੁਝ ਕੁ ਸਿੰਘਾਂ ਨੂੰ ਹੁਕਮ ਕੀਤਾ ਕਿ ਇਸ ਲੜਕੀ ਦੇ ਸਹੁਰੇ ਪਰਿਵਾਰ ਨੂੰ ਇੱਥੇ ਲੈ ਕੇ ਆਉ।

ਸਹੁਰੇ ਪ੍ਰੀਵਾਰ ਨੇ ਸੰਤਾ ਕੋਲ ਆ ਕੇ ਆਪਣੀ ਗਲਤੀ ਦੀ ਮੁਆਫੀ ਮੰਗੀ ਅਤੇ ਵਾਅਦਾ ਵੀ ਕੀਤਾ ਅੱਗੋਂ ਤੋਂ ਤਹਾਨੂੰ ਸਾਡੇ ਖਿਲਾਫ ਕਦੇ ਕੋਈ ਸ਼ਕਾਇਤ ਨਹੀ ਆਵੇਗੀ।ਇਹ ਮਾਮਲਾ ਛੇਤੀ ਹੀ ਅਮਨ ਚੈਨ ਵਿਚ ਨਜਿੱਠਿਆ ਗਿਆ, ਪਰ ਬਾਹਰ ਖਬਰ ਇਸ ਤਰਾਂ ਫੈਲਾ ਦਿੱਤੀ ਗਈ ਕਿ ਸੰਤਾ ਦੇ ਸਿੰਘ ਹਿਦੂੰ ਲੜਕੀ ਨੂੰ ਚੁੱਕ ਕੇ ਲੈ ਗਏ ਸਨ ਅਤੇ ਲੜਕੀ ਦੇ ਪੇਕੇ ਅਤੇ ਸਹੁਰੇ ਪ੍ਰੀਵਾਰ ਨੇ ਸੰਤਾ ਦੇ ਤਰਲੇ ਕੱਢ ਕੇ ਲੜਕੀ ਨੂੰ ਛੁਡਵਾਇਆ।

ਜਦੋਂ ਇਸ ਖਬਰ ਬਾਰੇ ਮੈ ਆਪਣੇ ਅਫੀਸਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ,

“ ਤਹਾਨੂੰ ਭਾਂਵੇ ਅਸਲੀਅਤ ਬਾਰੇ ਚੰਗੀ ਤਰਾਂ ਪਤਾ ਹੈ, ਪਰ ਜੋ ਖਬਰਾਂ ਬਾਹਰ ਫੈਲ ਰਹੀਆਂ ਹਨ ਤੁਸੀ ਉਹਨਾ ਨਾਲ ਹੀ ਹਾਂ ਵਿਚ ਹਾਂ ਮਿਲਾਉਣੀ।”

ਸਰਕਾਰੀ ਨੌਕਰੀ ਖੁਸਣ ਦੇ ਡਰੋਂ ਜਾਂ ਲਾਲਚ ਵਿਚ ਮੈ ਵੀ ਝੂਠੀਆਂ ਖਬਰਾਂ ਨੂੰ ਹੀ ਹਵਾ ਦਿੱਤੀ।ਧੁਰਅਦਰੋਂ ਭਾਵੇ ਮੈ ਉਸ ਨੇਕ, ਉੱਚੇ ਅਤੇ ਸੁੱਚੇ ਪੁਰਖ ਦੀਆਂ ਦਲੀਲਾਂ ਨਾਲ ਸਹਿਮਤ ਸਾਂ।

ਸੰਤਾਂ ਦੇ ਸ਼ਾਰਧਾਲੂਆਂ ਦੀ ਗਿਣਤੀ ਨਿਤ ਦਿਨ ਵੱਧਦੀ ਜਾ ਰਹੀ ਸੀ। ਸ਼ਾਇਦ ਉਸ ਦਿਨ ਐਤਵਾਰ ਸੀ। ਬਹੁਤ ਸਾਰੀ ਸੰਗਤ ਦਰਬਾਰ ਵਿਚ ਜੁੜ ਰਹੀ ਸੀ। ਮੈ ਆਪਣੇ ਕੋਲ ਬੈਠੇ ਬੰਦੇ ਨੂੰ ਕਿਹਾ,

“ ਜਿਸ ਹਿਸਾਬ ਨਾਲ ਸੰਗਤ ਆਏ ਦਿਨ ਸੰਤਾਂ ਕੋਲ ਆਉਂਦੀ ਹੈ, ਉਸ ਹਿਸਾਬ ਨਾਲ ਤਾਂ ਸੰਤ ਕਾਫੀ ਅਮੀਰ ਹੋ ਗਏ ਹੋਣਗੇ।”

“ ਨਾ ਜੀ, ਇਹ ਗੱਲ ਨਹੀ। ਸੰਤਾ ਦਾ ਪਰਿਵਾਰ ਤਾਂ ਇਕ ਕੱਚੇ ਕੋਠੇ ਵਿਚ ਹੀ ਰਹਿੰਦਾ ਆ।ਸੰਗਤ ਦਾ ਸਾਰਾ ਪੈਸਾ ਤਾਂ ਪੰਥ ਦੇ ਕੰਮਾਂ ਵਿਚ ਹੀ ਲੱਗਦਾ ਆ।”

ਬੰਦੇ ਦਾ ਜ਼ਵਾਬ ਸੁਣ ਕੇ ਮੇਰਾ ਦਿਲ ਤਾਂ ਕਰੇ ਕਿ ਸੰਤਾਂ ਦੇ ਗੁੱਝੇ ਭੇਦ ਹੋਰ ਪੁੱਛਾਂ, ਪਰ ੳਦੋਂ ਹੀ ਮੇਰਾ ਧਿਆਨ ਇਕ ਰੋਂਦੀ ਹੋਈ ਲੜਕੀ ਵੱਲ ਚਲਾ ਗਿਆ। ਜਿਸ ਨੂੰ ਦੋ ਬੰਦੇ ਫੜ ਕੇ ਲਿਆ ਰਹੇ ਸਨ।ਲੜਕੀ ਦੇ ਕੱਪੜੇ ਵੀ ਫੱਟੇ ਹੋਏ ਸਨ। ਉਸ ਨੇ ਆ ਕੇ ਫਰਿਆਦ ਕੀਤੀ ,

“ਮੇਰੀ ਬੇਇਜ਼ਤੀ ਇਕ ਮਸ਼ਹੂਰ ਲੀਡਰ ਦੇ ਪੁੱਤ ਅਤੇ ਉਸ ਦੇ ਦੌਸਤਾਂ ਨੇ ਕੀਤੀ ਹੈ।ਮੈ ਸੁਣ ਰੱਖਿਆ ਹੈ ਕਿ ਤੁਸੀ ਆਪਣੇ ਸਿੰਘਾਂ ਨੂੰ ਹੁਕਮ ਕੀਤਾ ਹੋਇਆ ਹੈ ਕਿ ਜੇ ਕੋਈ ਕਿਸੇ ਦੀ ਧੀ- ਭੈਣ ਵੱਲ ਮਾੜੀਆਂ ਨਜ਼ਰਾਂ ਨਾਲ ਵੇਖਦਾ ਹੈ ਤਾਂ ਉਸ ਦੀਆ ਅੱਖਾਂ ਕੱਢ ਦਿਉ।”

“ ਹਾਂ ਬੀਬਾ, ਮੇਰਾ ਇਹ ਹੀ ਹੁਕਮ ਹੈ।” ਸੰਤਾ ਨੇ ਕਿਹਾ, “ ਭਾਵੇ ਮੇਰਾ ਆਪਣਾ ਹੀ ਸਿੰਘ ਹੀ ਕਿਉਂ ਨਾ ਹੋਵੇ ਮੈ ਉਸ ਨਾਲ ਵੀ ਇਹ ਹੀ ਵਰਤਾਉ ਕਰਾਂਗਾਂ।

“ ਮੈ ਵੀ ਇਸ ਆਸ ਨਾਲ ਹੀ ਤੁਹਾਡੇ ਕੋਲ ਆਈ ਹਾਂ, ਉਹਨਾਂ  ਬਦਮਾਸ਼ਾ ਨੂੰ ਤੁਹਾਡੇ ਤੋਂ ਬਗੈਰ ਕੋਈ ਹੋਰ ਠੱਲ ਨਹੀ ਪਾ ਸਕਦਾ।”

ਸੰਤਾ ਨੇ ਆਪਣੇ ਸਿੰਘਾਂ ਨੂੰ ਹੁਕਮ ਕੀਤਾ ਅਤੇ ਦੋ ਘੰਟੇ ਦੇ ਅੰਦਰ –ਅੰਦਰ ਹੀ ਉਹਨਾ ਬਦਮਾਸ਼ਾ ਦੀਆਂ ਹੱਡੀਆਂ-ਪਸਲੀਆਂ ਸੇਕ ਦਿੱਤੀਆਂ ਗਈਆਂ।ਇਸ ਘਟਨਾ ਦਾ ਚਰਚਾ ਇਕ ਉੜਦੂ ਦੀ ਅਖਬਾਰ ਵਿਚ ਇੰਝ ਸੀ,

“ ਸੰਤਾਂ ਦੇ ਅਤਿਵਾਦੀਆਂ ਨੇ ਇਕ ਕੁੜੀ ਦੀ ਇੱਜ਼ਤ ਲੁੱਟੀ।”

ਮੈਨੂੰ ਵੀ ਜਦੋਂ ਇਸ ਖਬਰ ਬਾਰੇ ਪੁੱਛਿਆ ਗਿਆ ਤਾਂ  ਮੈ ਆਪਣੇ ਅਫੀਸਰ ਦਾ ਹੁਕਮ ਮੰਨਦਾ ਅਤੇ ਬੇਸ਼ਰਮ ਬਣ ਕੇ ਇਸ ਨੂੰ ਸੱਚੀ ਦੱਸਿਆ।ਇਸ ਤਰਾਂ ਦੀਆਂ ਹੋਰ ਵੀ  ਅਨੇਕਾਂ ਸੱਚੀਆਂ ਖਬਰਾਂ ਨੂੰ ਝੂਠੀਆਂ ਬਣਾਇਆ ਗਿਆ। ਪਰ ਜਿਸ ਦਿਨ ਅਜਿਹਾ ਹੁੰਦਾ ਉਸ ਰਾਤ ਮੈਨੂੰ ਨੀਦ ਨਾ ਆਉਂਦੀ। ਮੇਰੀ ਅੰਦਰਲੀ ਅਵਾਜ਼ ਮੈਨੂੰ ਲਾਹਨਤਾ ਪਾਉਂਦੀ, ਪਰ ਮੈ ਢੀਠਾਂ ਵਾਂਗ ਆਪਣੀ ਏਜੰਸੀ ਦੇ ਬੰਦਿਆਂ ਨੂੰ ਹੀ ਖੁਸ਼ ਕਰਨ ਵਿਚ ਲੱਗਾਂ ਰਿਹਾ। ਪਤਾ ਨਹੀ ਕਿੰਨਾ ਚਿਰ ਇਹ ਢੀਠਪੁਣਾ ਕਰਦਾ ਰਹਿੰਦਾ, ਜੇ ਮੈਨੂੰ ਵਾਪਸ ਨਾ ਬੁਲਾਇਆ ਜਾਂਦਾਂ। ਵਾਪਸ ਬੁਲਾਉਣ ਦਾ ਇਕ ਕਾਰਨ ਸੀ। ਸਰਕਾਰ ਦੀ ਕੋਈ ਹੋਰ ਸਾਜਿਸ਼ ਸੀ, ਜੋ ਬਾਅਦ ਵਿਚ ਸਾਰਿਆਂ ਦੇ ਸਾਹਮਣੇ ਬਿਲਊ ਸਟਾਰ ਅਪਰੇਸ਼ਨ ਦੇ ਰੂਪ ਵਿਚ ਸਾਹਮਣੇ ਆ ਹੀ ਗਈ ਸੀ।ਜਦੋਂ ਮੈਨੂੰ ਬੁਲਾਵਾ ਮਿਲਿਆ ‘ਬਿੱਲੀ ਭਾਣੇ ਸ਼ਿੱਕਾ ਟੁਟਣ ਵਾਲੀ ਗੱਲ ਹੋਈ। ਮੈ ਬੁਲਾਵਾ ਮਿਲਣ ਤੇ ਅਦਰੋਂ ਬਾਹਰੋਂ ਖੁਸ਼ ਸਾਂ।

ਪਰ ਸਰਕਾਰ ਦੀ ਗੰਦੀ ਰਾਜਨਿਤਕ ਨੇ ਮੈਨੂੰ ਸਿੱਖਾਂ ਦਾ ਹਮਦਰਦ ਬਣਾ ਦਿੱਤਾ। ਜੇ ਮੇਰੀ ਏਜੰਸੀ  ਮੇਰਾ ਭੇਸ ਬਦਲਾ ਕੇ ਮੈਨੂੰ ਗੁਰਦੁਆਰਿਆਂ ਵਿਚ ਨਾ ਭੇਜਦੀ ਤਾਂ ਤਾਂ ਮੈ ਸਾਰੀਆਂ ਗਤਵਿਧੀਆਂ ਏਨੀ ਨਜ਼ਦੀਕ ਤੋਂ ਨਹੀ ਸੀ ਦੇਖ ਸਕਣੀਆ। ਮੈ ਇਹ ਵੀ ਨੋਟਿਸ ਕੀਤਾ, ਜਿਹੜੇ ਸੱਚੇ-ਸੁੱਚੇ ਸਿੰਘ ਆਪਣੇ ਹੱਕ ਲੈਣ ਲਈ ਆਪਣੀਆਂ ਜਿੰਦਗੀਆਂ ਅਤੇ ਸੁੱਖ ਕੁਰਬਾਨ ਕਰਨ ਲਈ ਤੁਲੇ ਹੋਏ ਸਨ ੳਹੁਨਾਂ ਅੰਦਰ ਸਿਰਫ ਸਿਖ ਕੌੰਮ ਲਈ ਹੀ ਸ਼ਰਧਾ ਜਾਂ ਪਿਆਰ ਨਹੀ ਸੀ, ਸਗੋਂ ਸਰਬੱਤ ਦੇ ਭਲੇ ਦਾ ਵੀ ਫਿਕਰ ਸੀ।

ਪਰ ਇਹ ਸਾਰੀਆਂ  ਬੀਤੇ ਵੇਲੇ ਦੀਆਂ ਗੱਲਾਂ ਮੇਰੀ ਆਤਮਾਂ ਤੇ ਛਾਈਆਂ ਪਈਆਂ ਨੇ। ਮੇਰਾ ਦਿਲ ਹੋਰ ਕੁਫਰ ਨਹੀ ਤੋਲ ਸਕਦਾ।ਇਸੇ ਕਰਕੇ ਮੈ ਫੈਸਲਾ ਕੀਤਾ ਹੈ ਕਿ ਮੈ ਉਹ ਨਵਾ ਕੰਮ ਨਹੀ ਕਰਾਂਗਾ, ਜੋ ਮੇਰਾ ਅਫੀਸਰ ਮੈਨੂੰ ਦੱਸੇਗਾ।ਇਸ ਦਾ ਨਤੀਜ਼ਾ ਜੋ ਵੀ ਹੋਵੇਗਾ ਮੈ ਭੁਗਤਾਗਾ, ਪਰ ਆਪਣੀ ਜ਼ਮੀਰ ਨੂੰ ਨਹੀ ਮਾਰਾਂ ਗਾਂ।ਕਿਉਕਿ ਸੰਤਾ ਦੇ ਕਹੇ ਲਫਜ, “ਸਰੀਰਕ ਮੌਤ ਨੂੰ ਮੈ ਮੌਤ ਨਹੀ ਮੰਨਦਾ,ਬੰਦਾ ੳਦੋਂ ਮਰਦਾ ਜਦੋਂ ਉਸ ਦੀ ਜ਼ਮੀਰ ਮਰਦੀ ਹੈ।” ਹੁਣ ਵੀ ਮੇਰੇ ਕੰਨਾਂ ਵਿਚ ਗੂੰਜ ਰਹੇ ਨੇ।

This entry was posted in ਕਹਾਣੀਆਂ.

2 Responses to ਜ਼ਮੀਰ

  1. baljinder singh says:

    you write very good story

  2. Raju mahey says:

    Siyaane kihnde ne , subah tha bhuliya sham nu ghur aa jaye ohnu bhuliya nhi kihnde….ANMOL G tusi bahut vadhiya lekh likhya…..weldone

Leave a Reply to Raju mahey Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>